Oct 29, 2026
ਮਾਂਟਰੀਅਲ- ਬੀਤੀ 5 ਅਕਤੂਬਰ ਨੂੰ ਕਿਊਬੈਕ ਸੂਬੇ ਦੀਆਂ ਚੋਣਾਂ ਦੇ ਆਏ ਨਤੀਜਿਆਂ ਵਿਚ ਪਾਰਟੀ ਕਿਉਬੈਕਾ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਪਾਰਟੀ ਦੇ ਆਗੂ ਪੌਲ ਸੇਂਟ-ਪੀਅਰੇ ਪਲੈਮੰਡਨ ਕਿਉਬੈਕ ਦੇ ਨਵੇਂ ਪ੍ਰੀਮੀਅਰ  ਬਣਨ ਜਾ ਰਹੇ ਹਨ। ਪਾਰਟੀ ਕਿਉਬੈਕਾ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਦੁਬਾਰਾ ਸੱਤਾ ਵਿੱਚ ਪਰਤੀ ਹੈ।
ਪਾਰਟੀ ਕਿਉਬੈਕਾ ਨੇ ਕਿਉਬੈਕ ਦੀ 127 ਮੈਂਬਰੀ ਨੈਸ਼ਨਲ ਅਸੈਂਬਲੀ ਵਿੱਚ 59 ਸੀਟਾਂ ਜਿੱਤੀਆਂ ਹਨ। ਬਹੁਮਤ  ਲਈ 64 ਸੀਟਾਂ ਦੀ ਲੋੜ ਸੀ, ਜਿਸ ਕਾਰਨ ਪਾਰਟੀ ਕੁਝ ਸੀਟਾਂ ਪਿੱਛੇ ਰਹਿ ਗਈ ਅਤੇ ਹੁਣ ਉਹ ਇੱਕ ਘੱਟ ਗਿਣਤੀ ਸਰਕਾਰ ਚਲਾਏਗੀ। ਕਾਨੂੰਨ ਪਾਸ ਕਰਨ ਲਈ ਪਾਰਟੀ ਨੂੰ ਦੂਜੀਆਂ ਵਿਰੋਧੀ ਪਾਰਟੀਆਂ ਦੇ ਸਮਰਥਨ ਦੀ ਲੋੜ ਪਵੇਗੀ। ਲਿਬਰਲ ਪਾਰਟੀ 40 ਸੀਟਾਂ ਜਿੱਤਕੇ ਦੂਸਰੇ ਸਥਾਨ ਤੇ ਰਹੀ ਹੈ ਜਦੋਂਕਿ  2018 ਤੋਂ ਸੱਤਾਧਾਰੀ ਰਹੀ ਕੋਲੀਸ਼ਨ ਕਿਊਬੈਕ ( (CAQ) ਦਾ ਬਿਲਕੁਲ ਸਫਾਇਆ ਹੋ ਗਿਆ ਹੈ। ਪਾਰਟੀ ਇਕ ਵੀ ਸੀਟ ਜਿੱਤਣ ਵਿਚ ਨਾਕਾਮ ਰਹੀ ਹੈ।  ਕੰਸਰਵੇਟਿਵ ਪਾਰਟੀ ਨੇ 19 ਸੀਟਾਂ ਜਿੱਤੀਆਂ ਹਨ ਜਦੋਂਕਿ ਕਿਊਬੈਕ ਸੋਲਡੇਅਰ ਨੇ 9 ਸੀਟਾਂ ਦੇ ਜਿੱਤ ਦਰਜ ਕੀਤੀ ਹੈ।  
ਇਸ ਚੋਣਾਂ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਪਾਰਟੀ ਕਿਉਬੈਕਾ ਨੇ ਸਿਰਫ਼ 28% ਪਾਪੂਲਰ ਵੋਟ  ਹਾਸਲ ਕਰਕੇ 59 ਸੀਟਾਂ ‘ਤੇ ਜਿੱਤੀਆਂ ਹਨ। ਕਿਉਬੈਕ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪਾਰਟੀ 30% ਤੋਂ ਘੱਟ ਵੋਟਾਂ ਲੈ ਕੇ ਸਰਕਾਰ ਬਣਾ ਰਹੀ ਹੈ।
ਪਾਰਟੀ ਕਿਉਬੈਕਾ ਕੈਨੇਡਾ ਤੋਂ ਵੱਖ ਹੋ ਕੇ ਕਿਉਬੈਕ ਨੂੰ ਇੱਕ ਸੁਤੰਤਰ ਦੇਸ਼ ਬਣਾਉਣ ਦੀ ਹਮਾਇਤੀ ਹੈ। ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਕਿਉਬੈਕ ਦੀ ਆਜ਼ਾਦੀ ਲਈ ਇੱਕ ਨਵਾਂ ਰੈਫਰੈਂਡਮ ਕਰਵਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਪਲੈਮੰਡਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਹ ਰੈਫਰੈਂਡਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਤੋਂ ਬਾਹਰ ਹੋਣ (ਯਾਨੀ ਟਰੰਪ ਦਾ ਕਾਰਜਕਾਲ ਖ਼ਤਮ ਹੋਣ) ਤੋਂ ਬਾਅਦ ਹੀ ਕਰਵਾਉਣਗੇ। ਇਸ ਤੋਂ ਇਲਾਵਾ, ਕਿਉਬੈਕ ਵਿੱਚ ਬ੍ਰਿਟਿਸ਼ ਰਾਜਸ਼ਾਹੀ ਦੇ ਸਬੰਧਾਂ ਨੂੰ ਖ਼ਤਮ ਕਰਨਾ ਵੀ ਪਾਰਟੀ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਹੈ।

Leave a Reply

Your email address will not be published. Required fields are marked *