Oct 6, 2026
ਬੀਸੀ ‘ਚ ਚੋਣਾਂ ਲੜ ਰਹੇ ਉਮੀਦਵਾਰਾਂ ‘ਤੇ ‘ਗੁਰੂ ਨਾਨਕ ਜਹਾਜ਼ ਦੇ ਸਹੀ ਨਾਂ ਅਤੇ ਇਤਿਹਾਸ’ ਦੀ ਬਹਾਲੀ ਲਈ ਜ਼ੋਰ –
ਵੈਨਕੂਵਰ (ਜੋਗਿੰਦਰ ਸਿੰਘ) ਗੁਰੂ ਨਾਨਕ ਜਹਾਜ਼ ਦੇ ਬਜ ਬਜ ਘਾਟ ਦੇ ਸ਼ਹੀਦੀ ਸਾਕੇ ਦੀ 112ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਗੁਰੂ ਨਾਨਕ ਜਹਾਜ਼ ਯਾਦਗਾਰੀ ਸਮਾਰਕ ਵੈਨਕੂਵਰ ਵਿਖੇ, ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵੱਲੋਂ ਸਮਾਗਮ ਰੱਖੇ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਕ ਸੰਸਥਾਵਾਂ ਦੇ ਕੈਨੇਡੀਅਨ ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿੱਚ ‘ਗੁਰੂ ਨਾਨਕ ਜਹਾਜ਼’ ਯਾਦਗਾਰੀ ਸਥਾਨ ‘ਤੇ, ਪ੍ਰੋਫੈਸਰ ਅਮਰੀਕ ਸਿੰਘ ਫੁੱਲ ਦੀ ਅਗਵਾਈ ਵਿੱਚ ਸਿੱਖ ਅਕੈਡਮੀ ਦੇ ਐਲੀਮੈਂਟਰੀ ਅਤੇ ਮਿਡਲ ਸਕੂਲ ਅਤੇ ‘ਅਕਾਲ ਅਕੈਡਮੀ’ ਦੇ ਵਿਦਿਆਰਥੀਆਂ ਗੁਰਬਾਣੀ ਪਾਠ ਸ਼ਬਦ ਕੀਰਤਨ ਅਤੇ ਸਿਮਰਨ ਰਾਹੀਂ ਸਮੁੰਦਰ ਦੀਆਂ ਲਹਿਰਾਂ ਅਤੇ ਹਵਾ ਦੀਆਂ ਤਰੰਗਾਂ ਵਿੱਚ ਰੂਹਾਨੀ ਰਸ ਘੋਲ਼ ਦਿੱਤਾ। ਸ਼ਹੀਦੀ ਸਮਾਗਮ ਵਿੱਚ ਹਾਜ਼ਰੀਨ, ਬਜ-ਬਜ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ 19 ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ।
         ਸ਼ਹੀਦੀ ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਗਦਰ ਮੈਮੋਰੀਅਲ ਸੁਸਾਇਟੀ ਆਫ਼ ਬੀ.ਸੀ. ਕੈਨੇਡਾ ਦੀ ਅਗਵਾਈ ਅਤੇ ਵਿਰਸੇ ਪ੍ਰਤੀ ਪਿਆਰ ਨੇ ਵੱਖ-ਵੱਖ ਪੀੜ੍ਹੀਆਂ ਨੂੰ ਇਕੱਠਾ ਕੀਤਾ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਨ ਅਤੇ ਸਮਝ ਨਾਲ ਆਪਣੇ ਇਤਿਹਾਸ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ। ਇਹ ਯਾਦਗਾਰੀ ਸਮਾਗਮ ਸੰਨ 1914 ਵਿੱਚ ਜਪਾਨੀ ‘ਕਾਮਾਗਾਟਾਮਾਰੂ ਸਟੀਮਸ਼ਿਪ ਕੰਪਨੀ’ ਤੋਂ, ਛੇ ਮਹੀਨੇ ਲਈ 66 ਹਜ਼ਾਰ ਡਾਲਰ ਵਿੱਚ ਕਰਾਏ ‘ਤੇ ਲਏ ਸਮੁੰਦਰੀ ਜਹਾਜ਼ ਦੇ, ਬਾਬਾ ਗੁਰਦਿਤ ਸਿੰਘ ਅਤੇ ਸਮੂਹ ਸੰਗਤਾਂ ਵੱਲੋਂ ਰੱਖੇ ਗਏ ਨਾਂ ‘ਗੁਰੂ ਨਾਨਕ ਜਹਾਜ਼’ ਦੇ ਮੁਸਾਫ਼ਿਰਾਂ ਦੀ ਚੜ੍ਹਦੀ ਕਲਾ ਦੀ ਯਾਤਰਾ’ ਨੂੰ ਸਮਰਪਿਤ ਸਨ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਹਿਤ ਪ੍ਰਕਾਸ਼, ਝੂਲਦੇ ਨਿਸ਼ਾਨ ਸਾਹਿਬ ਦੀ ਸ਼ਾਨ, ਗੁਰਬਾਣੀ ਦਾ ਗੂੰਜਦਾ ਪ੍ਰਵਾਹ ਅਤੇ ਗੁਰੂ ਦੇ ਲੰਗਰ ਰਾਹੀਂ ਸੰਗਤ ਤੇ ਪੰਗਤ ਦੀ ਸੇਵਾ ਸ਼ਾਮਲ ਸੀ।
        ਗੁਰੂ ਨਾਨਕ ਜਹਾਜ਼ ਦੇ 112ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਸ਼ਾਮਿਲ ਸਿੱਖ ਅਕੈਡਮੀ ਸਰੀ ਦੇ ਪ੍ਰਿੰਸੀਪਲ ਬਲਜੀਤ ਸਿੰਘ ਧਾਲੀਵਾਲ, ਗਾਦਰ ਮੈਮੋਰਗਿਲ ਸੁਸਾਇਟੀ ਕੈਨੇਡਾ ਦੇ ਨੁਮਾਇੰਦੇ ਇੰਜੀਨੀਅਰ ਜਗਰੂਪ ਸਿੰਘ ਖੇੜਾ, ਅਕਾਲ ਅਕੈਡਮੀ ਸਰੀ ਦੇ ਸੇਵਾਦਾਰ ਅਵਤਾਰ ਸਿੰਘ ਗਿੱਲ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬੀਸੀ ਕੈਨੇਡਾ ਦੇ ਡਾ ਗੁਰਵਿੰਦਰ ਸਿੰਘ ਤੇ ਰਾਜ ਸਿੰਘ ਭੰਡਾਲ (ਵਣਜਾਰਾ ਨੋਮੈਡ ਕਲੈਕਸ਼ਨਜ਼), ਬੀਸੀ ਵਿੱਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦਾ ਕੇਸ ਜਿੱਤਣ ਵਾਲੇ ਭਾਈ ਅਵਤਾਰ ਸਿੰਘ ਢਿੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਡੀਨ ਡਾ ਕੁਲਵੰਤ ਸਿੰਘ ਥਿੰਦ, ਸਿੱਖ ਅਕੈਡਮੀ ਸਰੀ ਦੀ ਮੁਖੀ ਬੀਬੀ ਅਮਨਦੀਪ ਕੌਰ ਢੀਂਡਸਾ ਅਤੇ ਪੰਥਕ ਸ਼ਖਸੀਅਤ ਭਾਈ ਅਰਸ਼ਬੀਰ ਸਿੰਘ ਮਾਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇੱਕ ਸਦੀ ਤੋਂ ਵੱਧ ਸਮੇਂ ਬਾਅਦ, ਇਸ ਇਤਿਹਾਸ ਨੂੰ ਅੱਗੇ ਵਧਾਉਣ ਦਾ ਅਰਥ, ਇਸ ਦੇ ਅਸਲ ਨਾਂ ‘ਗੁਰੂ ਨਾਨਕ ਜਹਾਜ਼’ ਦਾ ਸਤਿਕਾਰ ਕਰਨਾ ਹੈ।
        ਇਨੀਂ ਦਿਨੀਂ ਬ੍ਰਿਟਿਸ਼ ਕਲੰਬੀਆ ਦੀਆਂ ਸੂਬਾਈ ਅਤੇ ਸ਼ਹਿਰੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ, ਬੁਲਾਰਿਆਂ ਨੇ ਸਪੱਸ਼ਟ ਰੂਪ ਵਿੱਚ ਮੰਗ ਕੀਤੀ ਕਿ ਕੈਨੇਡਾ ਦੇ ਸ਼ਹਿਰੀ, ਸੂਬਾਈ ਅਤੇ ਕੌਮੀ ਇਤਿਹਾਸਕ ਰਿਕਾਰਡ ਵਿੱਚ ਗੁਰੂ ਨਾਨਕ ਜਹਾਜ਼ ਨਾਂ ਅਤੇ ਇਸਦੇ ਪੂਰਨ ਇਤਿਹਾਸਕ ਸੰਦਰਭ ਨੂੰ ਮਾਨਤਾ ਪਾਉਣ ਲਈ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਬਚਨਬੱਧ ਹੋਣ। ‘ਸਹੀ ਪਛਾਣ ਅਤੇ ਇਤਿਹਾਸਿਕ ਸੁਧਾਰ’ ਹੀ ਸੁਲਹ-ਸਫਾਈ (reconciliation) ਦਾ ਸਹੀ ਅਤੇ ਸੁਚੱਜਾ ਤਰੀਕਾ  ਹਨ। ਉਹਨਾਂ ਭਾਵਪੂਰਤ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਨਾਨਕ ਜਹਾਜ ਦੇ ਸਹੀ ਨਾਂ ਦੀ ਬਹਾਲੀ ਨੂੰ ਦਸਤਾਵੇਜ਼ੀ ਰੂਪ ਦੇਣ ਅਤੇ ਸਾਂਝਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਨ, ਜੋ ਇਸ ਦੀ ਭਾਵਨਾ ਨੂੰ ‘ਚੜ੍ਹਦੀ ਕਲਾ’ ਵਿੱਚ ਅੱਗੇ ਵਧਾ ਰਹੇ ਹਨ। ਕਰੀਬ ਦੋ ਘੰਟੇ ਚੱਲੇ ਸਮਾਗਮ ਵਿੱਚ ਸੰਗਤਾਂ ਨੇ ਉਤਸ਼ਾਹ ਦਿਖਾਇਆ।
    ਗੁਰੂ ਨਾਨਕ ਜਹਾਜ ਮੈਮੋਰੀਅਲ ਵੈਨਕੂਵਰ ਵਿਖੇ ਨਗਾਰਿਆਂ ਤੇ ਜੈਕਾਰਿਆਂ ਦੀ ਗੂੰਜ ਵਿੱਚ ਪਾਠ, ਸ਼ਬਦ ਕੀਰਤਨ ਅਤੇ ਢਾਡੀ ਵਾਰਾਂ ਹੋਈਆਂ। ਅਖ਼ੀਰ ਵਿੱਚ ਭਾਈ ਭੁਪਿੰਦਰ ਸਿੰਘ ਫੁੱਲ ਦੁਆਰਾ ਸ਼ਹੀਦਾਂ ਦੀ ਅਰਦਾਸ ਹੋਈ। ਸਮਾਗਮ ਚ ਹਾਜ਼ਰ ਸੰਗਤਾਂ ਲਈ ਭਾਈ ਜੋਗਰਾਜ ਸਿੰਘ ਕਾਹਲੋਂ, ਸਿੰਘ ਪੀਜ਼ਾ ਵੱਲੋਂ ਸੇਵਾ ਕੀਤੀ ਗਈ। ਗਦਰ ਮਮੋਰੀਅਲ ਸੁਸਾਇਟੀ ਬੀਸੀ ਕੈਨੇਡਾ ਵੱਲੋਂ ਡਾ ਸੁਰਿੰਦਰਜੀਤ ਸਿੰਘ ਭੇਲਾ੍ ਨੇ ਪ੍ਰਭਾਵਸ਼ਾਲੀ ਵਿਚਾਰ ਦਿੱਤੇ ਅਤੇ ਸਮਾਗਮ ਵਿੱਚ ਸ਼ਾਮਿਲ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
ਤਸਵੀਰਾਂ : ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਮਾਗਮ ਮੌਕੇ ਸ਼ਾਮਿਲ ਬੁਲਾਰੇ ਤੇ ਸ਼ਬਦ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਹਾਜ਼ਰੀ ਲਵਾਉਂਦੇ ਹੋਣਹਾਰ ਸਿੱਖ ਬੱਚੇ।

Leave a Reply

Your email address will not be published. Required fields are marked *

error: Content is protected !!