Oct 3, 2026

ਚੰਡੀਗੜ ( ਦੇ ਪ੍ਰ ਬਿ)– ਕਾਂਗਰਸ ਹਾਈਕਮਾਨ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਇਹ ਫ਼ੈਸਲਾ ਪੰਜਾਬ ਕਾਂਗਰਸ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦਰਮਿਆਨ ਲਿਆ ਗਿਆ ਹੈ। ਇਸਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਦੀ ਥਾਂ ਨਵਾਂ ਪ੍ਰਧਾਨ ਲਾਉਣ ਦੀ ਚਰਚਾ ਚਲ ਰਹੀ ਸੀ। ਪ੍ਰਧਾਨਗੀ ਲਈ ਉਮੀਦਵਾਰਾਂ ਵਿਚ ਪਰਗਟ ਸਿੰਘ ਤੋਂ ਇਲਾਵਾ ਵਿਜੈਇੰਦਰ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਆਗੂਆਂ ਦੇ ਨਾਵਾਂ ਦੀ ਚਰਚਾ ਸੀ । ਪਰ ਇਸੇ ਦੌਰਾਨ ਦਿੱਲੀ ਪੁੱਜੇ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਹਾਈਕਮਾਨ ਨੇ ਗੱਲਬਾਤ ਉਪਰੰਤ ਪ੍ਰਗਟ ਸਿੰਘ ਨੂੰ ਨਵਾਂ ਪ੍ਰਧਾਨ ਐਲਾਨ ਦਿੱਤਾ।

ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੂਕਤ ਹੋਣ ਉਪਰੰਤ ਸ ਪਰਗਟ ਸਿੰਘ ਨੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ  ਉਹ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਕਾਂਗਰਸ ਦੀ ਟੀਮ ਦੀ ਕਪਤਾਨੀ ਕਰਨਗੇ।  ਸਾਬਕਾ ਓਲੰਪੀਅਨ ਅਤੇ ਜਲੰਧਰ ਛਾਉਣੀ ਦੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਦੋ ਵਾਰ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਉਹ ਆਪਣਾ ਕੰਮ ਜਾਣਦੇ ਹਨ — ਕਿ ਟੀਮ ਦੀ ਅਗਵਾਈ ਕਿਵੇਂ ਕਰਨੀ ਹੈ। ਉਨ੍ਹਾਂ ਕਿਹਾ, “ਮੈਂ ਟੀਮ ਦੀ ਮਿਹਨਤ ਦਾ ਅਰਥ ਸਮਝਦਾ ਹਾਂ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਚੁਣੌਤੀਆਂ ਅਤੇ ਆਪਸ ਵਿੱਚ ਲੜ ਰਹੇ ਧੜਿਆਂ ਨੂੰ ਇਕੱਠਾ ਕਰਨ ਬਾਰੇ ਪੁੱਛੇ ਜਾਣ ’ਤੇ, ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨਾਲ ਕੰਮ ਕਰਨਗੇ।

 ਇਕ ਸਿਆਣੇ ਤੇ ਬੇਬਾਕ ਬੁਲਾਰੇ ਵਜੋਂ  ਉਹ ਪੰਜਾਬ ਦੀ ਸਿਆਸਤ ਵਿਚ ਆਪਣੀ ਪਛਾਣ ਬਣਾਉਣ ਵਿਚ ਸਫਲ ਰਹੇ। ਉਹਨਾਂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵੱਕਾਰੀ ਅਹੁਦੇ ਤੇ ਨਿਯੁਕਤੀ ਉਪਰੰਤ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ  ਨਵੀਂ ਜ਼ਿੰਮੇਵਾਰੀ ਪਰਗਟ ਲਈ ਇੱਕ ਵੱਡੀ ਸਿਆਸੀ ਚੁਣੌਤੀ ਲੈ ਕੇ ਆਈ ਹੈ। ਆਦਰਸ਼ ਚੋਣ ਜਾਬਤਾ ਲਾਗੂ ਹੋਣ ਵਿੱਚ ਸਿਰਫ਼ 100 ਦਿਨਾਂ ਦੇ ਆਸ-ਪਾਸ ਦਾ ਸਮਾਂ ਬਚਣ ਕਾਰਨ ਸਾਬਕਾ ਓਲੰਪੀਅਨ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਇਕਾਈ ਨੂੰ ਮੁੜ ਸੰਗਠਿਤ ਕਰਨਾ ਹੋਵੇਗਾ, ਸੀਨੀਅਰ ਨੇਤਾਵਾਂ ਵਿੱਚ ਮਤਭੇਦਾਂ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਇੱਕ ਮਜ਼ਬੂਤ ਪਾਰਟੀ ਸੰਗਠਨ ਤਿਆਰ ਕਰਨਾ ਹੋਵੇਗਾ।

ਖੇਡ ਮੈਦਾਨ ਤੋਂ ਸਿਆਸਤ ਤੱਕ ਦਾ ਸਫ਼ਰ-

ਪਰਗਟ ਸਿੰਘ ਦਾ ਸਿਆਸੀ ਸਫ਼ਰ ਰਵਾਇਤੀ ਕਾਂਗਰਸੀ ਆਗੂਆਂ ਨਾਲੋਂ ਵੱਖਰਾ ਰਿਹਾ ਹੈ। ਉਹ ਪਹਿਲਾਂ ਹਾਕੀ ਦੇ ਮੈਦਾਨ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਓਲੰਪਿਕ ਖੇਡਾਂ ਵਿੱਚ ਵੀ ਦੇਸ਼ ਦੀ ਅਗਵਾਈ ਕੀਤੀ। ਖੇਡਾਂ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਅਧਿਕਾਰੀ ( ਡੀ ਐਸ ਪੀ ਅਤੇ ਐਸ ਪੀ) ਵਜੋਂ ਵੀ ਕੰਮ ਕੀਤਾ, ਫਿਰ ਪੰਜਾਬ ਖੇਡ ਵਿਭਾਗ ਦੇ  ਡਾਇਰੈਕਟਰ ਬਣੇ ਤੇ ਫਿਰ ਇਸ ਅਹੁਦੇ ਤੋਂ ਅਸਤੀਫਾ ਦੇਕੇ  ਸਰਗਰਮ ਸਿਆਸਤ ਵਿੱਚ ਕਦਮ ਰੱਖਿਆ। ਉਹ ਪਹਿਲੀ ਵਾਰ ਜਲੰਧਰ ਕੈਂਟ ਤੋਂ 2012 ਵਿਚ ਵਿਧਾਇਕ ਚੁਣੇ ਗਏ।  ਉਨ੍ਹਾਂ ਨੇ ਦਸੰਬਰ 2016 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਕੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਸਿਆਸੀ ਰਾਹ ਬਦਲਿਆ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। 2017 ਦੀਆਂ ਚੋਣਾਂ ਵਿੱਚ ਉਹ ਜਲੰਧਰ ਕੈਂਟ ਤੋਂ ਕਾਂਗਰਸ ਦੀ ਟਿਕਟ ’ਤੇ ਜਿੱਤੇ ਅਤੇ ਬਾਅਦ ਵਿੱਚ ਸੂਬਾ ਸਰਕਾਰ ਵਿੱਚ ਮੰਤਰੀ ਵੀ ਰਹੇ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਕਰੀਬ ਇੱਕ ਦਹਾਕੇ ਦੇ ਅੰਦਰ ਹੀ ਉਨ੍ਹਾਂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ। ਪਾਰਟੀ ਦੇ ਰਵਾਇਤੀ ਢਾਂਚੇ ਵਿੱਚ ਆਮ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਗੂਆਂ ਨੂੰ ਮਿਲਦੀ ਰਹੀ ਹੈ। ਇਸ ਪੱਖੋਂ ਪਰਗਟ ਸਿੰਘ ਦੀ ਨਿਯੁਕਤੀ ਵੱਖਰੀ ਹੈ।

featured-img

Leave a Reply

Your email address will not be published. Required fields are marked *

error: Content is protected !!