ਐਡਮਿੰਟਨ ( ਬਲਵਿੰਦਰ ਬਾਲਮ)-ਬਲਵਿੰਦਰ ਸਿੰਘ ਪੰਨੂ 40 ਕੁ ਸਾਲਾ ਨੌਜਵਾਨ ਲੇਖਕ ਹੈ, ਜੋ ਪਿਛਲੇ 25 ਸਾਲਾਂ ਤੋਂ ਲਗਾਤਾਰ ਲਿਖਦਾ ਆ ਰਿਹਾ ਹੈ। ਉਸ ਦੀ ਪਹਿਲੀ ਕਵਿਤਾ 21ਵੀਂ ਸਦੀ 2002 ਵਿੱਚ ‘ਖੇਤ ਮਜ਼ਦੂਰ ਏਕਤਾ’ ਮੈਗਜ਼ੀਨ ਵਿੱਚ ਛਪੀ ਸੀ। ਉਸ ਤੋਂ ਪਿੱਛੋਂ ਉਸ ਦੀਆਂ ਰਚਨਾਵਾਂ ਪੰਜਾਬੀ ਦੇ ਨਾਮਵਰ ਅਖਬਾਰਾਂ ਅਤੇ ਮੈਗ਼ਜ਼ੀਨਾਂ ਵਿੱਚ ਅਕਸਰ ਛਪਦੀਆਂ ਰਹੀਆਂ/ ਰਹਿੰਦੀਆਂ ਹਨ। ਉਸਨੇ ਗ਼ਜ਼ਲ ਵਿਧਾ ਦੀਆਂ ਬਰੀਕੀਆਂ ਸਮਝਣ ਲਈ ਉੱਘੇ ਗ਼ਜ਼ਲਗੋ ਜਨਾਬ ਬਲਬੀਰ ਸਿੰਘ ਸੈਣੀ ਨੰਗਲ ਵਾਲਿਆਂ ਨੂੰ ਉਸਤਾਦ ਧਾਰਨ ਕੀਤਾ ਹੋਇਆ ਹੈ। ਜੋ ਸੂਲ ਸੁਰਾਹੀ ਪਰਚੇ ਤੇ ਸੰਪਾਦਕ ਵੀ ਹਨ,ਜਿਨਾਂ ਤੋਂ ਉਹ ਪਿੰਗਲ ਤੇ ਰੋਜ਼ ਬਾਰੇ ਜਾਣਕਾਰੀ ਹਾਸਿਲ ਕਰ ਰਿਹਾ ਹੈ,
ਮੰਜ਼ਿਲ ਦੂਰ ਨਹੀਂ ਕਾਵਿ ਸੰਗ੍ਰਹਿ ਵਿੱਚ ਕੁੱਲ 77 ਕਾਵਿ ਰਚਨਾਵਾਂ ਦਰਜ ਹਨ, ਵਧੇਰੇ ਗਿਣਤੀ ਵਿੱਚ ਗ਼ਜ਼ਲਾਂ ਹਨ , ਜੋ ਪੁਸਤਕ ਦੇ ਸ਼ੁਰੂ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਉਸ ਤੋਂ ਬਾਅਦ ਗੀਤ, ਕਵਿਤਾਵਾਂ ਦੇ ਰੰਗ ਵੀ ਹਨ ਅਤੇ ਪੁਸਤਕ ‘ ਮੰਜ਼ਿਲ ਦੂਰ ਨਹੀਂ; ਬਲਵਿੰਦਰ ਸਿੰਘ ਪੰਨੂੰ ਨੇ ਆਪਣੇ ਅਧਿਆਪਕ, ਸਵਰਗਵਾਸੀ ਸ੍ਰੀ ਤਿਲਕਰਾਜ਼ ਸ਼ਰਮਾ ਜੀ ਨੂੰ ਸਮਰਪਿਤ ਕੀਤੀ ਹੈ। ਸ਼ਾਇਰ ਦੀਆਂ ਰਚਨਾਵਾਂ ਵੱਖ- ਵੱਖ ਵਿਸ਼ਿਆਂ ਦੀ ਗੱਲ ਕਰਦੀਆਂ ਹਨ।ਅਲੋਪ ਹੋ ਰਹੇ ਵਿਰਸੇ ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਉਹ ਬਾਬਾ ਬੁੱਲ੍ਹੇ ਸ਼ਾਹ ਦੇ ਪੰਜਾਬ ਨੂੰ ਯਾਦ ਕਰਦਾ ਲਿਖਦਾ ਹੈ:-
ਚਰਖੇ ਨਾ ਚੱਕੀਆਂ ਨਾ ਪੀੜੀਆਂ ਭੰਗੂੜੀਆਂ।
ਚਾਟੀਆਂ, ਮਧਾਣੀਆਂ, ਤੰਦੂਰ ਨਾਹੀਂ ਮੂੜੀਆਂ।
ਤੀਆਂ ਤੇ ਤ੍ਰਿੰਝਣਾਂ ਦੇ ਮੇਲੇ ਕਿਤੇ ਲੁਕ ਗਏ।
ਸਿੱਠਣੀਆਂ, ਛੰਦ ਨੇ ਖਜ਼ਾਨੇ ਵਿੱਚੋਂ ਮੁੱਕ ਗਏ।
ਵਿਰਸਾ ਅਮੀਰ ਜੋ ਕੰਗਾਲ ਹੋ ਗਿਆ।
ਬਾਬੇ ਬੁੱਲੇ ਦੇ ਪੰਜਾਬ ਦਾ ਕੀ ਹਾਲ ਹੋ ਗਿਆ।( ਪੰਨਾ 98)
ਉਹ ਲੇਖਕਾਂ/ਸ਼ਾਇਰਾਂ ਦੇ ਪੱਲੇ ਪੈਂਦੀ ਫੋਕੀ ਵਾਹ-ਵਾਹ ਦਾ ਨਕਸ਼ਾ ਵਿਅੰਗਆਤਮਿਕ ਢੰਗ ਨਾਲ ਆਪਣੀ ਗ਼ਜ਼ਲ ਦੇ ਸ਼ਿਅਰਾਂ ਵਿੱਚ ਵਧੀਆ ਖਿੱਚਦਾ ਹੈ:-
ਸ਼ਾਇਰੀ ਦੇ ਵਿੱਚ ਵਾਹ ਵਾਹ ਖੱਟੀ
ਆਪਣੇ ਪੱਲਿਓਂ ਭਰ ਕੇ ਚੱਟੀ
ਮੁੱਲ ਛਪਾ ਕੇ ਮੁਫਤ ‘ਚ ਵੰਡਾਂ
ਖੋਲ੍ਹ ਕਿਤਾਬਾਂ ਦੀ ਮੈਂ ਹੱਟੀ
ਲੋਕ ਅਰਪਣ ‘ਤੇ ਖਰਚਾ ਕੀਤਾ
ਸੱਜਰ ਮੱਝ ਤੇ ਵੇਚ ਕੇ ਕੱਟੀ। (ਪੰਨਾ 72)
ਇਸ ਪੁਸਤਕ ਦੇ ਪ੍ਰਕਾਸ਼ਕ ਸਪਰੈਡ ਪਬਲੀਕੇਸ਼ਨ ਰਾਮਪੁਰਾ ਹਨ ਅਤੇ ਪੁਸਤਕ ਦੇ ਪੰਨੇ ਹਨ 120. ਸ਼ਾਨਦਾਰ ਤੇ ਪ੍ਰਭਾਵਸ਼ਾਲੀ ਦਿੱਖ ਵਾਲੀ ਪੁਸਤਕ ਲਈ ਲੇਖਕ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਹੱਕਦਾਰ ਹਨ। ਇਹ ਪੁਸਤਕ ਜਿੱਥੇ ਬਲਵਿੰਦਰ ਸਿੰਘ ਪੰਨੂ ਨੇ ਆਪਣੀ ਪੜ੍ਹਾਈ ਪੂਰੀ ਕੀਤੀ, ਸਰਕਾਰੀ ਸੈਕੈਂਡਰੀ ਸਕੂਲ ਨਾਨੋਵਾਲ ਜਿੰਦੜ ਬਲਾਕ ਕਾਹਨੂੰਵਾਨ ਜ਼ਿਲਾ ਗੁਰਦਾਸਪੁਰ, ਵਿੱਚ ਸਕੂਲ ਦੇ ਪੂਰੇ ਸਟਾਫ ਦੀ ਰਹਿਨੁਮਾਈ ਵਿੱਚ ਲੋਕ ਅਰਪਣ ਕੀਤੀ ਗਈ, ਜਿਸ ਵਿੱਚ ਸ਼ਾਮਿਲ ਹੋਣ ਵਾਲੇ ਹਾਜ਼ਰੀਨ ਇਸ ਤਰ੍ਹਾਂ ਹਨ, ਸਕੂਲ ਇੰਚਾਰਜ, ਰਜਿੰਦਰ ਸਿੰਘ, ਅਧਿਆਪਕਾ, ਅਮਰਜੀਤ ਕੌਰ, ਗੁਰਜੀਤ ਕੌਰ,ਸਿਰ ਮਨਜੀਤ ਕੌਰ,ਗਿਤਾਜਲੀ, ਕੁਲਵੰਤ ਕੌਰ, ਰਿਹਾ, ਅਧਿਆਪਕ, ਜਸਪਾਲ ਸਿੰਘ, ਨਰੇਸ਼ ਕੁਮਾਰ, ਸੇਵਾਦਾਰ ਰਾਜਵਿੰਦਰ ਕੌਰ,ਕੈਂਪਸ ਮਨੇਜਰ ਰੇਸ਼ਮ ਸਿੰਘ ਆਦਿ ਸ਼ਾਮਲ ਰਹੇ।

