ਸੁਰਿੰਦਰ ਮਾਵੀ,
ਵਿੰਨੀਪੈੱਗ 22 ਅਕਤੂਬਰ-ਕੈਨੇਡਾ ਦੀ ਵਿਨੀਪੈਗ ਯੂਨੀਵਰਸਿਟੀ ਦੀ ਇੱਕ ਸਾਬਕਾ ਵਿਦਿਆਰਥਣ ਅਤੇ ਟੀਚਿੰਗ ਅਸਿਸਟੈਂਟ ਨੇ ਯੂਨੀਵਰਸਿਟੀ ਅਤੇ ਆਪਣੇ ਸਾਬਕਾ ਪ੍ਰੋਫੈਸਰ ਖ਼ਿਲਾਫ਼ ਮੈਨੀਟੋਬਾ ਦੀ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਸਾਲ 2019 ਵਿੱਚ ਪ੍ਰੋਫੈਸਰ ਨੇ ਉਸ ਨੂੰ ਨਸ਼ਾ ਦੇ ਕੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜਿਆ।
ਅਦਾਲਤੀ ਕਾਗ਼ਜ਼ਾਂ ਮੁਤਾਬਕ ਪੀੜਤਾ 2019 ਵਿੱਚ ਯੂਨਾਈਟਿਡ ਕਿੰਗਡਮ ਤੋਂ ਪੜ੍ਹਾਈ ਕਰਨ ਲਈ ਵਿਨੀਪੈਗ ਆਈ ਸੀ ਅਤੇ ਯੂਨੀਵਰਸਿਟੀ ਵਿੱਚ ਹੀ ਕੰਮ ਵੀ ਕਰ ਰਹੀ ਸੀ। ਦਾਅਵੇ ਵਿੱਚ ਨਾਮਜ਼ਦ ਕੀਤੇ ਗਏ ਸਾਬਕਾ ਪ੍ਰੋਫੈਸਰ ਡੇਰੇਕ ਸਪੈਂਸਰ ਉੱਤੇ ਦੋਸ਼ ਹੈ ਕਿ ਉਹ ਉਸ ਦਾ ਸਲਾਹਕਾਰ ਸੀ ਅਤੇ ਉਸ ਵਿੱਚ ਗ਼ੈਰ-ਵਾਜਬ ਰੁਚੀ ਦਿਖਾਉਂਦਾ ਸੀ। ਪੀੜਤਾ ਵੱਲੋਂ ਸਾਫ਼ ਇਨਕਾਰ ਕਰਨ ਅਤੇ ਪਹਿਲਾਂ ਹੀ ਆਪਣੇ ਸਾਥੀ ਬਾਰੇ ਦੱਸਣ ਦੇ ਬਾਵਜੂਦ ਪ੍ਰੋਫੈਸਰ ਦਾ ਵਿਵਹਾਰ ਨਹੀਂ ਬਦਲਿਆ।
ਉਸੇ ਸਾਲ ਦਸੰਬਰ ਵਿੱਚ ਵਿਭਾਗ ਵੱਲੋਂ ਰੱਖੀ ਗਈ ਕ੍ਰਿਸਮਸ ਪਾਰਟੀ ਤੋਂ ਬਾਅਦ, ਪ੍ਰੋਫੈਸਰ ਨੇ ਉਸ ਨੂੰ ਇੱਕ ਬਾਰ ਵਿੱਚ ਚੱਲਣ ਲਈ ਕਿਹਾ। ਪੀੜਤਾ ਨੂੰ ਲੱਗਿਆ ਕਿ ਉੱਥੇ ਹੋਰ ਸਾਥੀ ਵੀ ਹੋਣਗੇ, ਪਰ ਉੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਹ ਇਕੱਲੀ ਹੈ। ਦਾਅਵੇ ਅਨੁਸਾਰ, ਬਾਥਰੂਮ ਜਾਣ ਤੋਂ ਬਾਅਦ ਵਾਪਸ ਆਉਣ ‘ਤੇ ਉਸ ਨੇ ਦੇਖਿਆ ਕਿ ਪ੍ਰੋਫੈਸਰ ਨੇ ਦੋ ਸ਼ਾਟ ਮੰਗਵਾਏ ਸਨ। ਸ਼ਾਟ ਪੀਣ ਤੋਂ ਤੁਰੰਤ ਬਾਅਦ ਉਸ ਦੀ ਹਾਲਤ ਵਿਗੜਨ ਲੱਗੀ। ਉਸ ਨੂੰ ਬੇਹੱਦ ਚੱਕਰ ਆਉਣ ਲੱਗੇ ਉਸ ਦਾ ਕਹਿਣਾ ਹੈ ਕਿ ਉਸ ਨੇ ਇੰਨੀ ਸ਼ਰਾਬ ਨਹੀਂ ਸੀ ਪੀਤੀ ਕਿ ਅਜਿਹਾ ਹੁੰਦਾ।
ਦੋਸ਼ ਹੈ ਕਿ ਉਸ ਹਾਲਤ ਦਾ ਫ਼ਾਇਦਾ ਉਠਾਉਂਦਿਆਂ ਪ੍ਰੋਫੈਸਰ ਨੇ ਉਸ ਨਾਲ ਬਿਨਾਂ ਸਹਿਮਤੀ ਦੇ ਜਿਨਸੀ ਛੇੜਛਾੜ ਕੀਤੀ। ਅਗਲੇ ਦਿਨ ਸਵੇਰੇ ਹਸਪਤਾਲ ਪਹੁੰਚਣ ‘ਤੇ ਉਸ ਨੂੰ ਡਰਿੱਪ ਲਗਾਈ ਗਈ, ਪਰ ਬਹੁਤ ਸਮਾਂ ਬੀਤ ਚੁੱਕਾ ਹੋਣ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਡਰਿੰਕ ਵਿੱਚ ਕਿਹੜਾ ਨਸ਼ਾ ਮਿਲਾਇਆ ਗਿਆ ਸੀ।
ਪੀੜਤਾ ਨੇ ਜਦੋਂ ਵਿਭਾਗ ਦੇ ਮੁਖੀ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਮਾਮਲਾ ਗੁਪਤ ਰੱਖਿਆ ਜਾਵੇਗਾ। ਪਰ ਯੂਨੀਵਰਸਿਟੀ ਦੇ ਮਨੁੱਖੀ ਅਧਿਕਾਰ ਵਿਭਾਗ ਵੱਲੋਂ ਜਾਂਚ ਸ਼ੁਰੂ ਕਰਦਿਆਂ ਉਸ ਦੀ ਪਛਾਣ ਜਨਤਕ ਕਰ ਦਿੱਤੀ ਗਈ, ਜਿਸ ਕਾਰਨ ਉਸ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਾਅਵੇ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੀ ਅੰਦਰੂਨੀ ਜਾਂਚ ਵਿੱਚ ਪ੍ਰੋਫੈਸਰ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਸੀ, ਪਰ ਸਜ਼ਾ ਵਜੋਂ ਉਸ ਨੂੰ ਸਿਰਫ਼ ਕੁਝ ਸਮੇਂ ਲਈ ਮੁਅੱਤਲ ਕੀਤਾ ਗਿਆ ਅਤੇ ਬਾਅਦ ਵਿੱਚ ਕੰਮ ‘ਤੇ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ।
ਇਸ ਘਟਨਾ ਤੋਂ ਬਾਅਦ ਪੀੜਤਾ ਵਾਪਸ ਯੂ ਕੇ ਚਲੀ ਗਈ। ਉਹ ਅੱਜ ਵੀ ਡਿਪਰੈਸ਼ਨ, ਪੋਸਟ-ਟਰਾਮੈਟਿਕ ਤਣਾਅ ਅਤੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ। ਉਸ ਨੇ ਅਦਾਲਤ ਤੋਂ ਆਮ ਨੁਕਸਾਨ, 5-5 ਲੱਖ ਡਾਲਰ ਪੁਨਿਟਿਵ ਤੇ ਐਗਰੀਵੇਟਿਡ ਹਰਜਾਨੇ ਅਤੇ 10 ਲੱਖ ਡਾਲਰ ਵਿਸ਼ੇਸ਼ ਹਰਜਾਨੇ (ਭਵਿੱਖ ਦੇ ਇਲਾਜ ਸਮੇਤ) ਦੀ ਮੰਗ ਕੀਤੀ ਹੈ। ਯੂਨੀਵਰਸਿਟੀ ਦੇ ਤਰਜਮਾਨ ਨੇ ਮਾਮਲਾ ਅਦਾਲਤ ਵਿੱਚ ਹੋਣ ਦਾ ਹਵਾਲਾ ਦੇ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਪੁਲੀਸ ਨੇ ਫ਼ਿਲਹਾਲ ਇਸ ਮਾਮਲੇ ‘ਤੇ ਕਿਸੇ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ।
