ਸਰੀ ਫਾਇਰਫਾਇਟਰਜ ਯੂਨੀਅਨ ਵਲੋਂ ਸਰੀ ਕੁਨੈਕਟ ਦੇ ਸਮਰਥਨ ਦਾ ਐਲਾਨ-
ਸਰੀ ( ਦੇ ਪ੍ਰ ਬਿ)- ਅੱਜ ਮੇਅਰ ਬ੍ਰੈਂਡਾ ਲੌਕ ਅਤੇ ਉਨ੍ਹਾਂ ਦੀ ‘ਸਰੀ ਕਨੈਕਟ’ ਟੀਮ ਨੇ ਮਿਉਂਸਪਲ ਚੋਣਾਂ ਲਈ ਆਪਣੇ ਏਜੰਡੇ ( ਪਲੇਟਫਾਰਮ) ਦਾ ਬਾਕਾਇਦਾ ਐਲਾਨ ਕਰਦਿਆਂ ਇਸ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ 1.5 ਬਿਲੀਅਨ ਡਾਲਰ ਦੀ ਯੋਜਨਾ ਦਾ ਐਲਾਨ ਕੀਤਾ।
ਬਰੈਂਡ ਲੌਕ ਨੇ ਇਹ ਐਲਾਨ ‘ਸਰੀ ਫਾਇਰਫਾਈਟਰਜ਼ ਦੇ ਪੁਰਾਣੇ ਤੇ ਇਤਿਹਾਸਕ ਪੋਰਟ ਕੈਲਸ ਫਾਇਰ ਹਾਲ ਨੰਬਰ 7 ਵਿਖੇ ਬੁਲਾਈ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲ ਲਈ ਚੋਣ ਲੜ ਰਹੇ ਅੱਠ ਉਮੀਦਵਾਰ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਮੌਜੂਦਾ ਕੌਂਸਲਰ ਹੈਰੀ ਬੈਂਸ, ਗੋਰਡਨ ਹੈਪਨਰ, ਪਰਦੀਪ ਕੂਨਰ ਅਤੇ ਰੌਬ ਸਟੱਟ ਸ਼ਾਮਲ ਸਨ। ਉਹਨਾਂ ਵਲੋਂ ਇਸ ਵੱਡੀ ਯੋਜਨਾ ਦਾ ਐਲਾਨ ਸਥਾਨਕ ਫਾਇਰਫਾਈਟਰਜ਼ ਯੂਨੀਅਨ ਵੱਲੋਂ ਸਰੀ ਕੁਨੈਕਟ ਨੂੰ ਮਿਊਸਪਲ ਚੋਣਾਂ ਵਿਚ ਸਮਰਥਨ ਦੇ ਐਲਾਨ ਤੋਂ ਬਾਦ ਕੀਤਾ ਗਿਆ।
ਬਰੈਂਡਾ ਲੌਕ ਅਤੇ ਉਨ੍ਹਾਂ ਦੀ ਟੀਮ ਨੇ 1.496 ਬਿਲੀਅਨ ਡਾਲਰ ਦੀ ਲਾਗਤ ਨਾਲ ਸ਼ਹਿਰ ਭਰ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਨਵੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਮੇਅਰ ਨੇ ਦੱਸਿਆ ਕਿ ਇਹ ਰਾਸ਼ੀ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਜਾਰੀ ਕੀਤੀ ਜਾਵੇਗੀ, ਜੋ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਵਾਂਗ ਹੀ ਹੋਵੇਗਾ ਅਤੇ ਇਸ ਪ੍ਰੋਜੈਕਟ ਦੇ ਵਿੱਤੀ ਹਿਸਾਬ-ਕਿਤਾਬ ਦੀ ਅਗਵਾਈ ਪਰਦੀਪ ਕੂਨਰ ਕਰੇਗੀ। ਮੇਅਰ ਨੇ ਹੋਰ ਕਿਹਾ ਕਿ ਇਸ ਸਮੇਂ ਦੌਰਾਨ ਟੈਕਸਾਂ ਦੀ ਦਰ ਮਹਿੰਗਾਈ ਦਰ ਦੇ ਬਰਾਬਰ ਜਾਂ ਉਸ ਤੋਂ ਘੱਟ ਰੱਖੀ ਜਾਵੇਗੀ।
ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਏਜੰਡੇ ਦੇ ਹਿੱਸੇ ਵਜੋਂ ਸਟਰੀਟਾਂ ਦੇ ਸੁਧਾਰ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ 50 ਮਿਲੀਅਨ ਡਾਲਰ ਰੱਖੇ ਗਏ ਹਨ। ਉਹਨਾਂ ਦੱਸਿਆ ਕਿ ਹਾਈਵੇ 10 ਜੋਕਿ ਸੂਬਾ ਸਰਕਾਰ ਦੇ ਅਧੀਨ ਹੈ ਦੇ ਸੁਧਾਰ ਲਈ ਸੂਬਾ ਸਰਕਾਰ ਨਾਲ ਗੱਲ ਕੀਤੀ ਜਾ ਰਹੀ ਹੈ।
-ਸਰੀ ਕੁਨੈਕਟ ਵਲੋਂ ਐਲਾਨੇ ਏਜੰਡੇ ਦਾ ਪੂਰਾ ਵੇਰਵਾ ਇਸ ਪ੍ਰਕਾਰ ਹੈੇ-
ਮਨੋਰੰਜਨ ਅਤੇ ਸੱਭਿਆਚਾਰਕ ਸਹੂਲਤਾਂ: 150 ਮਿਲੀਅਨ ਡਾਲਰ – ਸਾਊਥ ਸਰੀ ਆਈਸ ਅਰੀਨਾ, 150 ਮਿਲੀਅਨ ਡਾਲਰ – ਸਰੀ ਕੰਸਰਟ ਹਾਲ, 120 ਮਿਲੀਅਨ ਡਾਲਰ – ਸਿਟੀ ਸੈਂਟਰ ਪੂਲ, ਅਤੇ 120 ਮਿਲੀਅਨ ਡਾਲਰ – ਕਲੋਵਰਡੇਲ/ਕਲੇਟਨ ਪੂਲ।
ਜਨਤਕ ਸੁਰੱਖਿਆ: ਜਨਤਕ ਸੁਰੱਖਿਆ ਕੈਂਪਸ ਲਈ 350 ਮਿਲੀਅਨ ਡਾਲਰ, ਗ੍ਰੀਨ ਟਿੰਬਰਜ਼ ਫਾਇਰ ਹਾਲ ਲਈ 120 ਮਿਲੀਅਨ ਡਾਲਰ, ਅਤੇ ਚਾਰ-ਵਿਅਕਤੀਆਂ ਵਾਲੇ ਫਾਇਰ ਵਾਹਨਾਂ ਲਈ 12 ਮਿਲੀਅਨ ਡਾਲਰ।
ਪਾਰਕ ਅਤੇ ਗਰੀਨ ਖੇਤਰ: ਤਿੰਨ ਨਵੇਂ ਵੱਡੇ ਪਾਰਕਾਂ ਲਈ 75 ਮਿਲੀਅਨ ਡਾਲਰ, 12 ਨਵੇਂ ਪਾਰਕਾਂ ਦੇ ਵਿਕਾਸ ਲਈ 60 ਮਿਲੀਅਨ ਡਾਲਰ, 8 ਨਵੇਂ ਖੇਡ ਮੈਦਾਨਾਂ ਲਈ 40 ਮਿਲੀਅਨ ਡਾਲਰ, ਅਤੇ ਆਮ ਪਾਰਕਾਂ ਦੇ ਸੁਧਾਰ ਲਈ 20 ਮਿਲੀਅਨ ਡਾਲਰ।
ਸੜਕਾਂ ਅਤੇ ਆਵਾਜਾਈ: ਰਿਹਾਇਸ਼ੀ ਸੜਕਾਂ ਦੇ ਸੁਧਾਰ ਅਤੇ ਆਵਾਜਾਈ ਨੂੰ ਨਿਯੰਤਰਿਤ/ਸੁਰੱਖਿਅਤ ਬਣਾਉਣ ਲਈ 50 ਮਿਲੀਅਨ ਡਾਲਰ, ਸਾਈਕਲ ਮਾਰਗਾਂ ਦੇ ਸੁਧਾਰ ਲਈ 50 ਮਿਲੀਅਨ ਡਾਲਰ, ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ 50 ਮਿਲੀਅਨ ਡਾਲਰ।
ਇਸ ਮੌਕੇ ਕੌਂਸਲਰ ਸਟੱਟ ਨੇ ਕਿਹਾ ਕਿ ਪਲੇਟਫਾਰਮ ਦਾ ਇਹ ਐਲਾਨ ਜਨਤਕ ਸੁਰੱਖਿਆ ਪ੍ਰਤੀ ‘ਸਰੀ ਕਨੈਕਟ’ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਮਹੱਤਵਪੂਰਨ ਫਾਇਰਫਾਈਟਰਜ਼ ਯੂਨੀਅਨ ਦਾ ਸਮਰਥਨ ਹੈ, ਓਨਾ ਹੀ ਮਹੱਤਵਪੂਰਨ ਉਨ੍ਹਾਂ ਦੀ ਟੀਮ ਦਾ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਵਾਅਦਾ ਵੀ ਹੈ।
