ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ 24 ਅਕਤੂਬਰ ਨੂੰ ਹੋਣ ਵਾਲੀਆਂ ਅਚਨਚੇਤੀ ਸੂਬਾਈ ਚੋਣਾਂ ਸਬੰਧੀ ਵੱਖ ਵੱਖ ਸਿਆਸੀ ਧਿਰਾਂ ਵੱਲੋਂ ਜਾਰੀ ਚੋਣ ਪ੍ਰਚਾਰ ਤੀਜੇ ਹਫ਼ਤੇ ਵਿੱਚ ਦਾਖ਼ਲ ਹੋ ਗਿਆ ਹੈ। ਐੱਨਡੀਪੀ ਆਗੂ ਡੇਵਿਡ ਈਬੀ ਨੇ ਕਿਹਾ ਹੈ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਉਨ੍ਹਾਂ ਦਾ ਫ਼ੈਸਲਾ ਸਹੀ ਸੀ ਕਿਉਂਕਿ ਸੂਬੇ ਨੂੰ ਮੌਜੂਦਾ ਆਰਥਿਕ ਤੇ ਸਿਆਸੀ ਹਾਲਾਤ ਵਿੱਚ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਲੋੜ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਈਬੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪੈਦਾ ਹੋਏ ਵਪਾਰਕ ਤਣਾਅ, ਬੀ.ਸੀ. ਕੰਸਰਵੇਟਿਵਾਂ ਨਾਲ ਚੋਣ ਮੁਕਾਬਲੇ ਅਤੇ ਸੂਬੇ ਵਿੱਚ ਤਰਲ ਕੁਦਰਤੀ ਗੈਸ (ਐੱਲਐੱਨਜੀ) ਉਦਯੋਗ ਸਮੇਤ ਕਈ ਅਹਿਮ ਮੁੱਦਿਆਂ ਬਾਰੇ ਆਪਣਾ ਪੱਖ ਸਪਸ਼ਟ ਕੀਤਾ
ਈਬੀ ਵੱਲੋਂ ਅਚਨਚੇਤੀ ਚੋਣਾਂ ਦਾ ਐਲਾਨ ਕੀਤੇ ਜਾਣ ਨੂੰ ਲਗਭਗ ਦੋ ਹਫ਼ਤੇ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰਕ ਟਕਰਾਅ ਅਤੇ ਬਦਲ ਰਹੇ ਆਰਥਿਕ ਹਾਲਾਤ ਕਾਰਨ ਬ੍ਰਿਟਿਸ਼ ਕੋਲੰਬੀਆ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜਿਸ ਕੋਲ ਲੋਕਾਂ ਦਾ ਸਪੱਸ਼ਟ ਫ਼ਤਵਾ ਹੋਵੇ। ਉਨ੍ਹਾਂ ਵੱਲੋਂ ਆਪਣੀ ਚੋਣ ਮੁਹਿੰਮ ਵਿੱਚ ਬੀ.ਸੀ. ਦੀ ਆਰਥਿਕਤਾ ਅਤੇ ਰੁਜ਼ਗਾਰ ਨੂੰ ਮਜ਼ਬੂਤ ਕਰਨ ਨੂੰ ਮੁੱਖ ਮੁੱਦਾ ਬਣਾਇਆ ਗਿਆ ਹੈ।
ਵਰਨਣਯੋਗ ਹੈ ਕਿ ਇਨਾਂ ਸੁਬਾਈ ਚੋਣਾਂ ਵਿੱਚ ਐੱਨਡੀਪੀ ਨੂੰ ਬੀ.ਸੀ. ਕੰਸਰਵੇਟਿਵ ਪਾਰਟੀ ਵੱਲੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਇਸ ਦੇ ਨਾਲ ਹੀ ਊਰਜਾ ਪ੍ਰਾਜੈਕਟ ਅਤੇ ਐੱਲਐੱਨਜੀ ਦਾ ਵਿਕਾਸ ਵੀ ਚੋਣ ਪ੍ਰਚਾਰ ਦੇ ਪ੍ਰਮੁੱਖ ਮੁੱਦਿਆਂ ਵਿੱਚ ਸ਼ਾਮਲ ਹੋ ਗਿਆ ਹੈ।
24 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਆਉਣ ਵਾਲੇ ਤਿੰਨ ਹਫ਼ਤੇ ਐੱਨਡੀਪੀ ਅਤੇ ਕੰਸਰਵੇਟਿਵਾਂ ਲਈ ਬਹੁਤ ਅਹਿਮ ਮੰਨੇ ਜਾ ਰਹੇ ਹਨ। ਦੋਵੇਂ ਧਿਰਾਂ ਵੱਲੋਂ ਮਹਿੰਗਾਈ, ਰਿਹਾਇਸ਼, ਸਿਹਤ ਸੇਵਾਵਾਂ, ਰੁਜ਼ਗਾਰ, ਅਮਰੀਕਾ ਨਾਲ ਵਪਾਰ ਅਤੇ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਲੈ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਉਲਾਰੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਜਿੱਥੇ ਕਿ ਇੱਕ ਪਾਸੇ 24 ਅਕਤੂਬਰ ਨੂੰ ਬੀਸੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਉੱਥੇ 17 ਅਕਤੂਬਰ ਨੂੰ ਸਰੀ ਸਮੇਤ ਕੁਝ ਹੋਰ ਸ਼ਹਿਰਾਂ ‘ਚ ਕਰਵਾਈਆਂ ਜਾ ਰਹੀਆਂ ਸਿੱਟੀ ਕੌਂਸਲ ਦੀਆਂ ਚੋਣਾਂ ਦੀਆਂ ਗਤੀਵਿਧੀਆਂ ਕਾਰਨ ਸਮੁੱਚਾ ਮਾਹੌਲ ਪੂਰੀ ਤਰ੍ਹਾਂ ਸਿਆਸੀ ਰੰਗ ‘ਚ ਰੰਗਿਆ ਨਜ਼ਰ ਆ ਰਿਹਾ ਹੈ।
