Aug 4, 2026

ਸੁਰਿੰਦਰ ਮਾਵੀ (204-510-6284)-

ਪੰਜਾਬੀ ਸਮਾਜ ਆਪਣੀ ਮਹਿਮਾਨ-ਨਵਾਜ਼ੀ, ਖੁੱਲ੍ਹੇ ਦਿਲ ਅਤੇ ਤਿਉਹਾਰਾਂ ਦੀ ਰੌਣਕ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਲੋਹੜੀ, ਮਾਘੀ, ਵਿਸਾਖੀ, ਰੱਖੜੀ, ਦੀਵਾਲੀ, ਗੁਰਪੁਰਬ ਅਤੇ ਵਿਆਹ-ਸ਼ਾਦੀਆਂ—ਹਰ ਖ਼ੁਸ਼ੀ ਦੇ ਮੌਕੇ ‘ਤੇ ਮਿਠਾਈ ਵੰਡਣਾ ਸਾਡੀ ਸਭਿਆਚਾਰਕ ਵਿਰਾਸਤ ਦਾ ਇੱਕ ਅਟੁੱਟ ਹਿੱਸਾ ਹੈ। ਮਿਠਾਈ ਸਿਰਫ਼ ਖਾਣ ਵਾਲੀ ਚੀਜ਼ ਨਹੀਂ, ਸਗੋਂ ਪਿਆਰ, ਸਤਿਕਾਰ, ਆਪਣਾ ਪਣ ਅਤੇ ਰਿਸ਼ਤਿਆਂ ਦੀ ਮਿਠਾਸ ਦਾ ਪ੍ਰਤੀਕ ਹੈ। ਇਹ ਪਰੰਪਰਾ ਸਦੀਆਂ ਤੋਂ ਪੰਜਾਬੀ ਜੀਵਨ ਦਾ ਹਿੱਸਾ ਰਹੀ ਹੈ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਇਸ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਪਰ ਹਰ ਪਰੰਪਰਾ ਵਾਂਗ ਇਸ ਰਿਵਾਇਤ ਨੂੰ ਵੀ ਸਮੇਂ ਦੀਆਂ ਲੋੜਾਂ ਅਤੇ ਵਿਗਿਆਨਕ ਸਮਝ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਲੋੜ ਹੁੰਦੀ ਹੈ।

ਪੰਜਾਬੀ ਸੱਭਿਆਚਾਰ ਵਿੱਚ “ਮਿਠਾਈ ਦੇ ਡੱਬੇ” ਦੀ ਇੱਕ ਵਿਲੱਖਣ ਪਰੰਪਰਾ ਹੈ। ਕਿਸੇ ਵੀ ਤਿਉਹਾਰ, ਵਿਆਹ, ਬੱਚੇ ਦੇ ਜਨਮ, ਨਵੀਂ ਨੌਕਰੀ, ਘਰ ਖਰੀਦਣ ਜਾਂ ਹੋਰ ਕਿਸੇ ਖੁਸ਼ੀ ਦੇ ਮੌਕੇ ‘ਤੇ ਰਿਸ਼ਤੇਦਾਰਾਂ, ਦੋਸਤਾਂ ਅਤੇ ਗੁਆਂਢੀਆਂ ਨੂੰ ਮਿਠਾਈ ਦਾ ਡੱਬਾ ਭੇਜਣਾ ਸਤਿਕਾਰ ਅਤੇ ਆਪਣਾਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਈ ਘਰਾਂ ਵਿੱਚ ਇਹ ਡੱਬੇ ਇੱਕ ਘਰ ਤੋਂ ਦੂਜੇ ਘਰ ਤੱਕ ਅੱਗੇ ਵੀ ਭੇਜੇ ਜਾਂਦੇ ਹਨ, ਜਿਸ ਨੂੰ ਆਮ ਬੋਲੀ ਵਿੱਚ “ਡੱਬਾ ਚਲਾਉਣਾ” ਵੀ ਕਿਹਾ ਜਾਂਦਾ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਜਦੋਂ ਕਿਸੇ ਘਰ 8 ਤੋਂ 10 ਡੱਬੇ ਆ ਜਾਂਦੇ ਹਨ, ਤਾਂ ਪਰਿਵਾਰ ਲਈ ਉਨ੍ਹਾਂ ਨੂੰ ਖਪਤ ਕਰਨਾ ਅਸੰਭਵ ਹੋ ਜਾਂਦਾ ਹੈ। ਫਿਰ ਸ਼ੁਰੂ ਹੁੰਦਾ ਹੈ ਉਹੀ ਡੱਬੇ ਅੱਗੇ ਕਿਸੇ ਹੋਰ ਰਿਸ਼ਤੇਦਾਰ ਜਾਂ ਗੁਆਂਢੀ ਵੱਲ ਤੋਰਨ ਦਾ ਸਿਲਸਿਲਾ। ਕਈ ਵਾਰ ਉਹੀ ਪੁਰਾਣਾ ਡੱਬਾ ਘੁੰਮ-ਫਿਰ ਕੇ ਕੁਝ ਦਿਨਾਂ ਬਾਅਦ ਵਾਪਸ ਉਸੇ ਘਰ ਆ ਜਾਂਦਾ ਹੈ ਜਿੱਥੋਂ ਉਹ ਤੁਰਿਆ ਸੀ। ਇਹ ਸਥਿਤੀ ਹਾਸੋਹੀਣੀ ਹੋਣ ਦੇ ਨਾਲ-ਨਾਲ ਤਿਉਹਾਰ ਦੀ ਅਸਲ ਭਾਵਨਾ ਨੂੰ ਵੀ ਠੇਸ ਪਹੁੰਚਾਉਂਦੀ ਹੈ।

ਅੱਜ ਦੇ ਸਮਾਜ ਵਿੱਚ ਡੱਬਾ ਦੇਣਾ ਜਾਂ ਲੈਣਾ ਇੱਕ ਤਰ੍ਹਾਂ ਦਾ ਖਾਤਾ ਬਣ ਗਿਆ ਹੈ—ਕਿਸ ਨੇ ਕਿਸ ਨੂੰ ਕਿਹੋ ਜਿਹੇ ਅਤੇ ਕਿੰਨੇ ਮਹਿੰਗੇ ਡੱਬੇ ਦਿੱਤੇ, ਇਸ ਦਾ ਪੂਰਾ ਹਿਸਾਬ ਰੱਖਿਆ ਜਾਂਦਾ ਹੈ। ਜੇਕਰ ਕਿਸੇ ਨੇ ਵੱਡਾ ਡੱਬਾ ਦਿੱਤਾ ਹੈ ਤਾਂ ਅਗਲੇ ਨੂੰ ਮਜਬੂਰਨ ਉਸ ਤੋਂ ਵੀ ਮਹਿੰਗਾ ਡੱਬਾ ਮੋੜਨਾ ਪੈਂਦਾ ਹੈ। ਇਹ ਰਿਸ਼ਤਿਆਂ ਵਿੱਚੋਂ ਸਹਿਜਤਾ ਖ਼ਤਮ ਕਰਕੇ ਇੱਕ ਮੁਕਾਬਲੇਬਾਜ਼ੀ ਪੈਦਾ ਕਰ ਰਿਹਾ ਹੈ। ਅੱਜ ਕੱਲ੍ਹ ਮਿਠਾਈ ਨਾਲੋਂ ਜ਼ਿਆਦਾ ਪੈਸਾ ਡੱਬੇ ਦੀ ਮਹਿੰਗੀ ਪੈਕਿੰਗ (ਕਾਰਡ ਬੋਰਡ, ਪਲਾਸਟਿਕ, ਅਤੇ ਵੱਖ-ਵੱਖ ਡਿਜ਼ਾਈਨ) ਉੱਤੇ ਖ਼ਰਚਿਆ ਜਾਂਦਾ ਹੈ। ਇਹ ਸਭ ਕੁਝ ਕੁ ਦਿਨਾਂ ਦੀ ਦਿਖਾਵਟੀ ਸ਼ਾਨ ਤੋਂ ਬਾਅਦ ਸਿੱਧਾ ਕੂੜੇਦਾਨ ਵਿੱਚ ਜਾਂਦਾ ਹੈ, ਜੋ ਵਾਤਾਵਰਨ ਲਈ ਵੀ ਵੱਡਾ ਖ਼ਤਰਾ ਬਣ ਰਿਹਾ ਹੈ। ਘਰ-ਘਰ ਜਾ ਕੇ ਡੱਬੇ ਵੰਡਣ ਦੀ ਰਸਮ ਵਿੱਚ ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਕੀਮਤੀ ਸਮਾਂ ਅਤੇ ਬੇਲੋੜੀ ਊਰਜਾ ਬਰਬਾਦ ਹੁੰਦੀ ਹੈ। ਜਿਸ ਖ਼ੁਸ਼ੀ ਨੂੰ ਅਸੀਂ ਪਰਿਵਾਰ ਨਾਲ ਬੈਠ ਕੇ ਮਾਣਨਾ ਚਾਹੀਦਾ ਹੈ, ਉਹ ਇਨ੍ਹਾਂ ਬਾਹਰੀ ਰਸਮਾਂ ਨੂੰ ਪੂਰਾ ਕਰਨ ਵਿੱਚ ਹੀ ਖ਼ਤਮ ਹੋ ਜਾਂਦੀ ਹੈ।

ਇਹ ਸਿਸਟਮ ਹੁਣ ਮੋਹ ਦਾ ਪ੍ਰਤੀਕ ਨਹੀਂ, ਸਗੋਂ ਰੁਤਬੇ ਅਤੇ ਪੈਸੇ ਦੀ ਪ੍ਰਦਰਸ਼ਨੀ (Show-off) ਬਣ ਚੁੱਕਾ ਹੈ। ਜਿਨ੍ਹਾਂ ਕੋਲ ਪੈਸਾ ਹੈ, ਉਹ ਮਹਿੰਗੇ ਤੋਂ ਮਹਿੰਗੇ ਡੱਬੇ ਦੇ ਕੇ ਆਪਣੀ ‘ਹਉਮੈ’ ਪਾਲਦੇ ਹਨ, ਅਤੇ ਗ਼ਰੀਬ ਜਾਂ ਮੱਧਵਰਗੀ ਇਨਸਾਨ ਇਸ ਨਕਲੀ ਦੌੜ ਵਿੱਚ ਪਿੱਛੇ ਰਹਿ ਜਾਣ ਦੇ ਡਰੋਂ ਕਰਜ਼ੇ ਹੇਠ ਦੱਬ ਜਾਂਦਾ ਹੈ। ਇਹ ਰਿਸ਼ਤਿਆਂ ਵਿੱਚ ਪਿਆਰ ਨਹੀਂ, ਸਗੋਂ ਤਣਾਅ ਪੈਦਾ ਕਰਦਾ ਹੈ। ਕਦੇ ਬਜ਼ੁਰਗ ਕਹਿੰਦੇ ਸਨ— “ਦਿਲ ਮਿਲਣੇ ਚਾਹੀਦੇ ਹਨ, ਮੂੰਹ ਤਾਂ ਮਿੱਠਾ ਹੋ ਹੀ ਜਾਂਦਾ ਹੈ।” ਪਰ ਅੱਜ ਹਾਲਤ ਇਹ ਹੈ ਕਿ ਨਾ ਤਾਂ ਅਪਣਾ ਪਨ ਰਿਹਾ ਹੈ ਅਤੇ ਨਾ ਹੀ ਮਿਲਾਪ। ਸਿਰਫ਼ ਡੱਬਾ ਫੜਾਓ, ਰਸਮੀ ਜਿਹਾ ਮੁਸਕਰਾਓ ਅਤੇ ਅੱਗੇ ਨਿਕਲ ਜਾਓ। ਇਹ ਸਿਸਟਮ ਮਨੁੱਖੀ ਭਾਵਨਾਵਾਂ ਨੂੰ ਮਾਰ ਕੇ ਰਿਸ਼ਤਿਆਂ ਨੂੰ ਸਿਰਫ਼ ਇੱਕ ਕਾਰੋਬਾਰੀ ਲੈਣ-ਦੇਣ ਬਣਾ ਰਿਹਾ ਹੈ।

ਅੱਜ ਸੰਸਾਰ ਭਰ ਵਿੱਚ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ, ਖ਼ਾਸ ਕਰਕੇ ਡਾਇਬਟੀਜ਼, ਮੋਟਾਪਾ, ਉੱਚ ਰਕਤ ਚਾਪ, ਫੈਟੀ ਲਿਵਰ ਅਤੇ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਸਥਿਤੀ ਵਿੱਚ ਇਹ ਸੋਚਣਾ ਜ਼ਰੂਰੀ ਹੈ ਕਿ ਕੀ ਹਰ ਤਿਉਹਾਰ ‘ਤੇ ਬੇਹਿਸਾਬ ਮਿਠਾਈ ਵੰਡਣਾ ਅਤੇ ਖਾਣਾ ਸਿਹਤ ਦੇ ਨਜ਼ਰੀਏ ਤੋਂ ਠੀਕ ਹੈ। ਵਿਸ਼ਵ ਸਿਹਤ ਸੰਗਠਨ (WHO) ਸਿਫ਼ਾਰਸ਼ ਕਰਦਾ ਹੈ ਕਿ ਇੱਕ ਬਾਲਗ ਵਿਅਕਤੀ ਲਈ ਰੋਜ਼ਾਨਾ “ਫ੍ਰੀ ਸ਼ੂਗਰ” ਦੀ ਮਾਤਰਾ ਕੁੱਲ ਕੈਲੋਰੀਆਂ ਦੇ 10 ਪ੍ਰਤੀਸ਼ਤ ਤੋਂ ਘੱਟ ਅਤੇ ਸੰਭਵ ਹੋਵੇ ਤਾਂ 5 ਪ੍ਰਤੀਸ਼ਤ, ਅਰਥਾਤ ਲਗਭਗ 25 ਗ੍ਰਾਮ ਜਾਂ 6 ਚਮਚਿਆਂ ਤੋਂ ਵੀ ਘੱਟ ਹੋਣੀ ਚਾਹੀਦੀ ਹੈ। ਪਰ ਤਿਉਹਾਰਾਂ ਦੌਰਾਨ ਇਹ ਹੱਦ ਬਹੁਤ ਆਸਾਨੀ ਨਾਲ ਪਾਰ ਹੋ ਜਾਂਦੀ ਹੈ।

ਉਦਾਹਰਨ ਵਜੋਂ, ਇੱਕ ਦਰਮਿਆਨੇ ਆਕਾਰ ਦੇ ਗੁਲਾਬ ਜ਼ਾਮਨ ਵਿੱਚ ਲਗਭਗ 150 ਤੋਂ 180 ਕੈਲੋਰੀ ਅਤੇ 18 ਤੋਂ 25 ਗ੍ਰਾਮ ਤੱਕ ਚੀਨੀ ਹੋ ਸਕਦੀ ਹੈ। ਇੱਕ ਬੇਸਨ ਲੱਡੂ ਕਰੀਬ 180 ਤੋਂ 220 ਕੈਲੋਰੀ ਅਤੇ 12 ਤੋਂ 18 ਗ੍ਰਾਮ ਚੀਨੀ ਪ੍ਰਦਾਨ ਕਰਦਾ ਹੈ, ਜਦਕਿ ਇੱਕ ਮੋਤੀਚੂਰ ਲੱਡੂ ਵਿੱਚ 170 ਤੋਂ 210 ਕੈਲੋਰੀ ਅਤੇ 18 ਤੋਂ 22 ਗ੍ਰਾਮ ਚੀਨੀ ਹੋ ਸਕਦੀ ਹੈ। ਇੱਕ ਪੀਸ ਮਿਲਕ ਬਰਫ਼ੀ ਵਿੱਚ ਲਗਭਗ 110 ਤੋਂ 140 ਕੈਲੋਰੀ ਅਤੇ 10 ਤੋਂ 15 ਗ੍ਰਾਮ ਚੀਨੀ ਹੁੰਦੀ ਹੈ, ਜਦਕਿ ਇੱਕ ਪੀਸ ਕਾਜੂ ਕਤਲੀ ਲਗਭਗ 90 ਤੋਂ 110 ਕੈਲੋਰੀ ਅਤੇ 8 ਤੋਂ 12 ਗ੍ਰਾਮ ਚੀਨੀ ਰੱਖਦੀ ਹੈ। ਇੱਕ ਰਸਗੁੱਲਾ ਵੀ 120 ਤੋਂ 150 ਕੈਲੋਰੀ ਅਤੇ 15 ਤੋਂ 20 ਗ੍ਰਾਮ ਚੀਨੀ ਦੇ ਸਕਦਾ ਹੈ। ਇਸੇ ਤਰ੍ਹਾਂ 100 ਗ੍ਰਾਮ ਜਲੇਬੀ ਵਿੱਚ ਲਗਭਗ 400 ਤੋਂ 450 ਕੈਲੋਰੀ ਅਤੇ 45 ਤੋਂ 60 ਗ੍ਰਾਮ ਤੱਕ ਚੀਨੀ ਹੋ ਸਕਦੀ ਹੈ, ਜਦਕਿ 100 ਗ੍ਰਾਮ ਸੋਹਨ ਪਾਪੜੀ ਵਿੱਚ ਲਗਭਗ 480 ਤੋਂ 520 ਕੈਲੋਰੀ ਅਤੇ 35 ਤੋਂ 45 ਗ੍ਰਾਮ ਚੀਨੀ ਹੋ ਸਕਦੀ ਹੈ। ਪੰਜਾਬ ਦੀ ਪਰੰਪਰਾਗਤ ਪਿੰਨੀ ਵੀ ਇੱਕ ਦਰਮਿਆਨੇ ਆਕਾਰ ਵਿੱਚ ਲਗਭਗ 220 ਤੋਂ 280 ਕੈਲੋਰੀ ਰੱਖ ਸਕਦੀ ਹੈ। ਜੇ ਕੋਈ ਵਿਅਕਤੀ ਤਿਉਹਾਰ ਵਾਲੇ ਦਿਨ ਸਿਰਫ਼ ਇੱਕ ਗੁਲਾਬ ਜ਼ਾਮਨ, ਇੱਕ ਲੱਡੂ ਅਤੇ ਦੋ ਪੀਸ ਬਰਫ਼ੀ ਖਾ ਲੈਂਦਾ ਹੈ, ਤਾਂ ਉਹ ਲਗਭਗ 600 ਕੈਲੋਰੀ ਅਤੇ 50 ਤੋਂ 70 ਗ੍ਰਾਮ ਤੱਕ ਚੀਨੀ ਖਾ ਸਕਦਾ ਹੈ, ਜੋ WHO ਦੀ ਸਿਫ਼ਾਰਸ਼ ਕੀਤੀ ਰੋਜ਼ਾਨਾ ਮਾਤਰਾ ਤੋਂ ਕਾਫ਼ੀ ਵੱਧ ਹੈ।

ਇਹ ਚਿੰਤਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਡਾਇਬਟੀਜ਼ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਡਾਇਬਟੀਜ਼ ਕੈਨੇਡਾ ਦੇ ਅਨੁਸਾਰ ਕੈਨੇਡਾ ਵਿੱਚ ਲਗਭਗ 4.6 ਮਿਲੀਅਨ ਲੋਕ ਡਾਇਬਟੀਜ਼ ਨਾਲ ਜੀਵਨ ਬਿਤਾ ਰਹੇ ਹਨ ਅਤੇ ਲੱਖਾਂ ਹੋਰ ਲੋਕ ਪ੍ਰੀ-ਡਾਇਬਟੀਜ਼ ਦੀ ਸਥਿਤੀ ਵਿੱਚ ਹਨ। ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ (IDF) ਦੇ ਅਨੁਸਾਰ ਭਾਰਤ ਦੁਨੀਆ ਵਿੱਚ ਡਾਇਬੀਟੀਜ਼ ਦੇ ਸਭ ਤੋਂ ਵੱਧ ਬੋਝ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਪੰਜਾਬ ਵਿੱਚ ਵੀ ਸ਼ੂਗਰ, ਮੋਟਾਪਾ, ਉੱਚ ਰਕਤ ਚਾਪ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਸਿਰਫ਼ ਰਿਵਾਇਤ ਦੇ ਨਾਂ ‘ਤੇ ਬੇਹਿਸਾਬ ਮਿਠਾਈ ਖਾਣਾ ਜਾਂ ਵੰਡਣਾ ਇੱਕ ਸਿਹਤਮੰਦ ਸੋਚ ਨਹੀਂ ਮੰਨੀ ਜਾ ਸਕਦੀ।

ਇਸ ਦਾ ਮਤਲਬ ਇਹ ਨਹੀਂ ਕਿ ਮਿਠਾਈ ਦੀ ਪਰੰਪਰਾ ਨੂੰ ਖ਼ਤਮ ਕਰ ਦਿੱਤਾ ਜਾਵੇ। ਅਸਲ ਸਮੱਸਿਆ ਮਿਠਾਈ ਨਹੀਂ, ਸਗੋਂ ਉਸ ਦੀ ਬੇਹੱਦ ਮਾਤਰਾ, ਵਾਰ-ਵਾਰ ਖਪਤ ਅਤੇ ਸਮਾਜਿਕ ਦਬਾਅ ਹੈ। ਅਕਸਰ ਤਿਉਹਾਰਾਂ ਦੌਰਾਨ ਇੱਕੋ ਪਰਿਵਾਰ ਨੂੰ ਕਈ ਡੱਬੇ ਮਿਠਾਈ ਮਿਲ ਜਾਂਦੇ ਹਨ। ਨਤੀਜੇ ਵਜੋਂ ਕੁਝ ਮਿਠਾਈ ਲੋੜ ਤੋਂ ਵੱਧ ਖਾ ਲਈ ਜਾਂਦੀ ਹੈ ਅਤੇ ਬਾਕੀ ਖ਼ਰਾਬ ਹੋ ਕੇ ਕੂੜੇ ਵਿੱਚ ਚਲੀ ਜਾਂਦੀ ਹੈ। ਇਹ ਨਾ ਸਿਰਫ਼ ਭੋਜਨ ਦੀ ਬਰਬਾਦੀ ਹੈ, ਸਗੋਂ ਵਾਤਾਵਰਣ ਅਤੇ ਪਰਿਵਾਰ ਦੀ ਆਰਥਿਕਤਾ ‘ਤੇ ਵੀ ਬੋਝ ਹੈ।

ਇੱਕ ਹੋਰ ਚਿੰਤਾ ਮਿਲਾਵਟ ਦੀ ਹੈ। ਤਿਉਹਾਰਾਂ ਦੇ ਮੌਸਮ ਵਿੱਚ ਨਕਲੀ ਖੋਆ, ਘਟੀਆ ਤੇਲ, ਕ੍ਰਿਤਰਿਮ ਰੰਗ ਅਤੇ ਗੈਰ-ਮਿਆਰੀ ਸਮਗਰੀ ਦੀ ਵਰਤੋਂ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਇਸ ਕਾਰਨ ਖ਼ੁਰਾਕ ਦੀ ਸੁਰੱਖਿਆ ਵੀ ਇੱਕ ਮਹੱਤਵਪੂਰਨ ਮੁੱਦਾ ਬਣ ਜਾਂਦੀ ਹੈ। ਇਸ ਦੇ ਨਾਲ ਹੀ ਉੱਚ ਗੁਣਵੱਤਾ ਵਾਲੀ ਮਿਠਾਈ ਦੀਆਂ ਵਧਦੀਆਂ ਕੀਮਤਾਂ ਕਾਰਨ ਕਈ ਪਰਿਵਾਰ ਸਮਾਜਿਕ ਦਬਾਅ ਹੇਠ ਆਪਣੀ ਸਮਰੱਥਾ ਤੋਂ ਵੱਧ ਖ਼ਰਚ ਕਰਦੇ ਹਨ।

ਸਮੇਂ ਦੀ ਲੋੜ ਇਹ ਹੈ ਕਿ ਅਸੀਂ ਪਰੰਪਰਾ ਨੂੰ ਖ਼ਤਮ ਕਰਨ ਦੀ ਬਜਾਏ ਉਸ ਨੂੰ ਹੋਰ ਸਿਹਤਮੰਦ ਅਤੇ ਅਰਥਪੂਰਨ ਬਣਾਈਏ। ਜੇ ਮਿਠਾਈ ਦਿੱਤੀ ਵੀ ਜਾਵੇ ਤਾਂ ਉਹ ਘੱਟ ਮਾਤਰਾ ਵਿੱਚ ਅਤੇ ਵਧੀਆ ਗੁਣਵੱਤਾ ਵਾਲੀ ਹੋਵੇ। ਇਸ ਦੇ ਨਾਲ-ਨਾਲ ਸੁੱਕੇ ਮੇਵੇ, ਤਾਜ਼ੇ ਫਲ਼, ਗੁੜ ਅਤੇ ਤਿਲ ਨਾਲ ਬਣੀਆਂ ਪਰੰਪਰਾਗਤ ਚੀਜ਼ਾਂ, ਘੱਟ ਚੀਨੀ ਵਾਲੀਆਂ ਮਿਠਾਈਆਂ, ਸ਼ਹਿਦ, ਪੌਦੇ, ਕਿਤਾਬਾਂ ਜਾਂ ਬੱਚਿਆਂ ਲਈ ਸਿੱਖਿਆ ਸੰਬੰਧੀ ਸਮਗਰੀ ਵਰਗੇ ਤੋਹਫ਼ੇ ਵੀ ਦਿੱਤੇ ਜਾ ਸਕਦੇ ਹਨ। ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਤਿਉਹਾਰਾਂ ਦੀ ਖ਼ੁਸ਼ੀ ਲੋੜਵੰਦ ਪਰਿਵਾਰਾਂ ਨਾਲ ਰਾਸ਼ਨ, ਕੱਪੜੇ ਜਾਂ ਹੋਰ ਜ਼ਰੂਰੀ ਸਹਾਇਤਾ ਸਾਂਝੀ ਕਰਕੇ ਵੀ ਮਨਾਈ ਜਾ ਸਕਦੀ ਹੈ।

ਸਮਾਜ ਦੀ ਤਰੱਕੀ ਇਸ ਗੱਲ ਵਿੱਚ ਨਹੀਂ ਕਿ ਉਹ ਆਪਣੀਆਂ ਪਰੰਪਰਾਵਾਂ ਨੂੰ ਬਿਨਾਂ ਸੋਚੇ-ਸਮਝੇ ਜਿਉਂ ਦਾ ਤਿਉਂ ਕਾਇਮ ਰੱਖੇ, ਸਗੋਂ ਇਸ ਵਿੱਚ ਹੈ ਕਿ ਉਹ ਉਨ੍ਹਾਂ ਨੂੰ ਸਮੇਂ ਦੀਆਂ ਲੋੜਾਂ ਅਤੇ ਵਿਗਿਆਨਕ ਸਬੂਤਾਂ ਅਨੁਸਾਰ ਹੋਰ ਬਿਹਤਰ ਬਣਾਉਣ ਦਾ ਸਾਹਸ ਰੱਖੇ। ਮਿਠਾਈ ਦੀ ਪਰੰਪਰਾ ਸਾਡੀ ਸਭਿਆਚਾਰਕ ਪਛਾਣ ਹੈ ਅਤੇ ਰਹੇਗੀ, ਪਰ ਇਸ ਨੂੰ ਸਮਝਦਾਰੀ ਨਾਲ ਨਿਭਾਉਣਾ ਹੀ ਅੱਜ ਦੀ ਲੋੜ ਹੈ। ਘੱਟ ਮਾਤਰਾ ਵਿੱਚ, ਉੱਚ ਗੁਣਵੱਤਾ ਵਾਲੀ ਮਿਠਾਈ ਅਤੇ ਸਿਹਤਮੰਦ ਵਿਕਲਪਾਂ ਨੂੰ ਅਪਣਾ ਕੇ ਅਸੀਂ ਆਪਣੀ ਵਿਰਾਸਤ ਨੂੰ ਵੀ ਸਾਂਭ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਦੀ ਵੀ ਰੱਖਿਆ ਕਰ ਸਕਦੇ ਹਾਂ। ਆਖ਼ਰਕਾਰ, ਅਸਲ ਮਿਠਾਸ ਚੀਨੀ ਵਿੱਚ ਨਹੀਂ, ਸਗੋਂ ਰਿਸ਼ਤਿਆਂ, ਪਿਆਰ, ਸਾਂਝੀ ਜ਼ਿੰਮੇਵਾਰੀ ਅਤੇ ਇੱਕ ਤੰਦਰੁਸਤ ਸਮਾਜ ਦੀ ਸੋਚ ਵਿੱਚ ਹੁੰਦੀ ਹੈ। ਖੁਸ਼ੀਆਂ ਮਨਾਉਣ ਦੇ ਤਰੀਕੇ ਬਦਲਣ ਦੀ ਲੋੜ ਹੈ। ਮਿਠਾਈ ਦੀ ਮਿਠਾਸ ਭਾਵੇਂ ਜੀਭ ਨੂੰ ਚੰਗੀ ਲੱਗੇ, ਪਰ ਜ਼ਿੰਦਗੀ ਨੂੰ ਕੌੜਾ ਹੋਣ ਤੋਂ ਬਚਾਉਣ ਲਈ ਸਾਨੂੰ ਸਿਹਤ ਪ੍ਰਤੀ ਸੁਚੇਤ ਹੋਣਾ ਪਵੇਗਾ ਅਤੇ ਇਸ ‘ਡੱਬਾ ਸਿਸਟਮ’ ਨੂੰ ਅਲਵਿਦਾ ਕਹਿਣਾ ਪਵੇਗਾ।

Leave a Reply

Your email address will not be published. Required fields are marked *