ਚੰਡੀਗੜ-ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਬੈਂਗਲੁਰੂ ਵਿੱਚ ਹੋਣ ਵਾਲੇ ਲਾਈਵ ਕੰਸਰਟ ਦੌਰਾਨ ਆਈ.ਈ.ਡੀ. ਬੰਬ ਧਮਾਕੇ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ (ਐੱਫ.ਆਈ.ਆਰ.) ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਗਾਇਕ ਦਾ ਇਹ ਸੰਗੀਤ ਸਮਾਰੋਹ 29 ਨਵੰਬਰ ਨੂੰ ਮਦਾਵਾਰਾ ਦੇ ਨਾਈਸ ਗਰਾਊਂਡਜ਼ ਵਿੱਚ ਹੋਣ ਵਾਲਾ ਹੈ।
ਦਰਜ ਕੀਤੀ ਗਈ ਐੱਫ.ਆਈ.ਆਰ. ਮੁਤਾਬਕ, 9 ਨਵੰਬਰ ਨੂੰ ਹੁੱਬਲੀ-ਧਾਰਵਾੜ ਨਗਰ ਨਿਗਮ ਕਮਿਸ਼ਨਰ ਦੀ ਅਧਿਕਾਰਤ ਈ-ਮੇਲ ਆਈ.ਡੀ. ’ਤੇ ਇਹ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ ਸੀ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ 29 ਨਵੰਬਰ ਨੂੰ ਦੋਸਾਂਝ ਦੇ ਕੰਸਰਟ ਦੌਰਾਨ ਆਈ.ਈ.ਡੀ. ਧਮਾਕਾ ਕੀਤਾ ਜਾਵੇਗਾ। ਈ-ਮੇਲ ਵਿੱਚ ਲੋਕਾਂ ਨੂੰ ਸਮਾਗਮ ਵਿੱਚ ਬੱਚਿਆਂ ਨੂੰ ਨਾਲ ਨਾ ਲਿਆਉਣ, ਅਣਪਛਾਤੇ ਆਈਫੋਨ ਨਾ ਚੁੱਕਣ ਅਤੇ ਮੈਟਰੋ ਰੇਲ ਗੱਡੀ ਰਾਹੀਂ ਸਫ਼ਰ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਸੁਨੇਹੇ ਦੇ ਅਖੀਰ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’ ਲਿਖਿਆ ਹੋਇਆ ਸੀ।
