ਅਵਤਾਰ ਸਿੰਘ ਆਨੰਦ- ( ਫੋਨ: 98551-20287)
ਦੇਸ਼ ਆਜ਼ਾਦ ਹੋਇਆਂ ਤਕਰੀਬਨ ਪੌਣੀ ਸਦੀ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ, ਪਰ ਪੰਜਾਬੀਆਂ ਦੇ ਮਨਾਂ ਅੰਦਰ ਹਾਲੇ ਵੀ ਇਸ ਦੀ ਟੀਸ ਹੈ। ਕਹਿਣ ਨੂੰ ਤਾਂ ਇਹ ਦੇਸ਼ ਦੀ ਵੰਡ ਸੀ, ਪਰ ਪੰਜਾਬ ਨੂੰ ਹੋਇਆ ਨੁਕਸਾਨ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਹੋਇਆ। ਉਂਝ ਤਾਂ ਵੰਡ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਅਤੇ ਬੰਗਾਲ ਦੀ ਵੀ ਹੋਈ ਸੀ, ਪਰ ਪੰਜਾਬ ਦੀ ਵੰਡ ਦਾ ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਇਸ ਦੇ ਦੋ ਘੁੱਗ ਵੱਸਦੇ ਸ਼ਹਿਰ ਅੰਮ੍ਰਿਤਸਰ ਅਤੇ ਲਾਹੌਰ ਸਦਾ ਲਈ ਵੱਖ ਕਰ ਦਿੱਤੇ ਗਏ। ਕੋਈ ਸਮਾਂ ਸੀ ਜਦੋਂ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ ਹੁੰਦਾ ਸੀ। ਇਨ੍ਹਾਂ ਦੋ ਸ਼ਹਿਰਾਂ ਵਿਚਾਲੇ ਲਗਭਗ ਪੰਜਾਹ ਕਿਲੋਮੀਟਰ ਦਾ ਪੈਂਡਾ ਇੰਨੇ ਸਾਲ ਬੀਤ ਜਾਣ ’ਤੇ ਵੀ ਤੈਅ ਨਹੀਂ ਹੋ ਸਕਿਆ।
ਭਾਰਤ ਦੀ ਵੰਡ ਕਾਰਨ ਕਰੋੜਾਂ ਲੋਕ ਪ੍ਰਭਾਵਿਤ ਹੋਏ। ਇਸ ਵੰਡ ਦੌਰਾਨ ਹਿੰਸਾ ਅਤੇ ਸਾੜ-ਫੂਕ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਤਕਰੀਬਨ 12 ਲੱਖ ਲੋਕ ਮਾਰੇ ਗਏ ਅਤੇ ਤਕਰੀਬਨ 1.45 ਕਰੋੜ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਏਧਰੋਂ-ਓਧਰ ਤੇ ਓਧਰੋਂ-ਏਧਰ ਹਿਜਰਤ ਕਰਨੀ ਪਈ। ਖ਼ੈਰ, 1947 ’ਚ ਨਕਸ਼ੇ ’ਤੇ ਵੰਡ ਦੀ ਲਕੀਰ ਖਿੱਚਣ ਵਾਲਾ ਕੋਈ ਹਿੰਦੋਸਤਾਨੀ ਨਹੀਂ ਸੀ ਸਗੋਂ ਇੰਗਲੈਂਡ ਦਾ ਇੱਕ ਸਾਬਕਾ ਜੱਜ ਸੀ। ਉਸ ਦਾ ਨਾਮ ਸੀ ਸਰ ਸਾਇਰਿਲ ਜੌਨ ਰੈਡਕਲਿਫ। ਹੈਰਾਨੀ ਦੀ ਗੱਲ ਇਹ ਹੈ ਕਿ ਖੁਸ਼ਹਾਲ ਪੰਜਾਬ ਦੇ ਦੋ ਟੋਟੇ ਕਰਨ ਵਾਲਾ ਉਹ ਸ਼ਖ਼ਸ ਇਸ ਤੋਂ ਪਹਿਲਾਂ ਕਦੇ ਹਿੰਦੋਸਤਾਨ ਨਹੀਂ ਸੀ ਆਇਆ ਅਤੇ ਉਸ ਨੂੰ ਇੱਥੋਂ ਦੇ ਸੱਭਿਆਚਾਰ, ਭੂਗੋਲ ਜਾਂ ਵਾਤਾਵਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਆਪਣੇ ਸਾਥੀਆਂ ਨਾਲ ਬੈਠ ਕੇ ਨਕਸ਼ੇ ’ਤੇ ਲਕੀਰ ਖਿੱਚ ਦਿੱਤੀ ਤੇ ਇਉਂ ਵੰਡ ਦੀ ਲਕੀਰ ਖਿੱਚਣ ਨਾਲ ਬਣੇ ਇਨ੍ਹਾਂ ਦੋ ਮੁਲਕਾਂ ਨੂੰ ਭਾਰਤ ਅਤੇ ਪਾਕਿਸਤਾਨ ਦਾ ਨਾਮ ਦੇ ਦਿੱਤਾ ਗਿਆ। ਇਸ ਬਾਰੇ ਅਮਰੀਕੀ ਸ਼ਾਇਰ ਡਬਲਿਊ ਐੱਚ ਔਡਨ ਨੇ 1966 ’ਚ ਲਿਖੀ ਕਵਿਤਾ ‘ਵੰਡ’ ਵਿੱਚ ਜ਼ਿਕਰ ਕਰਦਿਆਂ ਰੈਡਕਲਿਫ ਨੂੰ ਨਿਰਦਈ ਤੱਕ ਕਹਿ ਦਿੱਤਾ ਸੀ। ਹਾਲਾਂਕਿ ਇਸ ਕਵਿਤਾ ਵਿੱਚ ਰੈਡਕਲਿਫ ਦਾ ਨਾਂ ਸਿੱਧਾ ਨਹੀਂ ਲਿਖਿਆ, ਪਰ ਉਸ ਦੀ ਕਵਿਤਾ ਪੜ੍ਹ ਕੇ ਇਸ ਬਾਰੇ ਸਾਫ਼ ਪਤਾ ਲੱਗਦਾ ਹੈ। ਤੀਹ ਮਾਰਚ 1899 ਨੂੰ ਬਰਤਾਨਵੀ ਫ਼ੌਜ ਦੇ ਕਮਾਂਡਰ ਦੇ ਘਰ ਜਨਮਿਆ ਸਾਇਰਿਲ ਰੈਡਕਲਿਫ ਪੇਸ਼ੇ ਵਜੋਂ ਵਕੀਲ ਸੀ। ਰੈਡਕਲਿਫ ਨੇ ਹੇਲੀਬਰੀ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਸੰਨ 1923 ਵਿੱਚ ਐਲਡਨ ਲਾਅ ਸਕਾਲਰਸ਼ਿਪ ਹਾਸਲ ਕੀਤੀ। ਇਸ ਤੋਂ ਬਾਅਦ ਰੈਡਕਲਿਫ ਫ਼ੌਜ ਵਿੱਚ ਭਰਤੀ ਹੋ ਗਿਆ, ਪਰ ਨਜ਼ਰ ਕਮਜ਼ੋਰ ਹੋਣ ਕਰਕੇ ਛੇਤੀ ਹੀ ਉਸ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਮੁੜ ਲੇਬਰ ਕੋਰਟ ਵਿੱਚ ਵਕੀਲ ਵਜੋਂ ਆਪਣੀਆਂ ਸੇਵਾਵਾਂ ਦੇੇਣ ਲੱਗਾ। ਸੰਨ 1924 ਵਿੱਚ ਉਹ ਰੋਲਸ ਦੇ ਮਾਸਟਰ ਵਿਲਫਰੈੱਡ ਗ੍ਰੀਨ ਦੇ ਚੈਂਬਰ ਵਿੱਚ ਸ਼ਾਮਿਲ ਹੋ ਕੇ ਚੈਨਸੇਰੀ ਬਾਰ ’ਤੇ ਕੰਮ ਕਰਨ ਲੱਗ ਪਿਆ। ਦੂਜੀ ਆਲਮੀ ਜੰਗ ਦੌਰਾਨ ਰੈਡਕਲਿਫ 1941 ਤੱਕ ਸੂਚਨਾ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਬਣ ਗਿਆ, ਜਿੱਥੇ ਉਸ ਨੇ ਮੰਤਰੀ ਬ੍ਰੈਂਡਨ ਬਰੈਕਨ ਨਾਲ ਮਿਲ ਕੇ ਕੰਮ ਕੀਤਾ। ਸੰਨ 1944 ਵਿੱਚ ਉਸ ਨੂੰ ਬਰਤਾਨਵੀ ਸਾਮਰਾਜ ਦਾ ਨਾਈਟ (ਨਾਈਟ ਔਫ ਬ੍ਰਿਟਿਸ਼ ਐਂਪਾਇਰ) ਬਣਾਇਆ ਗਿਆ। ਉਹ 1945 ਵਿੱਚ ਫਿਰ ਬਾਰ ਵਿੱਚ ਵਾਪਸ ਆਇਆ। ਉਸ ਨੇ 1965 ਤੋਂ 1977 ਤੱਕ ਵਾਰਿਕ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਵਜੋਂ ਸੇਵਾਵਾਂ ਨਿਭਾਈਆਂ। ਇਧਰ ਹਿੰਦੋਸਤਾਨ ’ਚ 24 ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ ਵਾਇਸਰਾਏ ਬਣ ਕੇ ਆਇਆ ਤਾਂ ਉਸ ਦੀ ਨਜ਼ਰ ਆਪਣੇ ਬਚਪਨ ਦੇ ਦੋਸਤ ਅਤੇ ਜਮਾਤੀ ਰੈਡਕਲਿਫ ’ਤੇ ਪਈ। ਇਸ ਲਈ ਰੈਡਕਲਿਫ ਨੂੰ ਉਸ ਪੰਜ ਮੈਂਬਰੀ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ, ਜਿਸ ਨੇ ਭਾਰਤ ਦੀ ਵੰਡ ਕਰਨੀ ਸੀ।
ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਅਸਲ ਗੱਲ ਕੀ ਸੀ, ਜਿਸ ਕਾਰਨ ਮੁਸਲਿਮ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਨ। ਸੰਨ 1906 ’ਚ ਜਦੋਂ ਢਾਕਾ ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋਈ ਤਾਂ ਉਦੋਂ ਤੋਂ ਹੀ ਮੁਸਲਿਮ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਨ, ਪਰ ਉਨ੍ਹਾਂ ਦੀ ਮੰਗ ਨੂੰ ਇਸ ਕਰਕੇ ਬੂਰ ਨਹੀਂ ਸੀ ਪੈ ਰਿਹਾ ਕਿਉਂਕਿ ਮੁਹੰਮਦ ਅਲੀ ਜਿਨਾਹ ਹਿੰਦੂ-ਮੁਸਲਿਮ ਭਾਈਚਾਰੇ ਦੇ ਰਲ-ਮਿਲ ਕੇ ਰਹਿਣ ਦਾ ਹਾਮੀ ਸੀ। ਸੰਨ 1930 ਵਿੱਚ ਮੁਸਲਿਮ ਲੀਗ ਦੇ ਸੰਮੇਲਨ ਵਿੱਚ ਪ੍ਰਸਿੱਧ ਉਰਦੂ ਸ਼ਾਇਰ ਮੁਹੰਮਦ ਇਕਬਾਲ ਨੇ ਭਾਸ਼ਣ ਵਿੱਚ ਪਹਿਲੀ ਵਾਰ ਮੁਸਲਮਾਨਾਂ ਲਈ ਇੱਕ ਵੱਖਰੇ ਦੇਸ਼ ਦੀ ਮੰਗ ਕੀਤੀ ਸੀ। 1935 ਵਿੱਚ ਸਿੰਧ ਸੂਬੇ ਦੀ ਵਿਧਾਨ ਸਭਾ ਨੇ ਵੀ ਇਹੀ ਮੰਗ ਚੁੱਕੀ ਸੀ। ਇਕਬਾਲ ਅਤੇ ਮੌਲਾਨਾ ਮੁਹੰਮਦ ਅਲੀ ਜੌਹਿਰ ਨੇ ਮੁਹੰਮਦ ਅਲੀ ਜਿਨਾਹ ਨੂੰ ਇਸ ਮੰਗ ਦਾ ਸਮਰਥਨ ਕਰਨ ਲਈ ਕਿਹਾ। ਉਦੋਂ ਤੱਕ ਜਿਨਾਹ ਹਿੰਦੂ-ਮੁਸਲਿਮ ਏਕਤਾ ਦੇ ਪੱਖ ਵਿੱਚ ਸੀ, ਪਰ ਹੌਲੀ-ਹੌਲੀ ਉਸ ਨੂੰ ਲੱਗਣ ਲੱਗਾ ਕਿ ਕਾਂਗਰਸੀ ਨੇਤਾ ਮੁਸਲਿਮਾਂ ਦੇ ਹਿੱਤਾਂ ’ਤੇ ਧਿਆਨ ਨਹੀਂ ਦੇ ਰਹੇ। ਲਾਹੌਰ ਵਿੱਚ 1940 ਦੇ ਮੁਸਲਿਮ ਲੀਗ ਸੰਮੇਲਨ ਵਿੱਚ ਜਿਨਾਹ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਦੋ ਵੱਖ-ਵੱਖ ਰਾਸ਼ਟਰ ਚਾਹੁੰਦੇ ਹਨ। ਹਿੰਦੂਆਂ ਅਤੇ ਮੁਸਲਿਮਾਂ ਦੇ ਧਰਮ, ਵਿਚਾਰਧਾਰਾ, ਰੀਤੀ-ਰਿਵਾਜ ਅਤੇ ਸਾਹਿਤ ਬਿਲਕੁਲ ਵੱਖੋ-ਵੱਖਰੇ ਹਨ। ਤੇਈ ਮਾਰਚ 1940 ਨੂੰ ਮੁਸਲਿਮ ਲੀਗ ਦਾ ਇਜਲਾਸ ਲਾਹੌਰ ਵਿੱਚ ਹੋਇਆ, ਜਿਸ ਵਿੱਚ ‘ਮੁਸਲਿਮ ਮੁਲਕ’ ਦੀ ਕਾਇਮੀ ਦੀ ਮੰਗ ਕੀਤੀ ਗਈ। ਮੁਸਲਿਮਾਂ ਦੀ ਇਸ ਮੰਗ ਦਾ ਮਤਲਬ ਇਹ ਵੀ ਸੀ ਕਿ ਸਾਰਾ ਪੰਜਾਬ, ਪਾਕਿਸਤਾਨ ਦਾ ਹਿੱਸਾ ਬਣਦਾ ਸੀ, ਪਰ ਪੰਜਾਬੀਆਂ ਖ਼ਾਸਕਰ ਸਿੱਖਾਂ ਨੂੰ ਇਹ ਮਨਜ਼ੂਰ ਨਹੀਂ ਸੀ। ਹਿੰਦੂ ਮਹਾਸਭਾ ਵਰਗੇ ਸੰਗਠਨ ਵੀ ਭਾਰਤ ਦੇ ਬਟਵਾਰੇ ਦੇ ਪੱਖ ਵਿੱਚ ਨਹੀਂ ਸਨ, ਪਰ ਉਹ ਇਹ ਮੰਨਦੇ ਸਨ ਕਿ ਹਿੰਦੂਆਂ ਅਤੇ ਮੁਸਲਿਮਾਂ ਵਿੱਚ ਮੱਤਭੇਦ ਹਨ। 1937 ਵਿੱਚ ਅਲਾਹਾਬਾਦ ਵਿੱਚ ਹਿੰਦੂ ਮਹਾਸਭਾ ਦੇ ਸੰਮੇਲਨ ਵਿੱਚ ਇੱਕ ਭਾਸ਼ਣ ਵਿੱਚ ਵੀਰ ਸਾਵਰਕਰ ਨੇ ਕਿਹਾ ਸੀ, ‘‘ਕਾਂਗਰਸ ਦੇ ਜ਼ਿਆਦਾਤਰ ਨੇਤਾ ਗੁੱਟ-ਨਿਰਪੇਖ ਸਨ ਅਤੇ ਧਰਮ ਦੇ ਆਧਾਰ ’ਤੇ ਭਾਰਤ ਦੀ ਵੰਡ ਕਰਨ ਦੇ ਵਿਰੁੱਧ ਸਨ।’’ ਮਹਾਤਮਾ ਗਾਂਧੀ ਦਾ ਵਿਸ਼ਵਾਸ ਸੀ ਕਿ ਹਿੰਦੂ ਅਤੇ ਮੁਸਲਮਾਨ ਨਾਲ-ਨਾਲ ਰਹਿ ਸਕਦੇ ਹਨ ਅਤੇ ਉਨ੍ਹਾਂ ਨੂੰ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵੰਡ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਸੀ, ‘‘ਮੇਰੀ ਆਤਮਾ ਇਸ ਵਿਚਾਰ ਦੇ ਵਿਰੁੱਧ ਬਗ਼ਾਵਤ ਕਰਦੀ ਹੈ ਕਿ ਹਿੰਦੂ ਅਤੇ ਮੁਸਲਮਾਨ ਦੋ ਵਿਰੋਧੀ ਸੰਸਕ੍ਰਿਤੀਆਂ ਹਨ।’’ ਖ਼ੈਰ, ਬਹੁਤ ਸਾਲ ਗਾਂਧੀ ਨੇ ਕੋਸ਼ਿਸ਼ ਕੀਤੀ ਕਿ ਮੁਸਲਿਮ ਕਾਂਗਰਸ ਨੂੰ ਛੱਡ ਕੇ ਨਾ ਜਾਣ। ਹਿੰਦੂ ਅਤੇ ਮੁਸਲਿਮ ਦੋਵਾਂ ਧਰਮਾਂ ਦੇ ਆਗੂਆਂ ਨੇ ਇੱਕ-ਦੂਜੇ ਪ੍ਰਤੀ ਸ਼ੱਕ ਨੂੰ ਹੱਲਾਸ਼ੇਰੀ ਦਿੱਤੀ। ਮੁਸਲਿਮ ਲੀਗ ਨੇ ਅਗਸਤ 1946 ਵਿੱਚ ਡਾਇਰੈਕਟ ਐਕਸ਼ਨ ਡੇਅ ਮਨਾਇਆ, ਜਿਸ ਦੌਰਾਨ ਕੋਲਕਾਤਾ ਵਿੱਚ ਦੰਗੇ ਹੋਏ ਅਤੇ ਤਕਰੀਬਨ 5000 ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋਏ। ਅਜਿਹੇ ਮਾਹੌਲ ਵਿੱਚ ਸਾਰੇ ਨੇਤਾਵਾਂ ’ਤੇ ਦਬਾਅ ਪੈਣ ਲੱਗਾ ਕਿ ਉਹ ਵੰਡ ਨੂੰ ਸਵੀਕਾਰ ਕਰਨ ਤਾਂ ਕਿ ਦੇਸ਼ ਪੂਰੀ ਤਰ੍ਹਾਂ ਘਰੇਲੂ ਜੰਗ ਦੀ ਗ੍ਰਿਫ਼ਤ ਵਿੱਚ ਨਾ ਆ ਜਾਵੇ। ਅਜਿਹੇ ਹਾਲਾਤ ਵਿੱਚ 24 ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ ਬਰਤਾਨਵੀ ਹਿੰਦੋਸਤਾਨ ਦਾ ਵਾਇਸਰਾਏ ਬਣ ਕੇ ਆਇਆ ਅਤੇ ਉਸ ਨੇ ਪੰਜਾਬ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ। ਕੁਝ ਆਗੂਆਂ ਨੂੰ ਮਿਲਣ ਮਗਰੋਂ ਉਸ ਨੇ ਇੱਕ ਯੋਜਨਾ ਦਾ ਐਲਾਨ ਕੀਤਾ, ਜੋ ਬਾਅਦ ਵਿੱਚ ਮਾਊਂਟਬੈਟਨ ਪਲੈਨ ਦੇ ਨਾਂ ਨਾਲ ਜਾਣੀ ਗਈ। ਇਸ ਯੋਜਨਾ ਮੁਤਾਬਿਕ ਪੰਜਾਬ ਦੀ ਵੰਡ ਦਾ ਫ਼ੈਸਲਾ ਕਰ ਦਿੱਤਾ ਗਿਆ। ਇਹ ਐਲਾਨ 3 ਜੂਨ 1947 ਨੂੰ ਹੋਇਆ। ਅੱਠ ਜੁਲਾਈ 1947 ਨੂੰ ਭਾਰਤ ਪਹੁੰਚਣ ਤੋਂ ਬਾਅਦ ਰੈਡਕਲਿਫ ਨੂੰ ਇੱਕ ਸਰਹੱਦ ਬਾਰੇ ਫ਼ੈਸਲਾ ਕਰਨ ਲਈ ਸਿਰਫ਼ ਪੰਜ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਵੰਡ ਲਈ ਸਥਾਪਿਤ ਕੀਤੀ ਗਈ ਕਮੇਟੀ ਦਾ ਚੇਅਰਮੈਨ ਰੈਡਕਲਿਫ ਨੂੰ ਲਾਇਆ ਗਿਆ ਅਤੇ ਇਸ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਦੁਆਰਾ ਨਾਮਜ਼ਦ ਕੀਤੇ ਗਏ ਦੋ-ਦੋ ਮੈਂਬਰ ਸਨ। ਪੰਜਾਬ ਦੀ ਵੰਡ ਨੂੰ ਮੁੱਖ ਰੱਖਦਿਆਂ ਪੰਜਾਬ ਕਮਿਸ਼ਨ ਦੇ ਮੈਂਬਰ ਜਸਟਿਸ ਮੇਹਰ ਚੰਦ ਮਹਾਜਨ, ਜਸਟਿਸ ਤੇਜਾ ਸਿੰਘ, ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ ਨੂੰ ਸ਼ਾਮਿਲ ਕੀਤਾ ਗਿਆ। ਬੰਗਾਲ ਬਾਊਂਡਰੀ ਕਮਿਸ਼ਨ ਵਿੱਚ ਜਸਟਿਸ ਸੀ ਸੀ ਵਿਸ਼ਵਾਸ, ਜਸਟਿਸ ਬੀ ਕੇ ਮੁਖਰਜੀ, ਜਸਟਿਸ ਅੱਬੂ ਸਲੇਹ ਮੁਹੰਮਦ ਅਕਰਮ ਅਤੇ ਜਸਟਿਸ ਐੱਸ.ਏ. ਰਹਿਮਾਨ ਸ਼ਾਮਲ ਸਨ। ਇਸ ਕਮਿਸ਼ਨ ਲਈ ਸਭ ਤੋਂ ਔਖਾ ਕੰਮ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਰੈਡਕਲਿਫ ਲਿਖਦਾ ਹੈ, ‘ਮੈਂ ਨਕਸ਼ਾ ਤਿਆਰ ਕਰਨ ਵੇਲੇ ਮੁਸ਼ਕਿਲ ਵਿੱਚ ਸੀ ਕਿਉਂਕਿ ਭਾਰਤ ਨੂੰ ਇੱਕ ਵੱਡਾ ਸ਼ਹਿਰ ਕੋਲਕਾਤਾ ਦੇ ਦਿੱਤਾ ਸੀ ਅਤੇ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਾ ਹੋਣ ਕਰਕੇ ਲਾਹੌਰ ਪਾਕਿਸਤਾਨ ਨੂੰ ਦੇਣਾ ਪਿਆ।’ ਉਸ ਨੇ ਆਪਣੇ ਭਤੀਜੇ ਨੂੰ ਲਿਖੀ ਚਿੱਠੀ ਵਿੱਚ ਜ਼ਿਕਰ ਕਰਦਿਆਂ ਕਿਹਾ ਸੀ, ‘ਮੈਨੂੰ ਭਾਰਤੀ ਕਦੇ ਮੁਆਫ਼ ਨਹੀਂ ਕਰਨਗੇ ਖ਼ਾਸਕਰ ਸਿੱਖ ਪੰਜਾਬੀ, ਜਿਨ੍ਹਾਂ ਕੋਲੋਂ ਉਨ੍ਹਾਂ ਦਾ ਸ਼ਹਿਰ ਲਾਹੌਰ ਖੋਹ ਕੇ ਮੈਂ ਪਾਕਿਸਤਾਨ ਨੂੰ ਦੇ ਦਿੱਤਾ ਹੈ।’ ਲਾਹੌਰ ਵਿੱਚ ਮੁਸਲਮਾਨ ਬਹੁਗਿਣਤੀ ਵਿੱਚ ਭਾਵ ਤਕਰੀਬਨ 64 ਫ਼ੀਸਦੀ ਸਨ, ਪਰ ਹਿੰਦੂਆਂ ਅਤੇ ਸਿੱਖਾਂ ਦੀਆਂ ਲਾਹੌਰ ਸ਼ਹਿਰ ਵਿੱਚ ਲਗਪਗ 80 ਫ਼ੀਸਦੀ ਜਾਇਦਾਦਾਂ ਅਤੇ ਕਾਰੋਬਾਰ ਸਨ। ਰੈਡਕਲਿਫ ਨੇ ਅਸਲ ਵਿੱਚ ਲਾਹੌਰ ਭਾਰਤ ਨੂੰ ਦੇਣ ਦੀ ਯੋਜਨਾ ਬਣਾਈ ਸੀ। ਪੱਤਰਕਾਰ ਕੁਲਦੀਪ ਨਈਅਰ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਸੀ, ‘‘ਮੈਂ ਤੁਹਾਨੂੰ ਲਾਹੌਰ ਦੇ ਰਿਹਾ ਹਾਂ… ਪਰ ਮੈਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਹੀਂ ਹੋਵੇਗਾ। ਮੈਂ ਕੋਲਕਾਤਾ ਪਹਿਲਾਂ ਹੀ ਭਾਰਤ ਲਈ ਰੱਖ ਲਿਆ ਸੀ।’’ ਜਦੋਂ ਰੈੱਡਕਲਿਫ ਨੂੰ ਦੱਸਿਆ ਗਿਆ ਕਿ ‘ਪਾਕਿਸਤਾਨ ਵਿੱਚ ਮੁਸਲਮਾਨਾਂ ਨੂੰ ਸ਼ਿਕਾਇਤ ਹੈ ਕਿ ਉਸ ਨੇ ਭਾਰਤ ਦਾ ਪੱਖ ਪੂਰਿਆ ਹੈ’ ਤਾਂ ਉਸ ਨੇ ਜਵਾਬ ਦਿੱਤਾ, ‘‘ਉਨ੍ਹਾਂ (ਪਾਕਿਸਤਾਨੀਆਂ) ਨੂੰ ਮੇਰਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਉਨ੍ਹਾਂ ਨੂੰ ਲਾਹੌਰ ਸ਼ਹਿਰ ਦਿੱਤਾ ਹੈ ਜਿਸ ’ਤੇ ਅਸਲ ’ਚ ਭਾਰਤ ਦਾ ਹੱਕ ਬਣਦਾ ਸੀ।’’ ਉਸ ਨੇ ਕੁਲਦੀਪ ਨਈਅਰ ਨੂੰ ਕਿਹਾ ਸੀ, ‘‘ਮੈਨੂੰ ਵੰਡ ਲਈ ਸਿਰਫ਼ ਪੰਜ ਹਫ਼ਤੇ ਮਿਲੇ ਸਨ, ਜੇਕਰ ਦੋ ਤਿੰਨ ਸਾਲ ਮਿਲ ਜਾਂਦੇ ਤਾਂ ਮੈਂ ਕਿਸੇ ਨਾਲ ਵਿਤਕਰਾ ਨਾ ਕਰਦਾ।’’ ਸਟੈਨਲੇ ਵੁਲਪਰਟ ਲਿਖਦਾ ਹੈ ਕਿ ਰੈਡਕਲਿਫ ਨੇ ਆਪਣੇ ਨਕਸ਼ੇ ਵਿੱਚ ਗੁਰਦਾਸਪੁਰ ਪਾਕਿਸਤਾਨ ਨੂੰ ਦਿੱਤਾ ਸੀ, ਪਰ ਨਹਿਰੂ ਨੂੰ ਚਿੰਤਾ ਸੀ ਕਿ ਗੁਰਦਾਸਪੁਰ ਪਾਕਿਸਤਾਨ ਨੂੰ ਨਾ ਮਿਲੇ ਕਿਉਂਕਿ ਇਸ ਨਾਲ ਭਾਰਤ ਕਸ਼ਮੀਰ ਨੂੰ ਸਿੱਧੀ ਸੜਕੀ ਪਹੁੰਚ ਤੋਂ ਵਾਂਝਾ ਰਹਿ ਜਾਣਾ ਸੀ। ਪੰਜਾਬ ਦੇ ਮੁਸਲਮਾਨ ਬਹੁਗਿਣਤੀ ਵਾਲੇ ਗੁਰਦਾਸਪੁਰ ਜ਼ਿਲ੍ਹੇ ਨੂੰ ਭਾਰਤ ਵਿੱਚ ਰੱਖਣ ਲਈ ਰੈਡਕਲਿਫ ਉੱਤੇ ਦਬਾਅ ਪਾ ਰਹੇ ਸਨ। ਐਂਡਰਿਊ ਰੌਬਰਟਸ ਦਾ ਮੰਨਣਾ ਹੈ ਕਿ ਮਾਊਂਟਬੈਟਨ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਮ ’ਤੇ ਪੰਜਾਬੀਆਂ ਖ਼ਾਸਕਰ ਸਿੱਖਾਂ ਨਾਲ ਧੋਖਾ ਕੀਤਾ। ਉਹ ਲਿਖਦਾ ਹੈ ਕਿ ਜੇ ਗੁਰਦਾਸਪੁਰ ਕਸ਼ਮੀਰ ਦੇ ਬਹਾਨੇ ਭਾਰਤ ਵਿੱਚ ਰਹਿ ਸਕਦਾ ਹੈ ਤਾਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਭਾਰਤ ’ਚ ਕਿਉਂ ਨਹੀਂ ਰਹਿ ਸਕਦੀ ਸੀ। ਪੈਰੀ ਐਂਡਰਸਨ ਲਿਖਦਾ ਹੈ ਕਿ ਮਾਊਂਟਬੈਟਨ, ਜਿਸ ਨੂੰ ਅਧਿਕਾਰਤ ਤੌਰ ’ਤੇ ਰੈਡਕਲਿਫ ’ਤੇ ਕੋਈ ਪ੍ਰਭਾਵ ਨਹੀਂ ਵਰਤਣਾ ਚਾਹੀਦਾ ਸੀ, ਨੇ ਨਕਸ਼ੇ ਦੀ ਲਕੀਰ ਨੂੰ ਬਦਲਣ ਲਈ ਪਰਦੇ ਪਿੱਛੇ ਦਖ਼ਲ ਦਿੱਤਾ ਸੀ। ਮੁਸਲਮਾਨ ਬਹੁਗਿਣਤੀ ਵਾਲੇ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੀ ਬਜਾਏ ਭਾਰਤ ਨੂੰ ਅਲਾਟ ਕਰਨ ਲਈ ਰੈਡਕਲਿਫ ਨੂੰ ਮਨਾਉਣ ਵਿੱਚ ਥੋੜ੍ਹੀ ਮੁਸ਼ਕਿਲ ਆਈ ਕਿਉਂਕਿ ਕਸ਼ਮੀਰ ਤੱਕ ਜਾਣ ਲਈ ਗੁਰਦਾਸਪੁਰ ਹੀ ਇੱਕੋ ਇੱਕ ਰਸਤਾ ਸੀ।
ਜਦੋਂ ਵੰਡ ਦਾ ਨਕਸ਼ਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਖ਼ੁਦ ਪਾਕਿਸਤਾਨੀਆਂ ਨੇ ਵੀ ਗੁਰਦਾਸਪੁਰ ਦਾ ਕਸ਼ਮੀਰ ਲਈ ਮਹੱਤਵ ਨਹੀਂ ਸਮਝਿਆ ਸੀ, ਖ਼ਾਸਕਰ ਜਦੋਂ ਤੱਕ ਭਾਰਤੀ ਫ਼ੌਜਾਂ ਕਸ਼ਮੀਰ ਵਿੱਚ ਦਾਖ਼ਲ ਨਹੀਂ ਹੋਈਆਂ। ਰੈਡਕਲਿਫ ਨੂੰ ਗ਼ਲਤੀ ਦਾ ਅਹਿਸਾਸ ਉਦੋਂ ਹੋਇਆ, ਜਦੋਂ ਲਗਪਗ 1.40 ਕਰੋੜ ਤੋਂ ਵੱਧ ਲੋਕ ਸਰਹੱਦ ਪਾਰ ਕਰ ਗਏ ਕਿਉਂਕਿ ਉਸ ਕੋਲੋਂ ਪੰਜਾਬ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਸਰਹੱਦ ਦੇ ਦੋਵੇਂ ਪਾਸਿਉਂ ਹੋ ਰਹੀ ਤਬਾਹੀ ਨੂੰ ਦੇਖਦਿਆਂ ਰੈੱਡਕਲਿਫ ਨੇ ਆਪਣੀ ਤਨਖ਼ਾਹ 40,000 ਰੁਪਏ (3,000 ਪੌਂਡ) ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਦੇਸ਼ ਦੀ ਆਜ਼ਾਦੀ ਤੋਂ ਦੋ ਦਿਨ ਪਹਿਲਾਂ ਵਤਨ ਪਰਤ ਗਿਆ। ਦੇਸ਼ ਪਰਤ ਕੇ ਉਸ ਨੇ ਇੱਕ ਪ੍ਰੋਗਰਾਮ ’ਚ ਕਿਹਾ ਸੀ, ‘‘ਮੈਨੂੰ ਭਾਰਤ ’ਚ ਕੀਤੀ ਵੰਡ ਦਾ ਦੁੱਖ ਹੈ… ਡਰ ਹੈ ਕਿ ਕਿਤੇ ਕੋਈ ਮੈਨੂੰ ਗੋਲੀ ਨਾ ਮਾਰ ਦੇਵੇ।’’ ਇੰਗਲੈਂਡ ਪਰਤ ਕੇ ਉਹ ਵੱਖ-ਵੱਖ ਅਹੁਦਿਆਂ ’ਤੇ ਰਿਹਾ। ਅੰਤ 8 ਅਪਰੈਲ 1977 ਨੂੰ ਉਸ ਦੀ ਮੌਤ ਹੋ ਗਈ।
