Jun 17, 2026

ਪਰਵਾਸੀ ਪੰਜਾਬੀਆਂ ਨੂੰ ਅਕਾਲੀ ਦਲ ਦਾ ਸਾਥ ਦੇਣ ਦਾ ਸੱਦਾ- ਰੈਲੀਆਂ ਵਿਚ ਬਾਦਲਾਂ ਦੀਆਂ ਤਸਵੀਰਾਂ ਤੇ ਕੱਟ ਆਉਟ ਨਜ਼ਰ ਆਏ-

ਸਰੀ ( ਦੇ ਪ੍ਰ ਬਿ)– ਕੈਨੇਡਾ ਵਿਚ ਵਸਦੇ ਪੰਜਾਬੀਆਂ ਨਾਲ ਸਿੱਧਾ ਰਾਬਤਾ ਬਣਾਉਣ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਪੰਜਾਬ ਦੀ ਸਿਆਸਤ ਵਿਚ ਉਹਨਾਂ ਦੀ ਭੂਮਿਕਾ ਦਾ ਲਾਹਾ ਲੈਣ ਦੇ ਮਕਸਦ ਨਾਲ ਪਿਛਲੇ ਹਫਤੇ ਤੋਂ ਅਕਾਲੀ ਦਲ ਦਾ ਇਕ ਵਫਦ ਕੈਨੇਡਾ ਦੌਰੇ ਤੇ ਹੈ। ਅਕਾਲੀ ਦਲ ਵਲੋਂ ਇਸ ਵਫਦ ਦੇ ਕੈਨੇੇਡਾ ਵਿਚ ਆਉਣ ਅਤੇ ਵੱਖ- ਵੱਖ ਸ਼ਹਿਰਾਂ ਵਿਚ ਪ੍ਰੋਗਰਾਮ ਐਲਾਨੇ ਜਾਣ ਉਪਰੰਤ ਇਸ ਵਫਦ ਦੀ ਅਗਵਾਈ ਕਰਨ ਵਾਲੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਟੋਰਾਂਟੋ ਏਅਰਪੋਰਟ ਤੇ ਪੁੱਜਦਿਆਂ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਪੁੱਛਗਿੱਛ ਉਪਰੰਤ ਵਾਪਿਸ ਮੋੜ ਦਿੱਤਾ ਗਿਆ ਸੀ। ਉਹਨਾਂ ਨੂੰ ਏਅਰਪੋਰਟ ਤੋਂ ਵਾਪਿਸ ਭੇਜੇ ਜਾਣ ਲਈ ਪੰਜਾਬ ਵਿਚ ਉਹਨਾਂ ਖਿਲਾਫ ਦਰਜ ਕੇਸ, ਪੁਲਿਸ ਕਲੀਅਰੈਂਸ ਦੀ ਘਾਟ ਅਤੇ ਇਥੇ ਵਿਜਟਰ ਵੀਜ਼ੇ ਤੇ ਆਕੇ ਸਿਆਸੀ ਸਰਗਰਮੀਆਂ ਵਿਚ ਭਾਗ ਲੈਣ ਦੇ ਮਕਸਦ ਨੂੰ ਕੈਨੇਡੀਅਨ ਕਨੂੰਨ ਦੇ ਖਿਲਾਫ ਦੱਸਿਆ ਗਿਆ ਜਦੋਂਕਿ ਅਕਾਲੀ ਦਲ ਦਾ ਦੋਸ਼ ਹੈ  ਕਿ ਆਮ ਆਦਮੀ ਪਾਰਟੀ  ਨਹੀ ਚਾਹੁੰਦੀ ਕਿ ਅਕਾਲੀ ਆਗੂ ਪਰਵਾਸੀਆਂ ਪੰਜਾਬੀਆਂ ਨਾਲ ਤਾਲਮੇਲ ਕਰਨ ਅਤੇ ਅਕਾਲੀ ਦਲ ਦੇ ਹੱਕ ਵਿਚ ਕੋਈ ਪ੍ਰਚਾਰ ਹੋਵੇ, ਇਸ ਲਈ ਬੰਟੀ ਰੋਮਾਣਾ ਖਿਲਾਫ ਝੂਠੀਆਂ ਸ਼ਿਕਾਇਤਾਂ ਕੀਤੀਆਂ ਗਈਆਂ।

ਅਕਾਲੀ ਆਗੂ ਬੰਟੀ ਰੋਮਾਣਾ ਦੀ ਵਾਪਸੀ ਅਤੇ ਦੂਸ਼ਣਬਾਜੀ ਦਰਮਿਆਨ ਅਕਾਲੀ ਦਲ ਵਫਦ ਵਿਚ ਸ਼ਾਮਿਲ ਦੂਸਰੇ ਆਗੂਆਂ ਜਿਹਨਾਂ ਵਿਚ ਸ ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰਪਾਲ ਸਿੰਘ ਢੱਟ ਹੁਸ਼ਿਆਰਪੁਰ, ਹਰਜਾਪ ਸਿੰਘ ਸੰਘਾ ਜਲੰਧਰ, ਜਸਪ੍ਰੀਤ ਸਿੰਘ ਮਾਹਲਾ ਅਤੇ ਐਡਵੋਕੇਟ ਰਾਜਕੰਵਰ ਸਿੰਘ ਨੂਰਮਹਿਲ ਸ਼ਾਮਿਲ ਹਨ ਦਾ ਵੈਨਕੂਵਰ ਵਿਖੇ ਪੁੱਜਣ ਤੇ ਅਕਾਲੀ ਦਲ ਕੈਨੇਡਾ ਵੈਸਟ ਦੇ ਆਗੂਆਂ ਤੇ ਅਕਾਲੀ ਸਮਰਥਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਵਫਦ ਵਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਣ ਉਪਰੰਤ ਪਰਵਾਸੀ ਪੰਜਾਬੀਆਂ ਨਾਲ ਸੰਵਾਦ ਦਾ ਸਿਲਸਿਲਾ ਆਰੰਭਿਆ ਗਿਆ। ਸਭ ਤੋਂ ਪਹਿਲਾਂ ਵਫਦ ਵਲੋਂ ਪੰਜਾਬ ਬੈਂਕੁਇਟ ਹਾਲ ਸਰੀ ਵਿਖੇ ਮੀਡੀਆ ਨਾਲ ਐਲਾਨੀ ਗਈ ਮੀਟਿੰਗ ਖਾਲਿਸਤਾਨੀ ਕਾਰਕੁੰਨਾਂ ਦੇ ਵਿਰੋਧ ਕਾਰਣ ਸਥਾਨ ਤਬਦੀਲੀ ਕਰਕੇ ਕੀਤੀ ਗਈ। ਇਸ ਦੌਰਾਨ ਵਫਦ ਦੇ ਆਗੂਆਂ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਆਪਣੇ ਇਸ ਦੌਰੇ ਦਾ ਮਕਸਦ ਅਤੇ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ। ਇਸ ਉਪਰੰਤ 13 ਜੂਨ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ ਸਰੀ ਦੇ ਹਾਈਵੇ 10 ਦੇ ਸੁਲੀਵਨ ਗਾਰਡਨ ਵਿਖੇ ਇਕ ਭਾਰੀ ਇਕੱਤਰਤਾ ਕੀਤੀ ਗਈ। ਇਥੇ ਹੋਈ ਭਾਰੀ ਇਕਤਰਤਾ ਤੋਂ ਵਫਦ ਦੇ ਆਗੂ ਬਾਗੋਬਾਗ ਨਜ਼ਰ ਆਏ। ਨੌਜਵਾਨਾਂ ਦੇ ਇਸ ਭਾਰੀ ਇਕੱਠ ਦੌਰਾਨ ਮੰਚ ਤੋਂ ਐਲਾਨਿਆ ਗਿਆ ਕਿ ਇਹ ਮਾਝੇ ਦੇ ਜਿਲਾ ਤਰਨ ਤਾਰਨ ਵਾਲਿਆਂ ਦਾ ਇਕੱਠ ਹੈ। ਰੈਲੀ ਦੇ ਗੇਟ ਉਪਰ ਸਵਰਗੀ ਆਗੂ  ਸ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਪਾਰਕਿੰਗ ਲੌਟ ਵਿਚ ਖੜੀਆਂ ਮਾਝੇ ਵਾਲੇ ਭਾਊ ਦੀਆਂ ਨੰਬਰ ਪਲੇਟਾਂ ਵਾਲੀਆਂ ਕਾਰਾਂ ਉਪਰ ਤਰਨ ਤਾਰਨ ਦੀ ਜਿਮਨੀ ਚੋਣ ਦੌਰਾਨ ਚਰਚਾ ਵਿਚ ਆਈ ਮਹਿਲਾ ਆਗੂ ਕੰਚਨਪ੍ਰੀਤ ਦੀਆਂ ਤਸਵੀਰਾਂ ਵਾਲੇ ਸਟਿਕਰ ਵੀ ਦਿਖਾਈ ਦਿੱਤੇ।  ਸਰੀ ਵਿਚ ਕਿਸੇ ਅਕਾਲੀ ਰੈਲੀ ਵਿਚ ਪਹਿਲੀ ਵਾਰ ਸੁਖਬੀਰ ਬਾਦਲ ਦਾ ਵੱਡਾ ਕੱਟ ਆਉਟ ਮੰਚ ਤੇ ਲੱਗਾ ਦਿਖਾਈ ਦਿੱਤਾ। ਮੰਚ ਤੋਂ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਗੁਰਪ੍ਰੀਤ ਸਿੰਘ ਝੱਬਰ, ਹਰਜਾਪ ਸਿੰਘ ਸੰਘਾ,ਸਤਵਿੰਦਰ ਸਿੰਘ ਢੱਟ ਤੇ ਉਘੇ ਗਾਇਕ ਤੋਂ ਅਕਾਲੀ ਆਗੂ ਬਣੇ ਕੇ ਐਸ ਮੱਖਣ ਨੇ ਸੰਬੋਧਨ ਕੀਤਾ।ਇਸ ਮੌਕੇ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੇ ਸੰਬੋਧਨ ਵਿਚ ਕੈਨੇਡਾ ਸਰਕਾਰ ਵਲੋਂ ਉਹਨਾਂ ਨੂੰ ਵੀਜ਼ੇ ਦੇਣ ਅਤੇ ਲੋਕਾਂ ਵਿਚ ਵਿਚਰਨ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਨੌਜਵਾਨਾਂ ਦੀ ਮੰਗ ਤੇ ਗਾਇਕ ਕੇ ਐਸ ਮੱਖਣ ਨੇ ਅਕਾਲੀ ਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਿਚ ਗੀਤ ਵੀ ਗਾਏ ਤੇ ਅਕਾਲੀ ਦਲ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜੀ ਹੋਈ। ਅਕਾਲੀ ਆਗੂਆਂ ਨੇ ਨੌਜਵਾਨਾਂ ਤੇ ਅਕਾਲੀ ਸਮਰਥਕਾਂ ਨੂੰ ਪੰਜਾਬ ਵਿਚ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੰਜਾਬੀਆਂ ਤੇ ਸਿੱਖਾਂ ਦੀ ਮਾਂ ਪਾਰਟੀ ਅਕਾਲੀ ਦਲ ਦਾ ਸਾਥ ਦੇਣ ਅਤੇ ਵਿਦੇਸ਼ਾਂ ਵਿਚ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਸਰੀ ਵਿਚ ਨੌਜਵਾਨਾਂ ਦੀ ਇਕ ਭਾਰੀ ਰੈਲੀ ਨੂੰ ਅਕਾਲੀ ਦਲ ਦੇ ਹੱਕ ਵਿਚ ਮੁੜ ਲਹਿਰ ਬਣਨ ਦਾ ਸ਼ੁਭ ਸੰਕੇਤ ਦੱਸਿਆ।

ਲੈਂਗਲੀ ਬੈਂਕੁਇਟ ਹਾਲ ਵਿਚ ਭਾਰੀ ਇਕੱਠ-

ਅਕਾਲੀ ਦਲ ਕੈਨੇਡਾ ਵੈਸਟ ਅਤੇ ਪਾਰਟੀ ਦੇ ਐਬਸਫੋਰਡ-ਮਿਸ਼ਨ ਤੋਂ ਸਮਰਥਕਾਂ ਵਲੋਂ 14 ਜੂਨ ਦਿਨ ਐਤਵਾਰ ਨੂੰ ਲੈਂਗਲੀ ਬੈਂਕੁਇਟ ਹਾਲ ਵਿਖੇ ਭਾਰੀ ਇਕੱਠ ਕਰਕੇ ਅਕਾਲੀ ਵਫਦ ਵਿਚ ਨਵਾਂ ਜੋਸ਼ ਭਰਿਆ। ਇਸ ਮੌਕੇ ਅਕਾਲੀ ਵਫਦ ਵਿਚ ਸ਼ਾਮਿਲ ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰ ਪਾਲ ਸਿੰਘ ਢੱਟ ਹੁਸ਼ਿਆਰਪੁਰ, ਹਰਜਾਪ ਸਿੰਘ ਸੰਘਾ ਜਲੰਧਰ, ਜਸਪ੍ਰੀਤ ਸਿੰਘ ਮਾਹਲਾ ਅਤੇ ਐਡਵੋਕੇਟ ਰਾਜਕੰਵਰ ਸਿੰਘ ਨੂਰਮਹਿਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਗੁਮਰਾਹ ਕਰਨ ਅਤੇ ਕੇਜਰੀਵਾਲ ਐਂਡ ਪਾਰਟੀ ਵਲੋਂ ਲੁੱਟ ਦਾ ਰਾਜ ਕਾਇਮ ਕਰਨ ਅਤੇ ਪੰਜਾਬੀਆਂ ਨੂੰ ਮੂਰਖ ਬਣਾਏ ਜਾਣ ਦੇ ਯਤਨਾਂ ਤੋਂ ਜਾਣੂ ਕਰਵਾਇਆ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਜੋ ਕੁਝ ਅਕਾਲੀ ਸਰਕਾਰਾਂ ਵਲੋਂ ਕੀਤਾ ਗਿਆ, ਉਹ ਹੋਰ ਕੋਈ ਪਾਰਟੀ ਨਹੀ ਕਰ ਸਕੀ। ਭਗਵੰਤ ਮਾਨ ਸਰਕਾਰ ਕੇਵਲ ਇਸ਼ਤਿਹਾਰਬਾਜ਼ੀ ਦੇ ਬਲਬੂਤੇ ਪੰਜਾਬ ਨੂੰ ਨੰਬਰ ਵੰਨ ਬਣਾਉਣ ਦੇ ਦਾਅਵੇ ਕਰ ਰਹੀ ਹੈ ਜਦਕਿ ਅਸਲੀਅਤ ਇਹ ਹੈ ਕਿ ਨਸ਼ਿਆਂ ਦਾ ਵਪਾਰ ਅਤੇ ਗੁੰਡਾਤੰਤਰ ਹਰ ਪਾਸੇ ਹਾਵੀ ਹੈ। ਲੋਕ ਆਪਣੀ ਜਾਨ ਮਾਲ ਦੀ ਸੁਰੱਖਿਆ ਲਈ ਗੁੰਡਿਆਂ ਦੇ ਰਹਿਮੋ ਕਰਮ ਤੇ ਹਨ। ਅਕਾਲੀ ਆਗੂ ਮੱਖਣ ਬਰਾੜ ਨੇ ਭਾਰੀ ਇਕੱਠ ਤੇ ਖੁਸ਼ ਹੁੰਦਿਆਂ ਕਿਹਾ ਕਿ ਇਥੇ ਅੱਜ ਸਭ ਤੋਂ ਜਿ਼ਆਦਾ ਮੋਗੇ ਵਾਲਿਆਂ ਦਾ ਇਕੱਠ ਹੈ। ਉਹਨਾਂ ਆਪਣੇ ਸਵਰਗੀ ਪਿਤਾ ਜਥੇਦਾਰ ਤੋਤਾ ਸਿੰਘ ਦੇ ਆਪਣੇ ਲੋਕਾਂ ਨਾਲ ਸਬੰਧਾਂ ਤੇ ਨੇੜਤਾ ਨੂੰ ਯਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਲੋਕਾਂ ਦੇ ਨਾਲ ਖੜਦਾ ਆਇਆ ਹੈ। ਉਹਨਾਂ ਪਿਛਲੇ ਸਮੇਂ ਹੋਈਆਂ ਗਲਤੀਆਂ ਨੂੰ ਭੁਲਾਕੇ ਅਕਾਲੀ ਦਲ ਨਾਲ ਮੁੜ ਜੁੜਨ ਅਤੇ ਖੜਨ ਦਾ ਸੱਦਾ ਦਿੱਤਾ। ਸਥਾਨਕ ਆਗੂਆਂ ਵਿਚ ਸ਼ਾਮਿਲ ਰਾਣਾ ਕੁਲਥਮ, ਗੁਰਬਖਸ਼ ਸਿੰਘ ਬਾਗੀ ਸੰਘੇੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਚ ਸੰਚਾਲਕ ਦੀ ਜਿੰਮੇਵਾਰੀ ਸਤਵੰਤ ਸਿੰਘ ਸੱਤਾ ਸੰਧੂ ਨੇ ਨਿਭਾਈ। ਲੈਂਗਲੀ ਹਾਲ ਵਿਚ ਵਿਸ਼ਾਲ ਇਕੱਠ ਕਰਨ ਅਤੇ ਰੈਲੀ ਦੀ ਸਫਲਤਾ ਲਈ ਭੈਣ ਬੇਅੰਤ ਕੌਰ ਖਹਿਰਾ ਮੈਂਬਰ ਵਰਕਿੰਗ ਕਮੇਟੀ,ਗੁਰਦੀਪ ਪੈਂਥਰ, ਜਗਜੀਤ ਸਿੰਘ ਢਿੱਲੋਂ (ਜੀਤਾ ਦੀਵਾਨਾ ),ਵਿੱਕੀ ਧਾਲੀਵਾਲ  ਮੋਗਾ, ਹਰਜੋਤ ਸਿੰਘ ਸੰਧੂ, ਲਖਵੀਰ ਮਾਨ ਰਾਜੋਆਣਾ, ਹਰਬਖਸ਼ ਰਾਏ ਧੁਰਕੋਟ,ਰਣਜੀਤ ਸੰਧੂ ਕਪੂਰੇ, ਭਾਗ ਸਿੰਘ ਸਾਬਕਾ ਸਰਪੰਚ ਦੁੰਨੇ ਕੇ, ਕੁਲਵੰਤ ਬਾਪਲਾ, ਗੁਰਮੀਤ ਰਾਏ ਸਾਬਕਾ ਸਰਪੰਚ ਖੁਖਰਾਣਾ, ਹਰਦੀਪ ਹੈਰੀ ,ਹਰਦੀਪ ਸਿੰਘ ਪਰਮਾਰ, ਹਰਦਿਆਲ ਥਿੰਦ, ਕੁਲਦੀਪ ਸਿੰਘ ਦੌਲਤਪੁਰਾ, ਪਵਨ ਗਰੋਵਰ, ਸੁਰਿੰਦਰਪਾਲ ਸਿੰਘ ਔਲਖ, ਜੋਗਾ ਸਿੰਘ ਲੱਲੀ , ਕਮਲਜੀਤ ਸਿੰਘ ਮੋਗਾ ਦਾ ਵਿਸ਼ੇਸ਼ ਯੋਗਦਾਨ ਰਿਹਾ ।ਇਸ ਮੌਕੇ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਇਕੱਠ ਨੂੰ ਆਨਲਾਈਨ ਸੰਬੋਧਨ ਕੀਤਾ ਗਿਆ। ਉਹਨਾਂ ਭਗਵੰਤ ਮਾਨ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਅਤੇ ਸਿਆਸੀ ਵਿਰੋਧੀਆਂ ਖਿਲਾਫ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਅਕਾਲੀ ਦਲ ਵਲੋਂ ਪੰਜਾਬ ਦੀ ਭਲਾਈ ਲਈ ਬਣਾਏ ਪ੍ਰੋਗਰਾਮ ਤੇ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਕਮੇਟੀ ਦੇ ਸਕੱਤਰ ਸ ਬਲਵਿੰਦਰ ਸਿੰਘ ਕਾਹਲਵਾਂ ਨੇ ਵਿਸ਼ੇਸ਼ ਹਾਜ਼ਰੀ ਲਗਵਾਈ। ਸਮਾਗਮ ਦੇ ਬਾਹਰ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹ ਆਪਣੇ ਕਿਸੇ ਨਿੱਜੀ ਪ੍ਰੋਗਰਾਮ ਲਈ ਜਾਂਦੇ ਸਮੇਂ ਇਥੇ ਰੁਕੇ ਸਨ।
ਅਕਾਲੀ ਆਗੂਆਂ ਦਾ ਵਫਦ ਵੈਨਕੂਵਰ, ਸਰੀ, ਐਬਸਫੋਰਡ ਤੇ ਮਿਸ਼ਨ ਵਿਚ ਵੱਖ ਵੱਖ ਅਕਾਲੀ ਸਮਰਥਕਾਂ ਨੂੰ ਮਿਲੇ ਤੇ ਪੰਜਾਬ ਵਿਚ ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਅਕਾਲੀ ਵਫਦ ਦਾ ਕੈਨੇਡਾ-ਇੰਡੀਆ ਫਾਉਂਡੇਸ਼ਨ ਦੇ ਮਨਿੰਦਰ ਸਿੰਘ ਗਿੱਲ, ਬੂਟਾ ਸਿੰਘ ਢਿੱਲੋ, ਐਡਵੋਕੇਟ ਲਵਲੀਨ ਗਿੱਲ ਅਤੇ ਜਥੇਦਾਰ ਰਣਜੀਤ ਸਿੰਘ ਖੰਨਾ  ਤੇ ਸਾਥੀਆਂ ਵਲੋਂ ਸਵਾਗਤ ਕੀਤਾ ਤੇ ਉਹਨਾਂ ਦੇ ਮਾਣ ਵਿਚ ਡਿਨਰ ਅਤੇ ਲੰਚ ਪ੍ਰੋਗਰਾਮ ਆਯੋਜਿਤ ਕੀਤੇ।ਅਕਾਲੀ ਆਗੂਆਂ ਦੇ ਵਫਦ ਬ੍ਰਿਟਿਸ਼ ਕੋਲੰਬੀਆ ਉਪਰੰਤ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਅਤੇ ਆਰਥਿਕ ਰਾਜਧਾਨੀ ਕੈਲਗਰੀ ਪੁੱਜੇ ਜਿਥੇ ਉਹਨਾਂ ਦਾ ਭਾਰੀ ਸਵਾਗਤ ਕੀਤਾ ਗਿਆ ਤੇ ਸਫਲ ਰੈੇਲੀਆਂ ਦਾ ਆਯੋਜਨ ਕੀਤਾ ਗਿਆ।

ਸਿਖਸ ਫਾਰ ਜਸਟਿਸ ਵਲੋਂ ਵਿਰੋਧ-

ਇਸ ਦੌਰਾਨ ਸਿੱਖ ਫਾਰ ਜਸਟਿਸ ਦੇ ਕੁਝ ਕਾਰਕੁੰਨ ਸਰੀ ਦੇ ਹਾਈਵੇ 10 ਉਤੇ ਰੈਲੀ ਸਥਾਨ ਦੇ ਬਾਹਰ ਪੁੱਜੇ ਜਿਹਨਾਂ ਨੇ ਕਾਲੀਆਂ ਦੀਆਂ ਕਾਲੀਆਂ ਕਰਤੂਤਾਂ ਵਾਲੇ ਬੈਨਰ ਫੜੇ ਹੋਏ ਸਨ। ਪਰ ਉਹ ਜਿਆਦਾ ਸਮਾਂ ਰੁਕੇ ਨਹੀ ਤੇ ਨਾਅਰੇਬਾਜ਼ੀ ਤੋਂ ਬਿਨਾਂ ਵਾਪਿਸ ਪਰਤ ਗਏ। ਦੋਵਾਂ ਧਿਰਾਂ ਵਲੋਂ ਵਰਤੇ ਸੰਜਮ ਤੇ ਸਿਆਣਪ ਕਾਰਣ ਕਿਸੇ ਵੀ ਟਕਰਾਅ ਤੋਂ ਬਚਾਅ ਰਿਹਾ। ਸਿਖਸ ਫਾਰ ਜਸਟਿਸ ਵਲੋਂ ਰੈਲੀ ਦੇ ਵਿਰੋਧ ਵਿਚ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਪਾਈ ਗਈ ਜਿਸ ਵਿਚ ਇਕ ਬੁਲਾਰੇ ਵਲੋਂ ਅਕਾਲੀ ਸਰਕਾਰਾਂ ਵੇਲੇ ਨੌਜਵਾਨੀ ਦੇ ਘਾਣ ਅਤੇ ਬੇਅਦਬੀਆਂ ਦੇ ਹਵਾਲੇ ਨਾਲ ਉਹਨਾਂ  ਦੇ ਸਮਰਥਕਾਂ  ਵਲੋਂ ਕੈਨੇਡਾ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਲਈ ਚੇਤਾਵਨੀ ਦਿੱਤੀ ਗਈ। 14 ਜੂਨ ਨੂੰ ਸਿਖਸ ਫਾਰ ਜਸਟਿਸ ਤੇ ਸ਼ਹੀਦ ਨਿੱਝਰ ਟੀਮ ਵਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਵੈਨਕੂਵਰ ਭਾਰਤੀ ਅੰਬੈਸੀ ਤੱਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ।

 

 

 

Leave a Reply

Your email address will not be published. Required fields are marked *