ਡੱਗ ਮੈਕਲਮ ਵਲੋਂ ਅਗਲੇ ਚਾਰ ਸਾਲਾਂ ਲਈ ਪ੍ਰਾਪਰਟੀ ਟੈਕਸ ਫਰੀਜ਼ ਕਰਨ ਦਾ ਵਾਅਦਾ-
ਸਰੀ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਦੀਆਂ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਬੀਤੇ ਦਿਨ ਉਘੇ ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ ਦੇ ਸੱਦੇ ਤੇ ਉਹਨਾਂ ਦੇ ਗ੍ਰਹਿ ਵਿਖੇ ਸਾਬਕਾ ਮੇਅਰ ਡੱਗ ਮੈਕਲਮ ਦੀ ਅਗਵਾਈ ਵਾਲੀ ਸੇਫ ਸਰੀ ਕੋਲੀਸ਼ਨ ਦੇ ਸਮਰਥਨ ਵਿਚ ਇਕ ਚੋਣ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਦੀ ਸੀਟ ਲਈ ਮੁੜ ਚੋਣ ਲੋੜ ਰਹੇ ਡੱਗ ਮੈਕਲਮ ਨੇ ਮੌਜੂਦਾ ਮੇਅਰ ਬਰੈਂਡਾ ਲੌਕ ਦੀ ਅਗਵਾਈ ਹੇਠ ਸਰੀ ਸਿਟੀ ਕੌਂਸਲ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਸੇਫ ਸਰੀ ਕੁਲੀਸਨ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਚੋਣ ਮੈਦਾਨ ਵਿਚ ਮੁੜ ਕੁੱਦਣ ਦੇ ਆਪਣੇ ਫੈਸਲੇ ਦੀ ਗੱਲ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਵਧੇਰੇ ਸੇਵਾ ਦੇ ਚਾਹਵਾਨ ਹਨ। ਉਹਨਾਂ ਖੁਦ ਨੂੰ ਜਵਾਨ ਦਸਦਿਆਂ ਕਿਹਾ ਕਿ ਉਹਨਾਂ ਅੰਦਰ ਸ਼ਹਿਰ ਦੀ ਸੇਵਾ ਲਈ ਪੂਰੀ ਊਰਜਾ ਹੈ। ਉਹਨਾਂ ਦਾ ਘਰ ਸਾਊਥ ਸਰੀ ਵਿਚ ਬੀਚ ਕੰਢੇ ਹੋਣ ਕਾਰਣ ਆਪਣੇ ਆਪਨੂੰ ਬੀਚ ਬੁਆਏ ਕਿਹਾ ਜਿਸਦਾ ਉਹਨਾਂ ਦੇ ਸਮਰਥਕਾਂ ਨੇ ਤਾੜੀਆਂ ਮਾਰਕੇ ਸਵਾਗਤ ਕੀਤਾ। ਉਹਨਾਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦਾ ਵੇਰਵੇ ਦਿੰਦਿਆਂ ਕਿਹਾ ਕਿ ਉਹ ਜੋ ਕਹਿੰਦੇ ਹਨ, ਕਰਦੇ ਹਨ। ਉਹਨਾਂ ਸਰੀ ਵਿਚ ਮਿਊਸਪਲ ਪੁਲਿਸ ਦੀ ਸਥਾਪਨਾ ਅਤੇ ਸਕਾਈਟਰੇਨ ਦੇ ਕੀਤੇ ਗਏ ਵਾਅਦੇ ਪੂਰੇ ਕਰਨਾ ਯਾਦ ਕਰਾਇਆ। ਉਹਨਾਂ ਹੋਰ ਕਿਹਾ ਕਿ ਸਰੀ ਪੁੁਲਿਸ ਨੂੰ ਅਪਰਾਧੀਆਂ ਖਿਲਾਫ ਕਾਰਵਾਈ ਲਈ ਇਕ ਹੈਲੀਕਾਪਟਰ ਦੀ ਲੋੜ ਹੈ। ਉਹਨਾਂ ਸਰੀ ਪੁਲਿਸ ਨੂੰ ਹੋਰ ਮਜਬੂਤ ਬਣਾਉਣ ਦੇ ਨਾਲ ਹੈਲੀਕਾਪਟਰ ਲੈਕੇ ਦੇਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਅੱਜ ਸ਼ਹਿਰ ਨਿਵਾਸੀ ਭਾਰੀ ਟੈਕਸਾਂ ਦੇ ਬੋਝ ਦੇ ਨਾਲ ਸਿਟੀ ਪ੍ਰਸਾਸ਼ਨ ਉਪਰ ਭਾਰੂ ਲਾਲ ਫੀਤਾਸ਼ਾਹੀ ਤੋਂ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਅਗਰ ਉਹ ਦੁਬਾਰਾ ਮੇਅਰ ਬਣਦੇ ਹਨ ਤਾਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਦਾ ਪ੍ਰਾਪਰਟੀ ਟੈਕਸ ਅਗਲੇ ਚਾਰ ਸਾਲ ਲਈ ਫਰੀਜ਼ ਕੀਤਾ ਜਾਵੇਗਾ। ਸਿਟੀ ਵਿਚ ਉਸਾਰੀ ਲਈ ਵਰਕ ਪਰਮਿਟ 2 ਮਹੀਨੇ ਵਿਚ ਜਾਰੀ ਹੋਣਗੇ। ਅਗਰ ਅਜਿਹਾ ਨਹੀ ਹੁੰਦਾ ਤਾਂ ਪ੍ਰਾਰਥੀ ਦੀ ਸਾਰੀ ਫੀਸ ਮੁਆਫ ਕੀਤੀ ਜਾਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੌਜੂਦਾ ਕੌਂਸਲਰ ਮਨਦੀਪ ਨਾਗਰਾ, ਮੀਰਾ ਗਿੱਲ, ਸੁਹਾਨਾ ਗਿੱਲ, ਐਲੀਸਨ ਪੈਟਨ, ਲੋਰੀ ਗੋਇਰਾ, ਡੱਗ ਐਲਫੋਰਡ, ਚੈਨੀ ਅਤੇ ਬੋਅ ਸਿਮਸਨ ਆਦਿ ਕੌਂਸਲਰ ਉਮੀਦਵਾਰਾਂ ਨੇ ਆਪੋ ਆਪਣੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਮੇਅਰ ਉਮੀਦਵਾਰ ਡੱਗ ਮੈਕਲਮ ਅਤੇ ਕੌਂਸਲਰ ਉਮੀਦਵਾਰਾਂ ਨੇ ਵੋਟਰਾਂ ਵਲੋਂ ਸ਼ਹਿਰ ਨਾਲ ਸਬੰਧਿਤ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਵਿਸਥਾਰ ਸਹਿਤ ਜਵਾਬ ਵੀ ਦਿੱਤੇ। ਇਸ ਮੌਕੇ ਤੇ ਹਾਜ਼ਰ ਹੋਰਨਾਂ ਪਤਵੰਤਿਆਂ ਵਿੱਚ ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਹਰਿੰਦਰ ਔਜਲਾ, ਸੁੱਖਾ ਬੋਪਾਰਾਏ,ਮੋਹਨ ਬੈਂਸ, ਗੁਰਦੀਪ ਸਿੰਘ ਖੁਰਾਣਾ, ਮਨੋਹਰ ਧੀਰ, ਰਤਨ ਪੌਲ ਅਤੇ ਮਨਜੀਤ ਮਠਾੜੂ ਤੇ ਹੋਰ ਕਈ ਹਾਜ਼ਰ ਸਨ।





