Screenshot
ਸੁਖਵਿੰਦਰ ਸਿੰਘ ਚੋਹਲਾ—
ਇਸ 17 ਅਕਤੂਬਰ ਨੂੰ ਹੋਈਆਂ ਮਿਊਂਸਪਲ ਚੋਣਾਂ ਵਿਚ ਸੇਫ ਸਰੀ ਕੁਲੀਸ਼ਨ ਦੇ 82 ਸਾਲਾ ਆਗੂ ਡੱਗ ਮੈਕਲਮ ਨੇ ਭਾਰੀ ਬਹੁਮਤ ਨਾਲ ਜਿੱਤਕੇ 5ਵੀਂ ਵਾਰ ਸਰੀ ਦਾ ਮੇਅਰ ਬਣਨ ਦਾ ਇਤਿਹਾਸ ਸਿਰਜਿਆ ਹੈ। ਉਸਨੇ ਆਪਣੀ ਵਿਰੋਧੀ ਉਮੀਦਵਾਰ ਸਰੀ ਕੁਨੈਕਟ ਦੀ ਆਗੂ ਤੇ ਮੇਅਰ ਬਰੈਂਡਾ ਲੌਕ ਨੂੰ ਲਗਪਗ 11855 ਵੋਟਾਂ ਦੇ ਭਾਰੀ ਫਰਕ ਨਾਲ ਹਰਾਕੇ ਇਸ ਜਿੱਤ ਦੇ ਨਾਲ ਆਪਣੀ ਸਲੇਟ ਦੇ 7 ਹੋਰ ਕੌਂਸਲਰ ਉਮੀਦਵਾਰਾਂ ਦੇ ਨਾਲ ਸੁਪਰ ਜਿੱਤ ਹਾਸਲ ਕੀਤੀ ਹੈ। ਬਰੈਂਡਾ ਲੌਕ ਦੀ ਸਲੇਟ ਦੇ ਹੈਰੀ ਬੈਂਸ ਨੇ ਆਪਣੀ ਸੀਟ ਬਚਾਕੇ ਸਰੀ ਕੁਨੈਕਟ ਦੀ ਲਾਜ ਰੱਖੀ ਹੈ। ਡੱਗ ਮੈਕਲਮ ਜੋ ਕਿ ਪਿਛਲੀਆਂ 2022 ਦੀਆਂ ਚੋਣਾਂ ਵਿਚ ਬਰੈਂਡਾ ਲੌਕ ਹੱਥੋਂ ਕੇਵਲ 973 ਵੋਟਾਂ ਨਾਲ ਹਾਰ ਗਏ ਸਨ ਨੇ ਇਸ ਵਾਰ ਸਰੀ ਦੇ ਹਰਮਨ ਪਿਆਰੇ ਅਤੇ ਲੋਕ ਵਿਸ਼ਵਾਸ ਜਿੱਤਣ ਵਾਲੇ ਆਗੂ ਵਜੋਂ ਆਪਣੀ ਪਛਾਣ ਨੂੰ ਮੁੜ ਸਥਾਪਿਤ ਕੀਤਾ ਹੈ। ਪਹਿਲੀ ਵਾਰ 1993 ਵਿਚ ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਡੱਗ ਮੈਕਲਮ ਇਸਤੋਂ ਪਹਿਲਾਂ 1996 ਤੋਂ 2005 ਤੱਕ ਤੇ ਫਿਰ 2018 ਤੋਂ 2022 ਤੱਕ ਸਰੀ ਦੇ ਮੇਅਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਮੈਟਰੋ ਵੈਨਕੂਵਰ ਦੇ ਦੂਜੇ ਸਭ ਤੋਂ ਵੱਡੀ ਆਬਾਦੀ ਵਾਲੇ ਸ਼ਹਿਰ ਸਰੀ ਦੇ ਮੇਅਰ ਵਜੋਂ ਪੰਜਵੀਂ ਵਾਰ ਸੱਤਾ ਵਿੱਚ ਪਰਤੇ ਹਨ। ਡੱਗ ਮੈਕਲਮ ਨੇ 42,741 ਵੋਟਾਂ ਪ੍ਰਾਪਤ ਕਰਕੇ ਇੱਕ ਫੈਸਲਾਕੁੰਨ ਜਿੱਤ ਦਰਜ ਕੀਤੀ ਜਦੋਂ ਕਿ ਬਰੈਂਡਾ ਲੌਕ ਨੂੰ 30,886 ਵੋਟਾਂ ਮਿਲੀਆਂ।
ਵੋਟਾਂ ਤੋਂ ਪਹਿਲਾਂ ਆਏ ਚੋਣ ਸਰਵੇਖਣਾਂ ਵਿਚ ਮੇਅਰ ਬਰੈਂਡਾ ਲੌਕ ਤੇ ਉਹਨਾਂ ਦੀ ਸਲੇਟ ਨੂੰ ਚੋਣ ਮੈਦਾਨ ਵਿਚ ਉਤਰੇ 6 ਪ੍ਰਮੁੱਖ ਆਗੂਆਂ ਅਤੇ ਸਲੇਟਾਂ ਤੋਂ ਅੱਗੇ ਵਿਖਾਇਆ ਜਾ ਰਿਹਾ ਸੀ। ਭਾਵੇਂ ਇਹਨਾਂ ਸਰਵੇਖਣਾਂ ਵਿਚ ਬਰੈਂਡਾ ਲੌਕ ਦਾ ਮੁੱਖ ਮੁਕਾਬਲਾ ਡੱਗ ਮੈਕਲਮ ਨਾਲ ਦਰਸਾਉਂਦਿਆਂ ਫੈਸਲਾਕੁੰਨ ਵੋਟਰਾਂ ਦੀ ਪਹਿਲੀ ਪਸੰਦ ਬਰੈਂਡਾ ਲੌਕ ਨੁੰ ਦੱਸਿਆ ਜਾ ਰਿਹਾ ਸੀ ਪਰ ਆਪਣੀ ਭਰੋਸੇਯੋਗਤਾ ਅਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ ਲੋਕਪ੍ਰਿਯਤਾ ਨੂੰ ਭੰਨਾਉਂਦਿਆਂ ਉਹਨਾਂ ਨੇ ਸਰੀ ਦੇ ਲੋਕਾਂ ਨਾਲ ਅਜਿਹੇ ਵਾਅਦੇ ਕੀਤੇ ਜਿਹਨਾਂ ਵਿਚ ਬਰੈਂਡਾ ਲੌਕ ਸਮੇਤ ਬਾਕੀ ਸਭ ਪਛੜਦੇ ਨਜ਼ਰ ਆਏ। ਉਹਨਾਂ ਨੇ ਪਿਛਲੀਆਂ ਚੋਣਾਂ ਦੌਰਾਨ ਜਿਵੇਂ ਸ਼ਹਿਰ ਵਿਚ ਸਕਾਈਟਰੇਨ ਅਤੇ ਮਿਊਂਸਪਲ ਪੁਲਿਸ ਲਿਆਉਣ ਦੇ ਵਾਅਦਿਆਂ ਨਾਲ ਚੋਣ ਜਿੱਤੀ ਸੀ, ਠੀਕ ਉਸੇ ਤਰਾਂ ਸ਼ਹਿਰ ਦੇ ਨਿਊਟਨ ਖੇਤਰ ਤੱਕ ਸਕਾਈਟਰੇਨ ਲਿਆਉਣ, ਇਕ ਹੋਰ ਨਵਾਂ ਹਸਪਤਾਲ ਬਣਾਉਣ ਅਤੇ ਸਰੀ ਪੁਲਿਸ ਲਈ ਇਕ ਹੈਲੀਕਾਪਟਰ ਅਤੇ ਡਰੋਨ ਫਲੀਟ ਲਿਆਉਣ ਦੇ ਵਾਅਦੇ ਕਰਦਿਆਂ ਵੋਟਰਾਂ ਨੂੰ ਇਹ ਜਚਾਉਣ ਦਾ ਯਤਨ ਕੀਤਾ ਕਿ ਬਾਕੀ ਸਾਰੇ ਉਮੀਦਵਾਰਾਂ ਦੇ ਮੁਕਾਬਲੇ ਇਕ ਉਹ ਹੀ ਹਨ ਜੋ ਸਰੀ ਦੇ ਲੋਕਾਂ ਲਈ ਠੋਸ ਤੇ ਨਿੱਗਰ ਕੰਮ ਕਰ ਸਕਦੇ ਹਨ ਤੇ ਕੀਤੇ ਵਾਅਦਿਆਂ ਨੂੰ ਨਿਭਾਉਣ ਦੀ ਜੁਅਰਤ ਰੱਖਦੇ ਹਨ। ਆਪਣੀ ਚੋਣ ਮੁਹਿੰਮ ਦੌਰਾਨ ਪਿਛਲੇ ਸਮੇਂ ਵਿਚ ਕੀਤੇ ਗਏ ਵਾਅਦਿਆਂ ਨੂੰ ਵਫਾ ਕਰਨ ਵਿਚ ਆਪਣਾ ਰਿਕਾਰਡ ਪੇਸ਼ ਕਰਦੇ ਰਹੇ ਤੇ ਇਹ ਵੀ ਕਹਿੰਦੇ ਰਹੇ ਕਿ ਉਹ ਜੋ ਵੀ ਕਹਿਣਗੇ, ਉਹ ਕਰਕੇ ਵਿਖਾਉਣਗੇ। ਉਹਨਾਂ ਦੀ ਇਕ ਸੁਹਿਰਦ, ਧੜੱਲੇਦਾਰ ਅਤੇ ਸਰੀ ਦੇ ਲੋਕਾਂ ਲਈ ਡੱਟਕੇ ਖੜਨ ਵਾਲੇ ਆਗੂ ਵਜੋਂ ਪਛਾਣ ਨੇ ਲੋਕਾਂ ਵਿਚ ਉਹਨਾਂ ਪ੍ਰਤੀ ਵਿਸ਼ਵਾਸ ਨੂੰ ਹੋਰ ਦ੍ਰਿੜਾਇਆ। ਭਾਵੇਂਕਿ ਵਿਰੋਧੀ ਉਹਨਾਂ ਦੇ ਉਮਰ ਦਰਾਜ਼ ਹੋਣ, ਜਿਸਮਾਨੀ ਪੱਖੋਂ ਪੂਰੀ ਤਰਾਂ ਫਿਟ ਨਾ ਹੋਣ ਦਾ ਪ੍ਰਚਾਰ ਕਰਦੇ ਰਹੇ ਪਰ ਆਪਣੀ ਚੋਣ ਮੁਹਿੰਮ ਦੌਰਾਨ ਲੋਕ ਮਿਲਣੀਆਂ ਅਤੇ ਇਕੱਠਾਂ ਵਿਚ ਪੂਰੇ ਜੋਸ਼ ਨਾਲ ਵਿਚਰਦੇ ਰਹੇ ਤੇ ਫੂਰਤੀ ਨਾਲ ਬਾਂਹਾ ਲਹਿਰਾਉਂਦਿਆਂ ਇਹ ਸਨੇਹਾ ਦੇਣ ਵਿਚ ਕਾਮਯਾਬ ਰਹੇ ਕਿ ਉਹ ਬੁੱਢੇ ਨਹੀ ਬਲਕਿ ਦਿਲੋਂ ਪੂਰੇ ਜਵਾਨ ਹਨ। ਖੁਦ ਨੂੰ ਬੀਚ ਬੁਆਏ ਵੀ ਕਹਿੰਦੇ ਰਹੇ। ਹਰ ਚੋਣ ਮੀਟਿੰਗ ਦੌਰਾਨ ਉਹਨਾਂ ਨੇ ਆਪਣੀ ਟੀਮ ਦੀ ਧੜੱਲੇ ਨਾਲ ਅਗਵਾਈ ਕੀਤੀ ਤੇ ਆਪਣੇ ਸਲੇਟ ਦੇ ਪ੍ਰੋਗਰਾਮਾਂ ਨੂੰ ਖੁਦ ਲੋਕਾਂ ਸਾਹਮਣੇ ਰੱਖਿਆ। ਉਹਨਾਂ ਨੇ ਵਿਰੋਧੀਆਂ ਦੇ ਮੁਕਾਬਲੇ ਆਪਣੀ ਸਲੇਟ ਵਲੋਂ ਚੋਣ ਪ੍ਰਚਾਰ ਦੌਰਾਨ ਕਈ ਵਾਅਦੇ ਕੀਤੇ, ਜਿਨ੍ਹਾਂ ਵਿੱਚ ਮੁੱਖ ਰੂਪ ਵਿਚ ਸ਼ਾਮਲ ਸਨ: ਚਾਰ ਸਾਲਾਂ ਤੱਕ ਪ੍ਰਾਪਰਟੀ ਟੈਕਸ ਵਿੱਚ ਕੋਈ ਵਾਧਾ ਨਾ ਕਰਨਾ, ਕਿੰਗ ਜਾਰਜ ਬੁਲੇਵਾਰਡ ਦੇ ਨਾਲ ਨਾਲ ਸਰੀ ਸਿਟੀ ਸੈਂਟਰ ਤੋਂ ਨਿਊਟਨ ਤੱਕ ‘ਸਕਾਈਟ੍ਰੇਨ’ ਦੀ ‘ਐਕਸਪੋ ਲਾਈਨ’ ਦਾ ਵਿਸਥਾਰ ਕਰਨਾ, ਅਪਰਾਧ ਤੇ ਫਿਰੌਤੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਰੀ ਪੁਲਿਸ ਸੇਵਾ ਵਿੱਚ ਅਮਲੇ ਅਤੇ ਸਾਧਨਾਂ ਦਾ ਵਾਧਾ ਕਰਨਾ, 90 ਦਿਨਾਂ ਦੇ ਅੰਦਰ ਪੁਲਿਸ ਲਈ ਇੱਕ ਸਮਰਪਿਤ ਹੈਲੀਕਾਪਟਰ ਅਤੇ ਡਰੋਨ ਫਲੀਟ ਮੁਹੱਈਆ ਕਰਵਾਉਣ, ਕਲੇਟਨ ਹਾਈਟਸ ਅਤੇ ਸਰੀ ਸਿਟੀ ਸੈਂਟਰ ਖੇਤਰਾਂ ਵਿੱਚ ਨਵੇਂ ਤੈਰਾਕੀ ਸੈਂਟਰ ਬਣਾਉਣ, ਨਿਊਟਨ ਵਿੱਚ ਸਵੀਮਿੰਗ ਪੂਲ ਵਾਲਾ ਇੱਕ ਨਵਾਂ ਕਮਿਊਨਿਟੀ ਸੈਂਟਰ ਸਥਾਪਤ ਕਰਨ ਅਤੇ ਕਲੋਵਰਡੇਲ ਫੇਅਰਗ੍ਰਾਉਂਡ ਵਿਖੇ ਘੋੜ ਦੌੜ ਦੀਆਂ ਸਹੂਲਤਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੇ ਵਾਅਦੇ ਕੀਤੇ । ਉਹਨਾਂ ਦੇ ਹੋਰ ਵਾਅਦਿਆਂ ਵਿਚ ਸ਼ਾਮਿਲ ਸੀ ਰਿਹਾਇਸ਼ੀ ਇਮਾਰਤਾਂ ਦੇ ਪਰਮਿਟ 60 ਦਿਨਾਂ ਦੇ ਅੰਦਰ ਮਨਜ਼ੂਰ ਕਰਨਾ ਜਾਂ ਅਜਿਹਾ ਨਾ ਹੋਣ ‘ਤੇ ਪਰਮਿਟ ਫੀਸ ਮੁਆਫ਼ ਕਰਨਾ, ਨਵੇਂ ਕਾਰੋਬਾਰਾਂ ਲਈ ਪਹਿਲੇ ਦੋ ਸਾਲਾਂ ਤੱਕ ਵਪਾਰਕ ਲਾਇਸੈਂਸ ਫੀਸਾਂ ਨੂੰ ਮੁਆਫ਼ ਕਰਨਾ, ਸੂਬਾਈ ਸਰਕਾਰ ਦੀ ਸਹਾਇਤਾ ਨਾਲ ਨਿਊਟਨ ਵਿੱਚ ਸਿਟੀ ਦੀ ਮਲਕੀਅਤ ਵਾਲੀ ਜ਼ਮੀਨ ‘ਤੇ ਇੱਕ ਨਵਾਂ ਹਸਪਤਾਲ ਬਣਾਉਣ ਅਤੇ ‘ਸਰੀ ਸੈਂਟਰ ਡਿਵੈਲਪਮੈਂਟ ਜ਼ੋਨ’ ਬਣਾਉਣਾ ਜਿੱਥੇ ਸ਼ਹਿਰੀ ਫੀਸਾਂ ਖਤਮ ਕੀਤੀਆਂ ਜਾਣਗੀਆਂ ਅਤੇ ਮਨਜ਼ੂਰੀਆਂ ਤੇਜ਼ੀ ਨਾਲ ਮਿਲਣਗੀਆਂ।
ਉਨ੍ਹਾਂ ਦੀ ਪਾਰਟੀ ਵਲੋਂ ‘ਕ੍ਰੈਸੈਂਟ ਬੀਚ’ ਅਤੇ ‘ਓਸੀਅਨ ਪਾਰਕ’ ਲਈ ਵਿਰਾਸਤੀ ਸੁਰੱਖਿਆ, ਸ਼ਹਿਰ ਦੇ ਹਾਲੀਆ ਤੇ ਵਿਵਾਦਤ ਜ਼ਮੀਨੀ ਸੌਦਿਆਂ ਦੀ ਸੁਤੰਤਰ ਜਾਂਚ ਅਤੇ ਸਰੀ ਦੀ ਮਿਉਂਸਪਲ ਸਰਕਾਰ ਨੂੰ ‘ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ’ ਤੋਂ ਵੱਖ ਕਰਨ ਦਾ ਵੀ ਵਾਅਦਾ ਵੀ ਸ਼ਾਮਿਲ ਹਨ। ਇਹਨਾਂ ਸਾਰੇ ਵਾਅਦਿਆਂ ਚੋਂ ਸਰੀ ਦੇ ਲੋਕਾਂ ਵਲੋਂ ਨਿਊਟਨ ਤੱਕ ਸਕਾਈਟਰੇਨ, ਸਰੀ ਵਿਚ ਇਕ ਨਵਾਂ ਹਸਪਤਾਲ ਬਣਾਉਣ ਅਤੇ ਮਿਉਂਸਪਲ ਪੁਲਿਸ ਨੂੰ ਇਕ ਕਾਮਯਾਬ ਪੁਲਿਸ ਬਣਾਉਣ ਲਈ ਕੀਤੇ ਗਏ ਵਾਅਦਿਆਂ ਨੂੰ ਸਭ ਤੋਂ ਵੱਧ ਹੁੰਗਾਰਾ ਮਿਲਿਆ। ਇਹਨਾਂ ਵਾਅਦਿਆਂ ਦੇ ਮੁਕਾਬਲੇ ਜਿਥੇ ਬਾਕੀ ਧਿਰਾਂ ਪਛੜਦੀਆਂ ਨਜ਼ਰ ਆਈਆਂ ਉਥੇ ਉਹਨਾਂ ਵਲੋਂ ਇਹਨਾਂ ਪੂਰਤੀ ਵਜੋਂ ਆਪਣਾ ਪਿਛਲਾ ਰਿਕਾਰਡ ਅਤੇ ਇਕ ਸੁਹਿਰਦ, ਈਮਾਨਦਾਰ ਤੇ ਧੜੱਲੇਦਾਰ ਆਗੂ ਵਜੋਂ ਸਥਾਪਿਤ ਪਹਿਚਾਣ ਨੇ ਉਹਨਾਂ ਨੂੰ ਜੇਤੂ ਤਾਜ ਪਹਿਨਾ ਦਿੱਤਾ।
ਉਹਨਾਂ ਦੀ ਜਿੱਤ ਵਿਚ ਵਿਰੋਧੀ ਆਗੂਆਂ ਮੁਕਾਬਲੇ ਇਕ ਕੱਦਾਵਰ ਆਗੂ ਵਜੋਂ ਵਧੇਰੇ ਲੋਕਪ੍ਰਿਯਤਾ ਹਾਸਲ ਹੋਣ ਦੇ ਨਾਲ ਉਹਨਾਂ ਦੇ ਹਿੱਤ ਵਿਚ ਭੁਗਤੀ ਵੋਟ ਵੰਡ, ਧੜੇਬੰਦੀ, ਵਫਾਦਾਰੀਆਂ ਦੀ ਅਦਲਾ ਬਦਲੀ ਅਤੇ ਕੁਝ ਹੋਰ ਸਥਾਨਕ ਕਾਰਣ ਵੀ ਜਿੰਮੇਵਾਰ ਹੋ ਸਕਦੇ ਹਨ ਪਰ ਉਹਨਾਂ ਦੀ ਸ਼ਾਨਦਾਰ ਜਿੱਤ ਵਿਚ ਸਰੀ ਦੇ ਪੰਜਾਬੀ ਭਾਈਚਾਰੇ ਵਿਚ ਉਹਨਾਂ ਪ੍ਰਤੀ ਸਨੇਹ ਅਤੇ ਵਿਸ਼ਵਾਸਯੋਗਤਾ ਵੱਡਾ ਕਾਰਕ ਸਾਬਿਤ ਹੋਈ ਹੈ। ਇਸ ਹਫਤੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਸੀ ਦੀਆਂ ਪ੍ਰਮੁੱਖ ਪਾਰਟੀਆਂ ਐਨ ਡੀ ਪੀ ਤੇ ਕੰਸਰਵੇਟਿਵ ਆਗੂਆਂ ਵਲੋਂ ਉਹਨਾਂ ਦੇ ਚੋਣ ਏਜੰਡੇ ਵਿਚ ਸ਼ਾਮਿਲ ਦੋ ਮੁੱਖ ਵਾਅਦਿਆਂ -ਨਿਊਟਨ ਤੱਕ ਸਕਾਈਟਰੇਨ ਅਤੇ ਇਕ ਹੋਰ ਨਵਾਂ ਜਨਰਲ ਹਸਪਤਾਲ ਬਣਾਏ ਜਾਣ ਦੀ ਹਮਾਇਤ ਕਰਨ ਤੋਂ ਸਾਬਿਤ ਹੁੰਦਾ ਹੈ ਕਿ ਉਹਨਾਂ ਵਲੋਂ ਸਰੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚ ਕੋਈ ਦਮ ਤਾਂ ਹੈ। ਹਾਲ ਦੀ ਘੜੀ ਮਿਊਂਸਪਲ ਚੋਣਾਂ ਵਿਚ ਸ਼ਾਨਦਾਰ ਜਿੱਤ ਲਈ ਮੇਅਰ ਡੱਗ ਮੈਕਲਮ ਅਤੇ ਉਹਨਾਂ ਦੀ ਟੀਮ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ।
ਸਿਟੀ ਕੌਂਸਲ ਵਿਚ ਸਰੀ ਕੁਨੈਕਟ ਦੇ ਸਭ ਤੋੱ ਅਵਲ ਰਹਿਣ ਵਾਲੇ ਹੈਰੀ ਬੈਂਸ ਸਮੇਤ ਤੀਸਰੀ ਵਾਰ ਕੌਂਸਲਰ ਚੁਣੇ ਗਏ ਮਨਦੀਪ ਨਾਗਰਾ ਤੇ ਔਰਤ ਹੱਕਾਂ ਦੀ ਬੁਲੰਦ ਆਵਾਜ਼ ਮੀਰਾ ਗਿੱਲ ਤੇ ਸੁਹਾਨਾ ਗਿੱਲ ਦੀ ਚੋਣ ਪੰਜਾਬੀ ਭਾਈਚਾਰੇ ਦੀ ਮਜਬੂਤ ਪ੍ਰਤੀਨਿਧਤਾ ਲਈ ਮਾਣਮੱਤੀ ਹੈ।
