Aug 8, 2026

ਸੁਖਵਿੰਦਰ ਸਿੰਘ ਚੋਹਲਾ–

ਕੈਨੇਡਾ ਵਿਚ ਪਿਛਲੇ ਕੁਝ ਸਮੇਂ ਤੋਂ  ਗੈਂਗਸਟਰ ਗਰੁੱਪਾਂ ਵਲੋਂ ਜਬਰੀ ਵਸੂਲੀਆਂ, ਅਗਜ਼ਨੀ, ਗੋਲੀਬਾਰੀ, ਧਮਕੀਆਂ ਅਤੇ ਕਤਲ ਦੀਆਂ ਵਾਰਦਾਤਾਂ ਕਾਰਣ ਕੈਨੇਡਾ ਦੇ ਪਰਵਾਸੀ ਭਾਈਚਾਰੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਰਿਹਾ ਹੈ। ਇਹਨਾਂ ਅਪਰਾਧਿਕ ਘਟਨਾਵਾਂ ਤੋਂ ਪੀੜਤ ਅਤੇ ਸਹਿਮ ਦੇ ਸਾਏ ਹੇਠ ਦਿਨ ਕਟੀ ਕਰਨ ਲਈ ਮਜਬੂਰ ਲੋਕਾਂ ਵਲੋਂ ਕੈਨੇਡੀਅਨ ਸੁਰੱਖਿਆ ਏਜੰਸੀਆਂ ਦੀਆਂ ਨਾਕਾਮੀਆਂ ਨੂੰ ਲੈਕੇ ਕਈ ਤਰਾਂ ਦੇ  ਸਵਾਲ ਉਠਾਏ ਗਏ ਅਤੇ ਜਨਤਕ ਇਕੱਠਾਂ ਰਾਹੀਂ ਸਿਵਲ ਪ੍ਰਸਾਸ਼ਨ ਅਤੇ ਸੁਰੱਖਿਆ ਅਧਿਕਾਰੀਆਂ ਤੋਂ ਜਵਾਬ ਮੰਗੇ ਜਾਂਦੇ ਰਹੇ ਹਨ। ਸਥਾਨਕ, ਪ੍ਰਾਂਤਕ ਅਤੇ ਫੈਡਰਲ ਪੱਧਰ ਤੇ ਗੈਂਗਸਟਰ ਹਿੰਸਾ ਨੂੰ ਜਨਤਕ ਸੁਰੱਖਿਆ ਦਾ ਮੁੱਦਾ ਬਣਾਉਂਦਿਆਂ ਸਖਤ ਕਨੂੰਨੀ ਕਾਰਵਾਈ ਦੀ ਮੰਗ ਹੁੰਦੀ ਰਹੀ ਹੈ। ਇਸ ਮੰਗ ਦੇ ਜਵਾਬ ਵਿਚ ਸਰਕਾਰਾਂ ਅਤੇ ਸੁਰੱਖਿਆ ਏਜੰਸੀਆਂ ਵਲੋਂ ਵਿਖਾਈ ਗਈ ਗੰਭੀਰਤਾ ਦੇ ਨਤੀਜੇ ਵਜੋਂ ਪਿਛਲੇ ਕੁਝ ਸਮੇਂ ਤੋਂ ਇਹਨਾਂ ਘਟਨਾਵਾਂ ਵਿਚ ਕਮੀ ਵੀ ਵੇਖਣ ਨੂੰ ਮਿਲੀ ਹੈ। ਪਰ ਇਸ ਦੌਰਾਨ ਸੁਰੱਖਿਆ ਏਜੰਸੀਆਂ ਦੀ ਇਕ ਖੁਫੀਆ ਰਿਪੋਰਟ ਵਿਚ ਕੈਨੇਡਾ ਵਿਚ ਗੈਂਗਸਟਰ ਸਰਗਰਮੀਆਂ ਸਬੰਧੀ ਜੋ ਖੁਲਾਸਾ ਸਾਹਮਣੇ ਆਇਆ ਹੈ, ਉਹ ਚੌਂਕਾ ਦੇਣ ਵਾਲਾ ਹੈ। ਇਸ ਖੁਫੀਆ ਰਿਪੋਰਟ ਵਿਚ ਕੈਨੇਡਾ ਵਿਚ ਗੈਂਗਸਟਰ ਹਿੰਸਕ ਵਾਰਦਾਤਾਂ ਦਾ ਸਿੱਧਾ ਸਬੰਧ ਮੁਲਕ ਕੈਨੇਡਾ ਵਿਚ ਵਿਦਿਆਰਥੀ ਵੀਜੇ ਅਤੇ ਵਰਕ ਪਰਮਿਟ ਤੇ ਆਉਣ ਵਾਲੇ ਭਾਰਤੀ ਮੂਲ ਦੇ ਲੋਕਾਂ ਨਾਲ ਜੋੜਿਆ ਗਿਆ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਵਲੋਂ ਆਪਣੇ ਅਧਿਕਾਰੀਆਂ ਨੂੰ ਸਰਕੂਲੇਟ ਕੀਤੀ ਗਈ ‘ਦਿ ਬਿਸ਼ਨੋਈ ਗੈਂਗ: ਐਨ ਇਮਰਜਿੰਗ ਥਰੈੱਟ ਇਨ ਕੈਨੇਡਾ’ ਦੇ ਸਿਰਲੇਖ ਵਾਲੀ ਇਕ ਰਿਪੋਰਟ ਵਿਚ ਖੁਲਾਸਾ ਹੈ ਕਿ ਕਿਵੇਂ ਇਸ ਗਰੁੱਪ ਨੇ ਕੈਨੇਡਾ ਵਿਚ ਆਪਣਾ ਅਪਰਾਧਿਕ ਨੈਟਵਰਕ ਸਥਾਪਿਤ ਕਰਨ ਲਈ ਕੈਨੇਡਾ ਦੇ ਸਟੂਡੈਂਟ ਵੀਜਾ ਅਤੇ ਵਰਕ ਪਰਮਿਟ ਪ੍ਰੋਗਰਾਮਾਂ ਦਾ ਲਾਹਾ ਲਿਆ ਹੈ।

ਰਿਪੋਰਟ ਮੁਤਾਬਕ ਇਸ ਗਰੋਹ ਨੇ ਕੈਨੇਡਾ ਵਿਚ ਪੜਾਈ ਕਰਨ ਆਏ ਕੌਮਾਂਤਰੀ ਵਿਦਿਆਰਥੀਆਂ ਦੀ ਆਪਣੇ ਗਰੁੱਪ ਵਿਚ ਭਰਤੀ ਕੀਤੀ ਤੇ ਗਰੁੱਪ ਮੈਂਬਰਾਂ ਨੂੰ ਇਥੇ ਲਿਆਉਣ ਵਿਚ ਵੀ ਸਟੂਡੈਂਟ ਜਾਂ ਵਰਕ ਪਰਮਿਟ ਪ੍ਰੋਗਰਾਮਾਂ ਦਾ ਇਸਤੇਮਾਲ ਕੀਤਾ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਰਿਕਾਰਡ ਬੋਲਦਾ ਹੈ ਕਿ ਕਿਵੇਂ 2019 ਤੋਂ 2024 ਦੌਰਾਨ ਲੱਖਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਸਟੂਡੈਂਟ ਵੀਜੇ ਦਿੱਤੇ ਗਏ ਤੇ ਫਿਰ ਵਿਦਿਆਰਥੀਆਂ ਦੀ ਇਸ ਵੱਡੀ ਗਿਣਤੀ ਦਾ ਕੈਨੇਡੀਅਨ ਰਿਹਾਇਸ਼ ਉਪਰ ਭਾਰੀ ਦਬਾਅ ਮੰਨਦਿਆਂ ਇਹਨਾਂ ਵੀਜਿਆਂ ਵਿਚ ਕਟੌਤੀ ਕੀਤੀ ਗਈ। ਇਕੱਲੇ 2022 ਦੇ ਸਾਲ ਦੌਰਾਨ 8 ਲੱਖ ਤੋਂ ਉਪਰ ਕੌਮਾਂਤਰੀ ਵਿਦਿਆਰਥੀ ਕੈਨੇਡਾ ਪੁੱਜੇ। ਪੁਲਿਸ ਵਲੋਂ ਹੁਣ ਤੱਕ ਵੱਖ ਵੱਖ ਅਪਰਾਧਾਂ ਲਈ ਚਾਰਜ ਕੀਤੇ ਲੋਕਾਂ ਚੋ ਲਗਪਗ 90 ਪ੍ਰਤੀਸ਼ਤ ਵਿਦਿਆਰਥੀ ਅਤੇ ਵਰਕ ਵੀਜੇ ਨਾਲ ਸਬੰਧਿਤ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2016 ਅਤੇ 2024 ਦੇ ਵਿਚਕਾਰ ਭਾਰਤੀ ਸਟੂਡੈਂਟ ਵੀਜ਼ਾ ਧਾਰਕਾਂ ਦੁਆਰਾ ਕੀਤੇ ਗਏ ਅਪਰਾਧਾਂ ਵਿੱਚ 8,800 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਜਿਸਨੇ ਭਾਰਤ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਅਪਰਾਧਾਂ ਵਿਚ “ਟੌਪ ਸੋਰਸ” ਦੇਸ਼ ਦਾ ਦਰਜਾ ਦਿੱਤਾ ਹੈ। 2019 ਅਤੇ 2023 ਦੇ ਵਿਚਕਾਰ, ਸਟੱਡੀ ਪਰਮਿਟ ‘ਤੇ ਕੈਨੇਡਾ ਵਿੱਚ ਦਾਖਲ ਹੋਏ 4,000 ਭਾਰਤੀ ਨਾਗਰਿਕਾਂ ‘ਤੇ 17,929 ਅਪਰਾਧਾਂ ਦੇ ਦੋਸ਼ ਲਗਾਏ ਗਏ ਸਨ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੋਸ਼ਾਂ ਦਾ ਇੱਕ ਤਿਹਾਈ, ਜਾਂ 4,920, ਨੂੰ ਗੰਭੀਰ ਜਾਂ ਸੰਗਠਿਤ ਅਪਰਾਧ ਨਾਲ ਸਬੰਧਤ ਮੰਨਿਆ ਗਿਆ ਸੀ, ਜਦੋਂ ਕਿ ਉਨ੍ਹਾਂ ਅਪਰਾਧਾਂ ਵਿੱਚੋਂ 97 ਪ੍ਰਤੀਸ਼ਤ ਨੂੰ ਹਿੰਸਕ ਮੰਨਿਆ ਗਿਆ ਸੀ। 2024 ਵਿੱਚ ਕੈਨੇਡਾ ਵਿੱਚ ਸਟੱਡੀ ਵੀਜ਼ਾ ‘ਤੇ ਭਾਰਤੀ ਨਾਗਰਿਕਾਂ ਵਿਰੁੱਧ 13,040 ਤੋਂ ਵੱਧ ਅਪਰਾਧਿਕ ਦੋਸ਼ ਲਗਾਏ ਗਏ ਸਨ, ਜੋ ਕਿ ਰਿਪੋਰਟ ਦੇ ਅਨੁਸਾਰ, ਇੱਕ ਮਹੱਤਵਪੂਰਨ ਵਾਧਾ ਸੀ। ਰਿਪੋਰਟ ਵਿਚ ਇਹ ਵੀ ਖੁਲਾਸਾ ਹੈ ਕਿ ਭਾਵੇਂਕਿ ਬਿਸ਼ਨੋਈ ਗੈਂਗ ਦਾ ਮੁਖੀ ਲਾਰੈਂਸ ਬਿਸ਼ਨੋਈ ਇਸ ਸਮੇਂ ਭਾਰਤੀ ਜੇਲ ਵਿਚ ਬੰਦ ਹੈ ਪਰ ਉਹ ਅੱਜ ਵੀ ਜੇਲ ਤੋਂ ਸੈਲ ਫੋਨ ਰਾਹੀਂ ਆਪਣੇ ਗਰੁੱਪ ਦੀਆਂ ਸਰਗਰਮੀਆਂ ਚਲਾ ਰਿਹਾ ਹੈ। ਉਸਦਾ ਨੇੜਲਾ ਸਾਥੀ ਗੋਲਡੀ ਬਰਾੜ 2017 ਵਿਚ ਕੈਪਲੂਪਸ ਯੂਨੀਵਰਸਿਟੀ ਵਿਚ ਸਟੂਡੈਂਟ ਵੀਜੇ ਤੇ ਆਇਆ ਸੀ ਪਰ ਉਸ ਬਾਰੇ ਕੋਈ ਰਿਕਾਰਡ ਨਹੀ ਕਿ ਉਸਨੇ ਯੂਨੀਵਰਸਿਟੀ ਵਿਚ ਕੋਈ ਕਲਾਸ ਵੀ ਲਗਾਈ ਜਾਂ ਨਹੀ। ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਨੇ ਹੀ 2019 ਤੋਂ ਬੀਸੀ, ਅਲਬਰਟਾ ਅਤੇ ਉਨਟਾਰੀਓ ਦੇ ਸ਼ਹਿਰਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਗਰੁੱਪ ਵਿਚ ਸ਼ਾਮਿਲ ਕੀਤਾ ਤੇ ਜਬਰੀ ਵਸੂਲੀ ਅਤੇ ਹਿੰਸਕ ਅਪਰਾਧਾਂ ਨੂੰ ਅੰਜਾਮ ਦਿੱਤਾ। ਪੁਲਿਸ ਤੇ ਸੁਰੱਖਿਆ ਬਲਾਂ ਵਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਨੇ ਆਪਣੇ ਇਕਬਾਲੀਆਂ ਬਿਆਨਾਂ ਵਿਚ ਮੰਨਿਆ ਹੈ ਕਿ ਕਿਵੇਂ ਉਹ ਆਪਣੀਆਂ ਕਾਲਜ ਫੀਸਾਂ, ਹੋਰ ਖਰਚਿਆਂ ਜਾਂ ਇੰਡੀਆ ਵਿਚ ਪਰਿਵਾਰਾਂ ਦੀ ਸਹਾਇਤਾ ਲਈ ਪੈਸੇ ਭੇਜਣ ਦੇ ਲਾਲਚ ਕਾਰਣ ਗੈਂਗਸਟਰ ਗਰੁੱਪਾਂ ਵਿਚ ਰਲੇ। ਇਹਨਾਂ ਚੋਂ ਕਈਆਂ ਨੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਹਜਾਰ ਡਾਲਰ ਤੋਂ ਲੈਕੇ 4 ਹਜਾਰ ਡਾਲਰ ਤੱਕ ਵਸੂਲ ਕੀਤੇ। ਉਹਨਾਂ ਨੂੰ ਗੋਲੀਬਾਰੀ ਅਤੇ ਅਗਜ਼ਨੀ ਦੀਆਂ ਘਟਨਾਵਾਂ ਬਦਲੇ ਹਜਾਰ ਤੋਂ 4 ਹਜਾਰ ਡਾਲਰ ਦੀ ਰਕਮ ਬਹੁਤ ਵੱਡੀ ਲੱਗੀ। ਵੈਨਕੂਵਰ ਆਈਲੈਂਡ ਤੇ ਪੰਜਾਬੀ ਗਾਇਕ ਏਪੀ ਢਿੱਲੇਂ ਦੇ ਘਰ ਤੇ ਗੋਲੀਬਾਰੀ ਅਤੇ ਕਾਰ ਨੂੰ ਅੱਗ ਲਗਾਉਣ ਦੇ ਘਟਨਾ ਬਦਲੇ ਅਭਿਜੀਤ ਕਿੰਗਰਾ ਨਾਮ ਦੇ ਇਕ ਨੌਜਵਾਨ ਨੇ 4000 ਡਾਲਰ ਮਿਲਣ ਦੀ ਗੱਲ ਮੰਨੀ। ਰਿਪੋਰਟ ਵਿਚ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਗੋਲਡੀ ਬਰਾੜ, ਰੋਹਿਤ ਗੋਂਦਾਰਾ, ਅਨਮੋਲ, ਅਭਿਜੀਤ, ਅਰਸ਼ਦੀਪ, ਜੋਰਾ ਸਿੱਧੂ ਵਗੈਰਾ ਦੇ ਨਾਵਾਂ ਦਾ ਖਾਸ ਜਿਕਰ ਹੈ। ਐਫ ਬੀ ਆਈ ਵਲੋਂ ਗੋਲਡੀ ਬਰਾੜ ਅਤੇ ਰੋਹਿਤ ਗੋਂਦਾਰਾ ਨੂੰ ਨਾਮਜ਼ਦ ਕਰਦਿਆਂ ਉਹਨਾਂ ਦੀ ਸੂਚਨਾ ਲਈ ਭਾਰੀ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਗੋਲਡੀ ਬਰਾੜ ਐਫ ਬੀ ਆਈ ਦੇ ਮੁੱਖ ਨਿਸ਼ਾਨੇ ਤੇ ਹੈ ਪਰ ਉਸਦੇ ਠਿਕਾਣੇ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ ਲੱਗਾ।

ਕੈਨੇਡੀਅਨ ਸੁਰੱਖਿਆ ਏਜੰਸੀਆਂ ਅਤੇ ਅਮਰੀਕਾ ਦੀ ਪ੍ਰਮੁੱਖ ਸੁਰੱਖਿਆ ਏਜੰਸੀ ਐਫ ਬੀ ਆਈ ਵਲੋਂ ਉਤਰੀ ਅਮਰੀਕਾ ਵਿਚ ਆਤੰਕ ਦਾ ਰਾਜ ਸਥਾਪਿਤ ਕਰਨ ਵਾਲੇ ਗੈਂਗਸਟਰ ਗਰੁੱਪਾਂ ਦਾ ਅਸਲ ਆਧਾਰ ਭਾਰਤ ਤੋਂ ਪੁੱਜਣ ਵਾਲੇ ਵਿਦਿਆਰਥੀ ਸਮੂਹਾਂ ਚੋਂ ਲੱਭਣ ਅਤੇ ਉਹਨਾਂ ਨੂੰ ਅਪਰਾਧਿਕ ਧਾਰਾਵਾਂ ਤਹਿਤ ਚਾਰਜ ਕੀਤੇ ਜਾਣ ਦੇ ਨਾਲ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵਲੋਂ ਵਿਦਿਆਰਥੀ ਵੀਜਿਆਂ ਵਿਚ ਵੱਡੀ ਕਟੌਤੀ ਕਰ ਦਿੱਤੀ ਗਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਅਤੇ ਪ੍ਰਧਾਨ ਮੰਤਰੀ ਵਲੋਂ ਜਨਤਕ ਤੌਰ ਤੇ ਇਮੀਗ੍ਰੇਸ਼ਨ ਕੰਟਰੋਲ ਦੇ ਬਿਆਨ ਦਿੱਤੇ ਜਾ ਰਹੇ ਹਨ। ਪਰ ਇਸ ਸੱਚਾਈ ਤੋਂ ਭੱਜਣਾ ਮੁਸ਼ਕਲ ਹੈ ਕਿ ਅਗਰ ਕੈਨੇਡਾ ਵਰਗੇ ਮੁਲਕ ਦੀ ਇਮੀਗ੍ਰੇਸ਼ਨ ਨੀਤੀ ਦਾ ਕਿਸੇ ਗੈਂਗਸਟਰ ਗਰੁੱਪ ਜਾਂ ਅਪਰਾਧੀ ਨੇ ਫਾਇਦਾ ਚੁੱਕਿਆ ਹੈ ਤਾਂ ਇਹ ਜਰੂਰੀ ਹੈ ਕਿ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿਚ ਵੀ ਕੋਈ ਨੁਕਸ ਹਨ। ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿਚ ਚੋਰ ਮੋਰੀਆਂ ਜਾਂ ਨੁਕਸਾਂ ਦੀ ਨਿਸ਼ਾਨਦੇਹੀ ਕਰਨਾ ਤੇ ਫਿਰ ਉਹਨਾਂ ਵਿਚ ਸੁਧਾਰ ਕਰਨਾ ਵਿਭਾਗ ਦੀ ਵੱਡੀ ਜਿੰਮੇਵਾਰੀ ਹੈ। ਪਿਛਲੇ ਸਮੇਂ ਵਿਚ ਇਮੀਗ੍ਰੇਸ਼ਨ ਵਿਭਾਗ ਵਲੋਂ ਲੱਖਾਂ ਦੀ ਗਿਣਤੀ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜੇ ਜਾਰੀ ਕਰਨ ਦੇ ਨਾਲ ਕਮਰਾ ਨੁਮਾਂ ਸਿੱਖਿਆ ਸੰਸਥਾਵਾਂ ਜਾ ਕਾਲਜਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਦੇ ਵੱਡੇ ਪੱਧਰ ਤੇ ਦਾਖਲੇ ਦੇਣ ਦੀ ਪ੍ਰਵਾਨਗੀ ਵੀ ਜਾਂਚ ਦਾ ਵਿਸ਼ਾ ਹੈ। ਸਰਕਾਰ ਦੇ ਭਾਵੇਂ ਇਹ ਦਾਅਵੇ ਹੈ ਹਨ ਕਿ ਵਿਦਿਆਰਥੀ ਵੀਜਾ ਨੀਤੀ ਵਿਚ ਸੁਧਾਰ ਕੀਤੇ ਗਏ ਹਨ ਪਰ ਪਹਿਲਾਂ ਜਾਰੀ ਨੀਤੀ ਦੇ ਨੁਕਸਾਂ ਕਾਰਣ ਜੋ ਵਿਦਿਆਰਥੀ ਇਸਦੇ ਨਤੀਜੇ ਭੁਗਤ ਰਹੇ ਹਨ, ਉਹਨਾਂ ਦੀ ਜਿੰਮੇਵਾਰੀ ਕੌਣ ਲਵੇਗਾ। ਤਾਜਾ ਘਟਨਾਕ੍ਰਮ ਵਿਚ ਕੈਲਗਰੀ ਦੇ ਪੋਰਟਾਜ ਕਾਲਜ ਅਤੇ ਐਡਮਿੰਟਨ ਦੇ ਕੈਮਬਲ ਕਾਲਜ ਦੇ ਵਿਦਿਆਰਥੀਆਂ ਨੂੰ ਪੜਾਈ ਮੁਕੰਮਲ ਕਰਨ ਉਪਰੰਤ ਵਰਕ ਵੀਜੇ ਤੋਂ ਇਨਕਾਰ ਹੋਣ ਤੇ ਵਿਦਿਆਰਥੀਆਂ ਵਿਚ ਰੋਸ ਪੈਦਾ ਹੋਣ ਅਤੇ ਸਰਕਾਰ ਵਲੋਂ ਆਪਣੀ ਨਾਨ ਕਰੈਡਿਟ ਕੋਰਸਾਂ ਲਈ ਨੀਤੀ ਸਪੱਸ਼ਟ ਕੀਤੇ ਜਾਣ ਨਾਲ ਗੱਲ ਖਤਮ ਨਹੀ ਹੁੰਦੀ। ਲੋੜ ਹੈ ਕਿ ਸਰਕਾਰ ਵਿਦਿਆਰਥੀ ਵੀਜੇ ਦੇ ਨਾਮ ਉਪਰ ਸਿੱਖਿਆ ਸੰਸਥਾਵਾਂ ਚਲਾਉਣ ਅਤੇ ਦੇਸ਼ ਤੋਂ ਬਾਹਰ ਬੈਠੇ ਉਹਨਾਂ ਦੇ ਭਾਈਵਾਲਾਂ ਨੂੰ ਵੀ ਬੇਪਰਦ ਕਰੇ। ਇਮੀਗ੍ਰੇਸ਼ਨ ਵਿਭਾਗ ਆਪਣੀਆਂ  ਨੀਤੀਆਂ ਦੀ ਵੀ ਨਜ਼ਰਸਾਨੀ ਕਰੇ ਤੇ ਜੋ ਅਧਿਕਾਰੀ ਜਾਂ ਨੀਤੀਘਾੜੇ ਇਹਨਾਂ ਨੁਕਸਦਾਰ ਪ੍ਰੋਗਰਾਮਾਂ ਲਈ ਜਿੰਮੇਵਾਰ ਹਨ, ਉਹਨਾਂ ਦੀ ਜਵਾਬਦੇਹੀ ਵੀ ਨਿਸ਼ਚਿਤ ਹੋ ਸਕੇ।

Leave a Reply

Your email address will not be published. Required fields are marked *