ਬਲਵੰਤ ਸਿੰਘ ਸੰਘੇੜਾ
ਅੱਜ ਦੁਨੀਆ ਦੇ ਤਕਰੀਬਨ 190 ਦੇਸ਼ਾਂ ਵਿੱਚ ਪੰਜਾਬੀ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਨਵੇਂ ਮੁਕਾਮ ਹਾਸਲ ਕਰ ਰਹੀ ਹੈ। ਆਰਥਿਕ ਤਰੱਕੀ ਦੇ ਨਾਲ-ਨਾਲ ਪੰਜਾਬੀਆਂ ਨੇ ਇਨ੍ਹਾਂ ਦੇਸ਼ਾਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵੀ ਬਹੁਤ ਵਧਾਇਆ ਹੈ। ਕੁਝ ਚੁਣਵੇਂ ਦੇਸ਼ਾਂ ਵਿੱਚ ਤਾਂ ਪੰਜਾਬੀਆਂ ਨੇ ਹਰ ਖੇਤਰ ਵਿੱਚ ਆਪਣੀ ਥਾਂ ਇਨ੍ਹਾਂ ਦੇਸ਼ਾਂ ਦੀਆਂ ਮੋਹਰਲੀਆਂ ਸਫ਼ਾਂ ਵਿੱਚ ਬਣਾ ਲਈ ਹੈ।
ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਅੱਜ ਪੰਜਾਬੀਆਂ ਦਾ ਪ੍ਰਭਾਵ ਬਹੁਤ ਸ਼ਕਤੀਸ਼ਾਲੀ ਹੈ। ਇਹ ਕੁਦਰਤੀ ਹੀ ਹੈ ਕਿ ਜਿੱਥੇ ਵੀ ਪੰਜਾਬੀ ਗਏ, ਉਨ੍ਹਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਲਈ ਵੀ ਯਤਨ ਕੀਤੇ। ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬੀ ਅੱਜ ਦੁਨੀਆ ਦੀਆਂ 7,000 ਤੋਂ ਵੱਧ ਬੋਲੀਆਂ ਵਿੱਚੋਂ ਸਿਖਰਲੀਆਂ ਦਸ ਬੋਲੀਆਂ ਵਿੱਚ ਆਪਣੀ ਥਾਂ ਬਣਾਈ ਬੈਠੀ ਹੈ।
ਮਾਂ ਬੋਲੀ ਪੰਜਾਬੀ ਦੇ ਸ਼ੁਭਚਿੰਤਕ ਇਸ ਦੀ ਤਰੱਕੀ ਲਈ ਹਰ ਵੇਲੇ ਵਚਨਬੱਧ ਰਹੇ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਜਥੇਬੰਦੀਆਂ ਆਪਣੀ ਮਾਂ ਬੋਲੀ ਦੀ ਤਰੱਕੀ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀਆਂ ਹਨ। ਕੈਨੇਡਾ ਵਿੱਚ ਵੀ ਹੋਰ ਜਥੇਬੰਦੀਆਂ ਦੇ ਨਾਲ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ ਕੈਨੇਡਾ) ਪਿਛਲੇ 35 ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਕਮਿਊਨਿਟੀ ਅਤੇ ਪਲੀਅ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਅੱਜ ਪੰਜਾਬੀ ਕੈਨੇਡਾ ਵਿੱਚ ਤੀਜੇ ਨੰਬਰ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਕੈਨੇਡਾ ਦੇ ਵੈਨਕੂਵਰ, ਐਬਟਸਫੋਰਡ ਅਤੇ ਸਰੀ ਵਰਗੇ ਸ਼ਹਿਰਾਂ ਵਿੱਚ ਵੱਖ-ਵੱਖ ਅਦਾਰਿਆਂ ਰਾਹੀਂ ਪੰਜਾਬੀ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਬੈਂਕਾਂ, ਹਸਪਤਾਲਾਂ, ਕਾਰੋਬਾਰੀ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਵੀ ਪੰਜਾਬੀ ਵਿੱਚ ਸੇਵਾ ਉਪਲਬਧ ਹੈ। “ਅਸੀਂ ਪੰਜਾਬੀ ਬੋਲਦੇ ਹਾਂ” ਵਰਗੇ ਸਾਈਨ ਇਨ੍ਹਾਂ ਸ਼ਹਿਰਾਂ ਵਿੱਚ ਆਮ ਦੇਖਣ ਨੂੰ ਮਿਲਦੇ ਹਨ।
ਕੈਨੇਡਾ ਦੇ ਕਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਸੂਬਾਈ ਅਤੇ ਕੌਮੀ ਪੱਧਰ ’ਤੇ ਵੀ ਪੰਜਾਬੀ ਦੀ ਉੱਨਤੀ ਲਈ ਕਾਫ਼ੀ ਉਪਰਾਲੇ ਹੋ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਪਲੀਅ ਹਰ ਸਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਉਂਦੀ ਆ ਰਹੀ ਹੈ। ਹੋਰ ਕਮਿਊਨਿਟੀ ਜਥੇਬੰਦੀਆਂ ਵੀ ਹਰ ਸਾਲ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਪ੍ਰੋਗਰਾਮ ਕਰਦੀਆਂ ਹਨ। ਪਲੀਅ ਇਨ੍ਹਾਂ ਸਾਰੇ ਉਪਰਾਲਿਆਂ ਦੀ ਸ਼ਲਾਘਾ ਕਰਦੀ ਹੈ।
ਪੰਜਾਬੀ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਲਈ ਪਲੀਏ ਵੱਲੋਂ ਲੰਮੇ ਸਮੇਂ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਹਾਈ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਕਾਫ਼ੀ ਭਰਵਾਂ ਹੁੰਗਾਰਾ ਵੀ ਮਿਲਿਆ ਹੈ। ਪਰ ਇਹ ਗੱਲ ਹੈਰਾਨੀ ਵਾਲੀ ਹੈ ਕਿ ਇਨ੍ਹਾਂ ਸਾਰੇ ਉਪਰਾਲਿਆਂ ਦੇ ਬਾਵਜੂਦ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸਰੀ ਵਰਗੇ ਸ਼ਹਿਰ ਵਿੱਚ ਐਲੀਮੈਂਟਰੀ ਸਕੂਲਾਂ ਵਿੱਚ ਪੰਜਾਬੀ ਲਵਾਉਣ ਲਈ ਅਜੇ ਵੀ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।
ਇਹ ਸਥਿਤੀ ਸਾਡੇ ਸਾਰਿਆਂ ਲਈ ਸੋਚਣ ਦਾ ਵਿਸ਼ਾ ਹੈ। ਜਦੋਂ ਸਰੀ ਵਰਗੇ ਸ਼ਹਿਰ ਵਿੱਚ ਪੰਜਾਬੀਆਂ ਦੀ ਇੰਨੀ ਵੱਡੀ ਵਸੋਂ ਹੈ, ਤਾਂ ਸਾਡੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਸਿੱਖਣ ਦਾ ਮੌਕਾ ਉਨ੍ਹਾਂ ਦੇ ਮੁੱਢਲੇ ਸਕੂਲੀ ਪੱਧਰ ਤੋਂ ਹੀ ਮਿਲਣਾ ਚਾਹੀਦਾ ਹੈ। ਕੁਝ ਹਫ਼ਤਿਆਂ ਵਿੱਚ ਨਵਾਂ ਸਕੂਲ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਪਲੀਅ ਵੱਲੋਂ ਸਾਡੇ ਸਮੁੱਚੇ ਭਾਈਚਾਰੇ ਨੂੰ ਅਪੀਲ ਹੈ ਕਿ ਅਸੀਂ ਸਾਰੇ ਰਲ-ਮਿਲ ਕੇ ਸਰੀ ਵਰਗੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਵਿੱਚ ਵੱਧ ਤੋਂ ਵੱਧ ਐਲੀਮੈਂਟਰੀ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਚਾਲੂ ਕਰਵਾਉਣ ਲਈ ਵਚਨਬੱਧ ਹੋਈਏ।
ਕੈਨੇਡਾ ਦੇ ਸਕੂਲਾਂ ਵਿੱਚ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਅੰਗਰੇਜ਼ੀ ਤੋਂ ਬਿਨਾਂ ਇੱਕ ਹੋਰ ਭਾਸ਼ਾ ਲੈਣੀ ਲਾਜ਼ਮੀ ਹੁੰਦੀ ਹੈ। ਇਹ ਸ਼ਰਤ ਪੰਜਵੀਂ ਜਮਾਤ ਤੋਂ ਸ਼ੁਰੂ ਹੋ ਕੇ ਅੱਠਵੀਂ ਜਮਾਤ ਤੱਕ ਚੱਲਦੀ ਹੈ, ਜਦਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਇਹ ਵਿਸ਼ਾ ਚੋਣਵਾਂ ਹੁੰਦਾ ਹੈ। ਫਿਰ ਕਿਉਂ ਨਾ ਸਾਡੇ ਬੱਚਿਆਂ ਨੂੰ ਇਸ ਮੌਕੇ ਦਾ ਲਾਭ ਦਿੰਦਿਆਂ ਆਪਣੀ ਮਾਂ ਬੋਲੀ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ?
ਦੂਜੀ ਭਾਸ਼ਾ ਵਜੋਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਕੂਲ ਦੇ ਸਮੇਂ ਦੌਰਾਨ, ਸਕੂਲ ਦੇ ਕਰੀਕੁਲਮ ਅਨੁਸਾਰ ਸਿੱਖਣਾ ਸਾਡੇ ਬੱਚਿਆਂ ਦਾ ਹੱਕ ਹੈ। ਇਸ ਹੱਕ ਨੂੰ ਹਕੀਕਤ ਵਿੱਚ ਬਦਲਣ ਲਈ ਸਭ ਤੋਂ ਪਹਿਲਾ ਕਦਮ ਇਹ ਹੈ ਕਿ ਮਾਪੇ ਇਕੱਠੇ ਹੋ ਕੇ ਆਪਣੇ ਨੇੜਲੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਸ਼ੁਰੂ ਕਰਨ।
ਮਾਂ ਬੋਲੀ ਸਿਰਫ਼ ਇੱਕ ਭਾਸ਼ਾ ਨਹੀਂ ਹੁੰਦੀ। ਇਹ ਸਾਡੀ ਪਛਾਣ, ਸਾਡੀ ਵਿਰਾਸਤ, ਸਾਡੀ ਸੱਭਿਆਚਾਰਕ ਯਾਦ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਨਾਲ ਸਾਡਾ ਰਿਸ਼ਤਾ ਹੁੰਦੀ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦਿਆਂ ਆਪਣੀ ਮਾਂ ਬੋਲੀ ਨੂੰ ਜਿਊਂਦਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਆਓ, ਆਪਣੀ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਸਿਰਫ਼ ਗੱਲਾਂ ਹੀ ਨਾ ਕਰੀਏ, ਸਗੋਂ ਮਿਲ ਕੇ ਅਜਿਹੇ ਠੋਸ ਕਦਮ ਚੁੱਕੀਏ ਕਿ ਸਾਡੇ ਬੱਚੇ ਪੰਜਾਬੀ ਨੂੰ ਮਾਣ ਨਾਲ ਪੜ੍ਹਨ, ਲਿਖਣ ਅਤੇ ਬੋਲਣ। ਇਹੀ ਸਾਡੀ ਮਾਂ ਬੋਲੀ ਲਈ ਸੱਚੀ ਸੇਵਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਸਭ ਤੋਂ ਵੱਡੀ ਵਿਰਾਸਤ ਹੋਵੇਗੀ।
- ਪ੍ਰਧਾਨ, ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ ਕੈਨੇਡਾ)
