Oct 5, 2026
ਪੰਜਾਬੀ ਭਾਸ਼ਾ, ਸਾਹਿਤ ਅਤੇ ਨਵੀਂ ਪੀੜ੍ਹੀ ਦੇ ਭਵਿੱਖ ਬਾਰੇ ਹੋਇਆ ਗੰਭੀਰ ਸੰਵਾਦ–
ਫਰੀਮੌਂਟ 4 ਅਕਤੂਬਰ (ਹਰਦਮ ਮਾਨ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵੱਲੋਂ ਬੀਤੇ ਐਤਵਾਰ ਫਰੀਮੌਂਟ ਵਿਖੇ 26ਵੀਂ ਵਿਸ਼ਵ ਪੰਜਾਬੀ ਸਾਹਿਤਕ ਕਾਨਫਰੰਸ ਬੜੇ ਉਤਸ਼ਾਹ ਅਤੇ ਮਾਂ-ਬੋਲੀ ਪ੍ਰਤੀ ਡੂੰਘੀ ਵਚਨਬੱਧਤਾ ਨਾਲ ਕਰਵਾਈ ਗਈ। ਕਾਨਫਰੰਸ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ, ਯੂ.ਕੇ. ਅਤੇ ਅਮਰੀਕਾ ਤੋਂ ਨਾਮਵਰ ਵਿਦਵਾਨਾਂ, ਲੇਖਕਾਂ, ਕਵੀਆਂ ਅਤੇ ਸਾਹਿਤ-ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮੁੱਚੀ ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ ਦੇ ਵਰਤਮਾਨ, ਸਾਹਿਤ ਦੇ ਸਰੋਕਾਰਾਂ ਅਤੇ ਨਵੀਂ ਪੀੜ੍ਹੀ ਤੱਕ ਪੰਜਾਬੀ ਨੂੰ ਪਹੁੰਚਾਉਣ ਦੀਆਂ ਚੁਣੌਤੀਆਂ ਬਾਰੇ ਗੰਭੀਰ ਅਤੇ ਸਾਰਥਕ ਵਿਚਾਰ-ਵਟਾਂਦਰਾ ਹੋਇਆ।
ਕਾਨਫਰੰਸ ਦੀ ਸ਼ੁਰੂਆਤ ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਕੁਲਵਿੰਦਰ ਨੇ ਆਏ ਹੋਏ ਤਮਾਮ ਮਹਿਮਾਨਾਂ, ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਹਿੰਦਿਆਂ ਅਕੈਡਮੀ ਦੇ ਮਕਸਦ ਅਤੇ ਸਰਗਰਮੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਉਪਰੰਤ ਅਕੈਡਮੀ ਵੱਲੋਂ ਸਾਲ 2025 ਅਤੇ 2026 ਦੌਰਾਨ ਕੀਤੀਆਂ ਗਈਆਂ ਵਰਨਣਯੋਗ ਸਾਹਿਤਕ ਸਰਗਰਮੀਆਂ ’ਤੇ ਆਧਾਰਿਤ ਇੱਕ ਵਿਸ਼ੇਸ਼ ਡਾਕੂਮੈਂਟਰੀ ਪ੍ਰਦਰਸ਼ਿਤ ਕੀਤੀ ਗਈ।
ਪ੍ਰਸਿੱਧ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗ਼ਜ਼ਲਾਂ ਅਤੇ ਗੀਤਾਂ ਦੀ ਪੇਸ਼ਕਾਰੀ ਨਾਲ ਕਾਨਫਰੰਸ ਦਾ ਆਗਾਜ਼ ਕੀਤਾ। ਇਸ ਤੋਂ ਬਾਅਦ ਚਾਰਲਸ ਲਿਓਡ ਨੇ ਸਿਤਾਰ ਵਾਦਨ ਰਾਹੀਂ ਸਰੋਤਿਆਂ ਨੂੰ ਸੰਗੀਤਕ ਰਸ ਨਾਲ ਜੋੜਿਆ। ਸੁਖਦੇਵ ਸਾਹਿਲ ਦਾ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਕਾਨਫਰੰਸ ਨੂੰ ਚਾਰ ਮਹੱਤਵਪੂਰਨ ਸੈਸ਼ਨਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵੱਖ-ਵੱਖ ਪੱਖਾਂ ਨੂੰ ਵਿਚਾਰ-ਚਰਚਾ ਦੇ ਕੇਂਦਰ ਵਿੱਚ ਲਿਆਂਦਾ।
ਪਹਿਲਾ ਸੈਸ਼ਨ ‘ਪੰਜਾਬ, ਭਾਰਤ ਅਤੇ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਚੁਣੌਤੀਆਂ’ ਵਿਸ਼ੇ ’ਤੇ ਕੇਂਦਰਿਤ ਸੀ। ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਜਸਵੀਰ ਗਿੱਲ ਸਨ ਅਤੇ ਪ੍ਰਧਾਨਗੀ ਡਾ. ਨਬੀਲਾ ਰਹਿਮਾਨ ਨੇ ਕੀਤੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਮੁੱਖ ਵਕਤਾ ਵਜੋਂ ਪੰਜਾਬੀ ਭਾਸ਼ਾ ਦੇ ਵਿਕਾਸ, ਇਸ ਦੇ ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਦੇ ਭਵਿੱਖ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਖਾਸ ਤੌਰ ’ਤੇ ਦੋਵਾਂ ਪੰਜਾਬਾਂ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਭਾਵਨਾਤਮਕ, ਇਤਿਹਾਸਕ ਅਤੇ ਵਿਹਾਰਕ ਪੱਖਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਉਭਾਰਿਆ।
ਦੂਜਾ ਸੈਸ਼ਨ ‘ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀ ਬੋਲੀ ਦਾ ਇਤਿਹਾਸ, ਚੁਣੌਤੀਆਂ ਅਤੇ ਭਵਿੱਖ’ ਵਿਸ਼ੇ ਨੂੰ ਸਮਰਪਿਤ ਸੀ। ਇਸ ਦੇ ਮੁੱਖ ਮਹਿਮਾਨ ਡਾ. ਰਾਜੇਸ਼ ਸ਼ਰਮਾ ਸਨ ਅਤੇ ਪ੍ਰਧਾਨਗੀ ਡਾ. ਆਤਮ ਸਿੰਘ ਰੰਧਾਵਾ ਨੇ ਕੀਤੀ। ਮੁੱਖ ਬੁਲਾਰੇ ਡਾ. ਨਬੀਲਾ ਰਹਿਮਾਨ ਨੇ ਪੰਜਾਬੀ ਭਾਸ਼ਾ ਦੇ ਸਾਂਝੇ ਇਤਿਹਾਸ, ਦੋਵਾਂ ਪੰਜਾਬਾਂ ਵਿੱਚ ਇਸ ਦੀ ਸਥਿਤੀ ਅਤੇ ਮੌਜੂਦਾ ਚੁਣੌਤੀਆਂ ਬਾਰੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਗ਼ਜ਼ਲ ਦੇ ਵਿਕਾਸ ਅਤੇ ਇਸ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਇਸ ਸੈਸ਼ਨ ਨੇ ਵੰਡ ਦੇ ਬਾਵਜੂਦ ਪੰਜਾਬੀ ਭਾਸ਼ਾ ਦੀ ਸਾਂਝੀ ਵਿਰਾਸਤ ਅਤੇ ਸਾਹਿਤਕ ਰਿਸ਼ਤਿਆਂ ਨੂੰ ਨਵੇਂ ਸੰਦਰਭ ਵਿੱਚ ਸਮਝਣ ਦਾ ਮੌਕਾ ਦਿੱਤਾ।
ਤੀਜਾ ਸੈਸ਼ਨ ‘ਸਾਹਿਤ ਅਤੇ ਸਾਹਿਤਕਾਰ’ ਵਿਸ਼ੇ ’ਤੇ ਹੋਇਆ। ਪ੍ਰਸਿੱਧ ਸ਼ਾਇਰ ਜਸਵਿੰਦਰ ਇਸ ਸੈਸ਼ਨ ਦੇ ਮੁੱਖ ਮਹਿਮਾਨ ਸਨ, ਜਦਕਿ ਪ੍ਰਧਾਨਗੀ ਡਾ. ਗੁਰਪ੍ਰੀਤ ਧੁੱਗਾ ਨੇ ਕੀਤੀ। ਮੁੱਖ ਬੁਲਾਰੇ ਡਾ. ਰਾਜੇਸ਼ ਸ਼ਰਮਾ ਨੇ ਸਾਹਿਤ ਦੀ ਪਰਿਭਾਸ਼ਾ, ਸਾਹਿਤਕਾਰ ਦੀ ਭੂਮਿਕਾ ਅਤੇ ਸਾਹਿਤ ਦੇ ਸਮਾਜ ਨਾਲ ਰਿਸ਼ਤੇ ਸਮੇਤ ਕਈ ਅਹਿਮ ਪੱਖਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਸ਼ਨ ਵਿੱਚ ਸਾਹਿਤ ਨੂੰ ਕੇਵਲ ਮਨੋਰੰਜਨ ਜਾਂ ਸ਼ਬਦਾਂ ਦੀ ਕਲਾਤਮਕ ਬਣਤਰ ਦੀ ਬਜਾਏ ਸਮਾਜਿਕ ਚੇਤਨਾ, ਮਨੁੱਖੀ ਸੰਵੇਦਨਾ ਅਤੇ ਸਮੇਂ ਦੀ ਗਵਾਹੀ ਵਜੋਂ ਵੇਖਣ ’ਤੇ ਜ਼ੋਰ ਦਿੱਤਾ ਗਿਆ।
ਚੌਥਾ ਸੈਸ਼ਨ ‘ਨਵੀਂ ਪੀੜ੍ਹੀ ਅਤੇ ਅਮਰੀਕਾ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਸਾਰ ਅਤੇ ਸਿੱਖਿਆ’ ਵਿਸ਼ੇ ਨੂੰ ਸਮਰਪਿਤ ਸੀ। ਇਸ ਦੇ ਮੁੱਖ ਮਹਿਮਾਨ ਬਲਵਿੰਦਰ ਲਾਲੀ ਧਨੋਆ ਸਨ ਅਤੇ ਪ੍ਰਧਾਨਗੀ ਡਾ. ਪਿਆਰਾ ਸਿੰਘ ਕੁੱਦੋਵਾਲ ਨੇ ਕੀਤੀ। ਇਸ ਸੈਸ਼ਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਨਵੀਂ ਪੀੜ੍ਹੀ ਨਾਲ ਸਬੰਧਤ ਕੁਝ ਬੱਚਿਆਂ ਨੇ ਖੁਦ ਪੰਜਾਬੀ ਭਾਸ਼ਾ ਸਿੱਖਣ ਦੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੀਆਂ ਗੱਲਾਂ ਨੇ ਇਹ ਅਹਿਸਾਸ ਕਰਵਾਇਆ ਕਿ ਵਿਦੇਸ਼ੀ ਧਰਤੀ ’ਤੇ ਪੰਜਾਬੀ ਦੀ ਅਗਲੀ ਪੀੜ੍ਹੀ ਨਾਲ ਸਾਂਝ ਬਣਾਉਣ ਲਈ ਪਰਿਵਾਰ, ਸਕੂਲ ਅਤੇ ਸਾਹਿਤਕ ਸੰਸਥਾਵਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ। ਇਨ੍ਹਾਂ ਸਾਰੇ ਸੈਸ਼ਨਾਂ ਦੌਰਾਨ ਡਾ. ਮੋਨੋਜੀਤ ਸਿੰਘ ਜੰਮੂ, ਡਾ. ਪ੍ਰਿਥੀਪਾਲ ਸਿੰਘ ਸੋਹੀ, ਡਾ. ਸੁਖਵਿੰਦਰ ਕੰਬੋਜ, ਭੁਪਿੰਦਰ ਮੱਲੀ, ਸੁਰਿੰਦਰ ਸੀਰਤ ਅਤੇ ਡਾ. ਬਲਜਿੰਦਰ ਸਵੈਚ ਨੇ ਵੀ ਵੱਖ-ਵੱਖ ਵਿਸ਼ਿਆਂ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ, ਇਸ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ, ਸਾਹਿਤ ਦੀ ਸਮਾਜਿਕ ਭੂਮਿਕਾ ਅਤੇ ਵਿਦੇਸ਼ਾਂ ਵਿੱਚ ਨਵੀਂ ਪੀੜ੍ਹੀ ਤੱਕ ਪੰਜਾਬੀ ਨੂੰ ਪਹੁੰਚਾਉਣ ਦੇ ਤਰੀਕਿਆਂ ਬਾਰੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕੀਤੇ।
ਕਾਨਫਰੰਸ ਦਾ ਅੰਤਿਮ ਪੜਾਅ ਸ਼ਾਇਰੀ ਦੇ ਰੰਗਾਂ ਨਾਲ ਸਰਸ਼ਾਰ ਸੀ। ਇੱਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਜਸਵਿੰਦਰ ਨੇ ਕੀਤੀ ਅਤੇ ਪਾਕਿਸਤਾਨ ਦੀ ਨਾਮਵਰ ਸ਼ਾਇਰਾ ਤਾਹਿਰਾ ਸਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁਕੇਸ਼ ਸ਼ਰਮਾ, ਗੁਰਪ੍ਰੀਤ ਸੋਹਲ (ਸਿਆਟਲ), ਲਖਵਿੰਦਰ ਕੌਰ ਲੱਕੀ, ਨਛੱਤਰ ਭੋਗਲ (ਇੰਗਲੈਂਡ), ਸੰਤੋਖ ਮਿਨਹਾਸ, ਅਮਰਜੀਤ ਸਿੰਘ ਜੌਹਲ, ਅਮਰਜੀਤ ਕੌਰ ਪੰਨੂੰ, ਅਮਰ ਸੂਫ਼ੀ, ਹਰਿੰਦਰ ਕੌਰ ਸੋਹੀ, ਪਿਆਰਾ ਸਿੰਘ ਕੁੱਦੋਵਾਲ, ਬਲਦੇਵ ਬਾਵਾ, ਡਾ ਬਿਕਰਮ ਸੋਹੀ, ਹਰਪ੍ਰੀਤ ਕੌਰ ਧੂਤ, ਕੁਲਵੰਤ ਸੇਖੋਂ, ਮਨਦੀਪ ਗੋਰਾ, ਦਿਲ ਨਿੱਜਰ, ਹਰਜੀਤ ਹਠੂਰ, ਗਗਨਦੀਪ ਮਾਹਲ, ਅੰਜੂ ਮੀਰਾ, ਹਰਜਿੰਦਰ ਮੱਟੂ, ਰਾਜਵੰਤ ਰਾਜ, ਹਰਜਿੰਦਰ ਕੰਗ, ਡਾ ਅੰਬਰੀਸ਼, ਸੁਰਜੀਤ ਸਖੀ, ਹਰਦਮ ਮਾਨ, ਸੁਖਵਿੰਦਰ ਕੰਬੋਜ, ਸੁਰਿੰਦਰ ਸੀਰਤ, ਜਸਵੀਰ ਗਿੱਲ, ਤਾਹਿਰਾ ਸਰਾ ਅਤੇ ਸ਼ਾਇਰ ਜਸਵਿੰਦਰ ਨੇ ਆਪਣੀਆਂ ਗ਼ਜ਼ਲਾਂ, ਨਜ਼ਮਾਂ ਅਤੇ ਗੀਤਾਂ ਨਾਲ ਬੌਧਿਕ ਮਾਹੌਲ ਵਿੱਚ ਕਾਵਿਕ ਰਸ ਘੋਲ ਦਿੱਤਾ। ਇਹਨਾਂ ਤੋ ਇਲਾਵਾ ਕਾਕਾ ਕਲੇਰ, ਸੁੱਖ ਗਿੱਲ, ਆਜ਼ੀਮ ਤੱਤਲਾ, ਗੁਲਸ਼ਨ ਦਿਆਲ, ਕਰਨੈਲ ਸਿੰਘ ਕੈਲ, ਐਸ਼ ਕੁਮ ਐਸ਼, ਚਰਨਜੀਤ ਸਿੰਘ ਪੰਨੂ, ਗੁਰਦੀਪ ਕਲਾਲਵਾਲਾ, ਜਸਵੰਤ ਸ਼ਾਦ, ਤਾਰਾ ਸਿੰਘ ਸਾਗਰ, ਮਨਜੀਤ ਕੌਰ ਸੇਖੋਂ, ਜੋਤ ਰਣਜੀਤ, ਹਰਜੀਤ ਹਮਸਫ਼ਰ, ਡਾ ਗੁਰਪ੍ਰੀਤ ਧੁੱਗਾ, ਸ਼ਾਇਰ ਕੁਲਵਿੰਦਰ, ਜਗਜੀਤ ਨੌਸ਼ਹਿਰਵੀ ਅਤੇ ਲਾਜ ਨੀਲਮ ਸੈਣੀ ਨੇ ਕਵੀ ਦਰਬਾਰ ਵਿੱਚ ਕਵੀਆਂ ਦੀ ਰਚਨਾਵਾਂ ਮਾਣੀਆਂ ਪਰ ਵਕਤ ਦੀ ਘਾਟ ਕਾਰਣ ਆਪਣਾ ਕਲਾਮ ਨਾ ਪੇਸ਼ ਕਰ ਸਕੇ। ਕਵੀ ਦਰਬਾਰ ਦੀ ਪ੍ਰਧਾਨਗੀ ਕੁਲਵਿੰਦਰ, ਸੁਰਿੰਦਰ ਸੀਰਤ, ਸੁਰਜੀਤ ਸਖੀ, ਸੁਖਵਿੰਦਰ ਕੰਬੋਜ, ਰਾਜਵੰਤ ਰਾਜ, ਡਾ ਅੰਬਰੀਸ਼ ਅਤੇ ਹਰਦਮ ਮਾਨ ਨੇ ਕੀਤੀ।
ਇਸ ਮੌਕੇ ਨਵੇਂ ਸਾਹਿਤਕ ਹਰਫ਼ਾਂ ਨੂੰ ਜੀ ਆਇਆਂ ਕਹਿੰਦਿਆਂ ਕੁਝ ਅਹਿਮ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ ਅਤੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਕਾਨਫਰੰਸ ਦੀ ਸਫ਼ਲਤਾ ਪਿੱਛੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ, ਨੀਲਮ ਲਾਜ ਸੈਣੀ, ਡਾ. ਹਰਿੰਦਰ ਕੌਰ ਸੋਹੀ, ਆਸ਼ਾ ਸ਼ਰਮਾ ਅਤੇ ਹਰਜਿੰਦਰ ਕੰਗ ਦਾ ਸੁਚੱਜਾ ਅਤੇ ਭਾਵਪੂਰਤ ਮੰਚ ਸੰਚਾਲਨ ਸੀ, ਜਿਨ੍ਹਾਂ ਨੇ ਪੂਰੇ ਪ੍ਰੋਗਰਾਮ ਨੂੰ ਇੱਕ ਲੜੀ ਵਿੱਚ ਪਰੋਈ ਰੱਖਿਆ।
ਸਮੁੱਚੇ ਤੌਰ ’ਤੇ ਇਹ ਕਾਨਫਰੰਸ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਸ਼ਵ ਪੱਧਰੀ ਸਰੋਕਾਰਾਂ ਨੂੰ ਸਮਝਣ, ਦੋਵਾਂ ਪੰਜਾਬਾਂ ਦੀ ਸਾਂਝੀ ਭਾਸ਼ਾਈ ਵਿਰਾਸਤ ਨੂੰ ਯਾਦ ਕਰਨ ਅਤੇ ਵਿਦੇਸ਼ਾਂ ਵਿੱਚ ਪਲ ਰਹੀ ਨਵੀਂ ਪੀੜ੍ਹੀ ਨਾਲ ਪੰਜਾਬੀ ਦਾ ਰਿਸ਼ਤਾ ਹੋਰ ਮਜ਼ਬੂਤ ਕਰਨ ਵੱਲ ਇੱਕ ਸਾਰਥਕ ਉਪਰਾਲਾ ਸਾਬਤ ਹੋਈ।

Leave a Reply

Your email address will not be published. Required fields are marked *

error: Content is protected !!