ਫੇਸਬੁੱਕ ਪੇਜਾਂ ਰਾਹੀਂ ਇਕ ਧਿਰ ਦੇ ਪੱਖ ਵਿਚ ਪ੍ਰਚਾਰ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦਾਅਵਾ-
ਸਰੀ ( ਦੇ ਪ੍ਰ ਬਿ) —ਸਰੀ ਸਿਟੀ ਕੌਂਸਲ ਦੀਆਂ ਅਕਤੂਬਰ ਵਿਚ ਹੋਣ ਜਾ ਰਹੀਆਂ ਚੋਣਾਂ ਲਈ ਮੁੜ ਚੋਣ ਮੈਦਾਨ ਵਿਚ ਨਿੱਤਰੇ ਸਰੀ ਦੇ ਸਾਬਕਾ ਮੇਅਰ ਡੱਗ ਮੈਕੱਲਮ ਨੇ ਸਿਟੀ ਚੋਣਾਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਫੈਡਰਲ ਪੱਧਰ ਤੇ ਜਾਂਚ ਦੀ ਮੰਗ ਕੀਤੀ ਹੈ।
ਸੇਫ ਸਰੀ ਕੋਲੀਸ਼ਨ ਦੇ ਆਗੂ ਤੇ ਸਾਬਕਾ ਮੇਅਰ ਡੱਗ ਮੈਕਲਮ ਨੇ ਇਕ ਬਿਆਨ ਰਾਹੀ ਦਾਅਵਾ ਕੀਤਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਰਾਹੀਂ ਬਣਾਇਆ ਗਿਆ ਇੱਕ ਨੈੱਟਵਰਕ ਸਰੀ, ਵੈਨਕੂਵਰ ਅਤੇ ਡੈਲਟਾ ਵਿੱਚ ਅਕਤੂਬਰ ਦੀਆਂ ਕੌਂਸਲ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਕਿਸੇ ਇਕ ਧਿਰ ਵਾਸਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਦੇ ਅਨੁਸਾਰ, ਘੱਟੋ-ਘੱਟ ਛੇ ਫੇਸਬੁੱਕ ਪੇਜ ਆਪਣੇ ਆਪ ਨੂੰ ਸਥਾਨਕ ਬੀ.ਸੀ. ਨਿਊਜ਼ ਆਉਟਲੈਟਾਂ ਵਜੋਂ ਪੇਸ਼ ਕਰਦਿਆਂ ਇਕ ਧਿਰ ਦਾ ਪ੍ਰਚਾਰ ਕਰ ਰਹੇ ਜੋਕਿ ਕਥਿਤ ਤੌਰ ‘ਤੇ ਕੈਨੇਡਾ ਤੋਂ ਬਾਹਰੋਂ ਸੰਚਾਲਿਤ ਕੀਤੇ ਜਾ ਰਹੇ ਹਨ। “ਇਹ ਕੈਨੇਡੀਅਨ ਸਰਗਰਮੀ ਨਹੀ ਹੈ। ਇਸਨੂੰ ਚਲਾਉਣ ਵਾਲੇ ਲੋਕ ਭਾਰਤ ਵਿੱਚ ਹਨ ਤੇ ਇਸਦੇ ਲਈ ਭੁਗਤਾਨ ਵੀ ਰੁਪਏ ਵਿਚ ਕੀਤਾ ਜਾ ਰਿਹਾ ਹੈ।
ਸੇਫ ਸਰੀ ਕੋਲੀਸ਼ਨ ਨੇ ਅੱਗੇ ਦੋਸ਼ ਲਗਾਇਆ ਹੈ ਕਿ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਇਸ਼ਤਿਹਾਰ ਰਿਕਾਰਡ, ਪੰਨਿਆਂ ਦੇ ਭੁਗਤਾਨਕਰਤਾ ਅਤੇ ਲਾਭਪਾਤਰੀ ਦੀ ਪਛਾਣ ਭਾਰਤ ਸਰਕਾਰ ਨਾਲ ਜੁੜੇ ਇੱਕ ਕੰਪਿਊਟਰ ਖੋਜ ਸੰਗਠਨ ਵਜੋਂ ਹੋਈ ਹੈ। ਜਦੋਂ ਅਜਿਹੀ ਕੋਈ ਸਰਗਰਮੀ ਫੈਡਰਲ ਪੱਧਰ ਤੇ ਵਾਪਰਦੀ ਹੈ ਤਾਂ ਸਰਕਾਰ ਇਸਨੂੰ ਕੌਮੀ ਸੁਰੱਖਿਆ ਦਾ ਮੁੱਦਾ ਦਸਦੀ ਹੈ ਪਰ ਇਹ ਹੁਣ ਜਦੋਂ ਇਹ ਸਰੀ ਵਿਚ ਵਾਪਰ ਰਿਹਾ ਹੈ ਤਾਂ ਕੋਈ ਵੀ ਅਧਿਕਾਰੀ ਇਸਦੀ ਗੱਲ ਨਹੀ ਕਰ ਰਿਹਾ।
ਸੇਫ਼ ਸਰੀ ਕੋਲੀਸ਼ਨ ਨੇ ਆਰਸੀਐਮਪੀ ਨੂੰ ਕਥਿਤ ਵਿਦੇਸ਼ੀ ਨੈੱਟਵਰਕ ਦੀ ਜਾਂਚ ਕਰਨ ਦੀ ਅਪੀਲ ਕਰਦਿਆਂ ਬੀ.ਸੀ. ਸਰਕਾਰ ਨੂੰ ਕਿਹਾ ਹੈ ਕਿ ਉਹ ਜਨਤਕ ਪੱਧਰ ਤੇ ਇਸਦਾ ਜਵਾਬ ਦੇਵੇ ਕਿ ਕੀ ਸਥਾਨਕ ਚੋਣਾਂ ਵਿਚ ਅਜਿਹੀ ਦਖਲਅੰਦਾਜ਼ੀ ਹੋਣ ਦਿੱਤੀ ਜਾਵੇਗੀ।
ਸੇਫ ਸਰੀ ਕੋਲੀਸ਼ਨ ਦੁਆਰਾ ਲਗਾਏ ਗਏ ਦੋਸ਼ਾਂ ਦੀ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀ ਕੀਤੀ ਤੇ ਨਾ ਹੀ ਮੈਟਾ ਅਤੇ ਨਾ ਹੀ ਸਬੰਧਿਤ ਸਰਕਾਰਾਂ ਨੇ ਇਹਨਾਂ ਦਾਅਵਿਆਂ ਦਾ ਜਨਤਕ ਤੌਰ ‘ਤੇ ਕੋਈ ਜਵਾਬ ਦਿੱਤਾ ਹੈ।
