Aug 19, 2026

ਸਰੀ, (ਜਸਵੀਰ ਸਿੰਘ ਭਲੂਰੀਆ)- ਪੰਜਾਬ ਦੀ ਮੰਨੀ-ਪ੍ਰਮੰਨੀ,ਸਮਾਜਿਕ ਅਤੇ ਸੱਭਿਆਚਾਰਕ ਗੀਤਾਂ ਨੂੰ ਪ੍ਰਣਾਈ ਗਾਇਕ ਜੋੜੀ ਅੱਜਕੱਲ੍ਹ ਕੈਨੇਡਾ ਵਿੱਚ ਪੰਜਾਬੀ ਗੀਤਾਂ ਦੀ ਮਹਿਕ ਖਿਲਾਰ ਰਹੀ ਹੈ। ਇਸੇ ਲੜੀ ਤਹਿਤ 15 ਅਗਸਤ ਦੀ ਸ਼ਾਮ ਨੂੰ ਉੱਘੇ ਲੇਖਕ ਬਿੱਕਰ ਸਿੰਘ ਖੋਸਾ ਅਤੇ ਰਾਜਦੀਪ ਸਿੰਘ ਖੋਸਾ ਦੇ ਫਾਰਮ (ਸਰੀ) ਵਿਖੇ ਗਾਇਕ ਜੋੜੀ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਨੇ ਆਪਣੇ ਨਵੇਂ-ਪੁਰਾਣੇ ਗੀਤ ਗਾ ਕੇ ‘ਅਜ਼ਾਦੀ ਦਿਨ ਦੀ ਸ਼ਾਮ’ ਰੰਗਨ ਬਣਾ ਦਿੱਤੀ। ਸਟੇਜ ਦੀ ਸ਼ੁਰੂਆਤ ਉੱਘੇ ਲੇਖਕ ਦਰਸ਼ਨ ਸਿੰਘ ਸੰਘਾ ਨੇ ਮਹਿਮਾਨਾਂ ਅਤੇ ਸਰੋਤਿਆਂ ਨੂੰ ‘ਜੀ ਆਇਆਂ’ ਕਹਿ ਕੇ ਕੀਤੀ ਅਤੇ ਗੁਰਪ੍ਰੀਤ ਢਿਲੋਂ ਨੂੰ ਗੀਤ ਪੇਸ਼ ਕਰਨ ਲਈ ਸੱਦਾ ਦਿੱਤਾ। ਜਿਸ ਨੇ ਇੱਕ ਗੀਤ ਕੁਲਦੀਪ ਮਾਣਕ ਸਾਹਿਬ ਦਾ ਅਤੇ ਇੱਕ ਗੀਤ ਆਪਣਾ ਗਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਉਸ ਤੋਂ ਬਾਅਦ ਮੰਦਰ ਬੀਹਲੇਵਾਲਾ ਨੇ ਸਟੇਜ ਸੰਭਾਲੀ,ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਖੂਬਸੂਰਤ ਸ਼ੇਅਰਾਂ ਨਾਲ ਭੂਮਿਕਾ ਬੰਨਦਿਆਂ ਗਾਇਕ ਜੋੜੀ ਨੂੰ ਤਾੜੀਆਂ ਦੀ ਗੜਗੜਾਹਟ ਵਿੱਚ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਹਰਿੰਦਰ ਸੰਧੂ ਨੇ ਖੋਸਾ ਪ੍ਰੀਵਾਰ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਚਰਚਿਤ ਗੀਤ ‘ਜੀਹਦੇ ਪਈ ਨਾ ਸਰ੍ਹਾਣੇ ਕੋਈ ਦਵਾਈ,ਸ਼ੁਕਰ ਮਨਾਵੇ ਰੱਬ ਦਾ’ ਨੂੰ ਬੁਲੰਦ ਅਵਾਜ਼ ਵਿੱਚ ਗਾ ਕੇ ਸਟੇਜ ਦਾ ਅਗਾਜ਼ ਕੀਤਾ। ਉਸ ਤੋਂ ਬਾਅਦ ਗਾਇਕ ਜੋੜੀ ਨੇ ਗਾਣਿਆਂ/ਦੋਗਾਣਿਆਂ ਦੀ ਝੜੀ ਲਾ ਦਿੱਤੀ। ਆਪਣੀ ਪਸੰਦ ਦੇ ਗੀਤ ਵੀ ਪੇਸ਼ ਕੀਤੇ, ਸਰੋਤਿਆਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕੀਤੀਆਂ ਅਤੇ ਬਿਨਾਂ ਸਮਾਂ ਦੇਖੇ ਪ੍ਰੋਗਰਾਮ ਦੇਰ ਰਾਤ ਤੱਕ ਸਿਖਰ ਤੇ ਪਹੁੰਚ ਗਿਆ। ਸਰੋਤਿਆਂ ਨੇ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ ਅਤੇ ਡਾਲਰਾਂ ਨਾਲ ਗਾਇਕ ਜੋੜੀ ਦਾ ਮਾਣ-ਤਾਣ ਵੀ ਕੀਤਾ। ਬੈਂਜੋ ਤੇ ਦਵਿੰਦਰ ਸੰਧੂ,ਤਬਲੇ ਤੇ ਗੋਪਾ,ਕੀਬੋਰਡ ਤੇ ਕੁਲਦੀਪ ਸਿੰਘ ਨੇ ਅਤੇ ਕੋਰਸ ਤੇ ਵਿੱਕੀ ਮਾਣੇਵਾਲੀਆ ਨੇ ਗਾਇਕ ਜੋੜੀ ਦਾ ਸਾਥ ਦਿੱਤਾ। ਇਸ ਦੌਰਾਨ ਨੌਜਵਾਨ ਗਾਇਕ ਮੋਹਦੀਪ ਮਾਨ ਅਤੇ ਅਮਨ ਧਾਲੀਵਾਲ ਦੇ ਭਾਈ ਸ: ਕਿਸਮਤ ਸਿੰਘ ਬੀਹਲਾ ਨੇ ਆਪਣੀ ਕਲਾ ਦੀ ਖੂਬ ਪੇਸ਼ਕਾਰੀ ਕੀਤੀ।
ਇਸ ਰੰਗੀਨ ਸ਼ਾਮ ਦਾ ਪ੍ਰਬੰਧ ਰਾਜਦੀਪ ਖੋਸਾ,ਬਿੱਕਰ ਸਿੰਘ ਖੋਸਾ(ਖੋਸਾ ਫਾਰਮ ਸਰੀ),ਦਰਸ਼ਨ ਸਿੰਘ ਸੰਘਾ,ਬਲਬੀਰ ਸਿੰਘ ਬਰਾੜ,ਕੁਲਬੀਰ ਸਿੰਘ ਬਰਾੜ, ਜੀਵਨ ਸਿੰਘ ਬਰਾੜ,ਹਰਪ੍ਰੀਤ ਬਰਾੜ ਝੱਖੜਵਾਲੀਆ,ਪ੍ਰਦੀਪ ਸਿਵੀਆਂ,ਸਤਿੰਦਰ ਸਰਾਂ,ਬਲਵਿੰਦਰ ਸਰਾਂ,ਗੁਰਪ੍ਰੀਤ ਢਿੱਲੋਂ,ਪ੍ਰਿਥੀ ਗਿੱਲ,ਮੋਹਦੀਪ ਮਾਨ,ਸੁਰਜੀਤ ਬਰਾੜ ਬਾਬ ਹੰਸ,ਸੁੱਖੀ ਜੌਹਲ,ਪਵਨ ਸੇਠੀ, ਜਗਵਿੰਦਰ ਸਰਾਂ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਦੇ ਪੁਰਾਣੇ ਵਿਦਿਆਰਥੀ ਸਾਥੀਆਂ ਨੇ ਸਾਂਝੇ ਤੌਰ ਤੇ ਕੀਤਾ। ਜਾਣ ਸਾਰ ਗਰਮ ਚਾਹ-ਪਕੌੜੇ,ਗੋਲਗੱਪੇ,ਉਸ ਤੋਂ ਬਾਅਦ ਸੋਮਰਸ ਅਤੇ ਸਮਾਪਤੀ ਤੇ ‘ਗਰੇਟ ਪੀਜ਼ਾ’ ਦਾ ਲਜ਼ੀਜ਼ ਖਾਣਾ ਵੀ ਪਰੋਸਿਆ ਗਿਆ। ਇਸ ਸ਼ਾਨਦਾਰ ਅਤੇ ਰੰਗੀਨ ਸ਼ਾਮ ਵਿੱਚ ਸਰੀ ਦੀਆਂ ਸਾਹਿਤਕ,ਸੰਗੀਤਕ,ਰਾਜਨੀਤਿਕ,ਮੀਡੀਆ ਤੋਂ, ਐਮ.ਐਲ.ਏ. ਜਗਰੂਪ ਸਿੰਘ ਬਰਾੜ,ਪ੍ਰਿਤਪਾਲ ਸਿੰਘ ਗਿੱਲ,ਸੁਰਜੀਤ ਸਿੰਘ ਮਾਧੋਪੁਰੀ,ਮੋਹਨ ਗਿੱਲ,ਕਵਿੰਦਰ ਚਾਂਦ,ਅਮਰੀਕ ਪਲਾਹੀ, ਸੁਖਵਿੰਦਰ ਜੌਹਲ,ਕਿਰਨਦੀਪ ਮੱਲ੍ਹੀ,ਡਾ: ਬਲਵਿੰਦਰ ਸਿੰਘ ਧਾਲੀਵਾਲ,ਕੁਲਵੰਤ ਸਹੋਤਾ,ਬਰਜਿੰਦਰ ਬਾਠ,ਗੁਰਬਾਜ ਬਰਾੜ,ਕਰਤਾਰ ਢਿੱਲੋਂ,ਜਸਵੀਰ ਸਿੰਘ ਭਲੂਰੀਆ,ਵੀਤ ਬਾਦਸ਼ਾਹਪੁਰੀ,ਸੁਖਪ੍ਰੀਤ ਦੌਲਤ,ਅੰਗਰੇਜ਼ ਸਿੰਘ ਬਰਾੜ, ਗੀਤਕਾਰ ਜਗਵਿੰਦਰ ਸਰਾਂ,ਜਗਪੀਪ ਖੋਸਾ ਉਰਫ਼ ਪੀਟਰ,ਬਲਰਾਜ ਸਿੰਘ ਸਰਾਂ,ਜਗਤਾਰ ਰਾਊਕੇ ਅਤੇ ਜੱਗੀ ਰਾਮੂਵਾਲੀਆ ਸਮੇਤ ਵੱਡੀ ਗਿਣਤੀ ਵਿੱਚ ਹਸਤੀਆਂ ਪਹੁੰਚੀਆਂ ਅਤੇ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆਂ।

Leave a Reply

Your email address will not be published. Required fields are marked *