ਹੋਨਵੀਰ ਸਿੰਘ ਰੰਧਾਵਾ ਪੁਰਾਣੀ ਸਿਆਸੀ ਪਕੜ ਤੋਂ ਮੁਕਤ ਹੋ ਕੇ ਨਵੀਂ ਟੀਮ ਨੂੰ ਮੌਕਾ ਦੇਣ ਦੀ ਅਪੀਲ
ਸਰੀ, 5 ਅਕਤੂਬਰ (ਹਰਦਮ ਮਾਨ): ਸਰੀ ਦੀਆਂ ਮਿਊਂਸਿਪਲ ਚੋਣਾਂ ਦੀ ਤਾਰੀਖ ਨੇੜੇ ਆਉਂਦਿਆਂ ਸ਼ਹਿਰ ਦੀ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ। ਵੱਖ-ਵੱਖ ਸਲੇਟਾਂ ਵੱਲੋਂ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੀਟਿੰਗਾਂ ਅਤੇ ਰੈਲੀਆਂ ਦਾ ਦੌਰ ਜਾਰੀ ਹੈ। ਇਸੇ ਕੜੀ ਵਿੱਚ ਪਾਇਲ ਬਿਜ਼ਨਸ ਸੈਂਟਰ ਸਥਿਤ ਇੰਪਰੈਸ ਬੈਂਕੁਇਟ ਹਾਲ ਵਿੱਚ ਕੰਸਰਵੇਟਿਵ ਸਲੇਟ ਆਫ ਸਰੀ ਵੱਲੋਂ ਇੱਕ ਚੋਣ ਰੈਲੀ ਕੀਤੀ ਗਈ, ਜਿਸ ਵਿੱਚ ਸਲੇਟ ਦੇ ਉਮੀਦਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਥਕਾਂ ਅਤੇ ਸਥਾਨਕ ਵਸਨੀਕਾਂ ਨੇ ਸ਼ਮੂਲੀਅਤ ਕੀਤੀ। ਸਰੀ ਵਿੱਚ 17 ਅਕਤੂਬਰ ਨੂੰ ਮੇਅਰ, ਅੱਠ ਸਿਟੀ ਕੌਂਸਲਰ ਅਤੇ ਛੇ ਸਕੂਲ ਟਰੱਸਟੀਆਂ ਦੀ ਚੋਣ ਲਈ ਵੋਟਾਂ ਪੈਣੀਆਂ ਹਨ।
ਇਸ ਰੈਲੀ ਦੌਰਾਨ ਬੁਲਾਰਿਆਂ ਨੇ ਸਰੀ ਦੇ ਮੌਜੂਦਾ ਹਾਲਾਤ, ਸ਼ਹਿਰ ਦੇ ਭਵਿੱਖੀ ਵਿਕਾਸ, ਟੈਕਸਾਂ, ਸੁਰੱਖਿਆ, ਸੜਕਾਂ ਅਤੇ ਬੁਨਿਆਦੀ ਢਾਂਚੇ, ਕਾਰੋਬਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਥਾਨਕ ਸਰਕਾਰ ਦੀ ਜਵਾਬਦੇਹੀ ਵਰਗੇ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਮੀਦਵਾਰਾਂ ਨੇ ਕਿਹਾ ਕਿ ਤੇਜ਼ੀ ਨਾਲ ਵਧ ਰਹੇ ਸਰੀ ਨੂੰ ਅਜਿਹੇ ਪ੍ਰਸ਼ਾਸਨ ਦੀ ਲੋੜ ਹੈ ਜੋ ਲੋਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਸਮਝਣ ਦੇ ਨਾਲ-ਨਾਲ ਟੈਕਸਦਾਤਿਆਂ ਦੇ ਪੈਸੇ ਦੀ ਵਰਤੋਂ ਲਈ ਵੀ ਜਵਾਬਦੇਹ ਹੋਵੇ।
ਮੇਅਰ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਟੈਕਸਾਂ, ਸੁਰੱਖਿਆ ਅਤੇ ਲੋਕਾਂ ਨੂੰ ਬਿਹਤਰ ਨਗਰ ਸਹੂਲਤਾਂ ਦੇਣ ਨੂੰ ਆਪਣੀ ਮੁਹਿੰਮ ਦੀਆਂ ਮੁੱਖ ਤਰਜੀਹਾਂ ਦੱਸਿਆ। ਉਨ੍ਹਾਂ ਕਿਹਾ ਕਿ ਸਰੀ ਦੇ ਲੋਕ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਟੈਕਸ ਦਿੰਦੇ ਹਨ ਅਤੇ ਉਨ੍ਹਾਂ ਦੇ ਪੈਸੇ ਨੂੰ ਸ਼ਹਿਰ ਦੀਆਂ ਅਸਲ ਲੋੜਾਂ ’ਤੇ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਖਰਚ ਕਰਨਾ ਸਿਟੀ ਹਾਲ ਦੀ ਜ਼ਿੰਮੇਵਾਰੀ ਹੈ। ਰੰਦਾਵਾ ਦੀ ਚੋਣ ਮੁਹਿੰਮ ਵੱਲੋਂ ਵੀ ‘ਸੁਰੱਖਿਅਤ ਸਰੀ, ਘੱਟ ਟੈਕਸ ਅਤੇ ਮਜ਼ਬੂਤ ਸਰੀ’ ਨੂੰ ਮੁੱਖ ਸੁਨੇਹੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਸ. ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਸਰੀ ਦੀ ਮੌਜੂਦਾ ਸਿਆਸੀ ਵਿਵਸਥਾ ’ਤੇ ਵੀ ਸਵਾਲ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਲਗਭਗ ਦੋ-ਤਿੰਨ ਦਹਾਕਿਆਂ ਤੋਂ ਕੁਝ ਲੋਕ ਹੀ ਸਰੀ ਦੀ ਸਿਟੀ ਸਰਕਾਰ ਵਿੱਚ ਵੱਖ-ਵੱਖ ਰੂਪਾਂ ਵਿੱਚ ਪ੍ਰਭਾਵਸ਼ਾਲੀ ਰਹੇ ਹਨ ਅਤੇ ਹੁਣ ਵੋਟਰਾਂ ਨੂੰ ਇਹ ਵੀ ਸਵਾਲ ਕਰਨਾ ਚਾਹੀਦਾ ਹੈ ਕਿ ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਸ਼ਹਿਰ ਅਤੇ ਲੋਕਾਂ ਲਈ ਕੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੁਰਾਣੀ ਸਿਆਸੀ ਪਕੜ ਤੋਂ ਅੱਗੇ ਵਧਦਿਆਂ ਨਵੀਂ ਟੀਮ ਨੂੰ ਮੌਕਾ ਦਿੱਤਾ ਜਾਵੇ, ਜੋ ਸਰੀ ਦੇ ਵਸਨੀਕਾਂ ਦੀਆਂ ਲੋੜਾਂ ਅਤੇ ਸ਼ਹਿਰ ਦੇ ਵਿਕਾਸ ਨੂੰ ਆਪਣੀ ਤਰਜੀਹ ਬਣਾਏ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਤਰੱਕੀ ਸਿਰਫ਼ ਨਵੀਆਂ ਇਮਾਰਤਾਂ ਅਤੇ ਵੱਡੇ ਪ੍ਰਾਜੈਕਟਾਂ ਨਾਲ ਨਹੀਂ ਮਾਪੀ ਜਾ ਸਕਦੀ, ਸਗੋਂ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਮਿਲਣ ਵਾਲੀਆਂ ਸਹੂਲਤਾਂ, ਸੜਕਾਂ ਦੀ ਹਾਲਤ, ਆਵਾਜਾਈ, ਸੁਰੱਖਿਆ, ਕਾਰੋਬਾਰ ਲਈ ਸੁਖਾਵਾਂ ਮਾਹੌਲ ਅਤੇ ਜਨਤਕ ਥਾਵਾਂ ਦੀ ਸਹੀ ਸੰਭਾਲ ਵੀ ਸ਼ਹਿਰ ਦੇ ਵਿਕਾਸ ਦਾ ਅਹਿਮ ਹਿੱਸਾ ਹਨ। ਉਨ੍ਹਾਂ ਸਥਾਨਕ ਸਰਕਾਰ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਅਤੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ ’ਤੇ ਜ਼ੋਰ ਦਿੱਤਾ।
ਸਰੀ ਵਿੱਚ ਹਿੰਸਾ ਅਤੇ ਲੁੱਟਖੋਹ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ, ਕਾਰੋਬਾਰਾਂ ਅਤੇ ਜਨਤਕ ਥਾਵਾਂ ’ਤੇ ਸੁਰੱਖਿਅਤ ਮਹਿਸੂਸ ਕਰਵਾਉਣਾ ਮਹੱਤਵਪੂਰਨ ਹੈ। ਉਨ੍ਹਾਂ ਕਾਰੋਬਾਰੀਆਂ ਅਤੇ ਬਿਲਡਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਥਾਨਕ ਸਰਕਾਰ ਨੂੰ ਕਾਰੋਬਾਰੀ ਭਾਈਚਾਰੇ ਨਾਲ ਬਿਹਤਰ ਤਾਲਮੇਲ ਬਣਾਉਣ ਦੀ ਲੋੜ ਹੈ। ਬਜ਼ੁਰਗਾਂ ਲਈ ਜਨਤਕ ਥਾਵਾਂ ’ਤੇ ਬੁਨਿਆਦੀ ਸਹੂਲਤਾਂ, ਇੱਥੋਂ ਤੱਕ ਕਿ ਪਖਾਨਿਆਂ ਵਰਗੀਆਂ ਸਹੂਲਤਾਂ, ਉਪਲਬਧ ਕਰਵਾਉਣ ਦੀ ਗੱਲ ਵੀ ਉਨ੍ਹਾਂ ਕੀਤੀ।
ਰੈਲੀ ਨੂੰ ਕੌਂਸਲ ਉਮੀਦਵਾਰ ਹਰਕੀਰਤ ਸਿੱਧੂ, ਰਿੱਕੀ ਬਾਜਵਾ, ਕੋਡਰ ਪੁਲਰ, ਮਨੂ ਸ਼ਰਮਾ, ਮੇਹਨਾਜ ਜਾਵੇਦ, ਕੈਲਵਿਨ ਵੈਂਡਰਪਲੋਗ, ਡੋਨਾ ਹੁ ਅਤੇ ਡੈਨ ਬੀ. ਕਾਰਲੋਜ਼ ਨੇ ਵੀ ਸੰਬੋਧਨ ਕੀਤਾ। ਇਹਨਾਂ ਉਮੀਦਵਾਰਾਂ ਨੇ ਆਪਣੇ-ਆਪਣੇ ਹਲਕਿਆਂ ਅਤੇ ਸ਼ਹਿਰ ਨਾਲ ਜੁੜੇ ਮੁੱਦਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਰੀ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਯੋਜਨਾਬੱਧ ਵਿਕਾਸ, ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸੁਰੱਖਿਆ ਅਤੇ ਟੈਕਸਦਾਤਿਆਂ ਦੇ ਪੈਸੇ ਦੀ ਜਵਾਬਦੇਹ ਵਰਤੋਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
