Jun 17, 2026

-ਧਰਵਿੰਦਰ ਸਿੰਘ ਔਲਖ–
ਪਰਦੇਸ ਦੀ ਧਰਤੀ ਉੱਤੇ ਜਦੋਂ ਆਪਣੇ ਪਿੰਡਾਂ, ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨਾਲ ਮਿਲਾਪ ਹੋ ਜਾਵੇ ਤਾਂ ਦੂਰੀਆਂ ਦਾ ਅਹਿਸਾਸ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਵਿੱਚ ਬਿਤਾਈ ਇੱਕ ਸ਼ਾਮ ਨੇ ਮੈਨੂੰ ਫਿਰ ਇਹ ਅਹਿਸਾਸ ਕਰਵਾਇਆ ਕਿ ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ, ਆਪਣੇ ਲੋਕਾਂ ਨਾਲ ਜੁੜਾਅ ਅਤੇ ਮੁਹੱਬਤ ਨੂੰ ਕਦੇ ਨਹੀਂ ਭੁੱਲਦੇ।
ਪਿੰਡ ਸੰਤੂ ਨੰਗਲ ਦਾ ਜੰਮਿਆ-ਜਾਇਆ ਸੁਖਰਾਜ ਸਿੰਘ ਗਿੱਲ, ਜਿਸ ਨੂੰ ਦੋਸਤ ਅਤੇ ਜਾਣਕਾਰ ਪਿਆਰ ਨਾਲ “ਸੁੱਖਾ ਗਿੱਲ” ਕਹਿੰਦੇ ਹਨ, ਅੱਜਕੱਲ੍ਹ ਮੈਲਬੋਰਨ ਦੇ ਐਂਟਰੀ ਇਲਾਕੇ ਵਿੱਚ ਆਪਣੇ ਪਰਿਵਾਰ ਸਮੇਤ ਵੱਸ ਰਿਹਾ ਹੈ। ਉਹ ਸ੍ਰੀ ਮੱਖਣ ਸਿੰਘ ਗਿੱਲ ਦਾ ਪੁੱਤਰ ਅਤੇ ਮੇਰੇ ਪੱਤਰਕਾਰ ਤੇ ਲੇਖਕ ਮਿੱਤਰ ਮਹਾਂਬੀਰ ਸਿੰਘ ਗਿੱਲ ਦਾ ਛੋਟਾ ਭਰਾ ਹੈ।
ਪਿੰਡ ਵਿੱਚ ਰਹਿੰਦਿਆਂ ਸੁੱਖਾ ਕਬੱਡੀ ਦਾ ਨਾਮਵਰ ਖਿਡਾਰੀ ਹੁੰਦਾ ਸੀ। ਖੇਡ ਮੈਦਾਨਾਂ ਵਿੱਚ ਉਸ ਦੀ ਪਛਾਣ ਸੀ, ਪਰ ਜ਼ਿੰਦਗੀ ਦੇ ਸਫ਼ਰ ਨੇ ਉਸ ਨੂੰ ਇੱਕ ਹੋਰ ਹੀ ਰਾਹ ਉੱਤੇ ਤੋਰ ਦਿੱਤਾ। 2005 ਵਿੱਚ ਉਸ ਦਾ ਵਿਆਹ ਹੋਇਆ ਅਤੇ 2007 ਵਿੱਚ ਉਹ ਆਪਣੀ ਪਤਨੀ ਅਤੇ ਪੰਜ ਮਹੀਨਿਆਂ ਦੇ ਪਲੇਠੇ ਪੁੱਤਰ ਨੂੰ ਨਾਲ ਲੈ ਕੇ ਆਸਟਰੇਲੀਆ ਆ ਗਿਆ। ਇੱਕ ਨਵੇਂ ਦੇਸ਼ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਕਦੇ ਵੀ ਆਸਾਨ ਨਹੀਂ ਹੁੰਦਾ। ਪਰਦੇਸ ਦੀ ਧਰਤੀ ਉੱਤੇ ਪੈਰ ਜਮਾਉਣ ਲਈ ਉਸ ਨੇ ਲੰਮਾ ਸੰਘਰਸ਼ ਕੀਤਾ। ਜ਼ਿੰਦਗੀ ਵਿੱਚ ਕਈ ਛੋਟੇ-ਵੱਡੇ ਕੰਮ ਕੀਤੇ, ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਹੌਲੀ-ਹੌਲੀ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ।
ਕਦੇ ਟਰੱਕ ਚਲਾਉਣ ਅਤੇ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜਿਆ ਸੁੱਖਾ ਬਾਅਦ ਵਿੱਚ ਟਰੱਕਾਂ ਦਾ ਮਾਲਕ ਵੀ ਬਣਿਆ। ਸਮੇਂ ਦੀਆਂ ਤਬਦੀਲੀਆਂ ਨਾਲ ਜਦੋਂ ਇਹ ਕਾਰੋਬਾਰ ਮੰਦਾ ਹੋਇਆ ਤਾਂ ਉਸ ਨੇ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕੀਤੀ। ਅੱਜ ਉਹ ਘਰ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ-ਨਾਲ ਘਰਾਂ ਵਿੱਚ ਪੱਥਰ ਲਗਾਉਣ ਦਾ ਕੰਮ ਵੀ ਕਰਦਾ ਹੈ। ਉਸ ਦਾ ਮਾਮੇ ਦਾ ਪੁੱਤਰ ਗੁਰਬਾਜ ਸਿੰਘ ਵਿਛੋਆ ਉਸ ਦਾ ਭਾਈਵਾਲ ਹੈ। ਦੋਵੇਂ ਵੀਰ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਨ ਅਤੇ ਆਪਣੀ ਕਿਰਤ ਦੇ ਸਿਰ ਉੱਤੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।
ਸੁੱਖਰਾਜ ਦਾ ਪਰਿਵਾਰ ਵੀ ਤਰੱਕੀ ਦੇ ਰਾਹ ਉੱਤੇ ਹੈ। ਉਸ ਦਾ ਵੱਡਾ ਪੁੱਤਰ ਬਾਰ੍ਹਵੀਂ ਜਮਾਤ ਪਾਸ ਕਰ ਚੁੱਕਾ ਹੈ, ਦੂਜਾ ਨੌਵੀਂ ਵਿੱਚ ਅਤੇ ਤੀਜਾ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ। ਇਹ ਬੱਚੇ ਉਸ ਸੰਘਰਸ਼ ਦੀ ਜੀਵੰਤ ਮਿਸਾਲ ਹਨ ਜੋ ਉਹਨਾਂ ਦੇ ਮਾਪਿਆਂ ਨੇ ਪਰਦੇਸ ਵਿੱਚ ਕਰਕੇ ਵਿਖਾਇਆ।
ਪਿਛਲੀ ਵਾਰ ਜਦੋਂ ਮੈਂ ਆਸਟਰੇਲੀਆ ਆਇਆ ਸੀ ਤਾਂ ਸੁੱਖੇ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਘਰ ਜ਼ਰੂਰ ਆਵਾਂਗਾ, ਪਰ ਸਮੇਂ ਦੀ ਕਮੀ ਕਾਰਨ ਇਹ ਸੰਭਵ ਨਾ ਹੋ ਸਕਿਆ। ਇਸ ਵਾਰ ਮੈਂ ਆਪਣੇ ਪੁੱਤਰ ਅਕਾਸ਼ਦੀਪ ਨੂੰ ਨਾਲ ਲੈ ਕੇ ਉਸ ਦੇ ਘਰ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਦੌਰਾਨ ਜਲੰਧਰ ਤੋਂ ਸਾਡੇ ਅਜੀਤ ਦੇ ਸਾਬਕਾ ਮੈਗਜ਼ੀਨ ਐਡੀਟਰ ਹਰਜਿੰਦਰ ਸਿੰਘ ਭਾਜੀ ਨਾਲ ਗੱਲ ਹੋਈ। ਉਹਨਾਂ ਦੀ ਵੀ ਮਹਾਂਬੀਰ ਗਿੱਲ ਨਾਲ ਪੁਰਾਣੀ ਸਾਂਝ ਹੈ। ਉਹ ਕਹਿਣ ਲੱਗੇ ਕਿ ਉਹ ਵੀ ਨਾਲ ਚੱਲਣਗੇ।
ਸ਼ਾਮ ਕਰੀਬ ਸਾਢੇ ਪੰਜ ਵਜੇ ਅਸੀਂ ਸੁੱਖੇ ਦੇ ਘਰ ਪਹੁੰਚ ਗਏ ਅਤੇ ਥੋੜ੍ਹੀ ਦੇਰ ਬਾਅਦ ਹਰਜਿੰਦਰ ਭਾਜੀ ਆਪਣੇ ਪੁੱਤਰ ਡਾ. ਮਨੀ ਸਮੇਤ ਉੱਥੇ ਆ ਗਏ। ਫਿਰ ਗੱਲਾਂ ਦਾ ਇੱਕ ਲੰਮਾ ਸਿਲਸਿਲਾ ਸ਼ੁਰੂ ਹੋ ਗਿਆ। ਘਰ-ਪਰਿਵਾਰ, ਪੰਜਾਬ, ਆਸਟਰੇਲੀਆ ਅਤੇ ਪਰਵਾਸੀ ਜੀਵਨ ਦੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਗੱਲਾਂ ਹੋਈਆਂ।
ਸੁੱਖਰਾਜ ਦਾ ਘਰ ਬਹੁਤ ਹੀ ਸੁੰਦਰ ਅਤੇ ਸਲੀਕੇ ਨਾਲ ਬਣਿਆ ਹੋਇਆ ਹੈ। ਉਸ ਨੇ ਸਾਨੂੰ ਆਪਣੇ ਘਰ ਦਾ ਕੋਨਾ-ਕੋਨਾ ਵਿਖਾਇਆ। ਪਿਛਲੇ ਹਿੱਸੇ ਵਿੱਚ ਨਿੰਬੂਆਂ ਦੇ ਦਰੱਖਤ ਅਤੇ ਕੁਝ ਸਬਜ਼ੀਆਂ ਲੱਗੀਆਂ ਹੋਈਆਂ ਸਨ। ਉਸ ਨੇ ਖੁਦ ਨਿੰਬੂ ਤੋੜ ਕੇ ਸਾਨੂੰ ਦਿੱਤੇ। ਉਹ ਨਿੰਬੂ ਸੰਤਰਿਆ ਵਾਂਗ ਮੋਟੇ ਹਨ।
ਖਾਸ ਗੱਲ ਇਹ ਵੀ ਹੈ ਕਿ ਉਸਦੇ ਘਰ ਦੇ ਕੋਲ ਹੀ ਪਾਰਕ, ਸਕੂਲ ਅਤੇ ਰੈਸਟੋਰੈਂਟ ਹਨ। ਇਹ ਇਲਾਕਾ ਵੀ ਪੰਜਾਬੀਆਂ ਦਾ ਗੜ੍ਹ ਸਮਝਿਆ ਜਾਂਦਾ ਹੈ।
ਸੁੱਖਰਾਜ ਅਤੇ ਗੁਰਬਾਜ ਦੋਵੇਂ ਅੰਮ੍ਰਿਤਧਾਰੀ ਅਤੇ ਵੈਸ਼ਨੋ ਹਨ, ਪਰ ਮਹਿਮਾਨਾਂ ਦੀ ਸੇਵਾ ਅਤੇ ਸਤਿਕਾਰ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਉਹ ਸਾਨੂੰ ਇੱਕ ਰੈਸਟੋਰੈਂਟ ਵਿੱਚ ਲੈ ਗਏ ਅਤੇ ਰਾਤ ਦਾ ਖਾਣਾ ਖੁਆਇਆ। ਖਾਣੇ ਨਾਲੋਂ ਵੱਧ ਉਹਨਾਂ ਦੀ ਮੁਹੱਬਤ ਅਤੇ ਅਪਣੱਤ ਦਿਲ ਨੂੰ ਛੂਹ ਗਈ।
ਇਸ ਮੌਕੇ ਮੈਂ ਆਪਣੀ ਪੁਸਤਕ “ਜੋਗੀ ਉੱਡਦੇ ਬੱਦਲ ਦੀ ਛਾਂ ਸੁੰਦਰਾਂ” ਸੁਖਰਾਜ ਗਿੱਲ ਅਤੇ ਹਰਜਿੰਦਰ ਸਿੰਘ ਭਾਜੀ ਨੂੰ ਭੇਟ ਕੀਤੀ। ਕਿਤਾਬਾਂ ਦਾ ਇਹ ਅਦਾਨ-ਪ੍ਰਦਾਨ ਵੀ ਆਪਣੇ ਆਪ ਵਿੱਚ ਇੱਕ ਖੂਬਸੂਰਤ ਯਾਦ ਬਣ ਗਿਆ।
ਗੱਲਾਂ-ਬਾਤਾਂ ਦੌਰਾਨ ਸੁੱਖਾ ਦੱਸਣ ਲੱਗਾ ਕਿ ਤੁਹਾਡੇ ਇੱਕ ਹੋਰ ਦੋਸਤ ਡਾ. ਨਿਰਮਲ ਸਿੰਘ ਬਰਾੜ ਵੀ ਨੇੜੇ ਹੀ ਰਹਿੰਦੇ ਹਨ। ਡਾ. ਬਰਾੜ ਮੇਰੇ ਪੁਰਾਣੇ ਮਿੱਤਰ ਹਨ, ਜਿਨ੍ਹਾਂ ਦਾ ਮਾਹਲ ਅੱਡੇ ਵਿੱਚ ਪਵਨਦੀਪ ਹਸਪਤਾਲ ਹੁੰਦਾ ਸੀ। ਉਹਨਾਂ ਦਾ ਪਿੰਡ ਬਰਾੜ ਸਾਡੇ ਪਿੰਡ ਕੋਹਾਲੀ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹੈ।
ਅੱਜ ਉਹ ਵੀ ਸਭ ਕੁਝ ਛੱਡ ਕੇ ਆਸਟਰੇਲੀਆ ਵਿੱਚ ਸਥਾਈ ਤੌਰ ਉੱਤੇ ਵੱਸ ਗਏ ਹਨ। ਸਮੇਂ ਦੀ ਕਮੀ ਕਾਰਨ ਇਸ ਵਾਰ ਉਹਨਾਂ ਨਾਲ ਮੁਲਾਕਾਤ ਨਾ ਹੋ ਸਕੀ, ਪਰ ਉਹਨਾਂ ਦੀ ਯਾਦ ਜ਼ਰੂਰ ਤਾਜ਼ਾ ਹੋ ਗਈ।
ਇਸ ਮੁਲਾਕਾਤ ਦੌਰਾਨ ਇੱਕ ਹੋਰ ਦਿਲਚਸਪ ਗੱਲ ਵੀ ਸਾਹਮਣੇ ਆਈ। ਮਹਾਂਬੀਰ ਗਿੱਲ ਨੂੰ ਆਸਟਰੇਲੀਆ ਆਏ ਆਪਣੇ ਭਰਾ ਨੂੰ ਮਿਲਣ ਲਈ 19 ਸਾਲਾਂ ਵਿੱਚ ਇੱਕ ਵਾਰ ਵੀ ਮੌਕਾ ਨਹੀਂ ਮਿਲਿਆ, ਜਦਕਿ ਉਹ ਕੈਨੇਡਾ ਕਈ ਵਾਰ ਜਾ ਚੁੱਕਿਆ ਹੈ ਕਿਉਂਕਿ ਉਸ ਦਾ ਦੂਜਾ ਭਰਾ ਅਤੇ ਬੱਚੇ ਉੱਥੇ ਰਹਿੰਦੇ ਹਨ। ਮੈਂ ਹੱਸਦਿਆਂ ਸੁੱਖੇ ਨੂੰ ਕਿਹਾ, “ਵੇਖ ਲੈ, ਤੇਰੇ ਵੱਡੇ ਭਰਾ ਦੀ ਥਾਂ ਅਸੀਂ ਹੀ ਤੇਰੇ ਕੋਲ ਆ ਗਏ ਹਾਂ।” ਇਹ ਗੱਲ ਸੁਣ ਕੇ ਸਾਰੇ ਖੂਬ ਹੱਸੇ।
ਰਾਤ ਕਰੀਬ ਸਾਢੇ ਦਸ ਵਜੇ ਅਸੀਂ ਵਿਦਾ ਲਈ। ਵਾਪਸੀ ਦੇ ਸਫ਼ਰ ਦੌਰਾਨ ਮਨ ਵਿੱਚ ਇੱਕੋ ਵਿਚਾਰ ਆ ਰਿਹਾ ਸੀ ਕਿ ਪਰਦੇਸ ਵਿੱਚ ਵੱਸਦੇ ਪੰਜਾਬੀ ਭਾਵੇਂ ਕਿੰਨੇ ਵੀ ਰੁੱਝੇ ਹੋਣ, ਆਪਣੇ ਲੋਕਾਂ ਨੂੰ ਮਿਲਣ ਦੀ ਤਾਂਘ ਕਦੇ ਨਹੀਂ ਮਰਦੀ। ਆਪਣੇ ਪਿੰਡਾਂ, ਆਪਣੀ ਮਿੱਟੀ ਅਤੇ ਆਪਣੇ ਰਿਸ਼ਤਿਆਂ ਨਾਲ ਜੁੜੀ ਇਹ ਮੁਹੱਬਤ ਹੀ ਉਹਨਾਂ ਨੂੰ ਪੰਜਾਬੀ ਬਣਾਈ ਰੱਖਦੀ ਹੈ।
ਅਸਲ ਵਿੱਚ, ਪਰਦੇਸ ਦੀਆਂ ਕਾਮਯਾਬੀਆਂ ਦੇ ਪਿੱਛੇ ਸਿਰਫ਼ ਮਿਹਨਤ ਨਹੀਂ ਹੁੰਦੀ, ਸਗੋਂ ਆਪਣੇ ਲੋਕਾਂ ਨਾਲ ਜੁੜੇ ਰਹਿਣ ਦੀ ਉਹ ਅਦਿੱਖ ਡੋਰ ਵੀ ਹੁੰਦੀ ਹੈ ਜੋ ਦਿਲਾਂ ਨੂੰ ਹਮੇਸ਼ਾ ਇੱਕ-ਦੂਜੇ ਨਾਲ ਜੋੜੀ ਰੱਖਦੀ ਹੈ।
*********
ਮੈਲਬੌਰਨ (ਆਸਟ੍ਰੇਲੀਆ )
±91-98152-82283

Leave a Reply

Your email address will not be published. Required fields are marked *