ਬਰਨਬੀ- ਨਵੰਬਰ 2002 ਨੂੰ ਵੈਨਕੂਵਰ ਦੇ ਗਵਾਂਢੀ ਸ਼ਹਿਰ ਬਰਨਬੀ ਵਿਚ ਸੈਵ ਧਾਲੀਵਾਲ ਸਿਟੀ ਕੌਂਸਲ ਦੀਆਂ ਚੋਣਾਂ ਜਿਤਕੇ ਬਰਨਬੀ ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਬਣੇ ਸਨ। ਧਾਲੀਵਾਲ ਦਾ ਪਿਛਲੇ ਢਾਈ ਦਹਾਕਿਆਂ ਦਾ ਸਫ਼ਰ ਬਰਨਬੀ ਸਿਟੀ ਕੌਂਸਲ ਵਿਚ ਨਵੇਂ ਵਿਚਾਰਾਂ, ਦੱਬੇ ਕੁਚਲੇ ਲੋਕਾਂ ਦੀ ਪੈਰਵੀ ਕਾਰਨ ਵਾਲਾ, ਤੇ ਉਤਸ਼ਾਹ ਭਰਪੂਰ ਰਿਹਾ ਹੈ। ਪੰਜਾਬ ਵਿਚ ਜੰਮੇ ਪਾਲੇ ਤੇ ਇੱਕ ਕਿਸਾਨੀ ਪਰਿਵਾਰ ਵਿਚ ਵੱਡੇ ਹੋਏ, ਤੇ ਬਚਪਨ ਤੋਂ ਹੀ ਮਿਹਨਤ ਕਾਰਨ ਦੇ ਆਦੀ ਧਾਲੀਵਾਲ 2026 ਦੇ ਵਿਚ ਚੋਣਾਂ ਨਹੀਂ ਲੜ ਰਹੇ। ਉਹਨਾਂ ਨੇ ਸਰਗਰਮ ਰਾਜਨੀਤੀ ਨੂੰ ਅਲਵਿਦਾ ਕਹਿੰਦਿਆਂ ਇਥੋਂ ਸੀਬੀਸੀ ਦੇ ਸਾਬਕਾ ਪੱਤਰਕਾਰ ਕਿਰਨ ਸਿੰਘ ਨੂੰ ਸਿਟੀ ਕੌਂਸਲ ਚੋਣਾਂ ਵਿਚ ਸਮਰਥਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ “ਮੈਨੂੰ ਬਰਨਬੀ ਕੌਂਸਲ ਦੇ ਉਮੀਦਵਾਰ ਕਿਰਨ ਸਿੰਘ ਲਈ ਆਪਣਾ ਸਮਰਥਨ ਜ਼ਾਹਰ ਕਰਦਿਆਂ ਖੁਸ਼ੀ ਹੋ ਰਹੀ ਹੈ। ਇੱਕ ਨਿਊਜ਼ ਰਿਪੋਰਟਰ ਅਤੇ ਨਿਰਮਾਤਾ ਵਜੋਂ ਆਪਣੇ ਕੰਮ ਰਾਹੀਂ ਉਸਨੂੰ ਬਰਨਬੀ ਦੇ ਵਸਨੀਕਾਂ ਦੇ ਮੁੱਦਿਆਂ ਦੀ ਡੂੰਘੀ ਸਮਝ ਹੈ। ਮੈਨੂੰ ਯਕੀਨ ਹੈ ਕਿ ਕਿਰਨ ਕੌਂਸਲ ਵਿੱਚ ਅਸੂਲ-ਪਸੰਦ ਅਤੇ ਪ੍ਰਭਾਵਸ਼ਾਲੀ ਅਗਵਾਈ ਲੈ ਕੇ ਆਉਣਗੇ।
ਕਿਰਨ ਸਿੰਘ, ਜੋ ਲੰਮੇ ਸਮੇਂ ਤੋਂ ਬਰਨਬੀ ਦਾ ਵਸਨੀਕ ਹੈ, ਹੁਣ ਬਰਨਬੀ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਬਰਨਬੀ ਸਿਟੀਜੈਨਸ ਐਸੋਸੀਏਸ਼ਨ ਦੇ ਝੰਡੇ ਥੱਲੇ ਸਿਟੀ ਕੌਂਸਲ ਵਾਸਤੇ ਖੜ੍ਹਾ ਹੈ। ਸਿੰਘ ਪੇਸ਼ੇ ਵਜੋਂ ਸੀ ਬੀ ਸੀ ਪੱਤਰਕਾਰ ਹੈ, ਤੇ ਤਕਰੀਬਨ ਇੱਕ ਦਹਾਕੇ ਤੋਂ ਉਸਨੇ ਇਸ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਹੈ। ਸਿੰਘ, ਜਿਸਨੇ ਆਪਣੀ ਰਿਪੋਰਟਿੰਗ ਵਾਸਤੇ ਕਈ ਰਾਸ਼ਟਰੀ ਤੇ ਸੂਬਾਈ ਪੁਰਸਕਾਰ ਜਿੱਤੇ ਹਨ। ਉਹਨਾਂ ਸੈਵ ਧਾਲੀਵਾਲ ਵਲੋਂ ਮਿਲੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਮੈ ਸੈਵ ਧਾਲੀਵਾਲ ਦੇ ਪਾਏ ਹੋਏ ਪੂਰਨਿਆਂ ਤੇ ਖਰਾ ਉੱਤਰ ਸਕਾਂਗਾ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਮੈਨੂੰ ਇਹਨਾਂ ਚੋਣਾਂ ਵਿਚ ਭਾਈਚਾਰੇ ਦਾ ਸਹਿਯੋਗ ਮਿਲੇਗਾ ਤਾਂ ਜੋ ਮੈਂ ਬਰਨਬੀ ਨਿਵਾਸੀਆਂ ਦੇ ਦੁੱਖ ਤਕਲੀਫ ਸੁਣ ਕੇ ਉਹਨਾਂ ਦਾ ਹੱਲ ਲੱਭਣ ਵਿਚ ਉਹਨਾਂ ਦੀ ਮਦਦ ਕਰ ਸਕਾਂ।
