ਮਨਿੰਦਰ ਸਿੰਘ ਗਿੱਲ–
ਸਰੀ – ਪਾਕਿਸਤਾਨ ਦੇ ਵਜ਼ੀਰੇ ਦਾਖਲਾ ਮੌਹਸਨ ਨਕਵੀ ਦੇ ਹਾਲੀਆ ਬਿਆਨਾਂ ਨੇ ਪਾਕਿਸਤਾਨ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਮੌਹਸਨ ਨਕਵੀ ਜੋ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਬੜੀ ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਇੰਟੀਰੀਅਰ ਮਨਿਸਟਰੀ ਮਿਲ ਗਈ ਹੈ। ਉਹਨਾਂ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਸਿਸਟਮ ਕੋਲੈਪਸ ਜਾਨੀ ਕਿ ਜ਼ਰਜ਼ਰ ਹੋ ਗਿਆ ਹੈ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਸੁਵਿਧਾਵਾਂ ਦੇਣ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਨਾ-ਕਾਮਯਾਬ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਬੜੀ ਮਿਹਨਤ ਨਾਲ ਕੰਮ ਕਰਦੇ ਹਨ ਪਰ ਜੇ ਉਹ 18-18 ਘੰਟੇ ਵੀ ਕੰਮ ਕਰਨ ਤਾਂ ਵੀ ਪਾਕਿਸਤਾਨ ਦਾ ਕੁਝ ਨਹੀਂ ਸਵਾਰ ਸਕਦੇ। ਇਸ ਬਿਆਨ ਨਾਲ ਉਹਨਾਂ ਨੇ ਪਾਕਿਸਤਾਨ ਵਿੱਚ ਪ੍ਰਸ਼ਾਸਕੀ ਰੱਦੋ ਬਦਲ ਵੱਲ ਇਸ਼ਾਰਾ ਕੀਤਾ ਅਤੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਚਾਰ ਸੂਬਿਆਂ ਨੂੰ ਵੰਡ ਕੇ ਹੋਰ ਪ੍ਰਬੰਧਕੀ ਬਲਾਕ ਜਿਨਾਂ ਨੂੰ ਸੂਬੇ ਜਾਂ ਕੁਝ ਹੋਰ ਨਾਮ ਦਿਓ ਬਣਾਉਣ ਦੀ ਲੋੜ ਹੈ ਤਾਂ ਜੋ ਤਾਕਤ ਹੇਠਲੇ ਪੱਧਰ ਤੱਕ ਲੋਕਾਂ ਤੱਕ ਪਹੁੰਚ ਸਕੇ। ਉਹਨਾਂ ਨੇ ਆਪਣੇ ਬਿਆਨਾਂ ਵਿੱਚ ਪਾਕਿਸਤਾਨੀ ਇਸਟੈਬਲਿਸ਼ਮੈਂਟ ਯਾਨੀ ਕਿ ਫੌਜ ਦੇ ਵਡੇਰੇ ਰੋਲ ਦਾ ਵੀ ਜ਼ਿਕਰ ਕੀਤਾ। ਇਸ ਕਾਨਫਰੰਸ ਤੋਂ ਬਾਅਦ ਜਦੋਂ ਪਾਕਿਸਤਾਨੀ ਫੌਜ ਦੇ ਬੁਲਾਰੇ ਡੀਜੀਆਈਐਸਪੀਆਰ ਅਹਿਮਦ ਸ਼ਰੀਫ ਚੌਧਰੀ ਨੂੰ ਨਕਵੀ ਦੇ ਇਹਨਾਂ ਬਿਆਨਾਂ ਬਾਰੇ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਸਧਾਰਨ ਰੂਪ ਵਿੱਚ ਤਾਂ ਕਿਹਾ ਕਿ ਉਹ ਸਿਆਸੀ ਬਿਆਨਾਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਫਿਰ ਉਹਨਾਂ ਨਕਵੀ ਵੱਲੋਂ ਜਤਾਏ ਗਏ ਸਾਰੇ ਹੀ ਵਿਚਾਰਾਂ ਦੀ ਪਰੋੜਤਾ ਕੀਤੀ ਅਤੇ ਸਿਆਸੀ ਲੀਡਰਸ਼ਿਪ ਨੂੰ ਤਨਕੀਦ ਕੀਤੀ। ਉਹਨਾਂ ਕਿਹਾ ਕਿ ਪਾਕਿਸਤਾਨ ਦੀ ਸੁਰੱਖਿਆ ਨੂੰ ਉਦੋਂ ਤੱਕ ਯਕੀਨੀ ਨਹੀਂ ਬਣਾਇਆ ਜਾ ਸਕਦਾ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਆਪਣਾ ਕਾਰਜਭਾਰ ਚੰਗੀ ਤਰ੍ਹਾਂ ਨਹੀਂ ਸੰਭਾਲਦੀ। ਉਹਨਾਂ ਨੇ ਐਡਮਿਨਿਸਟਰੇਸ਼ਨ ਅਤੇ ਸਿਕਿਉਰਟੀ ਇਸਟੈਬਲਿਸ਼ਮੈਂਟ ਨੂੰ ਜੋੜ ਕੇ ਦੇਖਿਆ ਜਿੱਥੋਂ ਇਹ ਸਪਸ਼ਟ ਇਸ਼ਾਰਾ ਮਿਲ ਗਿਆ ਕਿ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਜਿਹਦੇ ਮੁਖੀ ਅੱਜ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਹਨ, ਉਹ ਹੁਣ ਆਪਣੀ ਤਾਕਤ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਮਿਲਟਰੀ ਦੇ ਨਾਲ ਨਾਲ ਸਿਆਸੀ ਅਗਵਾਈ ਵੀ ਖੁਦ ਸੰਭਾਲ ਲੈਣ, ਜਿਸ ਨੂੰ ਇੱਕ ਤਰ੍ਹਾਂ ਦਾ ਤਖਤਾ ਪਲਟ ਹੀ ਮੰਨਿਆ ਜਾ ਸਕਦਾ ਹੈ। ਪਾਕਿਸਤਾਨੀ ਇਸਟੈਬਲਿਸ਼ਮੈਂਟ ਦੇ ਨਾਲ ਜੁੜੇ ਵੱਖ-ਵੱਖ ਮੀਡੀਆ ਅਦਾਰੇ ਅਤੇ ਹੋਰ ਬੁਲਾਰੇ ਵੀ ਇਸ ਬਿਆਨ ਤੋਂ ਬਾਅਦ ਤੁਰੰਤ ਐਕਟਿਵ ਹੋ ਗਏ ਹਨ ਤੇ ਉਹਨਾਂ ਨੇ ਸਿਆਸੀ ਪਾਰਟੀਆਂ ਖਿਲਾਫ ਆਪੋ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ ਹਨ। ਜਿੱਥੋਂ ਲੱਗਦਾ ਹੈ ਕਿ ਆਸਿਮ ਮੁਨੀਰ ਸਾਬ੍ਹ ਹੁਣ ਰਾਵਲਪਿੰਡੀ ਤੋਂ ਇਸਲਾਮਾਬਾਦ ਤੱਕ ਦਾ ਫਾਸਲਾ ਤੈਅ ਕਰਨ ਦਾ ਮਨ ਬਣਾ ਚੁੱਕੇ ਹਨ।
ਪਾਕਿਸਤਾਨ ਵਿੱਚ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਕਿਸੇ ਫੌਜੀ ਜਰਨੈਲ ਨੇ ਸੱਤਾ ਆਪਣੇ ਹੱਥਾਂ ਵਿੱਚ ਲਈ ਹੋਵੇ, ਪਰ ਅੱਜ ਜੋ ਖਿੱਤੇ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਦੇ ਮੱਦੇ ਨਜ਼ਰ ਆਸਿਮ ਮੁਨੀਰ ਦਾ ਇਸ ਤਰ੍ਹਾਂ ਸੱਤਾ ਹਥਿਆਉਣ ਵੱਲ ਵਧਣਾ ਬੜੇ ਮਾਇਨੇ ਰੱਖਦਾ ਹੈ। ਇੱਕ ਪਾਸੇ ਅਮਰੀਕਾ ਇਰਾਨ ਨਾਲ ਯੁੱਧ ਵਿੱਚ ਉਲਝਿਆ ਹੋਇਆ ਹੈ ਜਿਸ ਵਿੱਚ ਪਾਕਿਸਤਾਨ ਅਮਰੀਕਾ ਨੂੰ ਫਾਇਦੇ ਪਹੁੰਚਾ ਕੇ ਆਪਣਾ ਰਾਹ ਮੋਕਲਾ ਕਰਨਾ ਚਾਹੁੰਦਾ ਹੈ। ਜਿਸ ਤੋਂ ਸਾਫ ਹੈ ਕਿ ਵਕਤ ਦੀ ਵਗਦੀ ਗੰਗਾ ਵਿੱਚ ਹੁਣ ਆਸਿਮ ਮੁਨੀਰ ਵੀ ਹੱਥ ਧੋਣਾ ਚਾਹੁੰਦੇ ਹਨ, ਹਾਲਾਂਕਿ ਪਾਕਿਸਤਾਨ ਦੀ ਮਿਲਟਰੀ ਪਹਿਲਾਂ ਹੀ ਸਿਆਸਤ ਨੂੰ ਕੰਟਰੋਲ ਕਰਦੀ ਹੈ ਅਤੇ ਆਪਣੀ ਮਰਜ਼ੀ ਦੀਆਂ ਪਾਰਟੀਆਂ ਨੂੰ ਜਿਤਾਉਣਾ ਹਰਾਉਣਾ ਅਤੇ ਸਰਕਾਰਾਂ ਬਣਵਾਉਣੀਆਂ ਇੱਕ ਆਮ ਗੱਲ ਹੈ, ਪਰ ਹੁਣ ਪ੍ਰਸ਼ਾਸਨ ਫੇਰ ਬਦਲ ਦੇ ਨਾਮ ‘ਤੇ ਆਸਿਮ ਮੁਨੀਰ ਕੀ ਕਰਨਾ ਚਾਹੁੰਦੇ ਹਨ ਇਹ ਭਵਿੱਖ ਦੇ ਵਿੱਚ ਵੇਖਣ ਵਾਲੀ ਗੱਲ ਹੋਵੇਗੀ। ਕੀ ਉਹ ਆਪਣੇ ਤੋਂ ਪਹਿਲੇ ਫੌਜੀ ਤਾਨਾਸ਼ਾਹਾਂ ਜਨਰਲ ਅਯੂਬ ਖਾਨ, ਜਨਰਲ ਜ਼ੀਆ ਉਲ ਹੱਕ ਅਤੇ ਜਨਰਲ ਪ੍ਰਵੇਸ਼ ਮੁਸ਼ਰਫ ਵਾਂਗ ਪਾਕਿਸਤਾਨ ਦੇ ਸਦਰ ਯਾਨੀ ਕਿ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ ? ਪਰ ਇਹਨਾਂ ਤਿੰਨਾਂ ਹੀ ਕੇਸਾਂ ਵਿੱਚ ਫੌਜੀ ਤਾਨਾਸ਼ਾਹਾਂ ਦੀ ਸਦਰ ਬਣਨ ਦੀ ਖਾਹਿਸ਼ ਤਾਂ ਪੂਰੀ ਹੋਈ ਪਰ ਉਸ ਤੋਂ ਬਾਅਦ ਉਹ ਸੱਤਾ ਉੱਤੇ ਕਾਬਜ਼ ਨਹੀਂ ਰਹਿ ਸਕੇ। ਕਿਉਂਕਿ ਫੀਲਡ ਮਾਰਸ਼ਲ ਹੋਣ ਦੇ ਨਾਤੇ ਅੱਜ ਫੌਜ ਦੀ ਸਾਰੀ ਤਾਕਤ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਹੱਥਾਂ ਵਿੱਚ ਹੈ ਪਰ ਜੇ ਉਹ ਰਾਸ਼ਟਰਪਤੀ ਬਣ ਜਾਂਦੇ ਹਨ ਅਤੇ ਫੌਜ ਦਾ ਕਾਰਜ ਭਾਰ ਕਿਸੇ ਹੋਰ ਜਰਨੈਲ ਨੂੰ ਸੌਂਪ ਦਿੰਦੇ ਹਨ ਤਾਂ ਕੀ ਪਾਕਿਸਤਾਨੀ ਇਸਟੈਬਲਿਸ਼ਮੈਂਟ ਉਹਨਾਂ ਦੀ ਸਦਾਰਤ ਨੂੰ ਤਾਕਤਵਰ ਰਹਿਣ ਦੇਵੇਗੀ ਜਾਂ ਫਿਰ ਉਹ ਆਪਣੇ ਨਵੇਂ ਚੀਫ ਦੇ ਹੁਕਮਾਂ ਵੱਲ ਵੇਖੇਗੀ ? ਕੀ ਆਸਿਮ ਮੁਨੀਰ ਆਰਮੀ ਚੀਫ ਅਤੇ ਸਦਰ ਦੋਨਾਂ ਹੀ ਅਹੁਦਿਆਂ ਦੇ ਉੱਤੇ ਬਣੇ ਰਹਿ ਸਕਦੇ ਹਨ ? ਇਹ ਦੇਖਣ ਵਾਲਾ ਹੋਵੇਗਾ ਕਿ ਆਸਿਮ ਮੁਨੀਰ ਹੁਣ ਆਪਣੀ ਤਾਕਤ ਦਾ ਪਸਾਰਾ ਕਿਸ ਤਰੀਕੇ ਕਰਨਾ ਚਾਹੁਣਗੇ।
ਜੇ ਗੱਲ ਸੂਬਿਆਂ $ਦੇ ਪੁਨਰਗਠਨ ਦੀ ਕਰੀਏ ਤਾਂ ਭਾਰਤ ਅਤੇ ਪਾਕਿਸਤਾਨ ਇੱਕੋ ਹੀ ਸਮੇਂ ਤੇ ਆਜ਼ਾਦ ਹੋਏ। ਭਾਰਤ ਵਿੱਚ ਭਾਸ਼ਾ ਦੇ ਆਧਾਰ ਉੱਤੇ ਸੂਬੇ ਬਣਾਉਣ ਦੀ ਪਹਿਲਾਂ ਬੜੀ ਵਿਰੋਧਤਾ ਸੀ ਪਰ ਫਿਰ ਸਰਕਾਰ ਨੇ ਇਹ ਅਹਿਸਾਸ ਕੀਤਾ ਕਿ ਭਾਸ਼ਾ ਦੇ ਆਧਾਰ ‘ਤੇ ਸੂਬੇ ਬਣਾਉਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ, ਇਸ ਲਈ ਭਾਸ਼ਾ ਦੇ ਆਧਾਰ ‘ਤੇ ਕਈ ਸੂਬੇ ਬਣਾਏ ਗਏ ਅਤੇ ਸੂਬਿਆਂ ਦਾ ਪੁਨਰਗਠਨ ਸਮੇਂ”-ਸਮੇਂ ਤੇ ਹੁੰਦਾ ਰਿਹਾ, ਪਰ ਪਾਕਿਸਤਾਨ ਵਿੱਚ 1947 ਦੇ ਸਮੇਂ ਤਿੰਨ ਸੂਬੇ ਸਨ ਚੌਥੇ ਬਲੋਚਿਸਤਾਨ ਨੂੰ ਫੌਜੀ ਤਾਕਤ ਰਾਹੀਂ ਧੱਕੇ ਨਾਲ ਹਥਿਆ ਲਿਆ ਗਿਆ ਤੇ ਦੇਸ਼ ਦਾ ਚੌਥਾ ਸੂਬਾ ਬਣਾਇਆ ਗਿਆ। ਬੀਤੇ 75 ਸਾਲਾਂ ਵਿੱਚ ਸੂਬਿਆਂ ਦਾ ਕਿਸੇ ਵੀ ਤਰ੍ਹਾਂ ਦਾ ਪੁਨਰਗਠਨ ਨਹੀਂ ਹੋਇਆ। ਵੱਖ-ਵੱਖ ਸਮੇਂ ‘ਤੇ ਇਹ ਮੰਗ ਉੱਠਦੀ ਰਹੀ ਕਿ ਪਾਕਿਸਤਾਨੀ ਪੰਜਾਬ ਦੇ ਦੱਖਣੀ ਹਿੱਸੇ ਜਿਸ ਨੂੰ ਸਾਊਥ ਪੰਜਾਬ ਕਿਹਾ ਜਾਂਦਾ ਬਹਾਵਲਪੁਰ ਦਾ ਇਲਾਕਾ ਜੋ ਕਿ ਵਿਕਾਸ ਪੱਖੋਂ ਬਹੁਤ ਪਛੜਿਆ ਹੋਇਆ ਹੈ ਨੂੰ ਉੱਤਰੀ ਪੰਜਾਬ ਨਾਲੋਂ ਵੱਖ ਕਰਕੇ ਇੱਕ ਅਲੱਗ ਸੂਬਾ ਬਣਾ ਦਿੱਤਾ ਜਾਵੇ ਜਾਂ ਜਿਹੜਾ ਸਰਾਈਕੀ ਇਲਾਕਾ ਹੈ ਉਸਨੂੰ ਅਲੱਗ ਸੂਬਾ ਬਣਾ ਦਿੱਤਾ ਜਾਵੇ। ਪਰ ਕੀ ਪੰਜਾਬ ਦੀ ਡੋਮੀਨੈਂਟ ਕਮਿਊਨਿਟੀ ਜੋ ਕਿ 60% ਪਾਕਿਸਤਾਨੀ ਆਬਾਦੀ ਦਾ ਹਿੱਸਾ ਹੈ ਅਤੇ ਪਾਕਿਸਤਾਨ ਵਿੱਚ ਹਰ ਪਾਸੇ ਛਾਈ ਹੋਈ ਹੈ ਆਪਣੇ ਸਿਆਸੀ ਰੁਤਬੇ ਦਾ ਘਟਾਅ ਕਬੂਲ ਕਰਨਗੇ ? ਇਸੇ ਤਰ੍ਹਾਂ ਸਿੰਧ ਵਿੱਚ ਜਿੱਥੇ ਸਿੰਧੂ ਦੇਸ਼ ਦੀ ਮੰਗ ਵਾਰ-ਵਾਰ ਉੱਠਦੀ ਰਹੀ ਹੈ, ਕੀ ਸਿੰਧੀ ਲੋਕ ਇਹ ਬਰਦਾਸ਼ਤ ਕਰਨਗੇ ਕਿ ਉਹਨਾਂ ਦੇ ਪ੍ਰਮੁੱਖ ਸ਼ਹਿਰ ਕਰਾਚੀ ਨੂੰ ਸਿੰਧ ਨਾਲੋਂ ਵੱਖ ਕਰ ਦਿੱਤਾ ਜਾਵੇ। ਇਹ ਕਿਸ ਤਰ੍ਹਾਂ ਦੀ ਐਡਮਿਨਿਸਟਰੇਟਿਵ ਆਰਗੇਨਾਈਜੇਸ਼ਨ ਹੋਵੇਗੀ ? ਇਹਦਾ ਖਾਕਾ ਹਜੇ ਪਬਲਿਕ ਦੇ ਸਾਹਮਣੇ ਨਹੀਂ ਆਇਆ ਹੈ।। ਜੇ ਗੱਲ ਬਲੋਚਿਸਤਾਨ ਦੀ ਕਰੀਏ ਤਾਂ ਉਹ ਬਿਲਕੁਲ ਹੀ ਵੱਖਰਾ ਹੈ ਬਲੋਚਿਸਤਾਨ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਅਲਹਿਦਗੀ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਖੈਬਰ ਪਖਤੂਨਖਾ ਦੇ ਲੋਕ ਜੋ ਕਿ ਨਸਲੀ ਰੂਪ ਵਿੱਚ ਪਖਤੂਨ ਹਨ ਉਹ ਆਪਣੀ ਸਮਾਨਤਾ ਅਫਗਾਨਿਸਤਾਨ ਦੀ ਪਖਤੂਨ ਆਬਾਦੀ ਨਾਲ ਦੇਖਦੇ ਹਨ। ਸੋ ਪਾਕਿਸਤਾਨ ਨੂੰ ਕੀ ਸਿਰਫ ਐਡਮਿਨਿਸਟਰੇਟਿਵ ਗਰਾਊਂਡ ‘ਤੇ ਹੀ ਆਰਗੇਨਾਈਜ਼ ਕੀਤਾ ਜਾਵੇਗਾ, ਜਿਸ ਤਰਾਂ ਅੰਗਰੇਜ਼ਾਂ ਦੇ ਜਮਾਨੇ ਵਿੱਚ ਕੀਤਾ ਜਾਂਦਾ ਸੀ ਜਾਂ ਪਾਕ ਸਰਕਾਰ ਆਪਣੇ ਦੇਸ਼ ਦੇ ਭਾਸ਼ਾਈ ਸੱਭਿਆਚਾਰਕ ਅਤੇ ਵਿਕਾਸ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਮੁਲਕ ਨੂੰ ਆਰਗੇਨਾਈਜ਼ ਕਰੇਗੀ ? ਜੋ ਵੀ ਹੋਣ ਜਾ ਰਿਹਾ ਹੈ ਇਸ ਨਾਲ ਪਾਕਿਸਤਾਨ ਵਿੱਚ ਇੱਕ ਵੱਡੀ ਸਿਆਸੀ ਉਥਲ ਪੁਥਲ ਦੀਆਂ ਸੰਭਾਵਨਾਵਾਂ ਤੋਂ ਜਾਪਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜਾ ਕਸ਼ਮੀਰ ਵਿੱਚ ਸੰਵਿਧਾਨਿਕ ਬਦਲਾਅ ਕਰਾਉਣ ਲਈ ਇੱਕ ਵੱਡੀ ਤਨਜ਼ੀਮ ਚੱਲ ਰਹੀ ਹੈ, ਜਿਸ ‘ਤੇ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੇ ਬੜਾ ਅੱਤਿਆਚਾਰ ਕੀਤਾ ਹੈ, ਗੋਲੀ ਚੱਲਣ ਨਾਲ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਆ ਰਹੀ ਹੈ। ਸੋ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਵੱਲੋਂ ਖੁਦ ਇਹ ਗੱਲ ਕਹਿਣੀ ਕਿ “ਉਸਦੇ ਦੇਸ਼ ਦਾ ਸਰਕਾਰੀ ਢਾਂਚਾ ਤਬਾਹ ਹੋ ਚੁੱਕਾ ਹੈ” ਇਹ ਕੋਈ ਛੋਟਾ ਬਿਆਨ ਨਹੀਂ ਇਸ ਬਿਆਨ ਨੂੰ ਮੌਹਸਿਨ ਨਕਵੀ ਦੀ ਅਮਰੀਕਾ ਫੇਰੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਕੀ ਆਸਿਮ ਮੁਨੀਰ ਰਾਸ਼ਟਰਪਤੀ ਟਰੰਪ ਕੋਲੋਂ ਪਾਕਿਸਤਾਨ ਦੀ ਮੁਕੰਮਲ ਸੱਤਾ ਹਥਿਆਉਣ ਲਈ ਹਰੀ ਝੰਡੀ ਲੈ ਚੁੱਕੇ ਨੇ, ਕੀ ਆਸਿਮ ਮੁਨੀਰ ਇਰਾਨ ‘ਤੇ ਹੋਏ ਅਮਰੀਕੀ ਹਮਲੇ ਵੱਲੋਂ ਬਣਾਏ ਗਏ ਸਿਆਸੀ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਵਰਤ ਸਕਦੇ ਹਨ ? ਇਹ ਹੁਣ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਜਰੂਰ ਹੈ ਕਿ ਆਸਿਮ ਮੁਨੀਰ ਦੇ ਹੱਥਾਂ ਦੇ ਵਿੱਚ ਬੇਤਹਾਸ਼ਾ ਸੱਤਾ ਦਾ ਆਉਣਾ ਇਮਰਾਨ ਖਾਨ ਦੇ ਸਮਰਥਕਾਂ ਲਈ ਕੋਈ ਚੰਗੀ ਖਬਰ ਨਹੀਂ ਹੈ। ਇਮਰਾਨ ਖਾਨ ਜੋ ਪਾਕਿਸਤਾਨ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਹਨ ਉਹਨਾਂ ਨੂੰ ਅਡਿਆਲਾ ਜੇਲ੍ਹ ਵਿੱਚ ਡੱਕਿਆ ਗਿਆ ਹੈ। ਜਿੱਥੋਂ ਉਹਨਾਂ ਦੀ ਸਿਹਤ ਵਿੱਚ ਲਗਾਤਾਰ ਵਿਗਾੜ ਦੀਆਂ ਖਬਰਾਂ ਆ ਰਹੀਆਂ ਹਨ। ਇਮਰਾਨ ਖਾਨ ਸਾਬ੍ਹ ਨੇ ਪਿਛਲੇ ਸਿਆਸੀ ਲੀਡਰਾਂ ਵਾਂਗ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਫੌਜ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਹਨਾਂ ਨੇ ਇੱਕ ਬਿਆਨ ਰਾਹੀਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਚੋਰਾਂ ਡਕੈਤਾਂ ਦੀ ਲੱਤ ਹੇਠੋ ਲੰਘਣ ਨਾਲੋ ਉਹ ਜੇਲਾਂ ਵਿੱਚ ਮਰਨਾ ਪਸੰਦ ਕਰਨਗੇ, ਜੋ ਕਿ ਖਾਨ ਦੀ ਦਲੇਰੀ ਦਾ ਵੱਡਾ ਸਬੂਤ ਹੈ। ਪਰ ਕੀ ਖਾਨ ਸਾਬ੍ਹ ਦਾ ਹਸ਼ਰ ਵੀ ਉਹ ਹੋਵੇਗਾ ਜੋ ਜੀਆ ਉਲ ਹੱਕ ਦੇ ਹੱਥੋਂ ਜੁਲਫਕਾਰ ਅਲੀ ਭੁੱਟੋ ਦਾ ਹੋਇਆ ਸੀ ? ਜ਼ੁਲਫਕਾਰ ਅਲੀ ਭੁੱਟੋ ਦੀ ਮੌਤ ਨੂੰ ਇੱਕ ਜੁਡੀਸ਼ਅਲ ਕਤਲ ਕਿਹਾ ਜਾਂਦਾ ਹੈ ਜਿੱਥੇ ਇੱਕ ਪੁਰਾਣਾ ਬੇਮਾਨਾ ਕੇਸ ਖੋਲ ਕੇ ਭੁੱਟੋ ਨੂੰ ਫਾਹੇ ਲਾ ਦਿੱਤਾ ਗਿਆ ਸੀ। ਜਾਂ ਫਿਰ ਜਨਰਲ ਆਸਿਮ ਮੁਨੀਰ ਦਾ ਹਸ਼ਰ ਜੀਆ ਉਲ ਹੱਕ ਵਾਲਾ ਹੋਵੇਗਾ ? ਇਹ ਸਭ ਭਵਿੱਖ ਦੇ ਗਰਭ ਵਿੱਚ ਪਿਆ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਪਾਕਿਸਤਾਨੀ ਫੌਜੀ ਤਾਨਾਸ਼ਾਹਾਂ ਨੇ ਉਨਾਂ ਚਿਰ ਹੀ ਰਾਜ ਕੀਤਾ ਹੈ ਜਿੰਨਾ ਚਿਰ ਅਮਰੀਕਾ ਬਹਾਦਰ ਦੀ ਨਜ਼ਰ ਉਹਨਾਂ ਉੱਤੇ ਸਵੱਲੀ ਰਹੀ। ਖੈਰ ਪਾਕਿਸਤਾਨ ਵਿੱਚ ਉਥਲ ਪੁਥਲ ਦੱਖਣੀ ਏਸ਼ੀਆ ਦੇ ਲਈ ਕੋਈ ਚੰਗੀ ਖਬਰ ਨਹੀਂ ਹੈ ਕਿਉਂਕਿ ਦੱਖਣੀ ਏਸ਼ੀਆ ਦੇ ਮੁਲਕਾਂ ਨੇਪਾਲ, ਬੰਗਲਾਦੇਸ਼ ਅਤੇ ਸ੍ਰੀ ਲੰਕਾ ਵਿੱਚ ਪਹਿਲਾਂ ਹੀ ਸਿਆਸੀ ਉਥਲ ਪੁਥਲ ਚੱਲ ਰਹੀ ਹੈ ਤੇ ਭਾਰਤ ਵਿੱਚ ਵੀ ਜੈਨ-ਜੀ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੀ ਸੱਤਾ ‘ਤੇ ਪਕੜ ਨੂੰ ਕਮਜ਼ੋਰ ਕੀਤਾ ਹੈ’ ਇਸ ਦੌਰਾਨ ਜੇ ਪਾਕਿਸਤਾਨ ਵਿੱਚ ਵੀ ਸਿਆਸੀ ਉਥਲ ਪੁਥਲ ਹੁੰਦੀ ਹੈ ਤਾਂ ਇਸਦਾ ਅਸਰ ਸਾਰੇ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਪਹੁੰਚ ਜਾਵੇਗਾ।
ਮਨਿੰਦਰ ਸਿੰਘ ਗਿੱਲ
ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)
