Jul 31, 2026

ਦਰਬਾਰਾ ਸਿੰਘ ਕਾਹਲੋਂ-

ਅਗਸਤ ,1956 ਦੀ ਘਟਨਾ ਹੈ ਜਦੋਂ ਆਂਧਰਾ ਪ੍ਰਦੇਸ਼ ਅੰਦਰ ਇਕ ਰੇਲ ਹਾਦਸੇ ਵਿੱਚ 112 ਯਾਤਰੀ ਮਾਰੇ ਗਏ ।ਸ਼੍ਰੀ ਲਾਲ ਬਹਾਦਰ ਸ਼ਾਸਤਰੀ ਮਰਹੂਮ ਪ੍ਰਧਾਨ ਮੰਤਰੀ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਕੈਬਿਨਟ ਵਿੱਚ ਰੇਲ ਮੰਤਰੀ ਹੁੰਦੇ ਸਨ ।ਉਹਨਾਂ ਨੇ ਇਸ ਦਰਦਨਾਕ ਹਾਦਸੇ  ਦੀ ਨੈਤਿਕ ਤੌਰ ਤੇ ਜਿੰਮੇਵਾਰੀ ਲੈਂਦੇ ਹੋਏ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ।ਪਰ ਪੰਡਿਤ ਨਹਿਰੂ ਨੇ ਸਵੀਕਾਰ ਨਾ ਕੀਤਾ ਅਤੇ ਉਹਨਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ।ਨਵੰਬਰ 23 ,1956 ਨੂੰ ਤਾਮਿਲਨਾਡੂ ਅੰਦਰ ਇਕ ਰੇਲਵੇ ਪੁੱਲ ਡਿਗਣ ਕਰਕੇ ਹੋਏ ਹਾਦਸੇ ਵਿੱਚ 140 ਲੋਕ ਮਰ ਗਏ ।ਇਸ ਵਾਰ ਸ੍ਰੀ ਸ਼ਾਸਤਰੀ ਜੀ ਨੇ ਨਾ ਸਿਰਫ ਨੈਤਿਕ ਜਿੰਮੇਵਾਰੀ ਲੈਂਦੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ  ਨੂੰ ਭੇਜਿਆ ਬਲਕਿ  ਜ਼ਿੱਦ ਕੀਤੀ ਕਿ ਉਹਨਾਂ ਦਾ ਅਸਤੀਫਾ ਹਰ ਹਾਲਤ ਵਿੱਚ ਮਨਜ਼ੂਰ ਕਰ ਲਿਆ ਜਾਵੇ ।

ਨੀਟ ਇਮਤਿਹਾਨ ਸਬੰਧੀ ਲੀਕ ਪੇਪਰ ਦੇ ਪ੍ਰਸ਼ਨ ਤੇ ਜੇਕਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਆਪਣੀ ਨੈਤਿਕ ਜਿੰਮੇਵਾਰੀ ਲੈਂਦਿਆਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੂੰ ਸੌਂਪ ਦਿੰਦੇ ਤਾਂ ਕਾਕਰੋਚ ਜਨਤਾ  ਪਾਰਟੀ ਅਤੇ ਵਿਰੋਧੀ ਧਿਰ ਵੱਲੋਂ ਵਿਰੋਧ ਅਤੇ ਐਨਡੀਏ ਸਰਕਾਰ ਲਈ  ਪਰੇਸ਼ਾਨੀਆਂ ਪੈਦਾ ਨਾ ਹੁੰਦੀਆਂ ।ਦੇਸ਼ ਵਿਦੇਸ਼ ਅੰਦਰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਇਸ ਕਦਰ ਜਨਾਜਾ ਨਾ ਨਿਕਲਦਾ ।

ਕਿਸੇ ਵੀ ਲੋਕਤੰਤਰ ਦੀ ਖੂਬਸੂਰਤੀ ਉਸਦੀ ਸਰਕਾਰ  ਦੀ ਨਿਤ ਪ੍ਰਤੀ ਪਾਰਦਰਸ਼ੀ ਅਤੇ ਇਮਾਨਦਰਾਨਾ ਜਵਾਬਦੇਹੀ ਤੇ ਟਿਕੀ ਹੋਈ ਹੁੰਦੀ ਹੈ ।ਇਸੇ ਅਸੂਲ ਤੇ ਚਲਦੇ ਪੱਛਮ ਦੇਸ਼ਾਂ ਦੇ ਲੋਕਤੰਤਰ ਸਿਸਟਮ ਨੂੰ ਸਲਾਹਿਆ ਜਾਂਦਾ ਹੈ ।ਸੱਚ ਸਾਹਮਣੇ ਹੈ ਕਿ ਕਿਵੇਂ ਲੋਕਤੰਤਰ ਅੰਦਰ ਜਵਾਬਦੇਹੀ ਸਿਸਟਮ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਵਿਸ਼ਵ ਦੀ ਸਭ ਤੋਂ ਪੁਰਾਣੇ ਬ੍ਰਿਟਿਸ਼ ਲੋਕਤੰਤਰ  ਅੰਦਰ 10 ਸਾਲਾਂ ਵਿੱਚ 7ਪ੍ਰਧਾਨ ਮੰਤਰੀ ਬਦਲੇ ਗਏ ।ਸੱਤਵੇਂ ਪ੍ਰਧਾਨ ਮੰਤਰੀ ਐਨਡੀ ਬਰਨਹਮ ਨੇ ਆਪਣੇ ਪੂਰਵਧਿਕਾਰੀ  ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਅਸਤੀਫਾ  ਦੇਣ ਤੇ ਉਸੇ ਦਿਨ 20 ਜੁਲਾਈ ,2026ਨੂੰ ਆਪਣਾ ਪਦ ਭਾਰ ਸੰਭਾਲ ਲਿਆ ।

ਕੈਨੇਡੀਅਨ ਮਿਸਾਲ :

ਇਸੇ ਮਹੀਨੇ ਪਿਛਲੇ ਦਿਨੀ ਕੈਨੇਡਾ ਦੇ ਉਨਟਾਰੀਓ ਰਾਜ ਦੇ  ਮੁੱਖ ਮੰਤਰੀ ਡਗ ਫੋਰਡ ਦੀ ਕੈਬਨਿਟ ਦੇ ਦੋ ਮੰਤਰੀਆਂ ਨੂੰ ਵਿੱਤੀ ਬੇਨਿਯਮੀਆ ਕਰਕੇ  ਗਲਤੀਆਂ ਸਵੀਕਾਰਦੇ ਆਪਣੇ ਪੱਦਾ  ਤੋਂ ਅਸਤੀਫੇ ਸੌਪਣੇ ਪਏ ਅਤੇ ਕਈ ਵਿਧਾਇਕਾਂ ਨੂੰ ਵਿੱਤੀ ਬੇਨਮੀਆ ਕਰਕੇ ਖਰਚ ਕੀਤੇ ਡਾਲਰ ਵਾਪਸ ਖਜ਼ਾਨੇ ਵਿੱਚ ਜਮਾ ਕਰਾਉਣੇ ਪਏ ।

ਦਰਅਸਲ  ਓਂਟਾਰੀਓ ਸੂਬੇ ਦੀ ਟੋਰਾਂਟੋ ਸਥਿਤ ਕੁਵੀਨਜ ਪਾਰਕ ਅਸੈਬਲੀ ਦਾ ਇਹ ਅਸੂਲ ਹੈ ਕਿ ਜੋ ਵਿਧਾਇਕ ਇਸਦੇ  50 ਕਿਲੋਮੀਟਰ ਘੇਰੇ ਦੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ ਉਹਨਾਂ ਨੂੰ ਅਸੈਂਬਲੀ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਨੇੜੇ ਦੇ ਹੋਟਲਾਂ ਵਿੱਚ ਰਾਤ ਨੂੰ ਠਹਿਰਨ ਸਬੰਧੀ ਕੋਈ  ਭਤੇ  ਨਹੀਂ ਮਿਲਣਗੇ ।ਸਿਰਫ ਮੌਸਮ ਖਰਾਬ,ਟਰੈਫਿਕ ਜਾਮ ,ਟੋਰਨੋਡੋ  ਚੇਤਾਵਨੀ ਜਾਂ ਐਮਰਜੈਂਸੀ ਹੋਣ ਕਰਕੇ ਹੀ  ਐਸੀ ਇਜਾਜ਼ਤ ਹੋਵੇਗੀ ।

ਪੰਜਾਬੀ ਦੀ ਕਹਾਵਤ ਹੈ,”ਜੇ ਕੁੱਤੀਆਂ ਗੰਦ ਖਾਣੋ ਹਟ ਜਾਣ ਤਾਂ ਅੰਨੀਆਂ ਨਾ ਹੋ ਜਾਣ ।”ਸੋ ਐਸਾ ਅਨਸਰ ਹਰ ਦੇਸ਼ ਵਿੱਚ ਮਿਲ ਜਾਂਦਾ ਹੈ ।ਮੁੱਖ ਮੰਤਰੀ ਡਗ ਫੋਰਡ ਦੇ ਕੈਬਿਨਟ ਵਿੱਚ ,ਟੂਰਿਜਮ ਕਲਚਰ ਅਤੇ ਗੇਮਿੰਗ ਮੰਤਰੀ ਸਟਾਨ ਚੋਅ ਦਾ ਅਸੈਂਬਲੀ ਹਲਕਾ ਵਿਲੋਡੇਲ  ਅਸੈਬਲੀ ਤੋਂ 6 ਕਿਲੋਮੀਟਰ ਤੋਂ ਘੱਟ ਦੂਰੀ ਤੇ ਪੈਂਦਾ ਹੈ ।ਲੇਕਿਨ ਉਸਨੇ ਨਿਯਮਾਂ ਦੇ ਪਰਖਚੇ ਉਡਾਉਂਦੇ ਟਰਾਂਟੋ ਵਿਖੇ ਹੋਟਲ ਕਮਰੇ ਬੁੱਕ ਕਰਕੇ ਗੁਲਛਰੇ ਉਡਾਉਂਦੇ ਜਨਤਕ ਟੈਕਸਾਂ ਤੋਂ ਪ੍ਰਾਪਤ 16203 ਡਾਲਰ ਪਿਛਲੇ ਤਿੰਨ ਸਾਲਾਂ ਵਿੱਚ ਖਰਚ ਕਰ ਦਿੱਤੇ । ਮੁੱਖ ਮੰਤਰੀ ਨੇ ਸਪਸ਼ਟ ਕਿਹਾ ਕਿ ਐਸਾ ਗੈਰ ਕਾਨੂੰਨੀ ਖਰਚਾ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ।ਸਟਾਨ ਚੋਅ ਨੇ ਆਪਣੀ ਗਲਤੀ ਸਵੀਕਾਰ  ਕਰਦੇ  ਕੈਬਨਟ ਤੋਂ ਆਪਣਾ ਅਸਤੀਫਾ ਦੇ ਦਿੱਤਾ ਜੋ ਮੁੱਖ ਮੰਤਰੀ ਨੇ 17 ਜੁਲਾਈ ਨੂੰ ਸਵੀਕਾਰ ਕਰ ਲਿਆ ।ਲੇਕਿਨ ਉਹਨਾਂ ਇਹ ਵੀ ਕਿਹਾ ਕਿ ਉਹ ਪ੍ਰੋਵਿਨਸ਼ੀਅਲ ਪਾਰਲੀਮੈਂਟ (ਵਿਧਾਨ ਸਭਾ )ਵਿੱਚ ਵਿਲੋਡੇਲ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਰਵੇਗਾ । ਇਵੇਂ ਰਾਜ ਦੇ ਕੈਬਨਟ ਮੰਤਰੀ ਵਜੋਂ ਜੋ ਉਹ 240,975ਡਾਲਰ ਤਨਖਾਹ ਭਤੇ ਪ੍ਰਤੀ ਸਾਲ ਵਸੂਲ ਕਰਦਾ ਸੀ ਹੁਣ 163,275ਡਾਲਰ ਪ੍ਰਤੀ ਸਾਲ ਬਤੌਰ ਵਿਧਾਇਕ ਪ੍ਰਾਪਤ ਕਰੇਗਾ ।ਉਸ ਨੇ ਸਾਫ ਕਿਹਾ ਕਿ ਉਸਨੇ ਇਹ ਗਲਤੀ ਕੀਤੀ ਹੈ ਜਿਸ ਦੀ ਉਹ ਪੂਰੀ ਜਿੰਮੇਵਾਰੀ ਲੈਂਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਰਾਜ ਦੇ ਵਿਕਾਸ ਯੋਜਨਾ ਸਬੰਧੀ  ਆਰਥਿਕਤਾ ,ਲੋਕਾਂ ਤੇ ਸੁਰਖਿਅਤ ਜੀਵਨ ਅਤੇ ਇਸ ਰਾਜ ਦੀ ਵਿਕਾਸਮਈ ਉਸਾਰੀ ਤੇ ਕੋਈ ਫਰਕ ਪਵੇ ।ਲੇਕਿਨ ਚੋਅ ਤੇ ਆਪਣੇ ਹਲਕੇ ਦੀ ਐਸੋਸੀਏਸ਼ਨ ਰਾਹੀਂ ਖਾਣ ਪੀਣ ਅਤੇ ਮੌਜ ਮਸਤੀ ਲਈ ਇਕ ਲੱਖ ਡਾਲਰ ਖਰਚਣ ਦੇ ਦੋਸ਼ ਹਨ  ਜਿਨਾਂ ਵਿੱਚ ਟਰਾਂਟੋ  ਬਲੂ ਜੇਅਜ ਮੀਟਿੰਗ ਵਿੱਚ ਖਰਚੇ 6970ਡਾਲਰ ਵੀ ਸ਼ਾਮਿਲ ਹਨ ।

ਦੂਸਰੇ ਪਾਸੇ  ਮੁੱਖ ਮੰਤਰੀ ਡਗ ਫੋਰਡ ਨੇ ਬੜੀ ਸਖਤੀ ਨਾਲ ਹੁਕਮ ਦਿੱਤੇ ਕਿ ਜੋ ਵੀ ਮੰਤਰੀ ਅਤੇ ਵਿਧਾਇਕ ਗ੍ਰੇਟਰ ਟਰਾਂਟੋ ਖੇਤਰ ਦੇ ਹਲਕਿਆਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਜਿਨਾਂ ਨੇ 120000ਡਾਲਰ ਕਰੀਬ ਜਨਤਕ ਟੈਕਸਾਂ ਦੇ ਪੈਸੇ ਪਿਛਲੇ ਤਿੰਨ ਸਾਲਾਂ ਵਿੱਚ ਹੋਟਲਾਂ ਦੀ ਅਦਾਇਗੀ ਲਈ ਖਰਚੇ ਹਨ,ਵਾਪਸ ਖਜਾਨੇ ਵਿੱਚ ਜਮਾ ਕਰਾਉਣ ।ਹਰ ਇੱਕ ਵਿਧਾਇਕ ਨੂੰ ਬੇਨਿਯਮਤ ਖਰਚੀ ਗਈ ਇੱਕ ਇੱਕ ਪਾਈ  ਖਜ਼ਾਨੇ ਵਿੱਚ ਜਮਾ ਕਰਾਉਣੀ ਪਵੇਗੀ। ਐਸੀਆਂ ਬੇਨਿਯਮੀਆਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ।ਉਹਨਾਂ ਨੇ ਸਨ  2018 ਵਿੱਚ ਓਂਟਾਰੀਓ ਨਿਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਉਹ ਟੈਕਸ ਪੇਅਰ ਧਨ ਨਾਲ ਪਾਰਟੀਆਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ ।ਕੈਬਨਟ ਮੰਤਰੀ ਚੋਅ ਐਸੀ ਉਲੰਘਣਾ ਕਰਦੇ ਵੀ ਪਾਏ ਗਏ ਸਨ ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਐਨਡੀਪੀ ਦੇ ਆਗੂ  ਮਾਰਟ ਸਟਾਈਲਜ ਦਾ ਕਹਿਣਾ ਹੈ ਕਿ 20 ਮੌਜੂਦਾ ਅਤੇ ਸਾਬਕਾ ਗ੍ਰੇਟਰ ਟਰਾਂਟੋ ਖੇਤਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ 121409  ਡਾਲਰ ਬੇਨਿਯਮਤ ਖਰਚੇ ਹਨ । ਉਹਨਾਂ ਕਿਹਾ ਕਿ ਵਿਧਾਇਕ ਹਰਦੀਪ ਗਰੇਵਾਲ (ਬਰਾਪਟਨ ਪੂਰਬ )ਨੇ 2023ਤੂੰ 2025ਤੱਕ ਡਾਊਨ ਟਾਊਨ ਵਿਖੇ ਹੋਟਲ ਬੁਕਿੰਗ  ਤੇ 27275ਡਾਲਰ ,ਵਿਧਾਇਕਾ ਮੀਨਾ ਟਾਂਗਰੀ ਨੇ 18976ਡਾਲਰ ਜਦ ਕਿ ਚਾਰਮੇਨ ਵਿਲੀਅਮਜ ਨੇ 15865ਡਾਲਰ ਦੇ ਬੇਨਿਯਮਤ ਤੌਰ ਤੇ ਖਰਚ ਕੀਤੇ ।ਖੇਡ ਮੰਤਰੀ ਨੀਲ ਲਮਰਜਡੈਨ ਤੇ ਵੀ ਦੋਸ਼ ਹਨ ਜੋ ਕੈਬਨਟ ਅਤੇ ਵਿਧਾਇਕ ਵਜੋਂ ਸੇਵਾ ਮੁਕਤ ਹੋ ਗਏ ਹਨ ।ਵਿਰੋਧੀ ਧਿਰ ਦੇ ਆਗੂ ਨੇ ਵਿਧਾਇਕ ਹਰਦੀਪ ਗਰੇਵਾਲ ਦੀ ਜਾਂਚ ਦੀ ਸ਼ਿਕਾਇਤ ਭਰਿਸ਼ਟਾਚਾਰ ਵਿਰੋਧੀ ਇਮਾਨਦਾਰੀ ਜਾਂਚ ਕਮਿਸ਼ਨ ਕੋਲ ਕੀਤੀ ਹੈ ਜਿਸ ਨੇ ਨਾ ਸਿਰਫ ਡਾਊਨ ਟਾਊਨ ਹੋਟਲਾਂ ਵਿੱਚ ਕਮਰੇ ਬੁੱਕ ਕਰਨ ਤੇ ਬੇਨਿਯਮਤ  ਤੌਰ ਤੇ ਜਨਤਕ ਟੈਕਸਾਂ ਤੋਂ ਇਕੱਤਰ ਧਨ ਖਰਚਿਆ ਬਲਕਿ ਆਪਣੇ ਹਲਕੇ ਦੇ ਫੰਡਾ ਨੂੰਆਪਣੇ ਪਿਤਾ ਵੱਲੋਂ ਚਲਾਏ ਜਾਂਦੇ ਅਖਬਾਰ ਵਿੱਚ ਇਸ਼ਤਿਹਾਰ ਦੇਣ ਲਈ ਖਰਚਿਆ ।

ਇਸ ਤੋਂ ਇਲਾਵਾ ਪਾਲ ਕਲੰਦਰਾ ਨੇ 6924,ਡੇਵਡ ਸਮਿਥ ਨੇ 6895,ਅਮਰਜੋਤ ਸੰਧੂ ਨੇ 4027,ਮਾਈਕਲ ਫੋਰਡ ਨੇ 3546,ਸਿਲਵੀਆ ਗੁਆਲਟੇਰੀ ਨੇ 3177, ਫਿਰਨ  ਮੁਹੰਮਦ ਨੇ 2379ਡਾਲਰ ਅਤੇ ਇਵੇਂ ਹੀ ਗ੍ਰਾਹਮ ਮੈਕਗਿਰਾਗਰ ਅਤੇ ਨਾਟਾਲੀਆ ਕੁਸੈਡੋਆ ਬਾਸ਼ਤਾ  ਆਦਿ ਨੇ ਵੀ ਬੇਨਿਯਮਤ ਤੌਰ ਤੇ ਜਨਤਕ ਧਨ ਦੀ  ਕੁਵਰਤੋਂ ਕੀਤੀ ਹੈ ।ਮੁੱਖ ਮੰਤਰੀ ਡਗ ਫੋਰਡ ਅਨੁਸਾਰ ਹਰ ਇੱਕ ਨੂੰ ਇੱਕ ਇੱਕ  ਪੈਨੀ ਖਜ਼ਾਨੇ ਵਿੱਚ ਜਮਾ ਕਰਾਉਣੀ ਪਵੇਗੀ ।ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ।ਇਹ ਹੈ ਅਜੋਕੇ ਕੈਨੇਡਾ ਲੋਕਤੰਤਰ ਅੰਦਰ ਜਵਾਬਦੇਹੀ ਦੀ ਜਿੰਦਾ ਮਿਸਾਲ ।

ਸੰਨ 1873 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਸਰ  ਜੋਹਨ ਏ ਮੈਕਡਾਨਲਡ ਤੇ ਕਨੇਡੀਅਨ ਪੈਸੇਫਿਕ ਉਸਾਰੀ  ਸਮੇਂ  ਰਿਸ਼ਵਤ ਲੈਣ ਦੇ ਦੋਸ਼ਾਂ ਕਰਕੇ ਅਸਤੀਫਾ ਦੇਣਾ ਪਿਆ ਸੀ ।ਲੇਕਿਨ ਇਹ ਦੋਸ਼ ਸਾਬਤ ਨਹੀਂ ਸਨ ਹੋਏ । ਉਹ ਫਿਰ ਬਾਅਦ ਵਿੱਚ ਪੰਜ ਸਾਲ ਪ੍ਰਧਾਨ ਮੰਤਰੀ ਰਹੇ ।ਕੈਨੇਡੀਅਨ ਮੰਤਰੀ ” ਬੇਵ ਓਡਾ “,ਬੇਵਿਰਲੀ ਜੋਅਨਜ ਜੋ ਸਟੀਫਨ ਹਾਰਪਰ ਸਰਕਾਰ ਵਿੱਚ 2006-2012ਤੱਕ ਮੰਤਰੀ ਰਹੀ ਤੇ ਬੇਵਜਹਾ ਖਜ਼ਾਨੇ ਦੇ ਪੈਸੇ ਖਰਚਣ ਦੇ ਦੋਸ਼ ਲੱਗਦੇ ਰਹੇ ।ਜਦੋਂ ਮੀਡੀਆ ਵਿੱਚ ਜਿਆਦਾ ਖੇਹ ਉੱਡੀ ਤਾਂ ਉਸ ਨੂੰ 1352.81ਡਾਲਰ ਵਾਪਸ ਖਜ਼ਾਨੇ ਵਿੱਚ ਜਮਾ ਕਰਾਉਣੇ ਪਏ।ਉਸ ਤੇ 16 ਡਾਲਰ ਔਰੰਜ ਜੂਸ ਗਲਾਸ ,665 ਡਾਲਰ ਹੋਟਲ ਕਮਰੇ ਦਾ ਕਿਰਾਇਆ , ਹੋਟਲ ਤੋਂ ਦੋ ਕਿਲੋਮੀਟਰ ਕਾਨਫਰੰਸ ਹਾਲ ਤੱਕ 1000ਡਾਲਰ ਪ੍ਰਤੀ ਦਿਨ ਲਿਮੋਜੀਨ ਕਿਰਾਏ ਤੇ ਲੈਣ ਦੇ ਦੋਸ਼ ਸਨ ।

ਭਾਰਤ ਅੰਦਰ ਕੇਂਦਰ ਅਤੇ ਰਾਜਾਂ ਵਿੱਚ ਸ਼ਾਇਦ ਹੀ ਪਿਛਲੇ 80 ਸਾਲਾਂ ਵਿੱਚ ਕੋਈ ਐਸੀ ਸਰਕਾਰ ਹੋਵੇ ਜਿਸ ਦੇ ਮੰਤਰੀਆਂ ,ਵਿਧਾਇਕਾਂ ਅਤੇ ਅਫਸਰਸ਼ਾਹਾਂ ਤੇ ਭ੍ਰਿਸ਼ਟਾਚਾਰ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਨਾ ਲੱਗੇ ਹੋਣ ।ਕਈ ਆਗੂਆਂ ਅਤੇ ਅਫਸਰ ਸਾਹਾਂ ਤੇ ਵਿਦੇਸ਼ਾਂ ਵਿੱਚ ਕਰੋੜਾਂ ਡਾਲਰ ਧਨ ਨਾਮੀ -ਬੇਨਾਮੀ ਤੌਰ ਤੇ ਜਮਾ ਕਰਨ ਦੇ ਦੋਸ਼ ਹਨ। 17 ਜੁਲਾਈ ਨੂੰ ਆਪਣੇ ਪੰਜਾਬ ਦੌਰੇ ਸਮੇਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਈਮਾਨਾ ਦੀ ਸਰਕਾਰ ਗਰਦਾਨ ਕੇ ਗਏ  ਜਿਸ ਦੇ ਕਈ ਮੰਤਰੀ ਅਤੇ ਵਿਧਾਇਕ ਰਿਸ਼ਵਤ ਲੈਣ ਅਤੇ ਮਨੀ ਲਾਂਡਰਿੰਗ ਦੋਸ਼ਾਂ ਵਿੱਚ ਸ਼ਾਮਿਲ ਹਨ ।ਅਜੇ ਦੋ ਤਿੰਨ ਦਿਨ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਪੁਲਿਸ ਨੂੰ ਨਸ਼ਿਆਂ ਵਿੱਚ ਗਲਤਾਨ ਦਰਸਾਇਆ। ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦਰਸਾਈ ।ਯੁੱਧ ਨਸ਼ਿਆਂ ਵਿਰੁੱਧ ਅਭਿਆਨ  ਅਸਫਲ ਦਰਸਾਇਆ।ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਡੂੰਘੀ ਚਿੰਤਾ ਜਿੱਤਾਈ ।ਪੰਜਾਬ  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਤੇ ਐਸੇ ਦੋਸ਼ ਬੋਫਰਜ ਤੋਪ ਦੇ ਗੋਲਿਆਂ ਤੋਂ ਘੱਟ ਨਹੀਂ।ਦੂਜੇ ਪਾਸੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦੋਸ਼ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਹੋ ਰਹੀ ਹੈ ।

ਕੁਝ ਵੀ ਹੋਵੇ ਜੇਕਰ ਕੈਨੇਡਾ ਵਾਂਗ ਭਾਰਤ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਦੇ ਭਰਿਸ਼ਟ  ਮੰਤਰੀਆਂ ,ਵਿਧਾਇਕਾਂ ਅਤੇ ਅਫਸਰਸ਼ਾਹਾਂ ਤੋਂ  ਜਨਤਕ ਟੈਕਸਾਂ ਦਾ ਬਟੋਰਿਆ ਇਕ ਇਕ ਪੈਸਾ ਸਮੇਂ ਸਿਰ ਖਜਾਨੇ ਵਿੱਚ ਉਹਨਾਂ ਤੋਂ ਵਾਪਸ ਕਰਵਾਇਆ ਹੁੰਦਾ ਤਾਂ ਨਾ ਅੱਜ ਦੇਸ਼ ਦਾ ਆਰਥਿਕ ਤੌਰ ਤੇ ਇਨਾ ਮਾੜਾ ਹਾਲ ਹੁੰਦਾ ਅਤੇ ਨਾ ਹੀ 1.3  ਬਿਲੀਅਨ ਭਾਰਤੀਆਂ ਨੂੰ 3.10ਡਾਲਰ ਤੋਂ ਘੱਟ ਅਤੇ 250 ਮਿਲੀਅਨ ਭਾਰਤੀਆਂ ਨੂੰ 2ਡਾਲਰ ਤੋਂ ਪ੍ਰਤੀ ਦਿਨ ਘੱਟ ਆਮਦਨ ਨਾਲ ਗੁਰਬੱਤ  ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈਂਦਾ ।

ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ

ਕਿੰਗਸਟਨ-ਕੈਨੇਡਾ

+12898292929

Leave a Reply

Your email address will not be published. Required fields are marked *