ਜਾਰਜੀਆ-ਅਮਰੀਕਾ ਵਿੱਚ 27 ਸਾਲਾ ਸਿੱਖ ਨੌਜਵਾਨ ਜੋਤ ਸਿੰਘ ਨੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਯੇਲ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਜੋਤ ਸਿੰਘ ਜਾਰਜੀਆ ਸਟੇਟ ਅਸੈਂਬਲੀ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ ਮੂਲ ਦੇ ਅਮਰੀਕੀ ਬਣ ਗਏ ਹਨ। ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਦਿਆਂ ਜੋਤ ਸਿੰਘ ਨੇ 3 ਨਵੰਬਰ ਨੂੰ ਡਿਸਟ੍ਰਿਕਟ 97 ਤੋਂ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜ਼ੀ ਨੂੰ ਹਰਾ ਕੇ ਜਾਰਜੀਆ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੀ ਸੀਟ ‘ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੇ ਚੋਣ ਹਲਕੇ ਵਿੱਚ ਡੁਲੂਥ, ਪੀਚਟ੍ਰੀ ਕਾਰਨਰਜ਼, ਨੋਰਕਰਾਸ ਅਤੇ ਗਵਿਨੇਟ ਕਾਊਂਟੀ ਦੀ ਬਰਕਲੇ ਲੇਕ ਦੇ ਇਲਾਕੇ ਆਉਂਦੇ ਹਨ।ਭਾਰਤ ਤੋਂ ਅਮਰੀਕਾ ਗਏ ਸਿੱਖ ਪਰਵਾਸੀਆਂ ਦੇ ਘਰ ਜਨਮੇ ਜੋਤ ਸਿੰਘ ਨੇ ਬਚਪਨ ਵਿੱਚ ਕਾਫੀ ਸੰਘਰਸ਼ ਕੀਤਾ ਹੈ। ਉਹ ਨੋਰਕਰਾਸ ਵਿੱਚ ਇੱਕ ਸਧਾਰਨ ਕਾਮੇ ਪਰਿਵਾਰ ਵਿੱਚ ਪਲੇ-ਵੱਡੇ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬੇਸਮੈਂਟ ਵਾਲੇ ਘਰਾਂ ਵਿੱਚ ਵੀ ਰਿਹਾ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ
ਜੋਤ ਸਿੰਘ ਨੇ ਗਵਿਨੇਟ ਸਕੂਲ ਆਫ਼ ਮੈਥੇਮੈਟਿਕਸ, ਸਾਇੰਸ ਐਂਡ ਟੈਕਨਾਲੋਜੀ ਤੋਂ ਮੁੱਢਲੀ ਸਿੱਖਿਆ ਲੈਣ ਮਗਰੋਂ 2021 ਵਿੱਚ ਯੇਲ ਯੂਨੀਵਰਸਿਟੀ ਤੋਂ ਗਲੋਬਲ ਅਫੇਅਰਜ਼ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ‘ਬਲੂ ਹਸਕੀ ਗਰੁੱਪ’ ਨਾਂ ਦੀ ਸਲਾਹਕਾਰ ਕੰਪਨੀ ਬਣਾਈ ਅਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜ ਕੇ ਕੰਮ ਕੀਤਾ। ਚੋਣਾਂ ਵਿੱਚ ਉਨ੍ਹਾਂ ਦਾ ਮੁੱਖ ਏਜੰਡਾ ਸਸਤੇ ਮਕਾਨ, ਵਧੀਆ ਸਿਹਤ ਸਹੂਲਤਾਂ, ਸਰਕਾਰੀ ਸਿੱਖਿਆ, ਪਰਵਾਸੀਆਂ ਦੇ ਹੱਕ ਅਤੇ ਆਮ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਹੱਲ ਕਰਨਾ ਰਿਹਾ ਹੈ।
ਉਨ੍ਹਾਂ ਦੀ ਇਹ ਜਿੱਤ ਅਮਰੀਕਾ ਦੀ ਰਾਜਨੀਤੀ ਵਿੱਚ ਸਿੱਖਾਂ ਅਤੇ ਭਾਰਤੀ ਭਾਈਚਾਰੇ ਦੀ ਵਧਦੀ ਤਾਕਤ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਾਈਚਾਰੇ ਦੀਆਂ ਜਥੇਬੰਦੀਆਂ ਅਤੇ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਸਮੇਤ ਕਈ ਭਾਰਤੀ-ਅਮਰੀਕੀ ਆਗੂਆਂ ਦਾ ਸਾਥ ਮਿਲਿਆ। ਇਸ ਚੋਣ ਨੂੰ ਅਮਰੀਕਾ ਦੀ ਰਾਜਨੀਤੀ ਵਿੱਚ ਪਰਵਾਸੀਆਂ ਦੀ ਨੁਮਾਇੰਦਗੀ ਪੱਖੋਂ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਜੋਤ ਸਿੰਘ ਦੀ ਚੋਣ ਮੁਹਿੰਮ ਦੌਰਾਨ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰੇ ਗੂੰਜਦੇ ਰਹੇ।
ਭਾਰਤੀ ਮੂਲ ਦੇ ਅਮੀ ਬੇਰਾ, ਰੋ ਖੰਨਾ, ਸੁਹਾਸ ਸੁਬਰਾਮਨੀਅਮ, ਅਰੁਣਾ ਮਿਲਰ, ਪ੍ਰਮਿਲਾ ਜੈਪਾਲ ਤੇ ਪੀਆ ਡਾਂਡੀਆ ਵੀ ਜਿੱਤੇ-
ਵਾਸ਼ਿੰਗਟਨ-ਭਾਰਤੀ-ਅਮਰੀਕੀ ਡੈਮੋਕਰੈਟਿਕ ਸੰਸਦ ਮੈਂਬਰ ਅਮੀ ਬੇਰਾ, ਰੋ ਖੰਨਾ, ਸੁਹਾਸ ਸੁਬਰਾਮਨੀਅਮ ਅਤੇ ਪ੍ਰਮਿਲਾ ਜੈਪਾਲ ਨੂੰ ਅਮਰੀਕੀ ਪ੍ਰਤੀਨਿਧ ਸਭਾ (ਹੇਠਲੇ ਸਦਨ) ਲਈ ਦੁਬਾਰਾ ਚੁਣ ਲਿਆ ਗਿਆ ਹੈ, ਜਦਕਿ ਪੀਆ ਡਾਂਡੀਆ ਨੇ ਪਹਿਲੀ ਵਾਰ ਅਮਰੀਕੀ ਸੰਸਦ ਵਿੱਚ ਆਪਣੀ ਥਾਂ ਬਣਾਈ ਹੈ। ਮੱਧਕਾਲੀ ਚੋਣਾਂ ਵਿੱਚ ਭਾਰਤੀ ਭਾਈਚਾਰੇ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। 61 ਸਾਲਾ ਬੇਰਾ ਨੇ ਕੈਲੀਫੋਰਨੀਆ ਦੇ ਤੀਜੇ ਕਾਂਗਰਸ ਹਲਕੇ ਤੋਂ ਰਿਪਬਲਿਕਨ ਉਮੀਦਵਾਰ ਰੌਬ ਟਕਰ ਨੂੰ ਹਰਾ ਕੇ ਅਮਰੀਕੀ ਸਦਨ ਦੀ ਚੋਣ ਮੁੜ ਜਿੱਤੀ। ਇਹ ਉਨ੍ਹਾਂ ਦਾ ਅੱਠਵਾਂ ਕਾਰਜਕਾਲ ਹੋਵੇਗਾ। ਪੇਸ਼ੇ ਤੋਂ ਡਾਕਟਰ ਰਹੇ ਬੇਰਾ ਅਮਰੀਕੀ ਕਾਂਗਰਸ (ਸੰਸਦ) ਵਿੱਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਭਾਰਤੀ-ਅਮਰੀਕੀ ਹਨ। ਉਹ ਵਰਤਮਾਨ ’ਚ ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ 50 ਸਾਲਾ ਰੋ ਖੰਨਾ ਨੇ ਸਿਲੀਕੌਨ ਵੈਲੀ ਦੇ ਕੇਂਦਰ ’ਚ ਪੈਂਦੇ ਕੈਲੀਫੋਰਨੀਆ ਦੇ 17ਵੇਂ ਕਾਂਗਰਸ ਹਲਕੇ ਤੋਂ ਮੁੜ ਚੋਣ ਜਿੱਤੀ ਹੈ। ਉਹ ਆਪਣਾ ਪੰਜਵਾਂ ਕਾਰਜਕਾਲ ਪੂਰਾ ਕਰ ਰਹੇ ਹਨ। ਖੰਨਾ ਫਿਲਾਡੈਲਫੀਆ ਦੇ ਮੱਧ-ਵਰਗੀ ਪਰਿਵਾਰ ਵਿੱਚੋਂ ਆਏ ਸਨ।
ਭਾਰਤੀ ਮੂਲ ਦੇ 40 ਸਾਲਾ ਸੁਬਰਾਮਨੀਅਮ ਨੂੰ ਵਰਜੀਨੀਆ ਦੇ 10ਵੇਂ ਕਾਂਗਰਸ ਹਲਕੇ ਤੋਂ ਦੁਬਾਰਾ ਚੁਣ ਲਿਆ ਗਿਆ ਹੈ। ਉਨ੍ਹਾਂ ਰਿਪਬਲਿਕਨ ਡੇਵ ਬੈੱਕਵਿਦ ਨੂੰ ਹਰਾਇਆ ਹੈ। ਸੁਬਰਾਮਨੀਅਮ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਉਹ ਹਿਊਸਟਨ ਦੇ ਜੰਮਪਲ ਹਨ। ਪਹਿਲੀ ਵਾਰ ਉਹ 2024 ਵਿੱਚ ਸੰਸਦ ਲਈ ਚੁਣੇ ਗਏ ਸਨ। ਜੈਪਾਲ ਜੋ ਵਾਸ਼ਿੰਗਟਨ ਦੇ 7ਵੇਂ ਕਾਂਗਰਸ ਹਲਕੇ ਦੀ ਪ੍ਰਤੀਨਿਧਤਾ ਕਰਦੀ ਹੈ, ਦਾ ਹੇਠਲੇ ਸਦਨ ਵਿੱਚ ਇਹ ਛੇਵਾਂ ਕਾਰਜਕਾਲ ਹੋਵੇਗਾ। ਪੀਆ ਡਾਂਡੀਆ (39) ਨੇ ਫਲੋਰਿਡਾ ਦੇ 22ਵੇਂ ਕਾਂਗਰਸ ਹਲਕੇ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਰਿਪਬਲਿਕਨ ਕੈਸੀ ਅਸਕਰ ਨੂੰ ਹਰਾਇਆ। ਹਾਈ ਸਕੂਲ ਵਿੱਚ ਪ੍ਰਿੰਸੀਪਲ ਰਹਿ ਚੁੱਕੀ, ਡਾਂਡੀਆ ਦਾ ਜਨਮ ਅਤੇ ਪਾਲਣ-ਪੋਸ਼ਣ ਫਲੋਰਿਡਾ ਦੇ ਪਾਮ ਬੀਚ ਕਾਊਂਟੀ ਇਲਾਕੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਮੈਰੀਲੈਂਡ ਵਿੱਚ, ਭਾਰਤੀ-ਅਮਰੀਕੀ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ, ਜੋ ਡੈਮੋਕਰੈਟ ਹਨ, ਨੇ ਵੀ ਜਿੱਤ ਪ੍ਰਾਪਤ ਕੀਤੀ ਹੈ।
