Headlines

ਸੰਪਾਦਕੀ- ਸਪੈਨਿਸ਼ ਔਰਤ ਨਾਲ ਬਲਾਤਕਾਰ ਦੀ ਸ਼ਰਮਨਾਕ ਘਟਨਾ..

‘ਅਤਿਥੀ ਦੇਵਾ ਭਵੋ’ ਦੇ ਨਾਮ ਤੇ ਕਲੰਕ-

-ਸੁਖਵਿੰਦਰ ਸਿੰਘ ਚੋਹਲਾ-

ਬੀਤੇ ਹਫਤੇ ਝਾਰਖੰਡ ਦੇ ਦੁਮਕਾ ਜਿਲੇ ਵਿਚ ਦੁਨੀਆ ਦੀ ਸੈਰ ਤੇ ਨਿਕਲੀ ਇਕ ਸਪੈਨਿਸ਼ ਔਰਤ ਨਾਲ ਉਸਦੇ ਪਤੀ ਦੇ ਸਾਹਮਣੇ ਵਾਪਰੀ ਬਲਾਤਕਾਰ ਦੀ ਘਟਨਾ ਨੇ ਜਿਥੇ ਹਰ ਭਾਰਤੀ ਨੂੰ ਸ਼ਰਮਸਾਰ ਕੀਤਾ ਹੈ, ਉਥੇ ਇਸ ਘਟਨਾ ਨੇ ”ਅਤਿਥੀ ਦੇਵਾ ਭਵੋ” ਦਾ ਢੰਡੋਰਾ ਪਿੱਟਣ ਵਾਲੇ ਮੁਲਕ ਦੇ ਹਾਕਮਾਂ ਦੀਆਂ ਸੈਲਾਨੀਆਂ ਦੀ ਸੁਰੱਖਿਆ ਸਬੰਧੀ ਨਾਕਸ ਨੀਤੀਆਂ ਦਾ ਵੀ ਪਰਦਾਫਾਸ਼ ਕੀਤਾ ਹੈ।

ਪਿਛਲੇ ਹਫਤੇ ਸ਼ੁਕਰਵਾਰ ਨੂੰ ਵਾਪਰੀ ਇਸ ਕੰਬਾਅ ਦੇਣ ਵਾਲੀ ਘਟਨਾ ਸਬੰਧੀ ਸਪੈਨਿਸ਼ ਜੋੜੇ ਨੇ ਖੁਦ ਇੰਸਟਾਗਰਾਮ ਉਪਰ ਵੀਡੀਓ ਪਾਕੇ ਜਦੋਂ ਖੁਲਾਸਾ ਕੀਤਾ ਤਾਂ ਪੂਰੀ ਦੁਨੀਆ ਵਿਚ ਤਹਿਲਕਾ ਮੱਚ ਗਿਆ। ਭਾਰਤੀ ਮੀਡੀਆ ਵਲੋਂ ਇਸ ਖਬਰ ਦੀ ਪਰਦਾਪੋਸ਼ੀ ਦੌਰਾਨ ਝਾਰਖੰਡ ਹਾਈਕੋਰਟ ਵਲੋਂ ਆਪ ਮੁਹਾਰੇ ਕੀਤੀ ਕਾਰਵਾਈ ਨੇ ਪੀੜਤ ਜੋੜੇ ਨੂੰ ਕਾਫੀ ਹੱਦ ਤੱਕ ਰਾਹਤ ਪਹੁੰਚਾਉਣ ਵਿਚ ਮਦਦ ਕੀਤੀ।

ਪੁਲਿਸ ਰਿਪੋਰਟ ਮੁਤਾਬਿਕ 1 ਮਾਰਚ ਦੀ ਰਾਤ ਨੂੰ ਇਹ ਦੁਖਦਾਈ ਘਟਨਾ ਉਸ ਸਮੇਂ ਵਾਪਰੀ ਜਦੋਂ ਸਪੈਨਿਸ਼ ਔਰਤ ਫਰਨੈਂਡਾ ਆਪਣੇ ਪਤੀ ਵਿਚੈਂਸੇ ਨਾਲ ਮੋਟਰਸਾਈਕਲ ਉਪਰ ਘੁੰਮਦੀ ਹੋਈ ਝਾਰਖੰਡ ਦੇ ਜਿਲਾ ਡੁਮਕਾ ਦੇ ਪਿੰਡ ਕੁਮਰਾਹਟ ਵਿਖੇ ਪੁੱਜੀ। ਉਹਨਾਂ ਨੇ ਰਾਤ ਪੈਣ ਕਾਰਣ ਸੜਕ ਕਿਨਾਰੇ ਇਕ ਰਮਣੀਕ ਥਾਂ ਜਾਣਕੇ ਆਪਣਾ ਟੈਂਟ ਲਗਾ ਲਿਆ। ਦੋਵੇਂ ਪਤੀ-ਪਤਨੀ ਟੈਂਟ ਵਿਚ ਆਰਾਮ ਕਰ ਰਹੇ ਸਨ ਕਿ ਸ਼ਾਮੀ 7.30 ਦੇ ਕਰੀਬ ਦੋ ਮੋਟਰਸਾਈਕਲ ਸਵਾਰ ਉਥੇ ਆਏ ਤੇ ਫਿਰ ਆਪਣੇ ਕੁਝ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ। ਫਰਨੈਂਡਾ ਵਲੋਂ ਪੁਲਿਸ ਨੂੰ ਲਿਖਾਈ ਰਿਪੋਰਟ ਮੁਤਾਬਿਕ ਲਗਪਗ 7 ਦੇ ਕਰੀਬ ਬਦਮਾਸ਼ਾਂ ਨੇ ਟੈਂਟ ਵਿਚ ਦਾਖਲ ਹੁੰਦਿਆਂ ਉਸਦੇ ਪਤੀ ਨੂੰ ਪਕੜ ਲਿਆ, ਕੁੱਟਮਾਰ ਕੀਤੀ ਤੇ ਚਾਕੂ ਦੀ ਨੋਕ ਉਪਰ ਉਸ ਨਾਲ ਬਲਾਤਕਾਰ ਕੀਤਾ। ਬਦਮਾਸ਼ ਉਸ ਨਾਲ ਲਗਪਗ ਦੋ ਢਾਈ ਘੰਟੇ ਜਿਆਦਤੀ ਕਰਦੇ ਰਹੇ। ਜਾਂਦੇ ਸਮੇਂ ਉਹ 11000 ਰੁਪਏ, 300 ਅਮਰੀਕੀ ਡਾਲਰ, ਡਾਇਮੰਡ ਰਿੰਗ, ਘੜੀ, ਪਰਸ ਅਤੇ ਈਅਰ ਪੌਡ ਤੇ ਕਰੈਡਿਟ ਕਾਰਡ ਲੁੱਟਕੇ ਲੈ ਗਏ। ਆਪਣੇ ਨਾਲ ਵਾਪਰੀ ਇਸ ਦੁਖਦਾਈ ਘਟਨਾ ਉਪਰੰਤ ਦੋਵਾਂ ਪਤੀ -ਪਤਨੀ ਨੇ ਹਿੰਮਤ ਜੁਟਾਈ ਤੇ ਦੋਵੇਂ ਡੁਮਕਾ ਦੇ ਪੁਲਿਸ ਸਟੇਸ਼ਨ ਪੁੱਜੇ ਤੇ ਰਿਪੋਰਟ ਦਰਜ ਕਰਵਾਈ। ਉਸਦੇ ਪਤੀ ਨੇ ਆਪਣੀ ਸੱਟਾਂ ਵਿਖਾਉਂਦਿਆਂ ਤੇ ਹਵਸ਼ੀ ਦਰਿੰਦਿਆਂ ਵਲੋਂ  ਫਰਨੈਂਡਾ ਦੇ ਵਲੂੰਧਰੇ ਚਿਹਰੇ ਨਾਲ ਵੀਡੀਓ ਸ਼ੂਟ ਕਰਦਿਆਂ ਸੋਸ਼ਲ ਮੀਡੀਆ ਤੇ ਆਪਣੇ ਦਰਦ ਦੀ ਬਾਤ ਲੋਕਾਂ ਨਾਲ ਸਾਂਝੀ ਕੀਤੀ। ਫਰਨੈਂਡਾ ਦਾ ਕਹਿਣਾ ਹੈ ਕਿ ਉਹ ਦੋਵੇਂ ਪਤੀ ਪਤਨੀ ਪਿਛਲੇ ਲਗਪਗ 6 ਸਾਲ ਤੋਂ ਵਿਸ਼ਵ ਟੂਰ ਤੇ ਹਨ। ਭਾਰਤ ਵਿਚ ਉਹ ਪਿਛਲੇ 6 ਮਹੀਨੇ ਤੋ ਹਨ ਤੇ ਲਗਪਗ 20,000 ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੇ ਹਨ। ਇਸ ਦੌਰਾਨ ਉਹਨਾਂ ਦਾ ਭਾਰਤੀ ਲੋਕਾਂ ਨੂੰ ਮਿਲਣ ਅਤੇ ਸੈਰ ਸਪਾਟੇ ਦੀਆਂ ਥਾਵਾਂ ਵੇਖਦਿਆਂ ਸੁਖਦ ਤੇ ਯਾਦਗਾਰੀ ਅਨੁਭਵ ਰਿਹਾ ਪਰ ਝਾਰਖੰਡ ਵਿਚ ਬਦਮਾਸ਼ਾਂ ਵਲੋਂ ਵਰਤਾਏ ਕਹਿਰ ਨੇ ਉਹਨਾਂ ਨੂੰ ਜੰਝੋੜ ਕੇ ਰੱਖ ਦਿੱਤਾ। ਪਰ ਇਸ ਦੌਰਾਨ ਉਸਦਾ ਪਤੀ ਉਸਦਾ ਹੌਸਲਾ ਬਣਿਆ ਤੇ ਆਪਣਾ ਦਰਦ ਲੋਕਾਂ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ। ਫਰਨੈਂਡਾ ਦਾ ਕਹਿਣਾ ਹੈ ਕਿ ਆਪਣੇ ਨਾਲ ਵਾਪਰੀ ਇਸ ਦੁਖਦਾਈ ਘਟਨਾ ਲਈ ਉਹ ਭਾਰਤੀ ਲੋਕਾਂ ਨੂੰ ਮੰਦਾ ਨਹੀ ਕਹਿ ਸਕਦੀ ਹੈ। ਇਸ ਘਟਨਾ ਲਈ ਬਦਮਾਸ਼ ਤੇ ਅਪਰਾਧੀ ਕਿਸਮ ਦੇ ਲੋਕ ਜਿੰਮੇਵਾਰ ਹਨ ਜੋ ਹਰ ਮੁਲਕ ਵਿਚ ਹੁੰਦੇ ਹਨ। ਉਸਦਾ ਕਹਿਣਾ ਹੈ ਕਿ ਔਰਤਾਂ ਨਾਲ ਜਿਆਦਤੀ ਅਤੇ ਬਲਾਤਕਾਰ ਦੀਆਂ ਘਟਨਾਵਾਂ ਹਰ ਮੁਲਕ ਵਿਚ ਵਾਪਰਦੀਆਂ ਹਨ। ਉਸਦੇ ਆਪਣੇ ਮੁਲਕ ਸਪੇਨ ਵਿਚ ਵੀ। ਭਾਰਤ ਵਰਗੇ ਮੁਲਕ ਵਿਚ ਔਰਤਾਂ ਆਪਣੇ ਨਾਲ ਵਾਪਰਦੀ ਅਜਿਹੀ ਜਿਆਦਤੀ ਖਿਲਾਫ  ਲੋਕਾਂ ਸਾਹਮਣੇ ਆਉਣ ਤੋਂ ਹਿਚਕਚਾਉਂਦੀਆਂ ਹਨ। ਉਸਦਾ ਕਹਿਣਾ ਹੈ ਕਿ ਹਰ ਔਰਤ ਨੂੰ ਅਜਿਹੇ ਜੁਲਮ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਹ ਔਖਾ ਤਾਂ ਹੈ ਪਰ ਹਿੰਮਤ ਜੁਟਾਉਣੀ ਪੈਂਦੀ ਹੈ। ਉਸਨੇ ਆਪਣੇ ਪਤੀ ਨਾਲ ਆਪਣੀ ਵਿਸ਼ਵ ਯਾਤਰਾ ਜਾਰੀ ਰੱਖਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਆਪਣੀ ਅਗਲੀ ਮੰਜ਼ਲ ਨੇਪਾਲ ਨੂੰ ਜਾ ਰਹੇ ਹਨ।

ਬਦਮਾਸ਼ਾਂ ਨੇ ਸੈਲਾਨੀ ਔਰਤ ਨਾਲ ਜਿਆਦਤੀ ਕਰਦਿਆਂ ਭਾਰਤੀ ਲੋਕਾਂ ਨੂੰ ਜਿਥੇ ਸ਼ਰਮਸਾਰ ਕੀਤਾ ਹੈ ਉਥੇ ਇਹ ਰਾਹਤ ਵਾਲੀ ਗੱਲ ਹੈ ਕਿ ਝਾਰਖੰਡ ਨਿਆਂ ਪਾਲਿਕਾ ਤੇ ਪੁਲਿਸ ਨੇ ਪੀੜਤ ਔਰਤ ਦੀ ਸਮੇਂ ਸਿਰ ਮਦਦ ਕਰਦਿਆਂ ਸਰਾਹਨੀ ਭੂਮਿਕਾ ਨਿਭਾਈ ਹੈ। ਜਿਲਾ ਜੱਜ ਵਲੋਂ ਪੀੜਤ ਔਰਤ ਨਾਲ ਖੁਦ ਮੁਲਾਕਾਤ ਕਰਨ ਅਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮਾਂ ਪਿਛੋਂ ਪੁਲਿਸ ਨੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕੋਈ ਢਿੱਲ ਨਹੀ ਵਿਖਾਈ। ਪ੍ਰਸ਼ਾਸਨ ਵਲੋਂ ਪੀੜਤ ਜੋੜੇ ਨੂੰ 10 ਲੱਖ ਦਾ ਤੁਰੰਤ ਮੁਆਵਜਾ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ।

ਭਾਰਤ ਵਿਚ ਸੈਲਾਨੀ ਔਰਤਾਂ ਨਾਲ ਹਿੰਸਕ ਵਿਵਹਾਰ ਜਾਂ ਬਲਾਤਕਾਰ ਦੀਆਂ ਘਟਨਾਵਾਂ ਦੀ ਇਕ ਲੰਬੀ ਸੂਚੀ ਹੈ। 2022 ਵਿਚ ਗੋਆ ਵਿਚ ਇਕ ਬ੍ਰਿਟਿਸ਼ ਸੈਲਾਨੀ ਔਰਤ ਨਾਲ ਉਸਦੇ ਸਾਥੀ ਦੇ ਸਾਹਮਣੇ ਬਲਾਤਕਾਰ ਕੀਤਾ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿਚ ਨਵੀਂ ਦਿੱਲੀ ਦੇ ਇਕ ਹੋਟਲ ਵਿਚ ਵੀ ਇਕ ਭਾਰਤੀ-ਅਮਰੀਕੀ ਔਰਤ ਵਲੋਂ ਬਲਾਤਕਾਰ ਦੇ ਦੋਸ਼ ਲਗਾਏ ਸਨ। ਹਰ ਸਾਲ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ। ਪਿਛਲੇ ਸਾਲ ਦਿੱਲੀ ਵਿਚ ਵਿਦੇਸ਼ੀ ਸੈਲਾਨੀਆਂ ਨਾਲ ਹਿੰਸਾ ਦੀਆਂ 27 ਘਟਨਾਵਾਂ ਦੇ ਕੇਸ ਦਰਜ ਹੋਏ ਸਨ। ਇਥੋਂ ਤੱਕ ਕਿ ਪਿਛਲੇ ਤਿੰਨ ਸਾਲਾਂ ਦੌਰਾਨ 29 ਵਿਦੇਸ਼ੀ ਮਾਰੇ ਵੀ ਜਾ ਚੁੱਕੇ ਹਨ। ਸੈਲਾਨੀਆਂ ਨਾਲ ਹਿੰਸਕ ਵਾਰਦਾਤਾਂ ਤੋਂ ਇਲਾਵਾ ਠੱਗੀ, ਚੋਰੀ ਤੇ ਡਕੈਤੀ ਦੀਆਂ ਵੀ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ। ਇਸਦੇ ਬਾਵਜੂਦ ਭਾਰਤ ਵਿਚ ਸੈਲਾਨੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਦਾ ਵਿਸ਼ਵ ਸੈਰ ਸਪਾਟੇ ਲਈ ਪ੍ਰਸਿੱਧ 50 ਮੁਲਕਾਂ ਚੋਂ 7 ਵਾਂ ਸਥਾਨ ਹੈ।  ਤਾਮਿਲਨਾਡੂ, ਰਾਜਸਥਾਨ ਅਤੇ ਉਤਰਪ੍ਰਦੇਸ਼ ਵਿਚ ਸੈਂਕੜੇ ਸੈਲਾਨੀ ਸਥਾਨਾਂ ਤੋਂ ਇਲਾਵਾ ਦਿੱਲੀ, ਚੇਨਈ, ਮੁੰਬਈ, ਆਗਰਾ ਤੇ ਜੈਪੁਰ ਦੁਨੀਆ ਦੇ ਪ੍ਰਸਿਧ ਸੈਲਾਨੀ ਸਥਾਨ ਹਨ। ਸਾਲ 2022 ਵਿਚ 60 ਲੱਖ ਤੋਂ ਉਪਰ ਵਿਦੇਸ਼ੀ ਸੈਲਾਨੀ ਭਾਰਤ ਆਏ ਸਨ। ਅਨੁਮਾਨ ਹੈ ਕਿ ਭਾਰਤ ਵਿਚ 2024 ਵਿਚ ਇਕ ਕਰੋੜ 34 ਲੱਖ ਦੇ ਕਰੀਬ ਸੈਲਾਨੀ ਆ ਸਕਦੇ ਹਨ। ਭਾਰਤ ਦੇ ਘਰੇਲੂ ਸੈਲਾਨੀਆਂ ਦੀ ਗਿਣਤੀ ਵੀ ਕਰੋੜਾਂ ਵਿਚ ਹੈ। ਭਾਰਤ ਸਰਕਾਰ ਵਲੋਂ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਲਈ ਅਦਭੁਦ ਇੰਡੀਆ ਦੇ ਨਾਮ ਹੇਠ ਅਤਿਥੀ ਦੇਵਾ ਭਵੋ ਦੇ ਨਾਅਰੇ ਨਾਲ ਭਾਰਤ ਦੀ ਸੈਰ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਭਾਰਤ ਦੀ ਸੈਰ ਸਪਾਟਾ ਸਨਅਤ ਦੇ ਵਿਕਾਸ ਦੇ ਨਾਲ ਭਾਰਤ ਸਰਕਾਰ ਨੂੰ ਸੈਲਾਨੀਆਂ ਦੀ ਸੁਰੱਖਿਆ ਤੇ ਉਹਨਾਂ ਦੀ ਮੰਗਲਮਈ ਯਾਤਰਾ ਲਈ ਇਕ ਚੰਗੇਰੀ ਨੀਤੀ ਤੇ ਪੁਖਤਾ ਸੁਰੱਖਿਆ ਪ੍ਰਣਾਲੀ ਬਣਾਉਣਾ ਵੱਡੀ ਲੋੜ ਹੈ। ਇੰਡੀਆ ਪੱਧਰ ਦੀ ਇਕ ਟੂਰਿਸਟ ਪੁਲਿਸ ਫੋਰਸ ਦੀ ਕਾਇਮੀ ਦੇ ਨਾਲ ਸੈਲਾਨੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਤੇ ਪੀੜਤਾਂ ਨੂੰ ਜਲਦ ਨਿਆਂ ਲਈ ਫਾਸਟ ਟਰੈਕ ਅਦਾਲਤ ਦੀ ਸਥਾਪਨਾ ਦੇ ਵਿਚਾਰ ਸੁਝਾਏ ਜਾ ਚੁੱਕੇ ਹਨ ਤਾਂਕਿ ਸੈਲਾਨੀਆਂ ਨਾਲ ਦੁਰਵਿਹਾਰ ਜਾਂ ਹਿੰਸਕ ਵਿਹਾਰ ਕਰਨ ਵਾਲੇ ਅਪਰਾਧੀਆਂ ਨੂੰ ਤੁਰੰਤ ਤੇ ਸਖਤ ਸਜਾਵਾਂ ਦਾ ਪ੍ਰਬੰਧ ਹੋ ਸਕੇ।