ਵੈਨਕੂਵਰ ( ਮਨਜਿੰਦਰ ਪੰਨੂ )-ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਲਈ ਅਨੇਕਾਂ ਆਗੂਆਂ ਨੇ ਕਮਰ ਕੱਸੇ ਕਰ ਲਏ ਹਨ। ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜੋ ਵਿਦੇਸ਼ਾਂ ਵਿੱਚ ਵੀ ਪਾਰਟੀ ਲਈ ਸੇਵਾਵਾਂ ਨਿਭਾ ਰਹੇ ਹਨ ਤੇ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਨਾਲ ਸਬੰਧ ਰੱਖਣ ਵਾਲੇ ਕਮਲ ਧਾਲੀਵਾਲ ਜੋ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਵਾ ਦੇ ਖੇਮੇ ਵਿੱਚੋਂ ਹਨ ਤੇ ਉਹ ਲੰਮੇ ਸਮੇਂ ਤੋਂ ਯੂਕੇ ਦੇ ਵਸਨੀਕ ਹਨ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਿਆਸੀ ਮੰਚ ਦੇ ਉੱਪਰ ਆਪਣੀ ਦਸਤਕ ਦੇ ਰਹੇ ਹਨ। ਕਮਲ ਧਾਲੀਵਾਲ ਇਸ ਵੇਲੇ ਕਨੇਡਾ ਦੇ ਵੈਨਕੂਵਰ ਫੇਰੀ ਉੱਤੇ ਹਨ ਜਿੱਥੋਂ ਉਹ ਕਾਂਗਰਸ ਨਾਲ ਸੰਬੰਧਿਤ ਇਕਾਈਆਂ ਦੇ ਵਿੱਚ ਪੰਜਾਬ ਸਬੰਧੀ ਚੋਣ ਪ੍ਰਚਾਰ, ਰਾਏ ਮਸ਼ਵਰਾ ਲੈਣ ਲਈ ਪੁੱਜੇ ਹੋਏ ਹਨ। ਉਹਨਾਂ ਦੀ ਵੈਨਕੂਵਰ ਫੇਰੀ ਦਾ ਪ੍ਰੋਗਰਾਮ ਬਣਾਉਣ ਵਾਲੇ ਤੇ ਵੱਖ-ਵੱਖ ਅਦਾਰਿਆਂ ਸੰਸਥਾਵਾਂ ਦੇ ਵਿੱਚ ਜੋੜਨ ਵਾਲਿਆਂ ਵਿੱਚ ਸੁਖਦੇਵ ਸਿੰਘ ਸ਼ਾਹੀ ਸਾਬਕਾ ਸਰਪੰਚ ਖਾਨਪੁਰ ਮੁੰਡੀਆਂ, ਹਰਜੋਤ ਸਿੰਘ ਸਿੰਘ ਸੰਧੂ ਸਾਹਨੇਵਾਲ, ਮੱਖਣ ਸਿੰਘ ਰਾਣੋ, ਬਲਜਿੰਦਰ ਸੱਤਾ ਮਲੇਰਕੋਟਲਾ, ਸੁਰਿੰਦਰ ਪਾਲ ਗਰੇਵਾਲ ਤਾਜਪੁਰ, ਜੋਤ ਸੋਹੀ ਫਰਵਾਲੀ, ਅਮਨ ਗਰੇਵਾਲ ਅਹਿਮਦਗੜ੍ਹ ਸੋਨੂ ਮਹਿਲ ਕਲਾਂ ਤੇ ਹੋਰ ਐਨਆਰਆਈ ਭਰਾਵਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਉਪਰੰਤ ਲੈਂਗਲੀ ਬੈਂਕੁਇਟ ਹਾਲ ਵਿਚ ਮੀਟ ਐਂਡ ਗਰੀਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਹਲਕਾ ਅਮਰਗੜ ਅਤੇ ਹੋਰ ਸਮਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਪ੍ਰੋਗਰਾਮ ਦਾ ਬਾਦ ਕਮਲ ਧਾਲੀਵਾਲ ਵਲੋਂ ਐਬਸਫੋਰਡ ਵਿਖੇ ਵਿਰਾਸਤੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਿਥੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਤੇ ਹੋਰਾਂ ਨੇ ਉਹਨਾਂ ਦਾ ਸਵਾਗਤ ਤੇ ਸਨਮਾਨ ਕੀਤਾ।
