ਸਿਟੀ ਹਾਲ ਨਾਲ ਸਬੰਧਿਤ ਮੁਸ਼ਕਲਾਂ ਦਾ ਤੁਰੰਤ ਹੱਲ ਕਰਾਂਗੇ- ਧਾਮੀ
ਧਾਮੀ ਨਾਲ ਟੀਮ ਬਣਾਕੇ ਕੰਮ ਕਰਾਂਗੇ- ਅਮਰੀਕ ਨਾਰੰਗ-
ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਸਿਟੀ ਕੌਂਸਲ ਲਈ ਮੇਅਰ ਉਮੀਦਵਾਰ ਸੁੱਖੀ ਧਾਮੀ ਦੀ ਚੋਣ ਮੁਹਿੰਮ ਪੂਰੇ ਸਿਖਰ ਤੇ ਹੈ। ਉਹਨਾਂ ਦੀ ਚੋਣ ਮੁਹਿੰਮ ਨੂੰ ਪੰਜਾਬੀ ਭਾਈਚਾਰੇ ਤੇ ਹੋਰ ਭਾਈਚਾਰਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੁੱਖੀ ਧਾਮੀ ਜੋ ਕਿ ਉਘੇ ਕਾਰੋਬਾਰੀ ਤੇ ਸਮਾਜ ਸੇਵੀ ਗੁਰਮੇਲ ਸਿੰਘ ਧਾਮੀ ਦੇ ਹੋਣਹਾਰ ਸਪੁੱਤਰ ਹਨ, ਖੁਦ ਇੱਕ ਕਾਰੋਬਾਰੀ, ਕਿਸਾਨ ਅਤੇ ਸਲਾਹਕਾਰ ਵਜੋਂ ਐਬਸਫੋਰਡ ਸਿਟੀ ਹਾਲ ਵਿੱਚ ਲੀਡਰਸ਼ਿਪ ਦੀ ਤਬਦੀਲੀ ਲਈ ਚੋਣ ਲੜ ਰਹੇ ਹਨ। ਐਬਟਸਫੋਰਡ ਵਿੱਚ ਪਲੇ-ਵੱਡੇ ਹੋਏ ਅਤੇ ਪੜ੍ਹੇ-ਲਿਖੇ ਹੋਣ ਕਾਰਨ, ਉਹ ਜਾਣਦੇ ਹਨ ਕਿ ਸ਼ਹਿਰ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਪਾੜੇ ਨੂੰ ਭਰ ਕੇ ਵਿਕਾਸ ਕਿਵੇਂ ਕਰਨਾ ਹੈ।
ਬੀਤੇ ਦਿਨ ਇਥੇ ਸੀਡਰ ਪਾਰਕ ਵਿਚ ਉਘੇ ਬਿਜਸਨਮੈਨ ਸ ਸਤਿੰਦਰਪਾਲ ਸਿੰਘ ( ਓਵਰਸੀਜ਼ ਕੱਪੜਾ ਸਟੋਰ) , ਐਡਵੋਕੇਟ ਪਰਮਿੰਦਰ ਸਿੰਘ ਕਾਹਲੋਂ, ਰੀਐਲਟਰ ਪਰਮ ਜੱਜ ਤੇ ਸਾਥੀਆਂ ਵਲੋਂ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੁੱਖੀ ਧਾਮੀ ਨੇ ਸਿਟੀ ਪ੍ਰਤੀ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ। ਉਹਨਾਂ ਕਿਹਾ ਅਗਰ ਉਹ ਮੇਅਰ ਬਣਦੇ ਹਨ ਤਾਂ ਸਿਟੀ ਹਾਲ ਨਾਲ ਸਬੰਧਿਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਸਿਟੀ ਦੀ ਆਬਾਦੀ ਵਧਣ ਦੇ ਨਾਲ ਸਿਟੀ ਹਾਲ ਨੂੰ ਟੈਕਸਾਂ ਤੋਂ ਭਾਰੀ ਆਮਦਨ ਹੁੰਦੀ ਹੈ ਪਰ ਉਮੀਦ ਮੁਤਾਬਿਕ ਲੋਕਾਂ ਨੂੰ ਸਹੂਲਤਾਂ ਨਹੀ ਮਿਲਦੀਆਂ। ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਟਰੱਕ ਪਾਰਕਿੰਗ ਦੀ ਹੈ ਪਰ ਸਿਟੀ ਨੇ ਇਸਦਾ ਹੁਣ ਤੱਕ ਕੋਈ ਠੋਸ ਹੱਲ ਨਹੀ ਕੀਤਾ। ਪਾਰਕਾਂ ਵਿਚ ਬਜੁਰਗਾਂ ਦੇ ਬੈਠਣ ਲਈ ਸ਼ੈਲਟਰ ਅਤੇ ਵਾਸ਼ਰੂਮਾਂ ਦੀ ਕਮੀ ਹੈ। ਬੱਚਿਆਂ ਲਈ ਖੇਡ ਮੈਦਾਨਾਂ ਦੀ ਘਾਟ ਹੈ। ਇਲਾਕੇ ਦੇ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਰਪੇਸ਼ ਹਨ। ਪਿਛਲੇ ਸਮੇਂ ਆਏ ਹੜਾਂ ਕਾਰਣ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਪਰ ਅੱਜ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀ ਮਿਲ ਸਕਿਆ। ਉਹਨਾਂ ਮੌਜੂਦਾ ਮੇਅਰ ਦੀ ਕਾਰਗੁਜਾਰੀ ਤੇ ਸਵਾਲ ਖੜੇ ਕੀਤੇ ਜਿਸਦਾ ਆਮ ਲੋਕਾਂ ਨਾਲ ਕੋਈ ਰਾਬਤਾ ਨਹੀ ਹੈ। ਉਹਨਾਂ ਅਪੀਲ ਕੀਤੀ ਕਿ ਅਗਰ ਐਬਸਫੋਰਡ ਦਾ ਪੰਜਾਬੀ ਭਾਈਚਾਰਾ ਇਕਮੁੱਠਤਾ ਦਾ ਪ੍ਰਗਟਾਵਾ ਕਰੇ ਤਾਂ ਆਪਣਾ ਮੇਅਰ ਬਣਾਉਣਾ ਕੋਈ ਮੁਸ਼ਕਲ ਨਹੀਂ। ਉਹਨਾਂ ਹੋਰ ਕਿਹਾ ਕਿ ਉਹ ਸ਼ਹਿਰ ਅਤੇ ਸ਼ਹਿਰ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਰਾਂ ਤਿਆਰ ਹੈ ਤੇ ਸ਼ਹਿਰ ਲਈ ਕੁਝ ਨਵਾਂ ਕਰਨ ਦੀ ਇੱਛਾ ਹੈ। ਇਸ ਮੌਕੇ ਕੌਂਸਲਰ ਉਮੀਦਵਾਰ ਐਡਵੋਕੇਟ ਅਮਰੀਕ ਨਾਰੰਗ, ਸਕੂਲ ਟਰੱਸਟੀ ਉਮੀਦਵਾਰ ਅੰਮ੍ਰਿਤ ਮੰਡ ਅਤੇ ਵਿਨੈ ਵੜੈਚ ਨੇ ਵੀ ਸੰਬੋਧਨ ਕੀਤਾ ਤੇ ਸ਼ਹਿਰ ਅਤੇ ਸਕੂਲ ਬੋਰਡ ਵਿਚ ਸੁਧਾਰਾਂ ਲਈ ਵੋਟ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਸੁੱਖੀ ਧਾਮੀ ਦੇ ਮੇਅਰ ਚੁਣੇ ਦੀ ਸੂਰਤ ਵਿਚ ਉਸਦੀ ਟੀਮ ਵਿਚ ਕੰਮ ਕਰਨ ਲਈ ਤਿਆਰ ਹਨ। ਸਮਾਗਮ ਦੌਰਾਨ ਹਾਜ਼ਰ ਲੋਕਾਂ ਵਿਚੋਂ ਕਈਆਂ ਨੇ ਮੇਅਰ ਉਮੀਦਵਾਰ ਸੁੱਖੀ ਧਾਮੀ ਨੂੰ ਕੁਝ ਸਵਾਲ ਕੀਤੇ ਜਿਹਨਾਂ ਦੇ ਉਹਨਾਂ ਨੇ ਵਿਸਥਾਰ ਸਹਿਤ ਜਵਾਬ ਦਿੱਤੇ।
