-ਮਲਕੀਤ ਸਿੰਘ—
ਵੈਨਕੂਵਰ– ‘ਮੁੜ ਮੁੜ ਯਾਦ ਸਤਾਉਂਦੀ ਉ,ਪਿੰਡ ਦੀਆਂ ਗਲੀਆਂ ਦੀ…!’ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਗੀਤ ਵਿਚਲੀਆਂ ਉਕਤ ਸਤਰਾਂ ਕੈਨੇਡਾ ਦੇ ਬਹੁਗਿਣਤੀ ਬਜ਼ੁਰਗਾਂ ਦੀ ਮਨੋਦਸ਼ਾ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਨੇੜੇ ਤੇੜੇ ਢੁੱਕਦੀਆਂ ਜਾਪਦੀਆਂ ਹਨ ਜੋ ਆਪਣੀ ਖੁਸ਼ੀ ਜਾਂ ਕਿਸੇ ਮਜਬੂਰੀ ਕਾਰਨ ਆਪਣੀ ਪਿੱਤਰਭੂਮੀ ਤੋਂ ਦੂਰ ‘ਵੱਸ’ ਗਏ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਾਂਗ ਵੈਨਕੂਵਰ ਅਤੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੇ ਦਰਜਨਾਂ ਪਾਰਕਾਂ ਦੇ ਹਰਿਆਵਲੇ ਵਿਹੜਿਆਂ’ਚ ਪੱਸਰੀ ਨਿੱਘੀ ਧੁੱਪ ‘ਚ ਆਪਣੇ ਆਪ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਦੇ ਅਨੁਕੂਲ ‘ਢਾਲ’ ਚੁੱਕੇ ਹਜ਼ਾਰਾਂ ਪੰਜਾਬੀ ਬਜ਼ੁਰਗਾਂ ਦੀਆਂ ਰੋਜਾਨਾ ਲੱਗਦੀਆਂ ਰੌਣਕਾਂ ਇੱਕ ਤਰ੍ਹਾਂ ਨਾਲ ਪੰਜਾਬ ਦੇ ਪਿੰਡਾਂ ਦੀਆਂ ਪੁਰਾਣੀਆਂ ਸੱਥਾਂ ਦੀ ਝਲਕ ਪੇਸ਼ ਕਰਦੀਆਂ ਮਹਿਸੂਸ ਹੁੰਦੀਆਂ ਹਨ।
ਸਵੇਰ ਹੁੰਦੇ ਹੀ ਪੰਜਾਬੀ ਬਜ਼ੁਰਗਾਂ ਦੀਆਂ ਟੋਲੀਆਂ ਪਾਰਕਾਂ ਵਿੱਚ ਇਕੱਠੀਆਂ ਹੋਣ ਲੱਗ ਜਾਦੀਆਂ ਹਨ, ਜਿੱਥੇ ਦਿਨ ਭਰ ਚਲਦੀ ਗੁਫਤਗੂ, ਹਾਸੇ-ਮਜ਼ਾਕ, ਸਤਰੰਜ਼ ਅਤੇ ਤਾਸ਼ ਦੀਆਂ ਬਾਜ਼ੀਆਂ ਦਾ ਦੌਰ ਪੰਜਾਬ ਦੇ ਪੁਰਾਤਨ ਵਿਰਸੇ ਦੀ ਤਸਵੀਰ ਪੇਸ਼ ਕਰਦਾ ਹੈ ਇਨਾਂ ਸੱਥਾਂ ‘ਚ ਚੱਲਦੀ ‘ਖੁੰਢ ਚਰਚਾ’ ਦੀ ਮੁੱਖ ਸੂਈ ਸਥਾਨਕ ਵਿਸ਼ਿਆਂ ਦੇ ਨਾਲ ਨਾਲ ਵਧੇਰੇ ਕਰਕੇ ਪੰਜਾਬ ਦੀ ਮੌਜੂਦਾ ਸਿਆਸਤ ਦੇ ਆਲੇ ਦੁਆਲੇ ਘੁੰਮਦੀ ਵੇਖੀ ਸੁਣੀ ਜਾ ਸਕਦੀ ਹੈ ਕਈ ਵਾਰ ਇਸ ਚਰਚਾ ਚੋਂ ਉਪਜਦੀ ‘ਤਿੱਖੀ ਬਹਿਸ’ ਆਲੇ ਦੁਆਲੇ ਦੇ ਮਾਹੌਲ ਨੂੰ ਹੋਰ ਦਿਲਚਸਪ ਬਣਾ ਦਿੰਦੀ ਹੈ।
ਇਨ੍ਹਾਂ ਵਿੱਚੋਂ ਬਹੁਤੇ ਬਜ਼ੁਰਗ 1970, 1980 ਅਤੇ 1990 ਦੇ ਦਹਾਕਿਆਂ ਦੌਰਾਨ ਆਪਣੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਪੰਜਾਬ ਤੋਂ ਕੈਨੇਡਾ ਆਏ ਸਨ ਅਤੇ ਫਿਰ ਇੱਥੋਂ ਦੇ ਹੀ ਹੋ ਕੇ ਰਹਿ ਗਏ । ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਨੇ ਲੱਕੜ ਮਿਲਾਂ, ਫੈਕਟਰੀਆਂ, ਨਿਰਮਾਣ ਕੰਮਾਂ ਅਤੇ ਪਹਾੜੀ ਇਲਾਕਿਆਂ ਵਿੱਚ ਰੁੱਖ ਲਗਾਉਣ ਵਰਗੇ ਸਖ਼ਤ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਿਆ ਅਤੇ ਅੱਜ ਉਹੀ ਪੀੜ੍ਹੀ ਪੈਨਸ਼ਨਾਂ ਅਤੇ ਸੇਵਾ ਮੁਕਤੀ ਦਾ ਸੁਖੀ ਜੀਵਨ ਮਾਣ ਰਹੀ ਹੈ।
ਸਾਲ 2021 ‘ਚ ਹੋਈ ਮਰਦਮ ਸ਼ੁਮਾਰੀ ਦੌਰਾਨ ਵੈਨਕੂਵਰ, ਡੈਲਟਾ, ਸਰੀ ਅਤੇ ਰਿਚਮੰਡ ਨਾਲ ਸੰਬੰਧਿਤ 65 ਸਾਲਾਂ ਤੋਂ ਵਧੇਰੇ ਉਮਰ ਦੇ ਪੰਜਾਬੀ ਬਜ਼ੁਰਗਾਂ ਦੀ ਗਿਣਤੀ 30 ਹਜਾਰ ਦੇ ਲਗਭਗ ਹੋਣੀ ਕਿਆਸੀ ਗਈ ਸੀ ਜਦੋਂ ਕਿ ਹੁਣ ਇਹ ਗਿਣਤੀ ਕਿਤੇ ਵਧੇਰੇ ਹੋਣ ਦਾ ਅਨੁਮਾਨ ਹੈ।
ਕਈ ਬਜ਼ੁਰਗ ਸਵੇਰੇ ਗੁਰੂ ਘਰਾਂ ਵਿੱਚ ਮੱਥਾ ਟੇਕਣ ਅਤੇ ਸੇਵਾ ਕਰਨ ਤੋਂ ਬਾਅਦ ਸਿੱਧੇ ਪਾਰਕਾਂ ਦੀਆਂ ਸੱਥਾਂ ਵਿੱਚਲੇ ਆਪਣੇ ‘ਯਾਰਾਂ’ ਕੋਲ ਆ ਜਾਂਦੇ ਹਨ। ਕਈਆਂ ਨੇ ਆਪਣੀਆਂ ਬੈਂਚਾਂ ਅਤੇ ਬੈਠਣ ਵਾਲੀਆਂ ਥਾਵਾਂ ਨੂੰ ਆਪਸੀ ਸਹਿਮਤੀ ਨਾਲ ‘ਰਾਖਵਾਂ’ ਕਰ ਰੱਖਿਆ ਹੁੰਦਾ ਹੈ। ਮਾਝੇ, ਮਾਲਵੇ ਅਤੇ ਦੁਆਬੇ ਦੇ ਸੁਮੇਲ ਦੀ ਸਾਂਝੀ ਤਸਵੀਰ ਪੇਸ਼ ਕਰਦੀਆਂ ਇਨਾਂ ਸੱਥਾਂ ਚ ਕਈ ਬਜ਼ੁਰਗ ਆਪਣੇ ਮੋਬਾਈਲ ਫੋਨਾਂ ‘ਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਪੜ੍ਹ ਕੇ ਦੂਜਿਆਂ ਨੂੰ ਸੁਣਾਉਂਦੇ ਹਨ। ਸ਼ਾਮ ਵੇਲੇ ਘਰਾਂ ਨੂੰ ਪਰਤਦਿਆਂ ਕੁਝ ਬਜ਼ੁਰਗਾਂ ਨੂੰ ਗਲੇ ਦੀ ਤਰਾਵਟ ਲਈ ਨੇੜਲੇ ਸਾਥੀ ਦੇ ਘਰ ਦੀ ਕਿਸੇ ਨੁੱਕਰੇ ‘ਦੋ ਘੁੱਟ’ ਲਾ ਲੈਣ ਦਾ ਵਰਤਾਰਾ ਵੀ ਕਿਤੇ ਕਿਤੇ ਵੇਖਿਆ ਜਾ ਸਕਦਾ ਹੈ।
ਸਰੀ ਨਾਲ ਸੰਬੰਧਿਤ ਨੌਜਵਾਨ ਕੰਸਰਵੇਟਿਵ ਆਗੂ ਹੋਨਵੀਰ ਰੰਧਾਵਾ ਦਾ ਕਹਿਣਾ ਸੀ ਕਿ ਪਾਰਕਾਂ ਵਿੱਚ ਬਜ਼ੁਰਗਾਂ ਦੀਆਂ ਰੌਣਕਾਂ ਨਾਲ ਸਾਰਾ ਦਿਨ ਲੱਗੀ ਰਹਿੰਦੀ ਚਹਿਲ ਪਹਿਲ ਕਾਰਨ ਪੰਜਾਬ ਦੇ ਪਿੰਡਾਂ ਵਰਗਾ ਮਾਹੌਲ ਸਿਰਜਿਆ ਨਜ਼ਰ ਆਉਂਦਾ ਹੈ ਪਰੰਤੂ ਕੁਝ ਜਨਤਕ ਥਾਵਾਂ ਅਤੇ ਬੱਸ ਸਟੈਂਡਾਂ ਨੇੜੇ ਬਜ਼ੁਰਗਾਂ ਲਈ ਵਾਸ਼ਰੂਮਾਂ ਦੀ ਅਣਹੋਂਦ ਕਾਰਨ ਆਉਂਦੀ ਦਿੱਕਤ ਤੋ ਉਹ ਜਾਣੂ ਹਨ ਅਤੇ ਇਸ ਦੇ ਹੱਲ ਲਈ ਉਹ ਆਪਣੇ ਸਾਥੀਆਂ ਸਮੇਤ ਆਵਾਜ਼ ਬੁਲੰਦ ਕਰਨਗੇ ।
ਬਜ਼ੁਰਗਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਉਨ੍ਹਾਂ ਨੂੰ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਅਤੇ ਰਿਟਾਇਰਮੈਂਟ ਦੀਆਂ ਸੁਵਿਧਾਵਾਂ ਤਾਂ ਮਿਲਦੀਆਂ ਹਨ ਪ੍ਰੰਤੂ ਪੰਜਾਬ ਤੋਂ ਦੂਰ ਹੋ ਜਾਣ ਦੀ ਕਸਕ ਉਨਾਂ ਦੇ ਦਿਲ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਅਖੀਰਲੇ ਪਲ ਤੱਕ ਪੰਜਾਬ ਉਹਨਾਂ ਦੇ ਚੇਤਿਆਂ ਚ ਵਸਦਾ ਰਹੇਗਾ ਇਹੀ ਕਾਰਨ ਹੈ ਕਈ ਬਜ਼ੁਰਗ ਮੰਨਦੇ ਹਨ ਕਿ ਪਾਰਕਾਂ ਦੀਆਂ ਇਹ ਸੱਥਾਂ ਉਨ੍ਹਾਂ ਲਈ ਇਕੱਲੇਪਨ ਅਤੇ ਮਾਨਸਿਕ ਤਣਾਅ ਦਾ ਸਭ ਤੋਂ ਵਧੀਆ ਇਲਾਜ ਹਨ।
ਪਾਰਕਾਂ ‘ਚ ਲੱਗਣ ਵਾਲੀਆਂ ਇਨ੍ਹਾਂ ਸੱਥਾਂ ਦਾ ਹਿੱਸਾ ਪੰਜਾਬੀ ਮੂਲ ਦੀਆਂ ਬਜ਼ੁਰਗ ਔਰਤਾਂ ਵੀ ਬਣਦੀਆਂ ਹਨ। ਕੁਝ ਔਰਤਾਂ ਆਪਣੇ ਪਰਿਵਾਰਿਕ ਬੱਚਿਆਂ ਦਾ ਮਨ ਪਰਚਾਉਣ ਅਤੇ ਘਰ ਅੰਦਰਲੀ ਸੀਮਤ ਜਗ੍ਹਾ ਤੋਂ ਖੁੱਲੀ ਹਵਾ ਵਿੱਚ ਜਾਣ ਦੇ ਨਾਲ ਨਾਲ ਆਪਣੀਆਂ ਹਮਉਮਰ ਔਰਤਾਂ ਨਾਲ ਦਿੱਲੀ ਵਲਵਲੇ ਸਾਂਝੇ ਕਰਨ ਲਈ ਪਾਰਕਾਂ ਚ ਪਹੁੰਚਦੀਆਂ ਹਨ ਉਨ੍ਹਾਂ ਦੀਆਂ ਗੱਲਾਂ ਦਾ ਘੇਰਾ ਅਕਸਰ ਘਰੇਲੂ ਹਾਲਾਤਾਂ , ਨਵੇਂ ਪਕਵਾਨਾਂ ਦੀਆਂ ਵਿਧੀਆਂ, ਸਿਹਤ ਸੰਭਾਲ ਦੇ ਨੁਸਖ਼ਿਆਂ, ਬੱਚਿਆਂ ਅਤੇ ਪੋਤੇ-ਪੋਤਰੀਆਂ ਦੀਆਂ ਪ੍ਰਾਪਤੀਆਂ ਅਤੇ ਪਰਿਵਾਰਕ ਖੁਸ਼ੀਆਂ-ਗ਼ਮੀਆਂ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈ। ਇਨਾਂ ਤੂੰ ਕਈ ਔਰਤਾਂ ਕਈ ਆਪਣੇ ਪਿੰਡਾਂ ਦੀਆਂ ਪੁਰਾਣੀਆਂ ਰਸਮਾਂ, ਵਿਆਹਾਂ-ਸ਼ਾਦੀਆਂ ਦੀਆਂ ਯਾਦਾਂ ਸਾਂਝੀਆਂ ਕਰਦੀਆਂ ਹਨ। ਇਨ੍ਹਾਂ ਗੱਲਬਾਤਾਂ ਰਾਹੀਂ ਨਾ ਸਿਰਫ਼ ਉਹਨਾਂ ਦਾ ਸਮਾਂ ਸੁਖਾਵਾਂ ਬੀਤਦਾ ਹੈ, ਸਗੋਂ ਪਰਦੇਸ ਦੀ ਧਰਤੀ ’ਤੇ ਆਪਸੀ ਸਾਂਝ, ਮੋਹ-ਪਿਆਰ ਅਤੇ ਆਪਣਾਪਣ ਵੀ ਹੋਰ ਗੂੜ੍ਹਾ ਹੁੰਦਾ ਜਾਪਦਾ ਹੈ।
ਵੈਨਕੂਵਰ ਅਤੇ ਸਰੀ ਸਮੇਤ ਕੈਨੇਡਾ ਦੇ ਹੋਰਨਾ ਪਾਰਕਾਂ ਵਿੱਚ ਸੱਜਦੀਆਂ ਇਹ ਸੱਥਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਪੰਜਾਬੀ ਪਰਵਾਸ ਦੇ ਸੰਘਰਸ਼, ਮਿਹਨਤ, ਯਾਦਾਂ ਅਤੇ ਕਾਮਯਾਬੀ ਦੀ ਮਿਸਾਲ ਵੀ ਪੇਸ਼ ਕਰਦੀਆਂ ਹਨ। ਇਨ੍ਹਾਂ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਅੱਜ ਵੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਮਹਿਸੂਸ ਕੀਤੀ ਜਾ ਸਕਦੀ ਹੈ।

