Headlines

ਸੰਪਾਦਕੀ- ਪ੍ਰਧਾਨ ਮੰਤਰੀ ਟਰੂਡੋ ਨੇ ਦੇਸ਼ ਦਾ ਭਰੋਸਾ ਗਵਾਇਆ….

ਫਰੀਲੈਂਡ ਦਾ ਅਸਤੀਫਾ ਵੱਡਾ ਸਿਆਸੀ ਧਮਾਕਾ-

ਮਜ਼ਬੂਤ ਤੇ  ਸਿਧਾਂਤਕ ਔਰਤਾਂ ਸਾਡੇ ਨਾਰੀਵਾਦੀ ਪ੍ਰਧਾਨ ਮੰਤਰੀ ਲਈ ਹਮੇਸ਼ਾ ਇੱਕ ਸਮੱਸਿਆ ਬਣਦੀਆਂ ਰਹੀਆਂ ਹਨ, ਪਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਨੇ ਆਖਰਕਾਰ ਇਸ ਸਰਕਾਰ ਨੂੰ ਅਜਿਹੇ ਮੋੜ ਤੇ ਲਿਆ ਖੜਾ ਕੀਤਾ ਹੈ, ਜਿਥੋਂ ਭੱਜ ਸਕਣਾ ਬਹੁਤ ਮੁਸ਼ਕਲ ਹੈ।

ਫਰੀਲੈਂਡ ਵਲੋਂ ਅਸਤੀਫਾ ਦੇਣ ਦੀ ਖ਼ਬਰ ਉਦੋਂ ਆਈ ਜਦੋਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਕੈਬਨਿਟ ਅਤੇ ਰਾਜਨੀਤੀ ਛੱਡ ਰਹੇ ਹਨ।

ਇੱਕ ਹਾਊਸਿੰਗ ਮੰਤਰੀ ਨੂੰ ਗੁਆਉਣਾ ਟਰੂਡੋ ਲਈ ਮੰਦਭਾਗਾ ਸੀ, ਇੱਕ ਦਿਨ ਵਿੱਚ ਦੋ ਕੈਬਨਿਟ ਮੰਤਰੀਆਂ ਨੂੰ ਗੁਆਉਣਾ ਸਿਰਫ਼ ਲਾਪਰਵਾਹੀ ਹੀ ਨਹੀਂ ਸੀ, ਸਗੋਂ ਲਿਬਰਲਾਂ ਦੀ ਬਦਹਾਲੀ ਦੀ ਕਹਾਣੀ ਹੈ।

ਪਰ ਫਰੀਲੈਂਡ ਨੇ ਅਚਾਨਕ ਅਸਤੀਫਾ ਅਜਿਹਾ ਧਮਾਕਾ ਹੈ ਜਿਸ ਤੋਂ ਬਾਦ ਪ੍ਰਧਾਨ ਮੰਤਰੀ ਕੁਰਸੀ ਤੇ ਬਣੇ ਰਹਿਣ ਲਈ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੇ ਹਨ।

ਫਰੀਲੈਂਡ ਨੇ ਆਪਣੇ ਅਸਤੀਫੇ ਵਿਚ ਟਰੂਡੋ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਇਕ ਪਾਸੇ ਤਾਂ ਅਮਰੀਕਾ ਦੇ ਨਵੇਂ ਚੁਣੇ  ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ਤੇ 25 ਫੀਸਦੀ ਟੈਰਿਫ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਸੀ ਉਸਦਾ ਮੁਕਾਬਲਾ ਕਰਨ ਦੀ ਥਾਂ ਮਹਿੰਗੀਆਂ ਸਿਆਸੀ ਚਾਲਾਂ ਚੱਲਣ ਵਿਚ ਲੱਗੇ ਹਾਂ। ਸਰਕਾਰ ਵਲੋਂ ਜੀ ਐਸ ਟੀ ਵਿਚ ਛੋਟ ਦਾ ਐਲਾਨ ਆਰਥਿਕਤਾ ਲਈ ਵਿਨਾਸ਼ਕਾਰੀ ਹੈ ਜਿਸਦਾ ਖਜਾਨੇ ਉਪਰ 6 ਅਰਬ ਡਾਲਰ ਦਾ ਵਾਧੂ ਬੋਝ ਪੈਣ ਵਾਲਾ ਹੈ। ਦੂਸਰਾ ਕੰਮਕਾਜੀ ਲੋਕਾਂ  ਨੂੰ 250 ਡਾਲਰ ਚੈਕ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਫਰੀਲੈਂਡ ਨੇ ਟਰੂਡੋ ਤੇ ਪ੍ਰੀਮੀਅਰਾਂ ਨਾਲ ਚੰਗੀ ਭਾਵਨਾ ਨਾਲ ਕੰਮ ਨਾ ਕਰਨ ਦੇ ਵੀ ਦੋਸ਼ ਲਗਾਏ ਹਨ। ਉਸਦਾ ਕਹਿਣਾ ਹੈ ਕਿ ਸੁਆਰਥੀ ਲਿਬਰਲ ਸਿਰਫ ਰਾਜਨੀਤੀ ਖੇਡ ਰਹੇ ਹਨ।

ਫਰੀਲੈਂਡ ਦਾ ਪੱਤਰ ਪ੍ਰਧਾਨ ਮੰਤਰੀ ਦੇ ਸਿਧਾਂਤਾਂ ਤੇ ਵੀ ਵੱਡਾ ਹਮਲਾ ਹੈ, ਇਹ ਲਿਬਰਲ ਆਰਥਿਕ ਨੀਤੀ ਦਾ ਇੱਕ ਹੈਰਾਨੀਜਨਕ ਦੋਸ਼ ਹੈ, ਇਹ ਸਰਕਾਰ ਦੇ ਅੰਦਰ ਭੰਬਲਭੂਸੇ ਅਤੇ ਅਰਾਜਕਤਾ ਦਾ ਪ੍ਰਮਾਣ ਹੈ

ਖੁਲਾਸਾ ਹੋਇਆ ਹੈ ਕਿ ਫਰੀਲੈਂਡ ਵਲੋਂ ਪ੍ਰਧਾਨ ਮੰਤਰੀ ਨਾਲ ਆਰਥਿਕ ਨੀਤੀਆਂ ਉਪਰ ਮਤਭੇਦ ਹੋਣ ਪਿੱਛੋਂ ਉਸਨੂੰ ਅਹੁਦਾ ਛੱਡਣ ਬਾਰੇ ਕਿਹਾ ਗਿਆ ਸੀ। ਪ੍ਰਧਾਨ ਮੰਤਰੀ ਨੇ ਉਸਨੂੰ ਫੋਨ ਤੇ ਗੱਲ ਕਰਦਿਆਂ ਕੋਈ ਹੋਰ ਕੈਬਨਿਟ ਅਹੁਦਾ ਲੈਣ ਦੀ ਪੇਸ਼ਕਸ਼ ਕੀਤੀ ਸੀ ਤੇ ਕਿਹਾ ਸੀ ਕਿ ਉਹ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਕਾਰਨੀ ਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਇਹ ਸਭ ਉਦੋਂ ਕਿਹਾ ਜਦੋਂ ਵਿਤ ਮੰਤਰੀ ਨੇ ਸਦਨ ਵਿਚ ਆਰਥਿਕ ਰਿਪੋਰਟ ਪੇਸ਼ ਕਰਨੀ ਸੀ। ਫਰੀਲੈਂਡ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਸਨੇ ਅਜਿਹੀ ਹਾਲਤ ਵਿਚ ਆਪਣੇ ਅਸਤੀਫੇ ਨੂੰ ਕੈਬਨਿਟ ਚੋਂ ਬਾਹਰ ਹੋਣ ਲਈ ਇਕ ਸਨਮਾਨਯੋਗ ਰਸਤਾ ਚੁਣਿਆ ਹੈ।

ਜਿਕਰਯੋਗ ਹੈ ਕਿ ਸਿਰਫ ਇਕ ਦਿਨ ਪਹਿਲਾਂ ਟਰੂਡੋ ਅਮਰੀਕਨਾਂ ਨੂੰ ਲੈਕਚਰ ਦੇ ਰਹੇ ਸਨ ਕਿਉਂਕਿ ਉਨ੍ਹਾਂ ਨੇ ਇੱਕ ਔਰਤ, ਕਮਲਾ ਹੈਰਿਸ ਨਾਲ ਚੋਣਾਂ ਵਿਚ ਚੰਗਾ ਵਿਹਾਰ ਨਹੀ ਕੀਤਾ। ਉਸਨੇ ਖੁਦ ਨੂੰ ਨਾਰੀਵਾਦ ਤੇ ਉਹਨਾਂ ਦਾ ਵੱਡ ਸਮਰਥਕ ਕਹਿੰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਵਲੋਂ ਔਰਤਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਪਰ ਦੂਸਰੇ ਪਾਸੇ ਉਸਨੇ ਫਰੀਲੈਂਡ ਨਾਲ ਕਿਵੇਂ ਦਾ ਵਿਹਾਰ ਕੀਤਾ।

ਪ੍ਰਧਾਨ ਮੰਤਰੀ ਨੇ ਅਜਿਹਾ ਵਿਹਾਰ ਜੋਡੀ ਵਿਲਸਨ-ਰੇਬੋਲਡ ਨਾਲ ਵੀ ਕੀਤਾ ਸੀ ਜਦੋਂ ਉਸਨੇ ਉਸਨੂੰ  ਅਟਾਰਨੀ ਜਨਰਲ ਅਤੇ ਨਿਆਂ ਮੰਤਰੀ ਵਜੋਂ ਬਰਖਾਸਤ ਕਰ ਦਿੱਤਾ ਗਿਆ ਸੀ।

ਜੋਡੀ ਵਿਲਸਨ ਨੇ ਬਾਦ ਵਿਚ ਟਰੂਡੋ ਵਲੋਂ ਆਪਣੇ ਨਾਲ ਕੀਤੇ ਵਿਹਾਰ ਬਾਰੇ ਲਿਖਿਆ ਸੀ ਕਿ ਕਾਸ਼ ਉਹ ਕਦੇ ਅਜਿਹੇ ਜਹਿਰੀਲੇ ਸਖਸ਼ ਨੂੰ ਨਾ ਮਿਲੀ ਹੁੰਦੀ।

ਤਾਜਾ ਹਾਲਾਤ ਵਿਚ ਟਰੂਡੋ ਦੀ ਅਗਵਾਈ ਹੇਠ ਮੁਲਕ ਵੱਡੀਆਂ ਸਮੱਸਿਆਵਾਂ ਵਿਚ ਘਿਰਿਆ ਦਿਖਾਈ ਦੇ ਰਿਹਾ ਹੈ। ਉਸਦੇ ਆਪਣੇ ਕਾਕਸ ਮੈਂਬਰ ਉਸ ਉਪਰ ਲੀਡਰਸ਼ਿਪ ਛੱਡਣ ਲਈ ਦਬਾਅ ਪਾ ਰਹੇ ਹਨ ਪਰ ਉਹ ਹਨ ਕਿ ਆਪਣੀ ਟਰਮ ਪੂਰੀ ਕਰਨ ਲਈ ਬਜਿਦ ਹਨ। ਪਰ ਹੁਣ ਉਹਨਾਂ ਦੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦੇ ਰਹੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਉਹਨਾਂ ਤੋ ਅਸਤੀਫੇ ਦੀ ਮੰਗ ਕਰ ਦਿੱਤੀ ਹੈ। ਇਥੋ ਤੱਕ ਕਿ ਉਹਨਾਂ ਤਾਂ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਹਾਊਸ ਆਫ ਕਾਮਨਜ਼ ਦੇ ਨਵੇਂ ਸਾਲ ਵਿਚ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਉਹ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਰੱਖਣਗੇ। ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਦੇ ਆਗੂ ਪੀਅਰ ਪੋਲੀਵਰ ਨੇ ਐਨ ਡੀ ਪੀ ਆਗੂ ਨੂੰ ਆਪਣੀ ਜੁਬਾਨ  ਤੇ ਕਾਇਮ ਰਹਿਣ ਦੀ ਚੇਤਾਵਨੀ ਦਿੱਤੀ ਹੈ।

 ਜਿਕਰਯੋਗ ਹੈ ਕਿ ਫਰੀਲੈਂਡ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਸ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਉਹ ਪ੍ਰਧਾਨ ਮੰਤਰੀ ਦਾ ਭਰੋਸਾ ਗੁਆ ਚੁੱਕੀ ਹੈ। ਪਰ ਟਰੂਡੋ ਹੁਣ ਦੇਸ਼ ਦਾ ਭਰੋਸਾ ਗੁਆ ਚੁੱਕੇ ਹਨ। ਇਸ ਲਈ ਪ੍ਰਧਾਨ ਮੰਤਰੀ ਨੂੰ ਆਪਣੀ ਜਿਦ ਛੱਡਕੇ ਫਰੀਲੈਂਡ ਦੇ ਬੋਲਾਂ ਨੂੰ ਅਨੁਸਰਣ ਕਰਨ ਲੋੜ ਹੈ।

ਧੰਨਵਾਦ ਸਹਿਤ-ਮਾਈਕਲ ਹਿਗਿਨਜ਼