Nov 25, 2026

ਵਿੰਨੀਪੈਗ ( ਸੁਰਿੰਦਰ ਮਾਵੀ )- ਕੈਨੇਡਾ ਵਿੱਚ ਵਧਦੀ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਹੋਏ ਉਛਾਲ ਨੇ ਆਮ ਲੋਕਾਂ ਅਤੇ ਕਾਰੋਬਾਰੀਆਂ ਦੀ ਆਰਥਿਕ ਸਥਿਤੀ ਨੂੰ ਖਾਸਾ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕਰਜ਼ੇ ਦੀਆਂ ਕਿਸ਼ਤਾਂ ਨਾ ਮੋੜ ਸਕਣ ਕਾਰਨ ਦੀਵਾਲੀਆ ਹੋਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸੰਕਟ ਦੀ ਸਭ ਤੋਂ ਵੱਧ ਮਾਰ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਪੰਜਾਬੀ ਭਾਈਚਾਰੇ ਦੀ ਵੱਡੀ ਅਬਾਦੀ ਵੱਸਦੀ ਹੈ। ਇਕੁਈਫੈਕਸ (Equifax) ਅਤੇ ‘ਆਫ਼ਿਸ ਆਫ ਦਿ ਸੁਪਰੀਟੈਂਡੈਂਟ ਆਫ ਬੈਂਕਰਪਸੀ’ (OSB) ਦੀਆਂ ਰਿਪੋਰਟਾਂ ਮੁਤਾਬਕ, 2026 ਦੀ ਪਹਿਲੀ ਤਿਮਾਹੀ ਦੌਰਾਨ ਦੀਵਾਲੀਆਪਣ ਦੇ ਕੇਸਾਂ ਵਿੱਚ ਸਾਲਾਨਾ ਆਧਾਰ ’ਤੇ ਲਗਪਗ 19 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਸਾਲ 2009 ਦੀ ਵਿਸ਼ਵ ਵਿਆਪੀ ਆਰਥਿਕ ਮੰਦੀ ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਖ਼ਾਸ ਕਰਕੇ ਉਨ੍ਹਾਂ ਪਰਿਵਾਰਾਂ ਦੀ ਹਾਲਤ ਚਿੰਤਾਜਨਕ ਹੈ, ਜਿਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਉੱਚੀਆਂ ਕੀਮਤਾਂ ’ਤੇ ਘਰ ਜਾਂ ਗੱਡੀਆਂ ਖ਼ਰੀਦਣ ਲਈ ਕਰਜ਼ਾ ਲਿਆ ਸੀ।

ਆਰਥਿਕ ਮਾਹਰਾਂ ਅਨੁਸਾਰ ਵਿਆਜ ਦਰਾਂ ਵਿੱਚ ਮਾਮੂਲੀ ਵਾਧਾ ਵੀ ਕਰਜ਼ਦਾਰਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ। ਓਂਟਾਰੀਓ ਵਿੱਚ ਮਾਰਟਗੇਜ ਕਿਸ਼ਤਾਂ ਨਾ ਭਰਨ (ਡਿਲੀਨਕੁਐਂਸੀ) ਦੀ ਦਰ ਵਿੱਚ 52 ਫ਼ੀਸਦੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 36 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਲਗਪਗ 40 ਫ਼ੀਸਦੀ ਆਟੋ ਲੋਨ ‘ਨੈਗੇਟਿਵ ਇਕੁਇਟੀ’ ਵਿੱਚ ਚਲੇ ਗਏ ਹਨ, ਜਿਸ ਦਾ ਮਤਲਬ ਹੈ ਕਿ ਗੱਡੀ ਦੀ ਮੌਜੂਦਾ ਕੀਮਤ ਬਾਕੀ ਰਹਿੰਦੇ ਕਰਜ਼ੇ ਨਾਲੋਂ ਵੀ ਘੱਟ ਹੈ।

46 ਤੋਂ 55 ਸਾਲ ਦੀ ਉਮਰ ਦੇ ਲੋਕਾਂ ਵਿੱਚ ਕ੍ਰੈਡਿਟ ਕਾਰਡਾਂ ਅਤੇ ਨਿੱਜੀ ਕਰਜ਼ਿਆਂ ਦਾ ਬੋਝ ਤੇਜ਼ੀ ਨਾਲ ਵਧ ਰਿਹਾ ਹੈ। ਘਰੇਲੂ ਕਰਜ਼ਿਆਂ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀ ਟਰੱਕਿੰਗ ਇੰਡਸਟਰੀ ਵੀ ਡਗਮਗਾ ਰਹੀ ਹੈ। ‘ਕੈਨੇਡੀਅਨ ਟਰੱਕਿੰਗ ਅਲਾਇੰਸ’ (CTA) ਅਨੁਸਾਰ, ਫਰੇਟ ਦਰਾਂ ਵਿੱਚ ਗਿਰਾਵਟ, ਡੀਜ਼ਲ ਦੀਆਂ ਉੱਚੀਆਂ ਕੀਮਤਾਂ ਅਤੇ ਬੈਂਕਾਂ ਵੱਲੋਂ ਰੀ-ਫਾਇਨਾਂਸਿੰਗ ਬੰਦ ਕੀਤੇ ਜਾਣ ਕਾਰਨ ਬਰੈਂਪਟਨ, ਮਿਸੀਸਾਗਾ ਅਤੇ ਸਰੀ ਵਰਗੇ ਸ਼ਹਿਰਾਂ ਵਿੱਚ ਦਰਜਨਾਂ ਟਰੱਕਿੰਗ ਕੰਪਨੀਆਂ ਬੰਦ ਹੋ ਚੁੱਕੀਆਂ ਹਨ। ਕਈ ਓਨਰ-ਅਪਰੇਟਰਾਂ ਦੇ ਟਰੱਕ ਬੈਂਕਾਂ ਵੱਲੋਂ ਜ਼ਬਤ ਕੀਤੇ ਜਾ ਰਹੇ ਹਨ।

‘ਕੈਨੇਡੀਅਨ ਐਸੋਸੀਏਸ਼ਨ ਆਫ ਇਨਸੌਲਵੈਂਸੀ’ (CAIRP) ਦੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਰਾਹਤ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਹੋਰ ਪਰਿਵਾਰ ਦੀਵਾਲੀਆ ਹੋ ਸਕਦੇ ਹਨ। ਪੰਜਾਬੀ ਨੌਜਵਾਨਾਂ ਲਈ ਇਹ ਸਮਾਂ ਬਹੁਤ ਸੰਘਰਸ਼ਪੂਰਨ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਉਨ੍ਹਾਂ ਨੇ ਵੱਡੇ ਕਰਜ਼ੇ ਲੈ ਕੇ ਕੈਨੇਡਾ ਵਿੱਚ ਆਪਣੇ ਸੁਪਨੇ ਦੇਖੇ ਸਨ, ਜੋ ਹੁਣ ਖ਼ਤਰੇ ਵਿੱਚ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *