Jun 19, 2026

‘ਜਿੰਦ ਦਾ ਰੋਗ’ ਟਰੈਕ ਜਿੰਦ ਦੇ ਰੋਗ ਦੂਰ ਕਰਨ ਦੇ ਸਮਰੱਥ ਹੈ- ਕੁਵਿੰਦਰ ਚਾਂਦ–
ਸਰੀ ( ਜਸਵੀਰ ਸਿੰਘ ਭਲੂਰੀਆ)- ਬੀਤੇ ਦਿਨੀਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ‘ਜਿੰਦ ਦਾ ਰੋਗ’ ਸਿੰਗਲ ਟਰੈਕ ਰਲੀਜ਼ ਹੋਇਆ। ਜਿਸ ਨੂੰ ਸੁਣ ਕੇ ਹਾੜ ਦੇ ਮਹੀਨੇ ਸਾਉਣ ਦੀ ਭੂਰ ਵਰਗਾ ਅਹਿਸਾਸ ਹੋਇਆ। ਇਸ ਗ਼ਜ਼ਲ ਦੀ ਗਾਇਕਾ ਪਾਕਿਸਤਾਨ ਦੀ ਪਹਿਲੀ ਕਤਾਰ ਦੀ ਗਾਇਕਾ ਹੈ। ਇਹ ਬੀਬੀ ਰੇਡੀਓ,ਟੀ.ਵੀ. ਕਲਾਕਾਰ ਅਤੇ ਪਲੇਅਬੈਕ ਸਿੰਗਰ ਹੈ। ਇਸ ਬੀਬੀ ਦੇ ਹਿੱਟ ਗੀਤਾਂ ਵਿੱਚ ਸੋਹਣਾ ਢੋਲ,ਅੱਲ੍ਹਾ ਦਾ ਨਾਂ,ਕੋਈ ਜਾਂਦਾ ਜਾਂਦਾ,ਯਾਰੀ ਅਤੇ ਹੋਰ ਬਹੁਤ ਸਾਰੇ ਗੀਤਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਬਹੁਤ ਹੀ ਸੁਰੀਲੀ ਅਤੇ ਖੂਬਸੂਰਤ ਬੀਬੀ ਨਾਮ ਹੈ ਫਲਕ ਇਜ਼ਾਜ਼।
ਮਾਣ ਵਾਲੀ ਗੱਲ ਇਹ ਹੈ ਕਿ ਇਸ ਗ਼ਜ਼ਲ ਦੀ ਸਿਰਜਿਕ ਵੀ ਸਰੀ ਸ਼ਹਿਰ ਦੀ ਨਾਮਵਰ ਸ਼ਾਇਰਾ ਬਿੰਦੂ ਮਠਾੜੂ ਹੈ। ਬਿੰਦੂ ਮਠਾੜੂ ਨੇ ਇਸ ਗ਼ਜ਼ਲ ਵਿੱਚ ਮਹਿੰਗੇ ਮੁੱਲ ਦੇ ਮੋਤੀਆਂ ਵਰਗੇ ਸ਼ਬਦ ਪਰੋਏ ਹਨ। ਫਲਕ ਇਜ਼ਾਜ਼ ਨੇ ਇਸ ਰਚਨਾ ਨੂੰ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਨਿਵਾਜ਼ ਕੇ ਸੋਨੇ ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ‘ਜਿੰਦ ਦਾ ਰੋਗ’ ਟਰੈਕ ਸ਼ਬਦ,ਅਵਾਜ਼,ਸੰਗੀਤ ਅਤੇ ਵੀਡੀਓਗਰਾਫੀ ਦਾ ਅਦਭੁਤ ਸੁਮੇਲ ਹੈ। ਗ਼ਜ਼ਲ ਦਾ ਮਤਲਾ ਹੈ-
ਇਸ ਜਿੰਦ ਦਾ ਰੋਗ ਮਿਟਾ ਜਾ ਵੇ
ਰੂਹ ਤੱਤੜੀ ਨੂੰ ਗਲ਼ ਨਾਲ ਲਾ ਜਾ ਵੇ
ਗ਼ਜ਼ਲ ਸੁਣਦਿਆਂ ਤਨ-ਮਨ ਸਕੂਨ ਨਾਲ ਭਰ ਜਾਂਦਾ ਹੈ,ਰੂਹ ਨੂੰ ਰੱਜ ਆ ਜਾਂਦਾ ਹੈ। ਇਸ ਟਰੈਕ ਦੀ ਤਰਜ਼ ਅਖਤਰ ਰਹਿਮਾਨ ਨੇ ਬਣਾਈ ਹੈ। ਰਿਕਾਰਡਿੰਗ ਬਾਓ ਜੀ ਸਟੂਡੀਓ ਦੀ ਹੈ। ਰਿੰਕੂ ਅਲੀ ਵਾਜਿਦ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਅਡੀਟਿੰਗ ਕੀਤੀ ਹੈ। ਇਹ ਸ਼ਾਨਾਂਮੱਤੀ ਪੇਸ਼ਕਾਰੀ ਸਾਡਾ ਟੀ.ਵੀ. ਨੈੱਟਵਰਕ ਦੀ ਹੈ। ਸਾਰੀ ਟੀਮ ਦੀ ਕਲਾ ਅਤੇ ਮਿਹਨਤ ‘ਜਿੰਦ ਦਾ ਰੋਗ’ ਵਿੱਚੋਂ ਝਲਕਾਰੇ ਮਾਰਦੀ ਹੈ।
ਅਜਿਹੇ ਲਾਜਵਾਬ ਗੀਤਾਂ-ਗ਼ਜ਼ਲਾਂ ਨੂੰ ਰਲੀਜ਼ ਕਰਨ ਲਈ ਅਕਸਰ ਵੱਡੇ ਸਮਾਗਮ ਰਚਾਏ ਜਾਂਦੇ ਹਨ। ਮੋਟੇ ਖਰਚ ਕੀਤੇ ਜਾਂਦੇ ਹਨ। ਪਰ ਇਹ ਟਰੈਕ ਬਹੁਤ ਹੀ ਸਾਦੇ ਢੰਗ ਨਾਲ,ਇੱਕ ਸਾਹਿੱਤਕ ਮਿਲਣੀ ਦੌਰਾਨ ਬਿੰਦੂ ਮਠਾੜੂ ਦੇ ਗ੍ਰਹਿ ਵਿਖੇ ਰਲੀਜ਼ ਕੀਤਾ ਗਿਆ। ਟਰੈਕ ਰਲੀਜ਼ ਕਰਨ ਤੋਂ ਪਹਿਲਾਂ ਉੱਘੇ ਸ਼ਾਇਰ ਕੁਵਿੰਦਰ ਚਾਂਦ ਨੇ ਫਨਕਾਰਾ ਫਲਕ ਇਜ਼ਾਜ਼ ਬਾਰੇ ਅਤੇ ਰਿਕਾਰਡਿੰਗ ਪ੍ਰਕਿਰਿਆ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸੰਜੀਦਾ ਸ਼ਾਇਰ ਅਮਰੀਕ ਪਲਾਹੀ ਨੇ ‘ਜਿੰਦ ਦਾ ਰੋਗ’ ਟਰੈਕ ਬਾਰੇ ਆਪਣੇ ਕੀਮਤੀ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਨਾਟਕਕਾਰਾ ਪਰਮਿੰਦਰ ਸਵੈਚ,ਕਹਾਣੀਕਾਰਾ ਜਸਵੀਰ ਮਾਨ,ਉੱਘੀ ਲੇਖਿਕਾ ਡਾ: ਜਸਮਨਪ੍ਰੀਤ,ਚਰਨਜੀਤ,ਬਲਵਿੰਦਰ,ਹਰਜਿੰਦਰ,ਤਰਨਜੀਤ,ਮਹਿੰਦਰ ਕੌਰ,ਗੁਰਮਿੰਦਰ ਸਿੱਧੂ,ਲੇਖਕ ਜਸਵੀਰ ਸਿੰਘ ਭਲੂਰੀਆ,ਨਿਰਮਲ ਗਿੱਲ,ਨਗਿੰਦਰ ਢਿੱਲੋਂ,ਨਵਦੀਪ ਗਿੱਲ,ਪ੍ਰੀਤਪਾਲ ਪੂੰਨੀ,ਬਲਜਿੰਦਰ ਸੰਧੂ,ਹਰਪ੍ਰੀਤ ਅਤੇ ਦਵਿੰਦਰ ਬਚਰਾ ਨੇ ਵੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਅਤੇ ਸਮੁੱਚੀ ਨੂੰ ਸੁੰਦਰ ਕਾਰਜ ਲਈ ਵਧਾਈ ਦਿੱਤੀ। ਮਹਿਮਾਨਾਂ ਨੂੰ ਪ੍ਰੀਵਾਰ ਵੱਲੋਂ ਘਰ ਬਣਾਏ ਸਵਾਦਿਸ਼ਟ ਪਕਵਾਨ ਪਰੋਸੇ ਗਏ।
ਜਸਵੀਰ ਸਿੰਘ ਭਲੂਰੀਆ
ਸਰੀ(ਬੀ.ਸੀ.) ਕੈਨੇਡਾ
+1-236-622-7799

Leave a Reply

Your email address will not be published. Required fields are marked *