-ਸੁਖਵਿੰਦਰ ਸਿੰਘ ਚੋਹਲਾ—-
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਸ਼ਵ ਭਰ ਵਿਚ ਟੈਰਿਫ ਜੰਗ ਸ਼ੁਰੂ ਕਰਨ ਤੋਂ ਬਾਦ ਹੁਣ ਹਥਿਆਰਾਂ ਦੀ ਜੰਗ ਨੂੰ ਵੀ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਆਪਣੇ ਅੱਖੜ ਸੁਭਾਅ ਅਤੇ ਆਪਹੁਦਰੀਆਂ ਲਈ ਜਾਣੇ ਜਾਂਦੇ ਟਰੰਪ ਨੇ ਉਤਰੀ ਅਮਰੀਕਾਂ ਨੂੰ ਬਾਹਰੀ ਜਾਂ ਪੁਲਾੜ ਹਮਲਿਆਂ ਤੋਂ ਸੁਰੱਖਿਅਤ ਕਰਨ ਲਈ ਗੋਲਡਨ ਡੋਮ ਮਿਜਾਇਲ ਸ਼ੀਲਡ ਪ੍ਰੋਜੈਕਟ (ਸਿਸਟਮ) ਦੀ ਤਜਵੀਜ਼ ਨਾਲ ਵਿਸ਼ਵ ਸ਼ਕਤੀਆਂ ਵਿਚਾਲੇ ਹਥਿਆਰਾਂ ਦੀ ਦੌੜ ਦੇ ਨਾਲ ਦੁਨੀਆਂ ਨੂੰ ਨਵੇਂ ਖਤਰੇ ਵਿਚ ਪਾ ਦਿੱਤਾ ਹੈ। ਉਸਦੀ ਇਸ ਤਜਵੀਜ਼ ਦਾ ਸਬੰਧ 1980 ਵਿਚ ਰੋਨਾਲਡ ਰੀਗਨ ਦੇ ਸਟਾਰ ਵਾਰ ਪ੍ਰੋਗਰਾਮ ਨਾਲ ਮੇਲ ਖਾਂਦਾ ਹੈ ਜਿਸਨੂੰ ਕੈਨੇਡਾ ਨੇ ਉਸ ਸਮੇਂ ਰੱਦ ਕਰ ਦਿੱਤਾ ਸੀ। 1985 ਵਿਚ ਤਤਕਾਲੀ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਨੇ ਅਮਰੀਕਾ ਦੀ ਸਟਰੈਟਜਿਕ ਡਿਫੈਂਸ ਇੰਸੀਏਟਿਵ( ਐਸ ਡੀ ਆਈ) ਨੂੰ ਵਿਆਪਕ ਜਨਤਕ ਵਿਚਾਰ ਉਪਰੰਤ ਰੱਦ ਕਰ ਦਿੱਤਾ ਸੀ। ਪਰ ਹੁਣ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਗੋਲਡਨ ਡੋਮ ਮਿਜ਼ਾਇਲ ਢਾਲ ਬਣਾਉਣ ਦੇ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟ ਕਰਦਿਆਂ ਕੈਨੇਡਾ ਦੇ ਸ਼ਾਂਤੀ ਪਸੰਦ ਤੇ ਮਾਨਵੀ ਹੱਕਾਂ ਦੇ ਅਲੰਬਰਦਾਰ ਵਜੋਂ ਪਛਾਣ ਨੂੰ ਖਤਰੇ ਵਿਚ ਪਾ ਦਿੱਤਾ ਹੈ। ਪ੍ਰਧਾਨ ਮੰਤਰੀ ਕਾਰਨੀ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੁੱਦੇ ਤੇ ਟਰੰਪ ਦੀ ਤਜਵੀਜ਼ ਦੇ ਬਹੁਤ ਫਾਇਦੇ ਹੋਣਗੇ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਵੀ ਮਿਜ਼ਾਇਲ ਹਮਲਿਆਂ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਮਿਜ਼ਾਈਲ ਹਮਲਿਆਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿੱਚ ਜਿਆਦਾ ਦੂਰ ਨਹੀ ਤਾਂ ਪੁਲਾੜ ਜੰਗ ਦਾ ਖਤਰਾ ਵੀ ਸ਼ਾਮਿਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਾਰਨੀ ਨੇ ਕਿਹਾ ਕਿ ਕੈਨੇਡਾ ਨੂੰ ਮਿਜ਼ਾਇਲ ਹਮਲਿਆਂ ਦੇ ਖਤਰੇ ਨੂੰ ਦੇਖਦਿਆਂ ਇਹਨਾਂ ਦੇ ਮੁਕਾਬਲੇ ਦੇ ਯੋਗ ਹੋਣ ਦੀ ਲੋੜ ਹੈ। ਉਹਨਾਂ ਹੋਰ ਕਿਹਾ ਕਿ ਸਾਨੂੰ ਸਪੱਸ਼ਟ ਤੌਰ ‘ਤੇ ਵਧੇਰੇ ਸਰਗਰਮ ਹੋਣ ਦੀ ਜ਼ਰੂਰਤ ਹੈ।
ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਮਿਜ਼ਾਈਲ ਅਤੇ ਡਰੋਨ ਹਮਲਿਆਂ ਵਿਰੁੱਧ ਮਹਾਂਦੀਪੀ ਰੱਖਿਆ ਨੂੰ ਵਧਾਉਣ ਲਈ 171 ਬਿਲੀਅਨ ਅਮਰੀਕੀ ਡਾਲਰ ਦੇ ਸਿਸਟਮ ਵਿੱਚ ਵਾਸ਼ਿੰਗਟਨ ਨਾਲ ਭਾਈਵਾਲੀ ਕਰਨ ਬਾਰੇ ਅਮਰੀਕੀ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਕਿਸੇ ਵੀ ਸੰਭਾਵੀ ਮਿਜ਼ਾਇਲ ਹਮਲੇ ਤੋਂ ਸੁਰੱਖਿਆ ਲਈ ਪ੍ਰਬੰਧ ਕਰਨਾ ਇਕ ਚੰਗਾ ਵਿਚਾਰ ਹੈ। ਉਹਨਾਂ ਨੇ ਗੋਲਡਨ ਡੋਮ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਬਾਰੇ ਰਾਸ਼ਟਰਪਤੀ ਟਰੰਪ ਨਾਲ ਗੱਲ ਕੀਤੀ ਹੈ।
ਇੱਕ ਰੱਖਿਆ ਮਾਹਰ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ “ਗੋਲਡਨ ਡੋਮ” ਮਿਜ਼ਾਈਲ ਢਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਪਾਸਾ ਵਟਦਾ ਹੈ ਤਾਂ ਉਹ ਉੱਤਰੀ ਅਮਰੀਕਾ ਦੀ ਰੱਖਿਆ ਵਿੱਚ ਆਪਣੀ ਭੂਮਿਕਾ ਨੂੰ ਘਟਾਉਣ ਦਾ ਜੋਖਮ ਲਵੇਗਾ। ਪਰ ਇਸਦਾ ਮਤਲਬ ਇਹ ਵੀ ਹੈ ਕਿ “ਗੋਲਡਨ ਡੋਮ” ਵਿੱਚ ਸ਼ਾਮਲ ਹੋਣ ਲਈ, ਕੈਨੇਡਾ ਨੂੰ 2005 ਤੋਂ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਲਈ ਅਮਰੀਕੀ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦੀ ਆਪਣੀ ਅਧਿਕਾਰਤ ਨੀਤੀ ਨੂੰ ਛੱਡਣਾ ਪਵੇਗਾ। ਉਸ ਸਮੇਂ ਆਲੋਚਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਇੱਕ ਨਵੀਂ ਹਥਿਆਰਾਂ ਦੀ ਦੌੜ ਵੱਲ ਲੈ ਜਾ ਸਕਦਾ ਹੈ। ਸ਼੍ਰੀ ਪੈਰੀ ਨੇ ਕਿਹਾ ਕਿ ਕੈਨੇਡਾ ਦੇ 2005 ਦੇ ਫੈਸਲੇ ਦਾ ਮਤਲਬ ਸੀ ਕਿ ਸੰਯੁਕਤ ਕੈਨੇਡਾ-ਅਮਰੀਕਾ ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ ਨਹੀਂ, ਸਗੋਂ ਯੂਐਸ ਉੱਤਰੀ ਕਮਾਂਡ ਨੇ ਅਗਲੇ ਸਾਲਾਂ ਵਿੱਚ ਬੈਲਿਸਟਿਕ ਮਿਜ਼ਾਈਲ ਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਕਾਰਲੇਟਨ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਫਿਲਿਪ ਲਾਗਾਸੇ ਦਾ ਕਹਿਣਾ ਹੈ ਕਿ “ਗੋਲਡਨ ਸ਼ੀਲਡ” ਵਿੱਚ ਸ਼ਾਮਲ ਹੋਣਾ ਆਧੁਨਿਕੀਕਰਨ ਦਾ ਇੱਕ ਕੁਦਰਤੀ ਵਿਕਾਸ ਹੋਵੇਗਾ ਜੋ ਕੈਨੇਡਾ ਅਤੇ ਸੰਯੁਕਤ ਰਾਜ ਪਹਿਲਾਂ ਹੀ ਕਰ ਰਹੇ ਹਨ।ਕੈਨੇਡਾ ਪਹਿਲਾਂ ਹੀ 20 ਸਾਲਾਂ ਵਿੱਚ ਨਵੇਂ ਮਿਜ਼ਾਈਲ ਖਤਰਿਆਂ ਦਾ ਪਤਾ ਲਗਾਉਣ ਅਤੇ ਟਰੈਕ ਕਰਨ ਦੀ ਕਮਾਂਡ ਦੀ ਯੋਗਤਾ ਨੂੰ ਅਪਗ੍ਰੇਡ ਕਰਨ ਲਈ 38 ਬਿਲੀਅਨ ਤੋਂ ਵੱਧ ਦੀ ਵਚਨਬੱਧਤਾ ਕਰ ਚੁੱਕਾ ਹੈ। ਇਸ ਵਿੱਚ ਇੱਕ ਨਵੀਂ ਨਿਗਰਾਨੀ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ ਕਿਉਂਕਿ ਅਮਰੀਕਾ ਰੂਸੀ ਅਤੇ ਚੀਨੀ ਹਾਈਪਰਸੋਨਿਕ ਮਿਜ਼ਾਈਲਾਂ, ਜੋ ਉਡਾਣ ਵਿੱਚ ਰਸਤਾ ਬਦਲ ਸਕਦੀਆਂ ਹਨ, ਦੇ ਨਾਲ-ਨਾਲ ਬਿਹਤਰ ਸਮਰੱਥਾਵਾਂ ਵਾਲੀਆਂ ਉੱਨਤ ਕਰੂਜ਼ ਮਿਜ਼ਾਈਲਾਂ ਦਾ ਜਵਾਬ ਦੇਣ ਦੇ ਤਰੀਕੇ ਲੱਭਣ ਨਾਲ ਜੂਝ ਰਿਹਾ ਹੈ। ਇਸ ਗੋਲਡਨ ਡੋਮ ਮਿਜਾਇਲ ਪ੍ਰਾਜੈਕਟ ਉਪਰ 175 ਬਿਲੀਅਨ ਡਾਲਰ ਦਾ ਖਰਚਾ ਆਉਣ ਦਾ ਅਨੁਮਾਨ ਹੈ। ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਇਸ ਵਿਚ ਆਪਣਾ ਬਣਦਾ ਹਿੱਸਾ ਪਾਵੇਗਾ।
ਸ਼ਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਦੀ ਟਰੰਪ ਦੇ ਇਸ ਪ੍ਰੋਗਰਾਮ ਨਾਲ ਸਹਿਮਤੀ ਇਕ ਨਵੀਂ ਚਰਚਾ ਨੂੰ ਛੇੜਨ ਵਾਲੀ ਹੈ। ਇਸ ਚਰਚਾ ਦੌਰਾਨ ਸਾਬਕਾ ਵਿਦੇਸ਼ ਮੰਤਰੀ ਲੋਇਡ ਐਕਸਵਰਥੀ ਨੇ ਇਸਨੂੰ ਕੈਨੇਡੀਅਨ ਮਾਨਤਾਵਾਂ ਨਾਲ ਧੋਖਾ ਕਰਾਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਜੋ ਹੁਣ ਤੱਕ ਕੈਨੇਡਾ ਨੂੰ 51 ਵੀਂ ਸਟੇਟ ਬਣਾਉਣ ਦੀਆਂ ਧਮਕੀਆਂ ਦਿੰਦੇ ਆ ਰਹੇ ਸਨ ਕੀ ਇਸਦੇ ਪਿੱਛੇ ਉਹਨਾਂ ਵੱਲੋਂ ਆਪਣੇ ਗੋਲਡਨ ਡੋਮ ਪ੍ਰੋਗਰਾਮ ਵਿਚ ਕੈਨੇਡਾ ਨੂੰ ਭਾਈਵਾਲ ਬਣਾਉਣ ਦੀ ਕੋਈ ਪੈਂਤੜੇਬਾਜੀ ਤਾਂ ਨਹੀਂ ਸੀ?