ਐਡਵੋਕੇਟ ਫੂਲਕਾ ਵਲੋਂ ਰੋਸ ਪ੍ਰਗਟ ਕਰਨ ਤੇ ਹੋਈ ਕਾਰਵਾਈ-
ਨਵੀਂ ਦਿੱਲੀ ( ਦਿਓਲ)-ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਤਿੰਨ ਸੰਸਦ ਮੈਂਬਰਾਂ ਨੂੰ ਤਲਬ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਸਿੱਖ-ਵਿਰੋਧੀ ਦੰਗਿਆਂ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਜਾ ਕੇ ਅਫਸੋਸ ਪ੍ਰਗਟ ਕੀਤਾ ਸੀ।ਨਬੀਨ ਨੇ ਕਿਹਾ ਕਿ ਦਿੱਲੀ ਤੋਂ ਲੋਕ ਸਭਾ ਮੈਂਬਰ ਰਾਮਵੀਰ ਸਿੰਘ ਬਿਧੂੜੀ, ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਨੂੰ ਸੱਜਣ ਕੁਮਾਰ ਦੇ ਘਰ ਨਹੀਂ ਜਾਣਾ ਚਾਹੀਦਾ ਸੀ।
ਇਹ ਤਿੰਨੋਂ ਸੰਸਦ ਮੈਂਬਰ ਬਾਹਰੀ ਦਿੱਲੀ ਸੰਸਦੀ ਸੀਟ ਤੋਂ ਬਣਾਏ ਗਏ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ। ਸੱਜਣ ਕੁਮਾਰ ਨੇ ਕਾਂਗਰਸ ਵੱਲੋਂ ਲੋਕ ਸਭਾ ਵਿੱਚ ਇਸ ਸੀਟ ਦੀ ਨੁਮਾਇੰਦਗੀ ਕੀਤੀ ਸੀ।
ਇਹ ਤਿੰਨੇ ਸੰਸਦ ਮੈਂਬਰ ਉਸ ਪ੍ਰਭਾਵਸ਼ਾਲੀ ਭਾਈਚਾਰੇ ਨਾਲ ਸਬੰਧਤ ਹਨ ਜਿਸ ਦੀ ਸੱਜਣ ਕੁਮਾਰ ਨੇ ਨੁਮਾਇੰਦਗੀ ਕੀਤੀ ਸੀ। ਭਾਜਪਾ ਪ੍ਰਧਾਨ ਦਾ ਇਹ ਕਦਮ ਪੰਜਾਬ ਵਿੱਚ ਪਾਰਟੀ ਦੇ ਸੀਨੀਅਰ ਆਗੂ ਐੱਚ ਐੱਸ ਫੂਲਕਾ ਦੇ ਇੱਕ ਸਖ਼ਤ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਪੀਰਾਗੜ੍ਹੀ ਸਥਿਤ ਸੱਜਣ ਕੁਮਾਰ ਦੇ ਘਰ ਸੰਸਦ ਮੈਂਬਰਾਂ ਦੀ ਫੇਰੀ ਦੀ ਜਨਤਕ ਤੌਰ ‘ਤੇ ਨਿਖੇਧੀ ਕੀਤੀ ਸੀ।
ਫੂਲਕਾ ਨੇ ਕੱਲ੍ਹ ਕਿਹਾ ਸੀ, “ਮੈਂ ਸਮੂਹਿਕ ਕਤਲਾਂ ਦੇ ਦੋਸ਼ੀ ਸੱਜਣ ਕੁਮਾਰ ਦੇ ਘਰ ਜਾ ਕੇ ਉਸ ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਨ ਵਾਲੇ 3 ਸੰਸਦ ਮੈਂਬਰਾਂ ਕਮਲਜੀਤ ਸਹਿਰਾਵਤ, ਰਾਮਵੀਰ ਸਿੰਘ ਬਿਧੂੜੀ ਅਤੇ ਯੋਗੇਂਦਰ ਚੰਦੋਲੀਆ ਦੀ ਇਸ ਫੇਰੀ ਦੀ ਸਖ਼ਤ ਨਿਖੇਧੀ ਕਰਦਾ ਹਾਂ।” ਫੂਲਕਾ ਇਸ ਸਾਲ ਅਪਰੈਲ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਦਾ ਇਹ ਦੌਰਾ ਇਸ ਲਈ ਖਾਸ ਤੌਰ ‘ਤੇ ਨਿੰਦਣਯੋਗ ਹੈ ਕਿਉਂਕਿ ਭਾਜਪਾ ਨੇ ਹਮੇਸ਼ਾ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਇਨਸਾਫ਼ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਪੀੜਤ ਪਰਿਵਾਰਾਂ ਦਾ ਸਾਥ ਦਿੱਤਾ ਹੈ ਕਿ ਸੱਜਣ ਕੁਮਾਰ ਜੇਲ੍ਹ ਵਿੱਚ ਹੀ ਰਹੇ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਨੇ ਕਿਹਾ, “ਹਮਦਰਦੀ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੋਣੀ ਚਾਹੀਦੀ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਤੱਕ ਉਸ ਸਮੇਂ ਦੇ ਡਰਾਉਣੇ ਮਾਹੌਲ ਨੂੰ ਜੀਅ ਰਹੇ ਹਨ। ਮੈਂ ਇਨ੍ਹਾਂ 3 ਸੰਸਦ ਮੈਂਬਰਾਂ ਦੇ ਬਾਈਕਾਟ ਦੀ ਮੰਗ ਕਰਦਾ ਹਾਂ।”
ਫੂਲਕਾ ਲੰਮੇ ਸਮੇਂ ਤੋਂ ਇਨਸਾਫ਼ ਦੀ ਆਪਣੀ ਲੰਮੀ ਅਤੇ ਔਖੀ ਲੜਾਈ ਵਿੱਚ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਪਰਿਵਾਰਾਂ ਦੇ ਕਾਨੂੰਨੀ ਨੁਮਾਇੰਦਗੀ ਕਰਦੇ ਆ ਰਹੇ ਹਨ।
