ਸਰੀ ( ਦੇ ਪ੍ਰ ਬਿ)- ਰੈਜੀਡੈਂਟਸ ਆਫ ਬੰਗਾ ਐਸੋਸੀਏਸ਼ਨ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ”ਬਾਬਾ ਗੋਲੇ ਦਾ ਬੰਗਾ” ( ਬੰਗਾ ਸ਼ਹਿਰ ਦਾ ਇਤਿਹਾਸ-ਮੁੱਢ ਤੋਂ ਵਰਤਮਾਨ ਤੱਕ – ਲੇਖਕ ਭਗਵੰਤ ਸਿੰਘ ਮਾਂਗਟ) ਪੁਸਤਕ ਦਾ ਲੋਕ ਅਰਪਣ ਸ਼ਰਧਾ ਤੇ ਉਤਸ਼ਾਹਪੂਰਵਕ ਕੀਤਾ ਗਿਆ। ਇਹ ਸਮਾਗਮ ਬਾਬਾ ਗੋਲਾ ਜੀ ਅਤੇ ਬੰਗਾ ਦੁਆਬਾ ਭਾਈਚਾਰੇ ਦੇ ਗੌਰਮਈ ਇਤਿਹਾਸ, ਵਿਰਾਸਤ ਅਤੇ ਅਮਿੱਟ ਯੋਗਦਾਨ ਨੂੰ ਸਮਰਪਿਤ ਇਕ ਉਪਰਾਲਾ ਰਿਹਾ।ਦਿਨ ਦੀ ਸ਼ੁਰੂਆਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਉਪਰੰਤ ਪੁਸਤਕ ਦਾ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਭਾਈਚਾਰੇ ਦੇ ਮੈਂਬਰਾਂ, ਆਗੂਆਂ ਅਤੇ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕਰਦਿਆਂ ਇਸ ਇਤਿਹਾਸਕ ਮੌਕੇ ਨੂੰ ਯਾਦਗਾਰ ਬਣਾਇਆ। ਸਮਾਗਮ ਦੌਰਾਨ ਰੂਹਾਨੀ ਕੀਰਤਨ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਰੇਸ਼ਮ ਸਿੰਘ ਮਾਨ, ਅਵਤਾਰ ਸਿੰਘ ਮਾਨ, ਬਲਰਾਜ ਮਾਨ, ਰਣਬੀਰ ਮਾਨ, ਦਲਜੀਤ ਸਿੰਘ ਮਾਨ, ਬਰਜ ਢਾਹਾਂ, ਹੈਰੀ ਬੈਂਸ, ਜਸਵੀਰ ਸਿੰਘ ਗੁਣਾਚੌਰੀਆ ਅਤੇ ਰੈਜੀਡੈਂਟਸ ਆਫ ਬੰਗਾ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਹੋਰ ਸਤਿਕਾਰਯੋਗ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਹਨਾਂ ਸ਼ਖਸੀਅਤਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਮਹੱਤਵਪੂਰਣ ਬਣਾ ਦਿੱਤਾ। ਇਸ ਅਰਥ ਭਰਪੂਰ ਸਮਾਗਮ ਵਿਚ ਸਾਮਿਲ ਹੋਣ ਅਤੇ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਰੇਸ਼ਮ ਸਿੰਘ ਮਾਨ ਨੇ ਸਭ ਨੂੰ ਅਪੀਲ ਕੀਤੀ ਕਿ ਆਓ ਅਸੀ ਸਾਰੇ ਮਿਲਕੇ ਬਾਬਾ ਗੋਲਾ ਜੀ ਅਤੇ ਬੰਗਾ ਦੁਆਬਾ ਦੀ ਮਾਣਮੱਤੀ ਵਿਰਾਸਤ ਅਤੇ ਇਤਿਹਾਸ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਉਂਦੇ ਰਹੀਏ।
ਇਸੇ ਦੌਰਾਨ ਰੇਸ਼ਮ ਸਿੰਘ ਮਾਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਾਬਾ ਗੋਲੇ ਦਾ ਬੰਗਾ ਇਕ ਇਤਿਹਾਸਕ ਪੁਸਤਕ ਹੈ। ਸਤਿਕਾਰਯੋਗ ਪਤਵੰਤੇ ਸੱਜਣਾਂ ਦੇ ਉਦਮ ਅਤੇ ਇਕ ਅਗਾਂਹਵਧੂ ਕਾਰਜ ਵਜੋੰ ਇਸ ਪੁਸਤਕ ਨੂੰ ਕਲਮਬੰਦ ਕੀਤਾ ਗਿਆ ਹੈ। ਇਹ ਆਪਣੇ ਪੁਰਖਿਆਂ ਦੇ ਇਤਿਹਾਸ ਤੇ ਵਿਰਾਸਤ ਨੂੰ ਸਾਂਭਣ ਅਤੇ ਸਮਝਣ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ। ਜੇਕਰ ਕਿਸੇ ਸੱਜਣ ਨੂੰ ਇਹ ਪੁਸਤਕ ਚਾਹੀਦੀ ਹੋਵੇ ਤਾਂ ਉਹ ਉਹਨਾਂ ਨਾਲ ਫੋਨ ਨੰਬਰ 604-805-5500 ਤੇ ਸੰਪਰਕ ਕੀਤਾ ਜਾ ਸਕਦਾ ਹੈ।





