ਲੋਕਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ-
ਵੈਨਕੂਵਰ, 21 ਨਵੰਬਰ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਦੇ ਪਾਰਕਾਂ ਵਿੱਚ ਪਹਾੜੀ ਸ਼ੇਰ (ਕੂਗਰ) ਦੇ ਨਜ਼ਰ ਆਉਣ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਪਾਰਕਾਂ ਵਿੱਚ ਸੈਰ ਕਰਨ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 20 ਨਵੰਬਰ ਨੂੰ ਸਵੇਰ ਸਮੇਂ ਵਿਕਟੋਰੀਆ ਦੇ ਪ੍ਰਸਿੱਧ ਐਲਕ ਅਤੇ ਬੀਵਰ ਲੇਕ ਖੇਤਰੀ ਪਾਰਕ ਵਿੱਚ ਸੈਰ ਕਰਨ ਵਾਲੇ ਰਸਤੇ ਨੇੜੇ ਇੱਕ ਪਹਾੜੀ ਸ਼ੇਰ ਦੇਖਿਆ ਗਿਆ। ਇਸ ਘਟਨਾ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪਹਾੜੀ ਸ਼ੇਰ ਇਲਾਕੇ ਵਿੱਚ ਪਹਿਲਾਂ ਨਜ਼ਰ ਆਏ ਪਹਾੜੀ ਸ਼ੇਰ ਨਾਲ ਸਬੰਧਤ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧੀ ਅਜੇ ਪੱਕੀ ਪੁਸ਼ਟੀ ਨਹੀਂ ਹੋਈ।
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਕੱਲੇ ਜਾਣ ਤੋਂ ਗੁਰੇਜ਼ ਕਰਨ, ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਆਪਣੇ ਨੇੜੇ ਰੱਖਣ ਅਤੇ ਜੰਗਲੀ ਜਾਨਵਰ ਦਿਖਾਈ ਦੇਣ ‘ਤੇ ਉਸ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਅਤੇ ਪਹਾੜੀ ਇਲਾਕਿਆਂ ਵਿੱਚ ਪਹਾੜੀ ਸ਼ੇਰ ਪਾਏ ਜਾਂਦੇ ਹਨ। ਅਜਿਹੇ ਜਾਨਵਰਾਂ ਦੀ ਆਬਾਦੀ ਵਾਲੇ ਇਲਾਕਿਆਂ ਨੇੜੇ ਮੌਜੂਦਗੀ ਕਾਰਨ ਸੈਰ ਕਰਨ ਵਾਲਿਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।
