ਸਰੀ (ਦੇ ਪ੍ਰ ਬਿ)- ਸਰੀ ਸਿਟੀ ਚੋਣ ਵਿਚ ਟਰੌਏ ਵੈਨ ਵਲੀਟ ਦੀ ਅਗਵਾਈ ਵਾਲੀ ‘ਸਰੀ ਨਾਓ’ ਸਲੇਟ ਵੱਲੋਂ ਸਕੂਲ ਟਰੱਸਟੀ ਦੇ ਉਮੀਦਵਾਰ ਜੌਨ ਬੈਨੋਵਿਚ ਨੇ ਦੱਸਿਆ ਕਿ ਉਸਦਾ ਬੋਰਡ ਕਿਸੇ ਸ਼ਰਾਰਤੀ ਨੇ ਤੋੜ ਦਿੱਤਾ ਹੈ। ਬੈਨੋਵਿਚ ਦਾ ਦਾਅਵਾ ਹੈ ਕਿ ਕੁਝ ਸ਼ਰਾਰਤੀ ਅਨਸਰ ਪੂਰੇ ਸ਼ਹਿਰ ਵਿੱਚ ‘ਸਰੀ ਨਾਓ’ ਦੇ ਬੋਰਡਾਂ ਨੂੰ ਨੁੁਕਸਾਨ ਪਹੁੰਚਾ ਰਹੇ ਹਨ। ਉਹਨਾਂ ਹੋਰ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ‘ਸਰੀ ਨਾਓ’ ਦੇ ਸੈਂਕੜੇ ਬੋਰਡ ਤੋੜੇ ਗਏ ਹਨ।
ਬੈਨੋਵਿਚ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ , “ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਸਾਰੇ ਬੋਰਡ ਹਟਾ ਦਿੱਤੇ ਜਾਂਦੇ ਹਨ। ਇਹ ਸਿਰਫ਼ ਸਾਡੇ ਨਾਲ ਹੀ ਨਹੀਂ ਹੋ ਰਿਹਾ, ਸਗੋਂ ਦੂਜੀਆਂ ਪਾਰਟੀਆਂ ਨਾਲ ਵੀ ਹੋ ਰਿਹਾ ਹੈ, ਪਰ ਅਸੀਂ ਦੇਖ ਰਹੇ ਹਾਂ ਕਿ ਸਾਡੇ ਬੋਰਡ ਵਧੇਰੇ ਗਾਇਬ ਹੋ ਰਹੇ ਹਨ।”
ਉਨ੍ਹਾਂ ਅੱਗੇ ਕਿਹਾ, “ਮੈਂ ਕੰਸਰਵੇਟਿਵ ਪਾਰਟੀ ਦੇ ਵੀ ਕੁਝ ਬੋਰਡ ਵੀ ਡਿੱਗੇ ਹੋਏ ਦੇਖੇ ਹਨ, ਇਸ ਲਈ ਸਿਰਫ਼ ਸਾਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ।”
ਫੇਸਬੁੱਕ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ, ‘ਸਰੀ ਨਾਓ’ ਵੱਲੋਂ ਮੇਅਰ ਦੇ ਉਮੀਦਵਾਰ ਟ੍ਰੌਏ ਵੈਨ ਵਲੀਟ ਨੇ ਵੀ ਕਿਹਾ ਕਿ ਉਨ੍ਹਾਂ ਦੇ ਪੈਨਲ ਦੇ ਬੋਰਡ ਗਾਇਬ ਹੋ ਰਹੇ ਹਨ।
ਵੈਨ ਵਲੀਟ ਨੇ ਵੀਡੀਓ ਵਿੱਚ ਕਿਹਾ, “ਉਹਨਾਂ ਦੇ ਸਮਰਥਕ ਉਹਨਾਂ ਦੇ ਬੋਰਡ ਆਪਣੇ ਘਰਾਂ ਦੇ ਅਗਲੇ ਵਿਹੜੇ ਵਿੱਚ ਲਗਾਉਂਦੇ ਹਨ ਅਤੇ ਅਗਲੇ ਦਿਨ ਉਹ ਦੇਖਦੇ ਹਨ ਕਿ ਇਹ ਗਾਇਬ ਹਨ।”
ਉਨ੍ਹਾਂ ਕਿਹਾ ਕਿ ਸ਼ਹਿਰ ਭਰ ਵਿੱਚ ‘ਵੋਟ ਫਾਰ ਸਰੀ ਨਾਓ’ (Vote for Surrey Now) ਵਾਲੇ ਹੋਰ ਵੱਡੇ ਬੋਰਡ ਵੀ ਗਾਇਬ ਹੋ ਰਹੇ ਹਨ।ਦੂਸਰੇ ਪਾਸੇ ‘ਸਰੀ ਫਸਟ’ ਵੱਲੋਂ ਮੇਅਰ ਦੀ ਉਮੀਦਵਾਰ ਲਿੰਡਾ ਐਨਿਸ ਨੇ ਕਿਹਾ ਕਿ ਉਨ੍ਹਾਂ ਦੀ ਸਲੇਟ ਨੂੰ ਆਪਣੀ ਚੋਣ ਮੁਹਿੰਮ ਦੇ ਬੋਰਡਾਂ ਨਾਲ ਕੋਈ ਸਮੱਸਿਆ ਨਹੀਂ ਆਈ ਹੈ।
ਐਨਿਸ ਨੇ ਕਿਹਾ, “ਸਾਨੂੰ ਆਪਣੇ ਬੋਰਡਾਂ ਨਾਲ ਅਸਲ ਵਿੱਚ ਕੋਈ ਸਮੱਸਿਆ ਨਹੀਂ ਆਈ ਹੈ। ਅਸੀਂ ਜਿਸ ਗੱਲ ਦਾ ਬਹੁਤ ਧਿਆਨ ਰੱਖਿਆ ਹੈ, ਉਹ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਸ਼ਹਿਰ ਦੀ ਕਿਸੇ ਜਾਇਦਾਦ ‘ਤੇ ਆਪਣੇ ਬੋਰਡ ਨਾ ਲਗਾਈਏ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਕਿਸੇ ਦੀ ਨਿੱਜੀ ਜਾਇਦਾਦ ‘ਤੇ ਬੋਰਡ ਲਗਾਉਣ ਤੋਂ ਪਹਿਲਾਂ ਅਸੀਂ ਉੱਥੋਂ ਦੇ ਵਸਨੀਕਾਂ ਤੋਂ ਮਨਜ਼ੂਰੀ ਲਈਏ।”
ਸ਼ਹਿਰ ਦੇ ਨਿਯਮ ਸ਼ਹਿਰੀ ਜਾਇਦਾਦ ‘ਤੇ ਬੋਰਡ ਲਗਾਉਣ ਦੀ ਮਨਾਹੀ ਕਰਦੇ ਹਨ। “ਜਦੋਂ ਅਸੀਂ ਲੋਕਾਂ ਦੇ ਘਰਾਂ ਦੇ ਬਾਹਰ ਬਣੇ ਘਾਹ ਵਾਲੇ ਲਾਅਨ ‘ਤੇ ਆਪਣੇ ਚੋਣ-ਚਿੰਨ੍ਹ ਵਾਲੇ ਬੋਰਡ ਲਗਾਉਂਦੇ ਹਾਂ, ਤਾਂ ਅਕਸਰ ਲੋਕ ਸੋਚਦੇ ਹਨ ਕਿ ਫੁੱਟਪਾਥ ਦੇ ਬਿਲਕੁਲ ਨਾਲ ਲੱਗਦੀ ਉਹ ਥਾਂ ਉਨ੍ਹਾਂ ਦੀ ਆਪਣੀ ਜਾਇਦਾਦ ਹੈ—ਕਿਉਂਕਿ ਉਹ ਉੱਥੇ ਘਾਹ ਕੱਟਣ ਅਤੇ ਹੋਰ ਦੇਖਭਾਲ ਦਾ ਕੰਮ ਕਰਦੇ ਹਨ—ਪਰ ਅਸਲ ਵਿੱਚ ਉਹ ਨਿੱਜੀ ਜਾਇਦਾਦ ਨਹੀਂ ਹੁੰਦੀ।”
