Oct 26, 2026

ਜਸਵੀਰ ਸਿੰਘ ਭਲੂਰੀਆ–

ਪੰਜਾਬੀ ਸਾਹਿਤ ਵਿੱਚ ਸ੍ਰੀ ਕੇ ਐਲ ਗਰਗ ਦਾ ਨਾਮ ਬੜੇ ਅਦਬ-ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਰਹਿੰਦੀ ਦੁਨੀਆਂ ਤੱਕ ਪੰਜਾਬੀ ਸਾਹਿਤ ਦੇ ਅਕਾਸ਼ ਵਿੱਚ ਧਰੂੰ ਤਾਰੇ ਵਾਂਗ ਚਮਕਦਾ ਰਹੇਗਾ।ਸਾਹਿਤ ਦਾ ਇਹ ਸਿਤਾਰਾ 30 ਸਤੰਬਰ 2026 ਨੂੰ ਪੰਜਾਬੀ ਸਾਹਿਤ ਦੇ ਅਕਾਸ਼ ਵਿੱਚੋਂ ਸਦਾ ਲਈ ਅਲੋਪ ਹੋ ਗਿਆ,ਪਰ ਆਪਣੇ ਸਿਰਜੇ ਸ਼ਬਦਾਂ ਰਾਹੀਂ ਉਹ ਸਦਾ ਸਾਡੇ ਅੰਗ ਸੰਗ ਰਹੇਗਾ।

ਸ੍ਰੀ ਕੇ ਐਲ ਗਰਗ ਜੀ ਦਾ ਪੂਰਾ ਨਾਮ ਕ੍ਰਿਸ਼ਨ ਲਾਲ ਗਰਗ ਸੀ। ਉਹਨਾਂ ਦਾ ਜਨਮ 13 ਅਪ੍ਰੈਲ 1943 ਨੂੰ ਪਿਤਾ ਸ੍ਰੀ ਬਚਨ ਲਾਲ ਗਰਗ ਦੇ ਘਰ ਮਾਤਾ ਸ੍ਰੀਮਤੀ ਕਲਾਵੰਤੀ ਦੀ ਕੁੱਖੋਂ ਧੂਰੀ ਵਿਖੇ ਹੋਇਆ। ਗਰਗ ਸਾਬ੍ਹ ਹੁਰੀਂ ਪੰਜ ਭਰਾ ਸਨ। ਉਨ੍ਹਾਂ ਦੀ ਸ਼ਾਦੀ ਸ੍ਰੀਮਤੀ ਜਨਕ ਰਾਣੀ ਨਾਲ ਹੋਈ। ਉਨ੍ਹਾਂ ਦੇ ਦੋ ਬੇਟੀਆਂ ਅਤੇ ਇੱਕ ਬੇਟਾ ਪੈਦਾ ਹੋਇਆ। ਇੱਕ ਬੇਟਾ ਤੇ ਇੱਕ ਬੇਟੀ ਅਮਰੀਕਾ ਵਿੱਚ ਵੱਸਦੇ ਹਨ ਅਤੇ ਇੱਕ ਬੇਟੀ ਫਰੀਦਕੋਟ ਵਿੱਚ ਹੈ।

ਸੁਰਤ ਸੰਭਲਦੇ ਹੀ ਗਰਗ ਸਾਬ੍ਹ ਆਪਣੇ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਣ ਲੱਗ ਪਏ ਸਨ ਕਿਉਂਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਠੀਕ-ਠਾਕ ਹੀ ਸੀ। ਉਨ੍ਹਾਂ ਦੇ ਪਿਤਾ ਜੀ ਧੂਰੀ ਵਿੱਚ ਬਰਫ਼ ਦੀਆਂ ਸਿਲਾਂ ਵੇਚਦੇ ਸਨ ਅਤੇ ਗਰਗ ਸਾਬ੍ਹ ਰੇਹੜੀ ਉੱਤੇ ਬਰਫ਼ ਰੱਖ ਕੇ ਦੁਕਾਨਾਂ ਉੱਤੇ ਵੇਚਣ ਜਾਂਦੇ ਸਨ। ਪਰ ਉਨ੍ਹਾਂ ਅੰਦਰ ਪੜ੍ਹਨ ਦੀ ਰੁਚੀ ਸੀ। ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਦੇ ਉਹ ਦਸਵੀਂ ਪਾਸ ਕਰ ਗਏ। ਏਵੇਂ ਹੀ ਐਫ.ਏ. ਕਰਕੇ ਬਿਜਲੀ ਬੋਰਡ ਵਿੱਚ ਕਲਰਕ ਲੱਗ ਗਏ। ਚਾਰ ਸਾਲ ਕਲਰਕੀ ਕੀਤੀ ਅਤੇ ਨਾਲ ਨਾਲ ਪ੍ਰਭਾਕਰ ਕਰ ਲਈ। ਅੱਗੇ ਪੜ੍ਹਨ ਲਈ ਉਨ੍ਹਾਂ ਨੇ ਤਲਵੰਡੀ ਭਾਈ ਬਦਲੀ ਕਰਵਾ ਲਈ। ਪ੍ਰਾਈਵੇਟ ਬੀ.ਏ. ਕਰਕੇ ਲਸੋਈ ਸਕੂਲ ਵਿੱਚ ਅਧਿਆਪਕ ਲੱਗ ਗਏ ਪਰ ਬੀ.ਐੱਡ. ਨਾ ਹੋਣ ਕਾਰਨ ਸਾਲ ਬਾਅਦ ਉਨ੍ਹਾਂ ਨੂੰ ਸਕੂਲ ਵਿੱਚੋਂ ਹਟਾ ਦਿੱਤਾ ਗਿਆ। ਫਿਰ ਮੋਗੇ ਤੋਂ ਬੀ ਐੱਡ ਕਰਕੇ ਫਿਰੋਜ਼ਪੁਰ ਡੀ ਸੀ ਮਾਡਲ ਸਕੂਲ ਵਿੱਚ ਅਧਿਆਪਕ ਲੱਗ ਗਏ। ਉੱਥੇ ਸਕੂਲ ਦੇ ਪ੍ਰਿੰਸੀਪਲ ਨਾਲ ਅਣਬਣ ਹੋ ਗਈ ਤਾਂ ਮੋਗੇ ਦੇ ਇੱਕ ਏਡਡ ਸਕੂਲ ਵਿੱਚ ਪੜ੍ਹਾਉਣ ਲੱਗ ਗਏ। ਮੋਗੇ ਆ ਕੇ ਗਰਗ ਸਾਬ੍ਹ ਮੋਗੇ ਦੇ ਹੀ ਹੋ ਕੇ ਰਹਿ ਗਏ। ਨੌਕਰੀ ਦੇ ਨਾਲ ਨਾਲ ਹਿੰਦੀ ਦੀ ਐਮ.ਏ. ਵੀ ਕਰ ਲਈ, ਹਰਿਆਣੇ ਦੇ ਇੱਕ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ ਪਰ ਗਰਗ ਸਾਬ੍ਹ ਦਾ ਮੋਗੇ ਨਾਲ ਮੋਹ ਹੀ ਏਨਾ ਪੈ ਗਿਆ ਕਿ ਮੋਗਾ ਛੱਡਣ ਨੂੰ ਦਿਲ ਨਹੀਂ ਕੀਤਾ। ਮੋਗੇ ਬਾਰੇ ਇੱਕ ਕਹਾਵਤ ਹੈ, ‘ਮੋਗਾ ਚਾਹ ਜੋਗਾ’ ਪਰ ਗਰਗ ਸਾਬ੍ਹ ‘ਮੋਗਾ ਮੁਹੱਬਤ ਜੋਗਾ’ ਕਹਿੰਦੇ ਹੁੰਦੇ ਸਨ। ਜਦ ਗਰਗ ਸਾਬ੍ਹ ਆਰਥਿਕ ਪੱਖੋਂ ਪੈਰਾਂ ਸਿਰ ਹੋ ਗਏ ਤਾਂ ਉਹ ਸਾਹਿਤ ਸਿਰਜਣਾ ਵਿੱਚ ਜੁੱਟ ਗਏ।

ਗਰਗ ਸਾਬ੍ਹ ਨੇ ਸਾਹਿਤਕ ਸਫ਼ਰ ‘ਕਹਾਣੀ’  ਤੋਂ ਸ਼਼ੁਰੂ ਕੀਤਾ ਅਤੇ ਬਹੁਤ ਜਲਦੀ ਚੋਟੀ ਦੇ ਕਹਾਣੀਕਾਰਾਂ ਵਿੱਚ ਜਾ ਖੜੇ ਹੋਏ। ਉਨ੍ਹਾਂ ਦੀਆਂ ਕਹਾਣੀਆਂ ਦੀਆਂ ਪੁਸਤਕਾਂ: ਵਾਟ 69, ਅੱਗ ਦੇ ਦਾਇਰੇ, ਤਲਬ ਦਾ ਰਿਸ਼ਤਾ, ਮੋਹ ਭੰਗ, ਲੁਕੇ ਹੋਏ ਬੰਦੇ, ਹੌਲੀ ਹੌਲੀ ਆਦਿ ਪਾਠਕਾਂ ਦੀ ਪਸੰਦ ਬਣੀਆਂ। ਅੰਮ੍ਰਿਤਾ ਪ੍ਰੀਤਮ ਦੇ ਮੈਗਜ਼ੀਨ ‘ਨਾਗਮਣੀ’ ਦੇ ਉਹ ਹਰਮਨ ਪਿਆਰੇ ਲੇਖਕ ਸਨ। ਨਾਗਮਣੀ ਵਿੱਚ ਛਪੀ ਉਨ੍ਹਾਂ ਦੀ ਕਹਾਣੀ ‘ਸ਼ਹੀਦ’ ਨੂੰ ਕਲਾਸਿਕ ਕਹਾਣੀ ਮੰਨਿਆ ਗਿਆ ਅਤੇ ਇਸ ਕਹਾਣੀ ਨੂੰ ‘ਨਾਗਮਣੀ ਪੁਰਸਕਾਰ’ ਵੀ ਮਿਲਿਆ। ਕਹਾਣੀ ‘ਬਦਲਦਾ ਦ੍ਰਿਸ਼ਟੀਕੋਣ’ ਉੱਪਰ ‘ਰੱਬ ਝੂਠ ਨਾ ਬੁਲਾਵੇ’ ਅਤੇ ਕਹਾਣੀ  ‘ਹੱਥ ਦੀ ਮੈਲ’ ਉਪਰ ਫਿਲਮ ‘ਲੇਖਾ ਮਾਵਾਂ ਧੀਆਂ ਦਾ’ ਟੈਲੀਫਿਲਮਾਂ ਵੀ ਬਣੀਆਂ ਅਤੇ ਜਲੰਧਰ ਦੂਰਦਰਸ਼ਨ ਰਾਹੀਂ ਗਰਗ ਸਾਬ੍ਹ ਘਰ ਘਰ ਪਹੁੰਚ ਗਏ।

ਕਹਾਣੀ ਤੋਂ ਬਾਅਦ ਨਾਵਲਕਾਰੀ ਵਿੱਚ ਵੀ ਗਰਗ ਸਾਬ੍ਹ ਨੇ ਵਿਲੱਖਣ ਪੈੜਾਂ ਪਾਈਆਂ।ਦਰਅਸਲ,ਤਲਾਸ਼,ਹੁੰਮਸ,ਤਮਾਸ਼ਾ (ਇਸਦਾ ਹਿੰਦੀ ਅਨੁਵਾਦ ਵੀ ਹੋਇਆ),ਆਖ਼ਰੀ ਪੱਤਾ,ਚੰਦ ਦਾ ਉਚੜਿਆ ਚਿਹਰਾ,ਹਿਲਦੇ ਦੰਦ ਅਤੇ ਮਰਸੀ ਕਿਲਿੰਗ ਵਰਗੇ ਇਕ ਦਰਜਨ ਦੇ ਕਰੀਬ ਪੰਜਾਬੀ ਅਤੇ ਹਿੰਦੀ ਵਿੱਚ ਨਾਵਲ, ਪਾਠਕਾਂ ਵਿੱਚ ਹਰਮਨ ਪਿਆਰੇ ਹੋਏ। ਨਾਵਲ ਤੋਂ ਬਾਅਦ ਗਰਗ ਸਾਬ੍ਹ ਨੇ ਹਾਸ-ਵਿਅੰਗ ਨੂੰ ਪੰਜਾਬੀ ਸਾਹਿਤ ਵਿੱਚ ਸਥਾਪਿਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਹਾਸ-ਵਿਅੰਗ ਦੀਆਂ ਉਨ੍ਹਾਂ 30 ਤੋਂ ਵੱਧ ਪੁਸਤਕਾਂ ਲਿਖ ਧਰੀਆਂ: ਦੇਖ ਕਬੀਰਾ ਹੱਸਿਆ, ਕਿੱਸਾ ਕੰਡਮ ਕੁਰਸੀ ਦਾ,ਥਾਣੇ ਵਿੱਚ ਸ਼ਰੀਫ ਆਦਮੀ,ਜਮੂੰਰੇ ਦਾ ਹਲਫੀਆ ਬਿਆਨ,ਦਫ਼ਤਰ ਵਿੱਚ ਭੂੰਡ,ਤਾਊ ਰੰਗੀ ਰਾਮ,ਖੂੰਡੇ ਵਾਲਾ ਬਾਬਾ,ਸ਼ੈਤਾਨ ਦੀ ਡਾਇਰੀ ਆਦਿ ਉਨ੍ਹਾਂ ਦੀਆਂ ਚਰਚਿਤ ਹਾਸ ਵਿਅੰਗ ਪੁਸਤਕਾਂ ਹਨ। ਅਖਬਾਰਾਂ ਵਿੱਚ ਉਨ੍ਹਾਂ ਦੇ ਕਾਲਮ ਸਾਲਾਂ ਦੇ ਸਾਲ ਛਪਦੇ ਰਹੇ ਜਿਨ੍ਹਾਂ ਵਿੱਚ ਅਜੀਤ ਅਖ਼ਬਾਰ ਵਿੱਚ ‘ਗਰਗਬਾਣੀ’ ਬਹੁਤ ਹਰਮਨ ਪਿਆਰਾ ਹੋਇਆ ਹੈ। ‘ਤਾਊ ਰੰਗੀ ਰਾਮ’ ਉਨ੍ਹਾਂ ਦਾ ਮਨ ਪਸੰਦ ਪਾਤਰ ਸੀ। ਆਪਣੀ ਮੌਲਿਕ ਸਿਰਜਣਾ ਤੋਂ ਇਲਾਵਾ ਉਨ੍ਹਾਂ ਨੇ ਪ੍ਰਿੰਸੀਪਲ ਘਨਈਆ ਲਾਲ ਕਪੂਰ,ਸ਼ੇਰ ਜੰਗ ਜਾਂਗਲੀ,ਪਿਆਰਾ ਸਿੰਘ ਦਾਤਾ,ਗੁਰਨਾਮ ਸਿੰਘ ਤੀਰ, ਦਲੀਪ ਸਿੰਘ ਭੂਪਾਲ ਅਤੇ ਸੂਬਾ ਸਿੰਘ  ਆਦਿ ਹਾਸ-ਵਿਅੰਗ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਦੀਆਂ ਕਿਤਾਬਾਂ ਸੰਪਾਦਿਤ ਕੀਤੀਆਂ। ਉਹ ਨਵੇਂ ਲਿਖੇ ਚੋਣਵੇਂ ਹਾਸ-ਵਿਅੰਗ (ਵਾਰਤਕ/ਕਵਿਤਾ) ਨੂੰ ਵੀ ਹਰ ਸਾਲ ਸੰਪਾਦਿਤ ਕਰਦੇ ਰਹੇ। 2004 ਵਿੱਚ ਉਨ੍ਹਾਂ ਨੇ ‘ਪੰਜਾਬੀ ਹਾਸ-ਵਿਅੰਗ ਅਕਾਦਮੀ,ਪੰਜਾਬ ਦੀ ਸਥਾਪਨਾ ਕੀਤੀ,ਜੋ ਤਰੱਕੀਆਂ ਕਰਦੀ ਕਰਦੀ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਈ । ਉਹਨਾਂ ਆਖ਼ਰੀ ਦਮ ਤੱਕ ਇਸਦੀ ਪ੍ਰਧਾਨਗੀ ਕੀਤੀ। ਇਸ ਦੇ ਨਾਲ ਹੀ ‘ਜਾਗੋ ਵਿਅੰਗ ਜਾਗੋ’ ਸਿਰਲੇਖ ਹੇਠ ਵੱਖ-ਵੱਖ ਪਿੰਡਾਂ/ ਸ਼ਹਿਰਾਂ ਵਿੱਚ ਵਰਕਸ਼ਾਪਾਂ ਲਾਉਣੀਆਂ ਸ਼ੁਰੂ ਕੀਤੀਆਂ। ਓਦੋਂ ਤੋਂ ਹੀ ਮੋਗੇ ਵਿੱਚ ਹਰ ਸਾਲ ਹਾਸ-ਵਿਅੰਗ ਨੂੰ ਸਮਰਪਿਤ ਵਿਸ਼ਾਲ ਸਮਾਗਮ ਆਯੋਜਿਤ ਕਰਨਾ ਸ਼ੁਰੂ ਕੀਤਾ। ਇਸ ਸਮਾਗਮ ਵਿੱਚ ਹਰ ਸਾਲ ਦੋ ਹਾਸ-ਵਿਅੰਗ ਲੇਖਕਾਂ ਨੂੰ ‘ਪਿਆਰਾ ਸਿੰਘ ਦਾਤਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜਿਸ ਵਿੱਚ ਨਗਦ ਰਾਸ਼ੀ, ਸਨਮਾਨ ਪੱਤਰ ਅਤੇ ਲੋਈ ਭੇਟ ਕੀਤੀ ਜਾਂਦੀ ਹੈ। ਇਹ ਵਕਾਰੀ  ਪੁਰਸਕਾਰ ਪ੍ਰਸਿੱਧ ਹਾਸ-ਵਿਅੰਗ ਲੇਖਕ ਪਿਆਰਾ ਸਿੰਘ ਦਾਤਾ ਦੇ ਦਿੱਲੀ ਵੱਸਦੇ ਪ੍ਰੀਵਾਰ ਵੱਲੋਂ ਅਕਾਦਮੀ ਦੇ ਸਹਿਯੋਗ ਨਾਲ ਦਿੱਤਾ ਜਾਦਾ ਹੈ। ਪਿਆਰਾ ਸਿੰਘ ਦਾਤਾ ਦੇ ਬੇਟੇ ਹਰ ਸਾਲ ਦਿੱਲੀ ਤੋਂ ਮੋਗੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਇਹ ਉੱਤਮ ਕਾਰਜ ਗਰਗ ਸਾਬ੍ਹ ਦੀ ਜ਼ਿੰਦਗੀ ਦਾ ਹਾਸਲ ਹੈ।

ਕੇ ਐਲ ਗਰਗ ਨੇ ‘ਵਾਟਾਂ ਦੇਸ਼ੋਂ ਬਾਹਰ ਦੀਆਂ’ ਅਮਰੀਕਾ,ਇੰਗਲੈਂਡ ਅਤੇ ਕੈਨੇਡਾ ਦਾ ਚਰਚਿਤ ਸਫ਼ਰਨਾਮਾ ਵੀ ਲਿਖਿਆ ਹੈ ਅਤੇ ਪੁਸਤਕ ‘ਦੂਜਾ ਪਾਸਾ’ ਵਿੱਚ ਅਮਰੀਕਨ ਲੋਕਾਂ ਦੇ ਰੇਖਾ-ਚਿੱਤਰ ਵੀ ਲਿਖੇ। ਗਰਗ ਸਾਬ੍ਹ ਨੇ ਅਨੁਵਾਦ ਦੇ ਖੇਤਰ ਵਿੱਚ ਵੀ ਬਾਕਮਾਲ ਕਾਰਜ ਕੀਤਾ ਹੈ। ਅੰਗਰੇਜ਼ੀ ਨਾਵਲਾਂ, ਸਰ ਜੇਮਸ ਫਰੇਜ਼ਰ ਦੇ ‘ਦਾ ਗੋਲਡਨ ਬਗ’ ਦਾ ‘ਸੁਨਹਿਰੀ ਟਾਹਣੀ’, ਲੂ ਸ਼ਨ ਦੇ ‘ਟਰੂ ਸਟੋਰੀ ਆਫ ਦੀ ਆਹ ਕਿਊ’ ਦਾ ‘ਆਹ ਕਿਊ ਦੀ ਸੱਚੀ ਕਹਾਣੀ’, ਮਾਰਕ ਟਵਿਨ ਦੇ ‘ਦੀ ਵਾਰ ਪਰੇਅਰ’ ਦਾ ‘ਯੁੱਧ ਜਾਪ’, ਰਿਚਰਡ ਰਾਈਟ ਦੇ ‘ਬਲੈਕ ਬੁਆਏ’ ਦਾ ‘ਕਾਲਾ ਮੁੰਡਾ’ ਸਿਰਲੇਖ ਹੇਠ ਅਨੁਵਾਦ ਕੀਤੇ। ਨੋਬਲ ਪੁਰਸਕਾਰ ਜੇਤੂ ਐਲੀ ਵੀਜਲ ਦੇ ਤਾਂ ਬਹੁਤ ਸਾਰੇ ਨਾਵਲ ਉਨ੍ਹਾਂ ਨੇ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ। ਅਲੈਕਸਾਂਦਰ ਕੁਪਰਨ ਦੇ 400 ਸਫ਼ੇ ਦੇ ਪ੍ਰਸਿੱਧ ਰੂਸੀ ਨਾਵਲ ‘ਜਾਮਾ ਦਾ ਪਿੱਟ’ ਨੂੰ ‘ਯਾਮਾ ਦਾ ਚਕਲਾ’ ਸਿਰਲੇਖ ਹੇਠ ਅਨੁਵਾਦ ਕੀਤਾ। ‘ਯਾਮਾ ਦਾ ਚਕਲਾ’ ਨੂੰ ਤਾਂ ਅਨੁਵਾਦ ਲਈ ਭਾਰਤੀ ਸਾਹਿਤ ਅਕੈਡਮੀ ਨਵੀਂ ਦਿੱਲੀ ਵੱਲੋਂ ਐਵਾਰਡ ਵੀ ਮਿਲਿਆ। ਗੋਪਾਲ ਪ੍ਰਸਾਦ ਵਿਆਸ ਦੇ ਚੋਣਵੇਂ ਹਾਸ-ਵਿਅੰਗ ਨੂੰ 2018 ਦਾ ‘ਸਾਹਿਤ ਅਕੈਡਮੀ ਐਵਾਰਡ’ ਵੀ ਮਿਲਿਆ ਹੈ। ਇਸ ਤੋਂ ਇਲਾਵਾ ਪੰਜਾਬੀ ਹਾਸ-ਵਿਅੰਗ ਅਕਾਦਮੀ (ਅੰਤਰਰਾਸ਼ਟਰੀ) ਵੱਲੋਂ ‘ਪਿਆਰਾ ਸਿੰਘ ਦਾਤਾ ਐਵਾਰਡ’, ‘ਲਾਭ ਸਿੰਘ ਚਾਤ੍ਰਿਕ ਐਵਾਰਡ’,ਬਲਜੀਤ ਚਕੇਰਵੀ, ਢੁੱਡੀਕੇ ਟਰੱਸਟ ਪੁਰਸਕਾਰ,ਲਾਂਬੜਾ ਸੱਥ ਪੁਰਸਕਾਰ,  ‘ਇਕਬਾਲ ਸਿੰਘ ਰਾਮੂੰਵਾਲੀਆ ਐਵਾਰਡ’ ਅਤੇ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਐਵਾਰਡ ਵੀ ਗਰਗ ਸਾਬ੍ਹ ਦੀ ਝੋਲ਼ੀ ਪਏ। ਗਰਗ ਸਾਬ੍ਹ ਲਈ ‘ਸ਼੍ਰੋਮਣੀ ਸਾਹਿਤਕਾਰ ਐਵਾਰਡ’ ਵੀ ਅਨਾਊਂਸ ਹੋ ਚੁੱਕਾ ਸੀ ਪਰ ਪਏ ਰੇੜਕੇ ਕਾਰਨ ਮਿਲ ਨਹੀਂ ਸਕਿਆ।

ਗਰਗ ਸਾਬ੍ਹ ਦਾ ਪੰਜਾਬੀ ਮਾਂ ਬੋਲੀ ਪ੍ਰਤੀ ਜਨੂੰਨ ਦੇਖੋ- ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਨਾਵਲਕਾਰ ਐਲੀ ਵੀਜਲ ਨੇ ਬਹੁਤ ਸਾਰੇ ਨਾਵਲ ਲਿਖੇ ਹਨ। ਅਮਰੀਕਾ ਰਹਿੰਦਿਆਂ ਕੇ ਐਲ ਗਰਗ ਨੇ ਉਨ੍ਹਾਂ ਦਾ ਬਹੁ-ਚਰਚਿਤ ਨਾਵਲ ‘ਨਾਈਟ’ ਪੜਿਆ। ਇਹ ਨਾਵਲ ਗਰਗ ਸਾਬ੍ਹ ਨੂੰ ਏਨਾ ਚੰਗਾ ਲੱਗਾ ਕਿ ਉਨ੍ਹਾਂ ਨੇ ਠਾਣ ਲਿਆ ਕਿ ਐਲੀ ਵੀਜ਼ਲ ਦੇ ਕੰਮ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣਾ ਹੈ। ਇਸ ਲਈ ਉਨ੍ਹਾਂ ਨੇ ਨਾਵਲ ਦੇ ਪ੍ਰਕਾਸ਼ਕ ਨਾਲ ਗੱਲ ਕੀਤੀ ਪਰ ਪ੍ਰਕਾਸ਼ਕ ਨੇ ਅਨੁਵਾਦ ਦੀ ਆਗਿਆ ਦੇਣ ਲਈ ਮੋਟੀ ਰਕਮ ਦੀ ਮੰਗ ਕੀਤੀ। ਫਿਰ ਉਨ੍ਹਾਂ ਨੇ ਕਿਵੇਂ ਨਾ ਕਿਵੇਂ ਲੇਖਕ ਤੱਕ ਪਹੁੰਚ ਕਰ ਲਈ। ਐਲੀ ਵੀਜ਼ਲ ਨੂੰ ਮਿਲ ਕੇ ਗਰਗ ਸਾਬ੍ਹ ਨੇ ਆਪਣੀ ਭਾਸ਼ਾ ਦੀ ਅਸਲ ਸਥਿਤੀ ਦੱਸੀ ਤਾਂ ਐਲੀ ਵੀਜ਼ਲ ਨੇ ਸਿਰਫ਼ ਇੱਕ ਡਾਲਰ ਲੈ ਕੇ ਅਨੁਵਾਦ ਕਰਨ ਦੇ ਹੱਕ ਦੇ ਦਿੱਤੇ। ਏਨਾ ਹੀ ਨਹੀਂ ਆਪਣਾ ਨਵਾਂ ਨਾਵਲ ਵੀ ਆਟੋਗਰਾਫ ਸਮੇਤ ਗਰਗ ਸਾਬ੍ਹ ਨੂੰ ਭੇਟ ਕੀਤਾ। ਇਸ ਤਰਾਂ ਦਾ ਜਨੂੰਨ ਸੀ ਸਰਬਾਂਗੀ ਲੇਖਕ ਗਰਗ ਜੀ ਦਾ।

ਪੰਜਾਬੀ ਤੋਂ ਇਲਾਵਾ ਗਰਗ ਸਾਬ੍ਹ ਨੇ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵੀ ਲਿਖਿਆ। ਪਰਿਧੀ ਮੇਂ ਨਾਚਤਾ ਆਦਮੀ,ਪੁਲ ਕੀ ਧਾਰਾ ਅਤੇ ਕਾਮਰੇਡ ਗਿੱਧ ਉਨ੍ਹਾਂ ਦੀਆਂ ਹਿੰਦੀ ਦੀਆਂ ਪੁਸਤਕਾਂ ਹਨ। ਉਨ੍ਹਾਂ ਦੀਆਂ ਕੁੱਲ ਪੁਸਤਕਾਂ ਦੀ ਗਿਣਤੀ ਸੌ ਤੋਂ ਉੱਪਰ ਹੈ। ਪਿਛਲੇ 20-22 ਸਾਲ ਤੋਂ ਉਹ ਹਾਸ-ਵਿਅੰਗ ਨੂੰ ਹੀ ਸਮਰਪਿਤ ਹੋ ਗਏ ਸਨ। ਦਾਸ ਨੂੰ ਵੀ ਉਨ੍ਹਾਂ ਨੇ ਹੀ ਹਾਸ-ਵਿਅੰਗ ਲਿਖਣ ਲਈ ਪ੍ਰੇਰਿਤ ਕੀਤਾ ਹੈ ਗਰਗ ਸਾਬ੍ਹ ਤੋਂ ਪਹਿਲਾਂ ਅਲੋਚਕ/ ਵਿਦਵਾਨ ਹਾਸ-ਵਿਅੰਗ ਦਾ ਨੋਟਿਸ ਨਹੀਂ ਲੈਂਦੇ ਸਨ। ਗਰਗ ਸਾਬ੍ਹ ਨੇ ਹਾਸ-ਵਿਅੰਗ ਨੂੰ ਇੱਕ ਵਿਧਾ ਦੇ ਤੌਰ ਤੇ ਸਥਾਪਿਤ ਹੋਣ ਵਿੱਚ ਪੂਰਨ ਯੋਗਦਾਨ ਪਾਇਆ। ‘ਪੰਜਾਬੀ ਹਾਸ-ਵਿਅੰਗ ਅਕਾਦਮੀ’ ਸਥਾਪਿਤ ਕਰਨੀ ਹਾਸ-ਵਿਅੰਗ ਪ੍ਰਤੀ ਉਨ੍ਹਾਂ ਦੇ ਜਨੂੰਨ ਨੂੰ ਦਰਸਾਉਂਦਾ ਹੈ। ਮੈਂ ਆਸਵੰਦ ਹਾਂ ਕਿ ਅਸੀਂ ਸਾਰੇ ‘ਹਾਸ-ਵਿਅੰਗ ਅਕਾਦਮੀ’ ਦੇ ਮੈਂਬਰ ਉਨ੍ਹਾਂ ਦੇ ਲਾਏ ਬੂਟੇ ਨੂੰ ਘਣਛਾਵਾਂ ਰੁੱਖ ਬਣਾਵਾਂਗੇ। ਗਰਗ ਸਾਬ੍ਹ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।

ਸਰੀ (ਬੀ.ਸੀ.)ਕੈਨੇਡਾ

+1-236-622-7799

Leave a Reply

Your email address will not be published. Required fields are marked *