Screenshot
ਲਾਹੌਰ ਦੀ 50-ਐਪਰੈਸ ਰੋਡ ਵਾਲੀ ਸਿੱਖ ਪ੍ਰੀਵਾਰ ਦੀ ਹਵੇਲੀ
ਸੰਤੋਖ ਸਿੰਘ ਮੰਡੇਰ –
ਅਣਵੰਡੇ ਪੰਜਾਬ ਵਿਚ ਮੁਗਲਾਂ, ਤੁਰਕਾਂ ਤੇ ਅਫਗਾਨਾਂ ਦਾ ਕਿਲਾ, ਸ਼ਾਹੀ ਸਿੱਖ ਦਰਬਾਰ ਦਾ ਤੱਖਤ ਤੇ ਅੰਗਰੇਜਾਂ ਦੇ ਬਰੀਟਿਸ਼ ਪੰਜਾਬ ਦੀ ਰਾਜਧਾਨੀ ‘ਲਾਹੌਰ’ ਦੇ ਇਕ ਸ਼ਾਹੀ ਸਿੱਖ ਪ੍ਰੀਵਾਰ ਦੇ ਪੁਰਖਿਆਂ ਦੀ ਇਤਿਹਾਸਕ ਤੇ ਮੌਡਰਨ ਹਵੇਲੀ ‘50-ਐਪਰੈਸ ਰੋਡ’ (ਹੁਣ ਅਮਰੀਕਾ ਦੀ ਅੰਮਬੈਸੀ) ਜੋ ਕਪੂਰਥੱਲਾ ਦੇ ਰਾਜਾ ਸਰ ਰੱਣਧੀਰ ਸਿੰੰਘ ਦੇ ਪੋਤਰੇ (ਗਰੈਡਸੰਨ), ਸਪੁੱਤਰ ਸਰ ਰਾਜਾ ਹਰਨਾਮ ਸਿੰਘ ਕਪੂਰਥੱਲਾ, ਦੇ ਫਰਜੰਦ ਸਰ ਕੁੰਵਰ ਦਲੀਪ ਸਿੰਘ ਨੇ 1933 ਵਿਚ ਬਣਵਾਈ ਸੀ| ਲਾਹੌਰ ਵਿਚ 60 ਸਾਲ ‘ਸਿੱਖ ਰਾਜ’ ਤੋ ਬਾਅਦ 100 ਸਾਲ ਅੰਗਰੇਜ ਰਾਜ ਸਮੇ ਬਹੁੱਤ ਕੁੱਝ ਨਵਾ ਬਣਿਆ ਤੇ ਬੇਮਿਸਾਲ ਤਰੱਕੀ ਹੋਈ| ਅੰਗਰੇਜਾਂ ਨੇ ਲਾਹੌਰ ਦੀ ਤਰਾਂ ਭਾਰਤ ਦੇ ਨਾਮੀ ਸ਼ਹਿਰਾਂ ਦਿੱਲੀ, ਕੱਲਕੱਤਾ, ਬੰਬਈ, ਮਦਰਾਸ ਆਦਿ ਵਿਚ ਵੀ ਆਮ ਲੋਕਾਂ ਦੀ ਸਹੂਲਤ ਲਈ ਬਹੁੱਤ ਨੱਵੀਆਂ ਸੜਕਾਂ, ਰੇਲਵੇ ਲਾਈਨਾਂ, ਇਮਾਰਤਾਂ, ਰੇਲਵੇ ਸਟੇਸ਼ਨ, ਸਕੂਲ-ਕਾਲਜ, ਯੂਨੀਵਰਸਿਟੀਆਂ, ਹਸਪਤਾਲ, ਬਜਾਰ, ਘੰਟਾ ਘਰ, ਸਾਫ ਪਾਣੀ ਦੀਆਂ ਟੈਕੀਆਂ ਦਾ ਮਹਾਨ ਕੰਮ ਕੀਤਾ| ਸਰੀ-ਕਨੈਡਾ ਵਾਸੀ, ਰਾਏਕੋਟ-ਭਾਰਤੀ ਪੰਜਾਬ ਦੇ ਸਾਬਕਾ ਨਵਾਬਜਾਦੇ, ਚੀਚਾਵਤਨੀ (ਪਾਕਿਸਤਾਨੀ ਪੰਜਾਬ) ਦੇ ਧਨਾਢ ਜਿਮੀਦਾਰ, ਲਾਹੌਰ ਮਾਡਲ ਟਾਊਨ ਦੇ ਰਹਿਣ ਵਾਲੇ ਜਨਾਬ ਰਾਏ ਅਜੀਜ ਉਲਾ ਜੀ ਨੇ ਦਸਿਆ ਕਿ ਅੰਗਰੇਜ ਦੌਰ ਵਿਚ ਹੀ ਪੰਜਾਬ ਦੀਆਂ ਦੇਸੀ ਰਿਆਸਤਾਂ ਦੇ ਰਾਜੇ-ਮਹਾਰਾਜੇ, ਨਵਾਬਾਂ, ਜਾਗੀਰਦਾਰਾਂ ਤੇ ਰਈਸਾਂ ਨੇ ਵੀ ਪ੍ਰੀਵਾਰਾਂ ਸਮੇਤ ਅੰਦਰੂਨੀ ਲਾਹੌਰ (ਵਾਲਿਡ ਸਿਟੀ) ਤੋ ਬਾਹਰ, ਅੰਗਰੇਜੀ ਤਰਜ ਵਾਲੇ ਨਵੇ ਲਾਹੌਰ ਵਿਚ ਹਵੇਲੀਆਂ, ਕੋਠੀਆਂ ਤੇ ਮੌਡਰਨ ਹਾਊਸ-ਘਰਾਂ ਵਿਚ ਰਹਿਣ ਨੂੰ ਤਰਜੀਹ ਦਿਤੀ| ਲਾਹੌਰ ਸ਼ਹਿਰ ਦੀਆਂ ਸੜਕਾਂ, ਗਲੀਆ, ਬਜਾਰਾਂ ਤੇ ਬਸਤੀਆਂ ਦੇ ਬਹੁਤੇ ਨਾਮ ਅੰਗਰੇਜੀ ਭਾਸ਼ਾ ਵਿਚ ਹੀ ਹਨ| ਲਾਹੌਰ ਦੀ ‘ਮਾਲ ਰੋਡ’ ਵਰਗੀ ਨਾਮੀ ਇਤਿਹਾਸਿਕ, ਵਪਾਰਿਕ ਤੇ ਸ਼ਾਨਦਾਰ ਸ੍ਰਕਾਰੀ ਇਮਾਰਤਾਂ ਵਾਲੀ ਖੁੱਲੀ-ਡੁੱਲੀ, ਸਾਫ ਤੇ ਲੱਸ਼ ਗਰੀਨ (ਹਰੀ-ਭਰੀ) ਸੜਕ ਦੁਨਿਆ ਵਿਚ ਕਿਤੇ ਨਹੀ ਲੱਭਦੀ ਜੋ ਲੱਗਭੱਗ 4 ਮੀਲ (6-5 ਕਿਲੋਮੀਟਰ) ਲੰਮੀ ਹੈ | ਲਾਹੌਰ ਦੀ ਮਾਲ ਰੋਡ, ਸਿੱਖ ਰਾਜ ਦੀ ‘ਕੁੱਰਕੀ’ ਤੋ ਬਾਅਦ, ਪੰਜਾਬ ਵਿਚ ਅੰਗਰੇਜੀ ਰਾਜ ਵੇਲੇ ਸੰਨ 1851 ਵਿਚ ਲਾਹੌਰ ਸ਼ਹਿਰ ਦੇ ਗੋਰੇ ਪ੍ਰਬੰਧਕ (ਐਡਮਿਨਸਟੇਟਰ) ਲੈਫਟੀਨੈਟ ਕੌਨਲ-ਰੌਬਰਟ ਨੇਪੀਅਰ ਨੇ ਬਣਾਉਣੀ ਸ਼ੁਰੂ ਕੀਤੀ ਸੀ ਜਿਸ ਦਾ ਮਕਸਦ ਪੁਰਾਣੀ ਅਨਾਰਕਲੀ ਇਲਾਕੇ ਨੂੰ ਨਵੀ ਅੰਗਰੇਜਾਂ ਦੀ ‘ਫੋਜੀ ਛਾਉਣੀ (ਮੀਆ ਮੀਰ ਕੰਨਟੋਨਮੈਟ) ਨਾਲ ਜੋੜਨਾ ਸੀ| ਲਾਹੌਰ ਦੀ ਮਾਲ ਰੋਡ ਵਿਚ ਸਮੇ ਅਨੁਸਾਰ, ਅੰਗਰੇਜ ਸਰਕਾਰ ਦੇ ਲਾਹੌਰ ਵਾਸੀ ਬਹੁੱਤ ਹੀ ਕਾਬਿਲ ਸ਼ਿਲਪ ਸਾLਸ਼ਤਰ (ਆਰਕੀਟੈਕਟ) ਸਰ ਗੰਗਾ ਰਾਮ ਦੀਆਂ ਹਦਾਇਤਾਂ ਅਨੁਸਾਰ 19 ਵੀ ਤੇ 20 ਸਦੀ ਤੱਕ ਅੱਤੇ 21 ਸਦੀ ਵਿਚ ਪ੍ਰਧਾਨ ਮੰਤਰੀ ਪਾਕਿਸਤਾਨ ਨਵਾਜ ਸ਼ਰੀਫ਼ ਤੇ ਵਜੀਰੇਆਲਾ (ਮੁੱਖ ਮੰਤਰੀ) ਪੰਜਾਬ-ਬੀਬੀ ਮਰੀਅਮ ਨਵਾਜ ਸ਼ਰੀਫ ਦੀ ਸਰਕਾਰ ਵਲੋ ਇਸ ਸ਼ਾਹੀ ਸੱੜਕ ਵਿਚ ਬਹੁੱਤ ਵਾਧਾ ਕੀਤਾ ਗਿਆ ਹੈ| ਇਹ ਸੱੜਕ ‘ਦਾਤਾ ਦਰਬਾਰ’ (ਲਾਹੌਰ ਦੀ ਨਾਮੀ ਧਾਰਮਿਕ ਮੁੱਸਲਿਮ ਦਰਗਾਹ-ਲਾਹੌਰ ਦੇ ਸਿੱਖ ਗੁਰੂਦਵਾਰਾ ਡੇ੍ਹਰਾ ਸਾਹਿਬ ਵਾਂਗ) ਦੇ ਨਜਦੀਕ ਤੋ ਨਾਸਿਰ ਬਾਗ, ਗੌਰਮਿੰਟ ਕਾਲਜ-ਯੂਨਵਿਰਸਿਟੀ ਤੇ ਭੰਗੀਆਂ ਦੀ ਤੋਪ ਤੋ ਹੁੰਦੀ ਹੋਈ, ਪੰਜਾਬ ਹਾਈਕੋਰਟ, ਲਾਹੌਰ ਮਿਊਜੀਅਮ, ਟੌਲਿੰਨਟੰਨ ਮਾਰਕੀਟ, ਅਨਾਰਕਲੀ ਬਜਾਰ, ਜੀ ਪੀ ੳ (ਜਰਨਲ ਪੋਸਿਟ ਆਫਿਸ), ਦਿਆਲ ਸਿੰਘ ਮੈਨਸ਼ਨਜ, ਬਾਵਾ ਢੀਗਾ ਸਿੰਘ ਬਿਲਡਿੰਗ, ਫੀਰੋਜਸੰਨ ਬੁੱਕਸ, ਰੀਗਲ ਸਿਨੇਮਾ, ਮਲਕਾ ਦਾ ਬੁੱਤ, ਪੰਜਾਬ ਅਸੈਬਲੀ ਹਾਊਸ, ਲਾਹੌਰ ਚਿੜੀਆ ਘਰ, ਵਾਪਡਾ ਹਾਊਸ, ਲਾਰੈਸ ਗਾਰਡਨ, ਅੱਲ ਹਮਰਾ ਆਰਟ ਸੈਟਰ, ਗਵਰਨਰ ਹਾਉਸ, ਐਚੀਸੰਨ ਕਾਲਜ, ਪੀ ਸੀ ਹੋਟਲ, ਅਵਾਰੀ ਹੋਟਲ ਤੇ ਲਾਹੌਰ ਜਿਮਖਾਨਾ ਕਲੱਬ ਤੋ ਹੁੰਦੀ ਹੋਈ ‘ਮੀਆਂ ਮੀਰ-ਉਵਰ ਪਾਸ ਪੁੱਲ’ ਪਾਰ ਕਰਕੇ ਫੋਰਟਿਸ ਸਟੇਡੀਅਮ ਕੋਲ ਲਾਹੌਰ ਦੀ ਨਵੀਨ ‘ਡੀਫੈਸ ਹਾਊਸਿੰਗ ਅਥਾਰਟੀ’ ਵਿਚ ਸਮਾ ਜਾਂਦੀ ਹੈ| ਲਾਹੌਰ ਦੀ ਮਾਲ ਰੋਡ ਵਾਲਾ ਸੱਭ ਤੋ ਪੁਰਾਣਾ ਤੇ ਪਹਿਲਾ ‘ਰੀਗਲ ਸਿਨੇਮਾ’ ਵੀ ਸੰਨ 1932 ਵਿਚ ਲਾਲਾ ਕਿਰਪਾ ਰਾਮ ਤੇ ਪਾਰਟਨਰ ਨੇ ਰੱਲ ਕੇ ਬਣਾਇਆ ਸੀ ਜੋ ਅੰਗਰੇਜ ਅਫਸਰਾਂ ਤੇ ਧੱਨੀ ਭਾਰਤੀ (ਈਲੀਟ) ਪ੍ਰੀਵਾਰਾਂ ਲਈ ਪੱਛਮੀ ਅੰਗਰੇਜੀ ਫਿਲਮਾ ਦੇਖਣ ਤੇ ਮੇਲ ਮਿਲਾਪ ਦਾ ਸਥਾਨ ਸੀ| ਦਿਆਲ ਸਿੰਘ ਮੈਨਸ਼ਨਜ 1930 ਵਿਚ ਸਰਦਾਰ ਦਿਆਲ ਸਿੰਘ ਮਜੀਠਿਆ (ਬਾਨੀ ਟ੍ਰਿਬੀਉਨ ਅਖਬਾਰ) ਨੇ ਤਾਮੀਰ ਕਰਵਾਇਆ, ਬਾਵਾ ਢੀਗਾ ਸਿੰਘ ਬਿਲਡਿੰਗ 1927 ਵਿਚ ਰਾਏ ਬਹਾਦੁਰ ਬਾਵਾ ਢੀਗਾ ਸਿੰਘ ਨੇ ਬਣਵਾਈ| ਪੰਜਾਬ ਅਸੈਬਲੀ ਹਾਊਸ ਦਾ ਨੀਹ ਪੱਥਰ ਸੰਨ 1925 ਵਿਚ ਸਰ ਜੋਗਿੰਦਰ ਸਿੰਘ ਨੇ ਰਖਿਆ ਸੀ| ਲਾਹੌਰ ਦੀ ਮਾਲ ਰੋਡ ਦਾ ਨਵਾਂ ਨਾਂ ਦਫਤਰਾਂ ਤੇ ਕਾਗਜਾਂ ਵਿਚ ‘ਸ਼ਾਹਰਾਹ-ਏ-ਕਾਇਦੇ ਆਜਮ’ ਹੈ ਪਰ ਆਮ ਲੋਕ ਹਾਲੀ ਵੀ ‘ਮਾਲ ਰੋਡ’ ਹੀ ਕਹਿੰਦੇ ਹਨ|
ਇਸ ਦਰਦਨਾਕ ਦਾਸਤਾਨ ਵਾਲੀ ਸਿੱਖਾਂ ਦੀ ‘50-ਐਪਰੈਸ ਰੋਡ’ ਵਾਲੀ ਹਵੇਲੀ ਲਾਹੌਰ ਦੀ ਮਾਲ ਰੋਡ ਵਾਲੇ ਪੰਜਾਬ ਅੰਸਬਲੀ ਹਾਲ ਦੇ ਨਾਲ ‘ਸ਼ਿਮਲਾ ਪਹਾੜੀ’ ਵਾਲੀ ਡੇਵਿਸ ਰੋਡ ਦੇ ਬਰਾਬਰ, ਪੰਜਾਬ ਗਵਰਨਰ ਹਾਊਸ ਦੇ ਪਿਛਲੇ ਗੇਟ ਵਾਲੀ ‘ਐਪਰੈਸ ਰੋਡ’ ਉਪੱਰ ਹੈ| ਇਹ ‘50-ਐਪਰੈਸ ਰੋਡ’ ਲਾਹੌਰ ਵਾਲੀ ਸ਼ਾਨਦਾਰ ਹਵੇਲੀ-ਘਰ, 1933 ਦੇ ਸਮੇ ਲਾਹੌਰ ਵਿਚ ਪਰਿਵਾਰਕ ਤੇ ਸਭਿਆਚਾਰਕ ਮਾਹੌਲ ਵਾਲਾ ਬੜਾ ਨਿਵੇਕਲਾ ਤੇ ਬਹੁੱਤ ਖੂਬਸੂਰਤ ‘ਮੌਡਰਨ ਹਾਉਸ’ ਸੀ ਲਾਹੌਰ ਸ਼ਹਿਰ ਦਾ| ਬਰੀਟਿਸ਼ ਪੰਜਾਬ ਵਿਚ ਲਾਹੌਰ ਦੇ ਪਹਿਲੇ ਇਸ ‘ਮੌਡਰਨ ਹਾਉਸ’ ਵਿਚ ਘੇਰੇਦਾਰ ਸੰਗਮਰਮਰ ਪੱਥਰ ਦੀਆਂ ਪੌੜੀਆਂ, ਇਕ ਵਿਸ਼ਾਲ ਉਰਦੂ ਤੇ ਅੰਗਰੇਜੀ ਦੀਆਂ ਕਿਤਾਬਾਂ ਦੀ ਲਾਇਬਰੇਰੀ, ਖਾਨਿਆਂ ਵਾਲਾ ਲੱਕੜ ਦੇ ਕੰਮ ਵਾਲਾ ਸੁੰਦਰ ਫਰਸ, ਕੀਮਤੀ ਕਸ਼ਮੀਰੀ ਗਲੀਚੇL ਅਤੇ ਤਿੰਨ ਏਕੜ ਵਿਚ ਫੈਲਿਆ ਇਕ ਹਰਿਆ ਭਰਿਆ ਫੁੱਲਾਂ ਦਾ ਬਹੁੱਤ ਹੀ ਮਨਮੋਹਣਾ ਬਗੀਚਾ ਤੇ ਬਾਗ ਸੀ, ਜਿਸ ਵਿਚ ਭਾਂਤ ਭਾਂਤ ਦੇ ਫੱਲਾਂ ਦੇ ਦਰਖੱਤ ਸਨ| ਇਸ ਘਰ ਵਿਚ ਇਕ ਤੈਰਾਕੀ ਵਾਲਾ ਤੱਲਾ (ਸਮੀਵਿੰਗ ਪੂਲ) ਵੀ ਸੀ| ਸ਼ਹਿਰ ਲਾਹੌਰ ਅਜ ਦੇ ਸਮੇ ਵਿਚ ਵੀ ਸਾਂਝੀ ਪੰਜਾਬੀ ਸਭਿਅਤਾ, ਪੱਕਵਾਨਾਂ, ਤਹਿਜੀਬ, ਬੋਲੀ ਤੇ ਪੰਜਾਬੀਅਤ ਦੇ ਰੰਗ ਢੰਗ ਵਾਲਾ ਏਸ਼ੀਆ ਦਾ ਹੀ ਨਹੀ ਦੁਨਿਆ ਦਾ ਅਨੋਖਾ ਤੇ ਬਹੁੱਤ ਹੀ ਖੂਬਸੂਰਤ ਸ਼ਹਿਰ ਹੈ| ਇਕ ਪੰਜਾਬੀ ਦੀ ਕਹਾਵਤ ਮਸ਼ਹੂਰ ਹੈ ‘ਜਿਨ੍ਹੇ ਲਾਹੌਰ ਨੀ ਵੇਖਿਆ, ਉਹ ਜੰਮਿਆ ਈ ਨੀ’|
ਸੰਨ 1933 ਵਿਚ 47 ਸਾਲ ਦੀ ਉਮੱਰ ਵਾਲੇ ਪੰਜਾਬ ਹਾਈ ਕੋਰਟ ਦੇ ਬੈਰਿਸਟਰ ਸਰ ਕੰਵਰ ਦਲੀਪ ਸਿੰਘ ਨੇ ਨਵੇ ਘਰ ‘50-ਐਪਰੈਸ ਰੋਡ’ ਵਿਚ ਪ੍ਰੀਵਾਰ ਸਮੇਤ ‘ਗ੍ਰਹਿ ਪਰਵੇਸ’ ਕੀਤਾ ਸੀ| ਲਾਹੌਰ ਦੇ ਇਸ ‘50-ਐਪਰੈਸ ਰੋਡ’ ਵਾਲੇ ਘਰ ਦੇ ਮਾਲਕਾਂ ਤੇ ਕਪੂਰਥੱਲਾ ਰਿਆਸਤ ਦੇ ਸ਼ਾਹੀ ਸਿੱਖ ਪ੍ਰੀਵਾਰ ਨੇ ਵੀ ਈਸਾਈ ਧਰਮ ਅਪਣਾ ਲਿਆ ਸੀ| ਜੱਯਾ ਥਡਾਨੀ ਸਰ ਕੁੰਵਰ ਦਲੀਪ ਸਿੰਘ ਦੀ ਧੀ ਜੋ 1927 ਵਿਚ ਲਾਹੌਰ ਵਿਖੇ ਹੀ ਜਨਮੀ ਸੀ, ਦੇਸ਼ ਦੀ ਵੰਡ ਸਮੇ 20 ਸਾਲਾਂ ਦੀ ਭਰ ਮੁਟਿਆਰ ਧੀ ਸੀ| ਭਾਰਤ ਪਾਕਿਸਤਾਨ ਨਹੀ “ਪੰਜਾਬ ਦੀ ਵੰਡ” ਉਸ ਦੀ ਆਪਣੀ ਜੁਬਾਨੀ ਇਸ ਤਰਾਂ ਹੈ| “ਸਾਡਾ ਲਾਹੌਰ ਵਿਖੇ ‘50-ਐਪਰੈਸ ਰੋਡ’ ਵਾਲਾ ਘਰ ਬੇਸ਼ੁਮਾਰ ਕੀਮਤੀ ਚੀਜਾਂ ਨਾਲ ਭਰਿਆ ਪਿਆ ਸੀ| ਮੇਰੇ ਪਿਉ ਦੀ ਲਾਈਬਰੇਰੀ ਵਿਚ ਅਨੇਕਾਂ ਉਰਦੂ ਅੰਗਰੇਜੀ ਦੀਆਂ ਦੁਰਲੱਭ ਪੁਸਤਕਾਂ, ਮੇਰੀ ਮਾਂ ਰੀਵਾ ਦੀਆਂ ਇਕਠੀਆਂ ਕੀਤੀਆਂ ਨਾਯਾਬ ਵੱਸਤਾਂ ਜਿਨ੍ਹਾਂ ਵਿਚ ਜਰਮਨ ਬਾਵੇਰੀਅਨ ਖਾਣੇ ਵਾਲੇ ਭਾਡੇ, ਚੀਨੀ ਮਿਟੀ ਦੀਆਂ ਦੁੱਧ ਵਰਗੀਆਂ ਚਿਟੀਆ ਚਾਹ ਪੀਣ ਵਾਲੀਆਂ ਜਪਾਨ ਚੀਨ ਦੀਆਂ ਬੇਸ਼ਕੀਮਤੀ ਕੱਪ-ਪਲੇਟਾਂ, ਕੇਤਲੀਆਂ, ਬਰਤਾਨੀਆ ਦੀ ‘ਰੋਇਲ ਅੱਲਬਰਟ’ ਦੀਆਂ ਖਾਣਾ ਖਾਣ ਵਾਲੀਆਂ ਸੋਹਣੇ ਰੰਗਾਂ, ਫੁLੱਲਾਂ ਤੇ 24 ਕਰੇਟ ਸੋਨੇ ਦੇ ਕੰਮ ਨਾਲ ਸ਼ਿੰਗਾਰੀਆਂ ਪਲੇਟਾਂ, ਡੌਗੇ, ਇਟਲੀ ਦੇ ਕਲਾਕ੍ਰਿਤੀਆਂ ਵਾਲੇ ਰੰਗ ਬਰੰਗੇ ਰੰਗਾਂ ਵਾਲੇ ਕੱਚ ਦੇ ਗਲਾਸ, ਭਾਰਤੀ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਵਰਗੇ ਪ੍ਰਾਚੀਨ ਚਾਂਦੀ ਦੇ ਲਿਸ਼ਕਦੇ ਬਹੁੱਤ ਕੀਮਤੀ ਭਾਂਡਿਆਂ ਤੇ ਬਰਤਨਾਂ ਵਾਲੇ ਸਾਜੋ ਸਮਾਨ ਦੇ ਖਜਾਨੇ ਨਾਲ ਇਹ ਘਰ ਭਰਿਆ ਪਿਆ ਸੀ| ਮੇਰੇ ਪਿਤਾ ਜੀ ਸਰ ਕੁੰਵਰ ਦਲੀਪ ਸਿੰਘ, ਸੰਨ 1886 ਵਿਚ ‘ਕਪੂਰਥੱਲਾ ਪੈਲਸ’ ਬਾਦਸ਼ਾਹ ਬਾਗ, ਲੱਖਨਊ (ਉਤਰ ਪ੍ਰਦੇਸ਼) ਭਾਰਤ ਵਿਚ ਜਨਮੇ ਸਨ ਤੇ ਇਨ੍ਹਾਂ ਨੇ ਮੁੱਢਲੀ ਪੜਾਈ ਲਾਹੌਰ ਦੇ ਫੋਰਮੈਨ ਕਰਿਸਚੀਅਨ (ਐਫ ਸੀ) ਕਾਲਜ ਤੋ ਕੀਤੀ| ਉੱਚ ਵਿਦਿਆ-ਬੀ ਏ ਦੀ ਪੜਾਈ ਲਈ ਉਹ ਇੰਗ਼ਲੈਡ ਦੇ ਪੈਮਬਰੁੱਕ ਕਾਲਜ-ਕੈਬਰਿਜ ਵਿਚ ਦਾਖਲ ਹੋਏ| ਵਕਾਲੱਤ ਤੇ ਕਾਨੂਨ ਦੀ ਮੁਹਾਰੱਤ ਲਈ ਉਹ ਲੰਡਨ ਦੀ ਉੱਚ ਕੋਟੀ ਦੀ ਕਾਨੂੰਨ ਸੰਸਥਾ ‘ਲਿੰਕਨਜ ਇੰਨ’ ਵਿਚੋ ਪਾਸ ਹੋ ਕੇ ਵਾਪਿਸ ਪੰਜਾਬ “ਬੈਰਿਸਟਰ ਸਰ ਕੁੰਵਰ ਦਲੀਪ ਸਿੰਘ” 1912 ਤੋ ਲੈ ਕੇ 1926 ਤੱਕ ‘ਲਾਹੌਰ ਹਾਈ ਕੋਰਟ’ ਦੇ ਮਾਣਯੋਗ ਜੱਜ ਨਿਯੁਕਤ ਹੋਏ ਸਨ| ਸੰਨ 1930 ਤੋ 1943 ਤੱਕ ਲਾਹੌਰ ਹਾਈ ਕੋਰਟ ਦੇ ‘ਨੌਜਵਾਨ ਜੱਜ’ ਘੋਸ਼ਿਤ ਕੀਤੇ ਗਏ ਅੱਤੇ ਪਿਛੋ 1947 ਤੱਕ, ਯੂ ਐਨ (ਯੂਨਾਈਟਿਡ ਨੇਸ਼ਨ) ਵਿਚ ਅੰਤ੍ਰ੍ਰਰਾਸ਼ਟਰੀ ਕਾਨੂੰਨ ਦੇ ਮੁੱਖੀ ਵੀ ਰਹੇ| ਇਨ੍ਹਾਂ ਦੀ ਭੈਣ ਰਾਜ ਕੁਮਾਰੀ ਅੰਮ੍ਰਿਤ ਕੌਰ-ਜਵਾਹਰ ਲਾਲ ਨਹਿਰੂ ਨਾਲ, ਭਾਰਤ ਦੀ ਆਜਾਦੀ ਲਈ ਭਾਰਤੀ ਕਾਗਰਸ ਪਾਰਟੀ ਦੀ ਮੂਹਰਲੀ ਕਤਾਰ ਦੀ ‘ਫਰੀਡਮ ਫਾਈਟਰ’ ਸੀ ਜੋ ਭਾਰਤ ਦੀ ਪਹਿਲੀ ਔਰਤ ਹੈਲਥ ਮਨਿਸਟਰ ਰਹੀ ਹੈ| ਭਾਰਤ ਦੀ ਰਾਜਧਾਨੀ ਦਿਲੀ ਦਾ ਪ੍ਰਸਿੱਧ ‘ਏਮਜ ਹਸਪਤਾਲ’ ਵੀ ਰਾਜ ਕੁਮਾਰੀ ਅੰਮ੍ਰਿਤ ਕੌਰ ਦੀ ਦੇਣ ਹੈ|
ਕੁਮਾਰੀ ਜੱਯਾ ਥਡਾਨੀ ਦਸਦੀ ਹੈ “ਮੇਰੀ ਮਾਂ ਸ੍ਰੀਮਤੀ ਰੀਵਾ, ਆਨੰਦ ਮਈ ਜੀਵਨ ਜੀਣ ਵਾਲੀ ਔਰਤ ਤੇ ਪੂਰੇ ਲਾਹੌਰ ਸ਼ਹਿਰ ਵਿਚ ‘ਪ੍ਰਹਾਉਣਚਾਰੀ’ ਤੇ ਮਹਿਮਾਨ ਨਵਾਜੀ ਵਜੋ ਬਹੁੱਤ ਮਸ਼ਹੂਰ ਸੀ| ਸਾਡੇ ਘਰ ਦੇ 18 ਕੁਰਸੀਆਂ ਵਾਲੇ ਖਾਣੇ ਦੇ ਮੇਜ ਉਪਰ ਅਕਸਰ ਹੀ ਰਸਮੀ ਰਾਤ ਦੇ ਭੋਜਨ ਹੁੰਦੇ ਸਨ ਤੇ ਮਹਿਫਿਲ ਲੱਗੀ ਰਹਿੰਦੀ ਸੀ| ਜਿਸ ਵਿਚ ਨੱਚਣਾਂ, ਗਾਉਣਾ, ਸਟੇਜੀ ਕਲਾਕਰਾਂ ਦਾ ਗੀਤ ਸੰਗੀਤ, ਦੇਸੀ ਲੋਕ ਕਲਾਕਾਰ ਤੇ ਕਦੀ ਕਦੀ ਬਹੁੱਤ ਸਾਰੇ ਢੋਲੀ, ਬੀਨਾਂ ਬਾਜਿਆਂ ਵਾਲੇ ਵੀ ਸ਼ਾਮਲ ਹੁੰਦੇ ਸਨ| ਸਾਡੇ ਪੁੱਰਖੇ ਭਾਂਵੇ ਸਿੱਖ ਸਨ ਪਰ ਮੇਰੇ ਪਿਤਾ ਜੀ ਕੁੰਵਰ ਦਲੀਪ ਸਿੰਘ ਵੀ ਦਾਦਾ ਜੀ ਵਾਂਗ ਈਸਾਈ ਹੋ ਗਏ ਸਨ| ਮੇਰੇ ਮਾਤਾ ਜੀ ਬ੍ਰਹਮੌ ਸਮਾਜ ਦੇ ਪੈਰੋਕਾਰ ਸਨ ਜੋ ਹਿੰਦੂ ਸਮਾਜ ਦੀ ਇਕ ਸੁਧਾਰਵਾਦੀ ਲਹਿਰ ਸੀ| ਲਾਹੌਰ ਸ਼ਹਿਰ ਵਿਚ ਅੱਤੇ ਹੋਰ ਵੱਡੇ ਸ਼ਹਿਰਾਂ ਰਾਵਲਪਿੰਡੀ, ਲਾਇਲਪੁਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਸ਼ੇਖੂਪੁਰਾ, ਮੁਲਤਾਨ ਤੋ ਸਾਡੇ ਪ੍ਰੀਵਾਰ ਦੇ ਬਹੁੱਤ ਸਾਰੇ ਕਰੀਬੀ ਮੁਸਲਿਮ ਦੋਸਤ ਸਨ ਜੋ ਲਗਾਤਾਰ ਬਿਨਾ ਕਿਸੇ ਰੋਕ ਟੋਕ ਤੋ ਸਾਡੇ ਘਰ ਆਉਦੇ ਜਾਂਦੇ ਰਹਿੰਦੇ ਸਨ”| ਇਸ ਦਾਸਤਾਨ ਦੀ ਪਾਤਰ ਕੁਮਾਰੀ ਜਯਾ ਥਡਾਨੀ ਲਾਹੌਰ ਵਿਚ ਹੀ ਜੰਮੀ ਤੇ ਪੱੜੀ ਸੀ| ਜੁਲਾਈ 1947 ਵਿਚ ਉਹ ਪੜਾਈ ਲਈ ਇੰਗਲੈਡ ਚਲੀ ਗਈ ਸੀ, ਪਰ ਉਸਦੇ ਮਾਤਾ ਪਿਤਾ ਲਾਹੌਰ ਵਿਚ ਹੀ ਸਨ| ਅੱਗਸਤ 1947 ਵਿਚ ਭਾਰਤੀ ਬਰੀਟਿਸ਼ ਸਾਮਰਾਜ ਦੀ ਵੰਡ ਹੋਈ ਤੇ ਤਿੰਨ ਦੇਸ਼ ਭਾਰਤ, ਪਾਕਿਸਤਾਨ ਤੇ ਪੱਛਮੀ ਪਾਕਿਸਤਾਨ (ਹੁੱਣ ਬੰਗਲਾ ਦੇਸ਼) ਬਣ ਗਏ ਸਨ| ਮੇਰੇ ਪਿੳ-ਸਰ ਕੁੰਵਰ ਦਲੀਪ ਸ਼ਿਘ ਦੇ ਦੋ ਬਹੱਤ ਕਰੀਬੀ ਅਮੀਰਜਾਦੇ ਮੁਸਲਮਾਨ ਦੋਸਤ, ਜਨਾਬ ਫੀਰੋਜ ਖਾਨ ਨੂਨ (ਪਿਛੋ-ਪਾਕਿਸਤਾਨ ਦਾ ਪ੍ਰਧਾਨ ਮੰਤਰੀ) ਤੇ ਜਨਾਬ ਖਿੱਜ਼ਰ ਹਿਯਾਤ ਟਿਵਾਣਾ (ਪੰਜਾਬ ਦਾ ਮੁੱਖ ਮੰਤਰੀ 1947 ਤੱਕ) ਸਨ| ਇਨ੍ਹਾਂ ਦੋਨਾਂ ਦੋਸਤਾਂ ਨੇ ਮੇਰੇ ਪਿਉ ਨੂੰ ਨਿਮਰਤਾ ਤੇ ਸਤਿਕਾਰ ਸਾਹਿਤ ਬੇਨਤੀ ਕੀਤੀ ਕਿ ਉਹ ਲਾਹੌਰ ਛੱਡ ਕੇ ਨਹੀ ਜਾਵੇਗਾ ਅੱਤੇ ਭਰੋਸਾ ਦਿਤਾ ਕੀ ਈਸਾਈ ਹੋਣ ਦੇ ਨਾਤੇ ਉਹ ਪੂਰੀ ਤਰਾਂ ਸੁਰੱਖਿਅਤ ਹੈ ਤੇ ਉਸ ਦੀ ਜਾਨ ਨੂੰ ਕੋਈ ਖਤਰਾ ਨਹੀ ਹੈ| ਪਰ ਮੇਰਾ ਪਿਉ ਦਿਰੜ ਤੇ ਦੂਰਅੰਦੇਸ਼ੀ ਸੀ ਤੇ ਉਸ ਨੇ ਪੂਰੇ ਹੋਸ਼ ਹਿਵਾਸ ਨਾਲ ਕਿਹਾ ਕਿ ‘ਦੋਸਤੋ ਭਾਰਤ ਹੋਵੇ ਜਾਂ ਪਾਕਿਸਤਾਨ ਆਉਣ ਵਾਲੇ ਸਮੇ ਵਿਚ ਘੱਟ ਗਿਣਤੀ ਲੋਕਾਂ ਲਈ ਇੱਥੇ ਕੋਈ ਥਾਂ ਨਹੀ ਬਚੇਗੀ’|
ਸਾਡਾ ਪ੍ਰੀਵਾਰ ਦਿਲੀ ਵਿਚ ਵੀ ਸੀ ਮੇਰੇ ਪਿਉ ਨੇ ਸੋਚਿਆ ਕਿ ਉਹ ਉਨ੍ਹਾਂ ਕੋਲ ਦਿਲੀ ਚਲਿਆ ਜਾਵੇਗਾ| ਲਾਹੌਰ ਵਿਚ ਜਦੋ ਦੰਗੇ-ਫਸਾਦ, ਲੁੱਟਮਾਰ ਤੇ ਖੋਹਾ ਖੋਹਾਈ ਵੱਧ ਗਈ ਤਾਂ ਜਨਾਬ ਫੀਰੋਜ ਖਾਨ ਤੇ ਖਿਜਰ ਹਯਾਤ ਨੇ ਸਾਡੀ ਹਿਫਾਜਤ ਲਈ ਮੁਸਲਮਾਨ ਗਾਰਡ ਤੇ ਸਿਪਾਹੀ ਲਾ ਦਿਤੇ| ਲਾਹੌਰ ਵਿਚ ਚਾਰੇ ਪਾਸੇ ਹਾਹਾਕਾਰ ਹੋਈ ਪਈ ਸੀ ਪਰ ਮੇਰੇ ਮਾਤਾ ਪਿਤਾ ਨੇ ਲਾਹੌਰ ਛੱਡਣ ਦੇ ਫੈਸਲੇ ਨੂੰ ਥੋੜਾ ਅੱਗੇ ਪਾ ਦਿਤਾ ਸੀ| ਸਾਡੇ ਪ੍ਰੀਵਾਰ ਦੇ ਇਕ ਹੋਰ ਮੁਸਲਿਮ ਦੋਸਤ ਇਸ਼ਾਤ ਹਬੀਬਉਲਾ ਨੇ ਮੇਰੇ ਮਾਤਾ ਪਿਤਾ ਨੂੰ ਕਿਹਾ ਕਿ “ਹੁਣ ਨਿਕਲ ਜਾਉ, ਜਦੋ ਵੀ ਮੌਕਾ ਮਿਲਦਾ ਹੈ”| ਆਪਣੇ ਘਰ ਦੇ ਸਮਾਨ ਬਾਰੇ ਕੋਈ ਫਿਕਰ ਨਾ ਕਰੋ, ਮੈ ਸਭ ਸੰਭਾਲ ਲਵਾਂਗਾ| ਮੇਰੇ ਮਾਤਾ ਪਿਤਾ ਨੇ ਦੋ ‘ਸੂਟਕੇਸਾਂ’ ਵਿਚ ਲੋੜੀਦਾ ਸਮਾਨ ਭਰਿਆ ਤੇ ਚੱਲ ਪਏ| ਮੇਰੇ ਖਿਆਲ ਵਿਚ ਮੇਰੇ ਮਾਂ ਬਾਪ ਲਈ ਇਹ ਜਿੰਦਗੀ ਦਾ ਸੱਭ ਤੋ ਔਖਾ ਕੰਮ ਸੀ ਜੋ ਉਨ੍ਹਾਂ ਨੂੰ ਕਰਨਾ ਪਿਆ ਸੀ| ਕੰਵਰ ਦਲੀਪ ਸਿੰਘ ਦਾ ਦਿਲ ਘਰ ਛੁੱਟਣ ਨਾਲ ਨਹੀ ਸਗੋ ਉਹ ਸਾਂਝੀ ਤਹਿਜੀਬ, ਭਾਈਚਾਰਕ ਸਾਂਝ ਤੇ ਵਿਸ਼ਵਾਸ਼ ਉਤੇ ਹੋਏ ਹਮਲੇ ਨਾਲ ਟੁੱਟ ਗਿਆ ਸੀ| ਉਨ੍ਹਾਂ ਦੇ ਪਿਤਾ ਰਾਜਾ ਹਰਨਾਮ ਸਿੰਘ-ਕਪੂਰਥੱਲਾ ਨੇ ਤਾਂ ਇਸਾਈ ਧਰਮ ਅੱਪਣਾਉਣ ਵੇਲੇ ਪੂਰੀ ਕਪੂਰਥਲਾ ਰਿਆਸਤ ਹੀ ਛੱਡ ਦਿਤੀ ਸੀ| ਲਾਹੌਰ ਵਾਲਾ ਘਰ ਗੁਆਉਣਾ ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀ ਸੀ| ਮੇਰਾ ਬਾਪ ਕੁੰਵਰ ਦਲੀਪ ਸਿੰਘ ਮੁੱੜ ਇਸ ਸਦਮੇ ਵਿਚੋ ਕਦੀ ਨਹੀ ਨਿਕਲ ਸਕਿਆ|
ਭਾਰਤ ਦੀ ਰਾਜਧਾਨੀ ਦਿਲੀ ਵਿਚ ਜਾਣਾ ਵੀ ਇਕ ਹੋਰ ਗ੍ਰਹਿ (ਪਲੈਨਟ)L ਵਿਚ ਜਾਣ ਵਰਗਾ ਸੀ| ਮੇਰੇ ਮਾਂ ਬਾਪ ਅੰਗਰੇਜੀ ਤੇ ਉਰਦੂ ਪੜੇ ਸਨ| ਦਿਲੀ ਵਿਚ ਉਹ ਗਲੀਆਂ, ਬਜਾਰਾਂ ਤੇ ਸੱੜਕਾਂ ਦੇ ਨਾਂ ਨਹੀ ਪੱੜ ਸਕਦੇ ਸਨ ਜੋ ਕਿ ਹਿੰਦੀ ਵਿਚ ਸਨ ਨਾ ਕਿ ਉਰਦੂ ਵਿਚ। ਉਨ੍ਹਾਂ ਨੇ ਆਪਣਾ ਲਾਹੌਰ ਵਾਲਾ ਭਾਈਚਾਰਾ, ਸਮਾਜਿਕ ਦਾਇਰਾ, ਸਾਂਝੇ ਪ੍ਰੀਵਾਰ ਤੇ ਦੋਸਤ ਮਿਤਰ ਸੱਭ ਗੁਆ ਦਿਤੇ ਸਨ| ਫਿਰ ਕੁੱਝ ਮਹੀਨਿਆਂ ਬਾਅਦ ਇਕ ਅਨੋਖਾ ਚੱਮਤਕਾਰ ਹੋਇਆ, ਮੇਰੇ ਮਾਂ ਬਾਪ ਦੇ ਨਾਮ ਲਾਹੌਰ ਤੋ ਇਸ਼ਾਤ ਹਬੀਬਉਲਾ ਦਾ ਖੱਤ ਆਇਆ ਕਿ ਉਨ੍ਹਾਂ ਦੇ ਲਾਹੌਰ ‘50 ਐਪਰੈਸ ਰੋਡ’ ਵਾਲੇ ਘਰ ਦਾ ਸਾਰਾ ਛੱਡਿਆ ਸਮਾਨ ਟਰੱਕ ਵਿਚ ਭਰ ਕੇ ਦਿਲੀ ਪਹੁੰਚ ਰਿਹਾ ਹੈ| ਦਿਲੀ ਆਏ ਉਸ ਟਰੱਕ ਵਿਚ ਮਾਤਾ ਦੇ ਡੈਸਕ ਉਪੱਰ ਪਈਆਂ ‘ਐਪਰੈਸ ਰੋਡ’ ਦੇ ਪਤੇ ਵਾਲੀਆਂ ਚਿਠੀਆਂ ਲਿਖਣ ਵਾਲੀਆਂ ਕਾਪੀਆਂ ਵੀ ਸ਼ਾਮਲ ਸਨ| ਸਿਰਫ ਕੁੱਝ ਚੀਜਾਂ ਹੀ ਰਹਿ ਗਈਆਂ ਸਨ, ਜਿਵੇ ਸੇਵਰਜ਼ ਦਾ ਡਿਨਰ ਸੈਟ, ਵਿਆਹ ਦੇ ਤੋਹਫੇ ਵਜੋ ਮਿਲੀ ਸ਼ੇਕਸ਼ਪੀਅਰ ਦੀ ਫੋਲੀਉ ਕਿਤਾਬ ਅਤੇ ਵੱਡਾ ਡਾਇਨਿੰਗ ਟੇਬਲ ਜੋ ਟਰੱਕ ਵਿਚ ਸਮਾ ਨਹੀ ਸਕਿਆ ਸੀ|
ਮੈ ਲਾਹੌਰ ਸ਼ਹਿਰ ਵਿਚ ਜੰਮੀ ਸੀ ਤੇ ਮੈ ਸੋਚਿਆ ਸੀ ਮੈ ’50-ਐਪਰੈਸ ਰੋਡ’ ਵਾਲੇ ਘਰ ਵਿਚ ਹੀ ਮਰਾਂਗੀ ਆਪਣੇ ਪਿਉ ਵਾਂਗ, ਪਰ ਮੈ ਮੁੱੜ ਕਦੀ ਇਸ ਦਰਦਨਾਕ ਸਦਮੇ ਨਾਲ ਸੰਭਲ ਨਹੀ ਸਕੀ| ਇਕ ਹੋਰ ਗੱਲ ਕਿ ਘਰੋ ਬੇਘਰ ਹੋਏ ਲੋਕ ਇਹ ਸੱਚ ਜਾਣ ਲੈਣ ਕਿ ਉਹ ਕਦੀ ਵੀ ਆਪਣੇ ਅਸਲ ਘਰ ਵਾਪਿਸ ਨਹੀ ਪਰਤ ਸਕਦੇ| ਮੈ ਲੰਡਨ ਵਿਚ ਰਹੀ ਅੱਤੇ ਆਪਣੇ ਵਰਗੇ ਇਨਸਾਨ ਲੱਭਣ ਦੀ ਕੋਸ਼ਿਸ਼ ਕਰਦੀ ਰਹੀ ਪਰ ਮੈ ਕਦੀ ਵੀ ਲਾਹੌਰ ਵਾਲੇ ਆਪਣੇ ਘਰ ਵਾਂਗ ਦੁਬਾਰਾ ਉੱਥੇ ਮਹਿਸੂਸ ਨਹੀ ਕੀਤਾ| ਆਮੀਨ !
(ਜਯਾ ਥਡਾਨੀ ਦੀ ਜਬਾਨੀ, ਸਰ ਕੰਵਰ ਦਲੀਪ ਸਿੰਘ ਦੀ ਧੀ)
ਰਾਹੀ-ਰਾਏ ਅਜ਼ੀਜ ਉਲਾ ਖਾਨ, ਅੰਗਰੇਜੀ ਪੋਸਟ-ਰਾਜੇਸ਼ ਬਹਿਲ, ਦਿਲੀ| ਪੰਜਾਬੀ ਅਨੁਵਾਦ ਤੇ ਤਫਸੀਲ (ਸੰਤੋਖ ਸਿੰਘ ਮੰਡੇਰ, ਸਰੀ-ਕਨੈਡਾ)



