Oct 12, 2026

ਸਾਫ ਸੁਥਰੀ ਰਾਜਨੀਤੀ ਕਰਨ ਦਾ ਸਨੇਹਾ ਦਿੱਤਾ-

ਚੰਡੀਗੜ- ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਪੰਜਾਬ ਨੂੰ ਸੁਨੇਹਾ ਦਿੱਤਾ ਕਿ ਉਹ ਸੂਬੇ ਵਿੱਚ ਸਾਫ਼-ਸੁਥਰੀ ਸਿਆਸਤ ਕਰਨਗੇ ਅਤੇ ਕਿਸੇ ਤਰ੍ਹਾਂ ਦੀ ਬਦਲਾਖੋਰੀ ਵਿੱਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਅੰਦਰ ਅਤੇ ਪਾਰਟੀ ਤੋਂ ਬਾਹਰ ਬਦਲਾਖੋਰੀ ਦੇ ਰਾਹ ਨਹੀਂ ਪੈਣਗੇ, ਬਲਕਿ ਅਸੂਲਾਂ ਦੀ ਸਿਆਸਤ ਹੋਵੇਗੀ। ਅੱਜ ਪਹਿਲੇ ਨਰਾਤੇ ਮੌਕੇ ਵਰ੍ਹਦੇ ਮੀਂਹ ਵਿੱਚ ਇੱਥੇ ਪਰਗਟ ਸਿੰਘ ਨੇ ਅਹੁਦਾ ਸੰਭਾਲਣ ਦੇ ਸਮਾਗਮਾਂ ਦੌਰਾਨ ਆਪਣੀ ਸਿਆਸਤ ਦਾ ਰੁਖ਼ ਸਪਸ਼ਟ ਕੀਤਾ।

ਪਰਗਟ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਕਾਂਗਰਸ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਮੌਜੂਦਗੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਾਰੇ ਸੀਨੀਅਰ ਆਗੂ ਮੌਜੂਦ ਸਨ। ਰਾਜਾ ਵੜਿੰਗ ਦੇ ਸਮਰਥਕ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਇਕੱਠੇ ਹੋਏ ਸਨ।

ਸਮਾਗਮ ਵਿੱਚ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਾਰਟੀ ਲੀਡਰਾਂ ਦੇ ਇੱਕ ਧੜੇ ਦੇ ਵਿਰੋਧ ਦੇ ਬਾਵਜੂਦ ਇੱਥੇ ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦੇਣ ਪਹੁੰਚੇ । ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਵੜਿੰਗ ਨੇ ਸਮਾਗਮਾਂ ਵਿੱਚ ਪਹੁੰਚਣ ਮੌਕੇ ਧਿਆਨ ਖਿੱਚਿਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪਰਗਟ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਪਏ ਮੀਂਹ ਨੂੰ ਸ਼ੁੱਭ ਸ਼ਗਨ ਦੱਸਿਆ। ਅੱਜ ਬਾਰਿਸ਼ ਕਾਰਨ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖ਼ਤ ’ਤੇ ਮੱਥਾ ਵੀ ਟੇਕਿਆ। ਅੱਜ ਇੱਥੇ ਕਾਂਗਰਸ ਭਵਨ ਵਿੱਚ ਸਮਾਗਮਾਂ ਤੋਂ ਪਹਿਲਾਂ ਪਰਗਟ ਸਿੰਘ ਨੇ ਮਰਹੂਮ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।

featured-img

Leave a Reply

Your email address will not be published. Required fields are marked *