Oct 18, 2026

Screenshot

ਡੱਗ ਦੀ ਟੀਮ ਵਿਚ ਮਨਦੀਪ ਨਾਗਰਾ, ਮੀਰਾ ਗਿੱਲ, ਸੁਹਾਨਾ ਗਿੱਲ ਸਮੇਤ  7 ਕੌਂਸਲਰ ਬਣੇ -ਸਰੀ ਕੁਨੈਕਟ  ਦੀ ਹੈਰੀ ਬੈਂਸ ਨੇ ਲਾਜ ਰੱਖੀ-

ਡੱਗ ਮੈਕਲਮ ਨੇ ਜੇਤੂ ਮੰਚ ਤੋਂ ਮਨਦੀਪ ਨਾਗਰਾ ਨੂੰ ਡਿਪਟੀ ਮੇਅਰ ਐਲਾਨਿਆ-

ਸਰੀ ( ਦੇ ਪ੍ਰ ਬਿ)-  ਬੀਸੀ ਮਿਊਂਸਪਲ ਚੋਣਾਂ ਦੇ ਬੀਤੀ ਰਾਤ ਆਏ ਨਤੀਜਿਆਂ ਵਿਚ ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਸੇਫ ਸਰੀ ਕੋਲੀਸ਼ਨ ਦੇ ਆਗੂ ਡੱਗ  ਮੈਕਲਮ ਨੇ ਮੌਜੂਦਾ ਮੇਅਰ ਬਰੈਂਡਾ ਲੌਕ ਨੂੰ ਵੱਡੇ ਫਰਕ ਨਾਲ ਹਰਾਉਂਦਿਆਂ ਸ਼ਹਿਰ ਦੇ ਨਵੇਂ ਮੇਅਰ ਵਜੋਂ ਆਪਣੀ ਪੰਜਵੀਂ ਜਿੱਤ ਦਰਜ ਕੀਤੀ ਹੈ। ਹੁਣ ਤੱਕ ਆਏ ਚੋਣ ਸਰਵੇਖਣਾਂ ਦੇ ਉਲਟ ਡੱਗ ਮੈਕਲਮ ਨੇ ਬਰੈਂਡਾ ਲੌਕ ਨੂੰ 11,855 ਵੋਟਾਂ ਦੇ ਵੱਡੇ ਫਰਕ ਨਾਲ ਹਰਾਉਣ ਦੇ ਨਾਲ ਸੇਫ ਸਰੀ ਕੋਲੀਸ਼ਨ ਦੇ 7 ਕੌਂਸਲਰ ਉਮੀਦਵਾਰ ਦੀ ਜਿੱਤ ਨਾਲ ਉਹਨਾਂ ਨੇ ਸਿਟੀ ਹਾਲ ਤੇ ਭਾਰੀ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ ਜਦੋਂਕਿ ਬਰੈਂਡਾ ਲੌਕ ਦੀ ਸਲੇਟ ਸਰੀ ਕੁਨੈਕਟ ਦਾ ਇਕ ਕੌਂਸਲਰ ਉਮੀਦਵਾਰ ਹੈਰੀ ਬੈਂਸ ਹੀ ਜਿੱਤਣ ਵਿਚ ਸਫਲ ਹੋਇਆ ਹੈ। ਡੱਗ ਮੈਕਲਮ ਦੇ ਮੇਅਰ ਚੁਣੇ ਜਾਣ ਦੇ ਨਾਲ ਉਹਨਾਂ ਦੀ ਸਲੇਟ ਵਿਚ ਡੱਗ ਐਲਫੋਰਡ, ਮੀਰਾ ਗਿੱਲ, ਮਨਦੀਪ ਨਾਗਰਾ, ਸੁਹਾਨਾ ਗਿੱਲ, ਐਲੀਸਨ ਪੈਟਨ, ਲੌਰੀ ਗੁਏਰਾ ਤੇ ਚੈਨੀ ਕਲੋਕ ਕੌਂਸਲਰ ਚੁਣੇ ਗਏ ਹਨ।
ਸਰੀ ਸਿਟੀ ਦੀਆਂ ਕੁਲ 3 ਲੱਖ 59921 ਵੋਟਾਂ ਚੋਂ ਪੋਲ ਹੋਈਆਂ 1 ਲੱਖ 34437 ( 37.35 ਪ੍ਰਤੀਸ਼ਤ)  ਵੋਟਾਂ ਚੋਂ ਡੱਗ ਮੈਕਲਮ ਨੇ  42,741 ਵੋਟਾਂ ਹਾਸਲ ਕਰਕੇ ਬਰੈਂਡਾ ਲੌਕ  ਦੀਆਂ 30,886 ਵੋਟਾਂ ਦੇ ਮੁਕਾਬਲੇ 11,855 ਵੋਟਾਂ ਦੇ ਫਰਕ ਨਾਲ ਹਰਾਇਆ।

ਚੋਣ ਨਤੀਜਿਆਂ ਵਿੱਚ ਮੇਅਰ ਦੇ ਹੋਰ ਉਮੀਦਵਾਰਾਂ ਵਿਚ ਮਾਈਕ ਸਟਾਰਚੁਕ ਨੇ 17,282 ਵੋਟਾਂ ਨਾਲ ਤੀਸਰਾ, ਲਿੰਡਾ ਐਨਿਸ ਨੇ 16,574 ਵੋਟਾਂ ਨਾਲ ਚੌਥਾ, ਟਰੌਏ ਵੈਨ ਵਲੀਟ ਨੇ 15,090 ਵੋਟਾਂ ਨਾਲ ਪੰਜਵਾਂ ਤੇ ਹੋਣਵੀਰ ਰੰਧਾਵਾ ਨੇ 10,610 ਵੋਟਾਂ ਲੈਕੇ ਛੇਵਾਂ ਸਥਾਨ ਹਾਸਲ ਕੀਤਾ ਜਦੋਂਕਿ ਸਤਵੇਂ ਉਮੀਦਵਾਰ ਈਗਲ ਐਮਨਜ਼ ਨੂੰ ਕੇਵਲ 615 ਵੋਟਾਂ ਮਿਲੀਆਂ।

ਬੀਤੀ ਰਾਤ ਚੋਣ ਨਤੀਜਿਆਂ ਵਿਚ ਜਿੱਤ ਤੋਂ ਬਾਅਦ ਬੌਂਬੇ ਬੈਂਕੁਇਟ ਹਾਲ ਵਿਚ ਆਪਣੇ ਸਮਰਥਕਾ ਦੇ ਭਾਰੀ ਇਕੱਠ ਦੌਰਾਨ ਡੱਗ ਮੈਕਲਮ ਮੁਸਕਰਾਉਂਦੇ ਹੋਏ ਅਤੇ ਹੱਥ ਹਿਲਾ ਕੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸਟੇਜ ਤੇ ਪਹੁੰਚੇ। ਲੋਕਾਂ ਦੇ ਖੁਸ਼ੀ ਵਿਚ ਕੀਤੇ ਜਾ ਰਹੇ ਸ਼ੋਰ ਸ਼ਰਾਬੇ ਦੌਰਾਨ ਆਪਣੇ ਸੰਖੇਪ ਭਾਸ਼ਣ ਵਿਚ ਉਹਨਾਂ ਸਿਟੀ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਬੋਲਦਿਆਂ ਕਿਹਾ ਕਿ “ਅਸੀਂ ਤੁਹਾਡੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦਿਆਂ ‘ਤੇ ਕੰਮ ਕਰਾਂਗੇ। ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇੰਨੇ ਸਾਲਾਂ ਤੱਕ ਮੇਰਾ ਅਤੇ ਮੇਰੇ ਸਿਆਸੀ ਕਰੀਅਰ ਵਿਚ ਮੇਰਾ ਸਾਥ ਦਿੱਤਾ। ਮੈਂ ਦੁਨੀਆ ਭਰ ਵਿੱਚ ਮੌਜੂਦ ਆਪਣੇ ਬਹੁਤ ਸਾਰੇ ਦੋਸਤਾਂ ਦਾ ਵੀ ਧੰਨਵਾਦ ਕਰਦਾ ਹਾਂ। ਮੈਂ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਅਤੇ ਨਾਲ ਹੀ ਉਨ੍ਹਾਂ ਵਲੰਟੀਅਰਾਂ ਤੇ ਸਮਰਥਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਚੋਣ ਦੌਰਾਨ ਸਾਡਾ ਸਾਥ ਦਿੱਤਾ। ਉਹਨਾਂ ਹੋਰ ਕਿਹਾ ਕਿ ਮੈਨੂੰ ਸਰੀ ਸ਼ਹਿਰ ਨਾਲ ਪਿਆਰ ਹੈ, ਪਰ ਇੱਥੋਂ ਦੇ ਲੋਕਾਂ ਨਾਲ ਇਸ ਤੋਂ ਵੀ ਵੱਧ ਪਿਆਰ ਹੈ। ਅਸੀਂ ਮਿਲ ਕੇ ਇੱਕ ਸ਼ਾਨਦਾਰ ਸ਼ਹਿਰ ਉਸਾਰਾਂਗੇ। ਸਾਡੇ ਪਰਿਵਾਰ ਇੱਕ ਅਜਿਹੇ ਸ਼ਹਿਰ ਵਿੱਚ ਰਹਿਣਗੇ ਜੋ ਖੇਡਾਂ ਅਤੇ ਖੁਸ਼ੀਆਂ ਨਾਲ ਭਰਪੂਰ ਹੋਵੇਗਾ। ਅਸੀਂ ਮਿਲ ਕੇ ਇਸਨੂੰ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚੋਂ ਇੱਕ ਬਣਾਉਣ ਲਈ ਕੰਮ ਕਰਾਂਗੇ। ਉਹਨਾਂ ਲੋਕਾਂ ਨੂੰ ਆਪਣੇ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਤੀਸਰੀ ਵਾਰ ਕੌਂਸਲਰ ਚੁਣੇ ਗਏ ਤੇ ਸੇਫ ਸਰੀ ਕੋਲੀਸ਼ਨ ਦੇ ਸੀਨੀਅਰ ਸਾਥੀ ਮਨਦੀਪ ਨਾਗਰਾ ਨੂੰ ਸਰੀ ਦਾ ਡਿਪਟੀ ਮੇਅਰ ਬਣਾਉਣ ਦਾ ਵੀ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਡੱਗ ਮੈਕਕਲਮ ਪਹਿਲੀ ਵਾਰ 1996 ਵਿੱਚ ਸਰੀ ਦੇ ਮੇਅਰ ਚੁਣੇ ਗਏ ਸਨ ਅਤੇ ਉਹ 2005 ਤੱਕ ਇਸ ਅਹੁਦੇ ‘ਤੇ ਰਹੇ। ਇਸ ਤੋਂ ਬਾਅਦ, 2018 ਵਿੱਚ ਉਹ ਆਪਣੀ ‘ਸੇਫ ਸਰੀ ਕੋਲੀਸ਼ਨ’  ਨਾਲ ਦੁਬਾਰਾ ਚੁਣੇ ਗਏ, ਪਰ 2022 ਵਿੱਚ ਉਨ੍ਹਾਂ ਨੂੰ ਬਰੈਂਡਾ ਲੌਕ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬੀਤੀ ਰਾਤ ਹੋਈ ਚੋਣ ਵਿਚ ਡੱਗ ਮੈਕਲਮ ਦੀ ‘ਸੇਫ ਸਰੀ ਕੋਲੀਸ਼ਨ’ ਟੀਮ ਦਾ ਪੂਰਾ ਦਬਦਬਾ ਰਿਹਾ, ਜਿਸ ਨੇ ਅੱਠ ਵਿੱਚੋਂ ਸੱਤ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ।
‘ਸਰੀ ਕਨੈਕਟ’ ਦੇ ਹੈਰੀ ਬੈਂਸ ਹੀ ਇੱਕੋ-ਇੱਕ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਇਸ ਦਬਦਬੇ ਨੂੰ ਥੋੜਾ ਘੱਟ ਕਰਦਿਆਂ ਸਭ ਤੋਂ ਵੱਧ 31,362  ਵੋਟਾਂ ਹਾਸਲ ਕੀਤੀਆਂ।

ਵੋਟਾਂ ਦੀ ਗਿਣਤੀ ਵਿਚ ਹੈਰੀ ਬੈਂਸ ਤੋਂ ਬਾਦ ਡੱਗ ਐਲਫੋਰਡ ਨੂੰ 30833, ਮੀਰਾ ਗਿੱਲ ਨੂੰ 29883, ਮਨਦੀਪ ਨਾਗਰਾ ਨੂੰ 29692, ਸੁਹਾਨਾ ਗਿੱਲ ਨੂੰ 27820, ਐਲੀਸਨ ਪੈਟਨ ਨੂੰ 27132, ਲੌਰੀ ਗੁਏਰਾ ਨੂੰ 26554 ਅਤੇ ਚੈਨੀ ਕਲੋਕ ਨੂੰ 26324 ਵੋਟਾਂ ਮਿਲੀਆਂ। ਹੋਰ ਵੱਖ ਵੱਖ ਸਲੇਟਾਂ ਦੇ ਪੰਜਾਬੀ ਉਮੀਦਵਾਰਾਂ ਵਿਚ ਪਰਦੀਪ ਕੂਨਰ ਨੂੰ 22915, ਬਿਲਾਲ ਚੀਮਾ ਨੂੰ 17115, ਗਗਨ ਨਾਹਲ ਨੂੰ 16097, ਪਰਮਿੰਦਰ ਚੌਹਾਨ  ਨੂੰ 14354, ਰਿੱਕੀ ਬਾਜਵਾ ਨੂੰ 14132, ਰਾਹੁਲ ਗਿੱਲ ਨੂੰ 13289, ਜੈਸੀ ਜੌਹਲ ਨੂੰ 13215, ਆਸ਼ਿਆਨਾ ਨੂੰ 12485, ਜਸਰੂਪ ਗੋਸਲ ਨੂੰ 12205, ਹਰਕੀਰਤ ਸਿੱਧੂ ਨੂੰ 12181, ਮਨੂ ਸ਼ਰਮਾ ਨੂੰ 11235, ਸ਼ੀਨਾ ਵਰਮਾਨੀ ਨੂੰ 11061 ਤੇ ਵਿੱਕ ਉਪਲ ਨੂੰ 4439 ਵੋਟਾਂ ਹਾਸਲ ਹੋਈਆਂ।

ਸਰੀ ਸਕੂਲ ਬੋਰਡ ਦੀ ਚੋਣ ਵਿਚ ਗੈਰੀ ਥਿੰਦ ਮੁੜ ਟਰੱਸਟੀ ਚੁਣੇ ਗਏ-

ਸਰੀ ਸਕੂਲ ਬੋਰਡ ਲਈ 6 ਟਰੱਸਟੀਆਂ ਦੀ ਚੋਣ ਵਿਚ ਪੰਜਾਬੀ ਆਗੂ ਗੈਰੀ ਥਿੰਦ ਮੁੜ ਟਰੱਸਟੀ ਚੁਣੇ ਗਏ ਹਨ। ਉਹਨਾਂ ਨੇ ਟੈਰੀ ਐਲਾਨ ਵਲੋਂ ਪ੍ਰਾਪਤ ਕੀਤੀਆਂ 47604 ਵੋਟਾਂ ਤੋਂ ਬਾਦ ਦੂਸਰੇ ਨੰਬਰ ਤੇ 43900 ਵੋਟਾਂ ਹਾਸਲ ਕੀਤੀਆਂ ਹਨ। ਹੋਰ ਟਰੱਸਟੀਆਂ ਵਿਚ ਲੌਰੀ ਲਾਰਸਨ, ਬੌਬ ਹੋਮਜ਼, ਸ਼ਾਅਨ ਵਿਲਸਨ ਤੇ ਮਿਸ਼ੇਲ ਸੈਨੀਜ਼ਾ ਸਭ ਤੋਂ ਆਖਰ ਤੇ 34203 ਵੋਟਾਂ ਨਾਲ ਚੁਣੇ ਗਏ ਹਨ। ਸਕੂਲ ਟਰੱਸਟੀ ਲਈ ਪੰਜਾਬੀ ਉਮੀਦਵਾਰਾਂ ਵਿਚ ਸ਼ਾਮਿਲ ਅਮ੍ਰਿੰਤ ਵੜਿੰਗ ਨੇ 22171 ਵੋਟ, ਗੁਰਲੀਨ ਚਾਹਲ ਨੇ 22157, ਹਰਜੀਤ ਭੁੱਲਰ ਨੇ 21558, ਨੂਰ ਚੀਮਾ ਨੇ 20684 ਤੇ ਮੀਨਾ ਕੋਛੜ ਨੇ 12787 ਵੋਟ ਹਾਸਲ ਕੀਤੇ ਹਨ।

ਲੈਂਗਲੀ ਸਿਟੀ ਅਤੇ ਲੈਂਗਲੀ ਟਾਉਨਸ਼ਿਪ ਵਿਚ ਵੱਡਾ ਉਲਟ ਫੇਰ-

ਸਿਟੀ ਵਿਚ ਮੈਕ ਤੇ ਟਾਉਨਸ਼ਿਪ ਵਿਚ ਲੰਡਗਰੇਨ ਮੇਅਰ ਬਣੇ-

ਸਰੀ ਦੇ ਗਵਾਂਢੀ ਸ਼ਹਿਰ ਲੈਂਗਲੀ ਸਿਟੀ ਵਿਚ  ਮੌਜੂਦਾ ਮੇਅਰ ਨਾਥਨ ਪਚਾਲ ਨੂੰ ਹਰਾਕੇ ਡੈਲਨੀ ਮੈਕ ਨਵੀਂ  ਮੇਅਰ ਚੁਣੀ ਗਈ ਹੈ। ਮੈਕ ਨੂੰ 3753 ਵੋਟਾਂ ਜਦੋਂਕਿ ਪਚਾਲ ਨੂੰ 2411 ਵੋਟਾਂ ਮਿਲੀਆਂ। ਸਾਬਕਾ ਕੌਂਸਲਰ ਡੇਲੇਨੀ ਮੈਕ ਨੇ ਪਾਚਲ ਨੂੰ 1,300 ਵੋਟਾਂ ਦੇ ਫਰਕ ਨਾਲ ਹਰਾਕੇ ਜਨਤਕ ਸੁਰੱਖਿਆ ਦੇ ਨਾਲ ਸ਼ਹਿਰ ਦੇ ਵਿਕਾਸ ਨੂੰ ਮੁੱਖ ਮੁੱਦਾ ਬਣਾਇਆ ਹੈ। ਉਸਦੇ ਨਾਲ 6 ਕੌਂਸਲਰ ਚੁਣੇ ਗਏ ਹਨ ਜਿਹਨਾਂ ਵਿਚ

ਫਲਿਟਨ ਐਂਡਰਿਊ, ਹਾਈਲੈਂਡਜ਼ ਮਾਈਕਲ, ਥੌਮਸਨ ਸਕੌਟ, ਔਰਲੈਂਡੋ ਰਿਕ , ਜੈਂਕਿਨਜ਼ ਹੈਦਰ ਤੇ ਭਾਰਤੀ ਮੂਲ ਦੀ ਸਿਮੀ ਰਾਜਪੂਤ ਸ਼ਾਮਿਲ ਹੈ।

ਇਸੇ ਤਰਾਂ ਲੈਂਗਲੀ ਟਾਊਨਸ਼ਿਪ ਵਿਚ ਸਿਆਸਤ ਵਿਚ ਨਵੇਂ ਆਏ ਜੈ ਲੰਡਗਰੇਨ ਨੇ ਮੌਜੂਦਾ ਮੇਅਰ ਐਰਿਕ ਵੁੱਡਵਾਰਡ ਨੂੰ ਹਰਾ ਦਿੱਤਾ ਹੈ। ਉਸਦੀ ਇਹ ਜਿੱਤ 3000 ਤੋਂ ਵੱਧ ਵੋਟਾਂ ਨਾਲ ਹੋਈ ਹੈ। ਜੈ ਲੰਡਗ੍ਰੇਨ ਨੂੰ ਕੁਲ 18302 ਵੋਟਾਂ ਮਿਲੀਆਂ ਜਦੋਂਕਿ ਐਰਿਕ ਵੁੱਡਵਾਰਡ ਨੂੰ 15,459 ਵੋਟਾਂ ਪਈਆਂ। 8 ਮੈਂਬਰੀ ਕੌੰਸਲ ਵਿਚ ਲੰਡਗਰੇਨ ਦੀ ਲੈਂਗਲੀ ਸਟ੍ਰੌਂਗ ਟੀਮ ਦੇ ਛੇ ਮੈਂਬਰ ਜਿੱਤੇ ਹਨ। ਇਹਨਾਂ ਵਿਚ

ਮਾਰਗਰੇਟ ਕੁੰਸਟ, ਬਾਰਬ ਮਾਰਟੇਨਜ਼, ਬਲੇਅਰ ਵਿਟਮਾਰਸ਼,  ਕਿਮ ਰਿਕਟਰ, ਟੇਰੇਸਾ ਟਾਊਨਸਲੇ, ਲੌਰੇਨ ਚਾਲਸ, ਮਾਈਕਲ ਪ੍ਰੈਟ ਤੇ ਸਟੀਵ ਫਰਗੂਸਨ ਸ਼ਾਮਿਲ ਹਨ। ਇਥੇ ਪੰਜਾਬੀ ਉਮੀਦਵਾਰ ਸਰਬ ਰਾਏ ਨੂੰ 8721 ਵੋਟਾਂ ਮਿਲੀਆਂ ਤੇ ਕੌਸਲਰ ਬਣਨ ਵਿਚ ਸਫਲ ਨਹੀ ਹੋਏ।

ਲੈਂਗਲੀ ਸਿਟੀ ਦੀ ਨਵੀਂ ਚੁਣੀ ਗਈ ਮੇਅਰ ਡੈਨਲੀ ਮੈਕ।

ਲੈਂਗਲੀ ਟਾਉਨਸ਼ਿਪ ਦੇ ਨਵੇਂ ਬਣੇ ਮੇਅਰ ਜੈ ਲੰਡਗਰੇਨ।

ਲੈਂਗਲੀ ਸਿਟੀ ਵਿਚ ਕੌਂਸਲਰ ਚੁਣੀ ਗਈ ਸਿਮੀ ਰਾਜਪੂਤ।

 

 

Leave a Reply

Your email address will not be published. Required fields are marked *