Mar 7, 2026
 ਮੰਗਤ ਕੁਲਜਿੰਦ—–
 ਅੱਜ ਤਾਂ ਕੱਕੋ ਦੇ ਚੇਹਰੇ ਤੋਂ ਡੁੱਲ ਡੁੱਲ ਪੈਂਦੀ ਖੁਸ਼ੀ ਦੇ ਨਾਲ ਵਿਅੰਗਮਈ ਮੁਸਕਾਨ ਵੰਡੀ ਜਾ ਰਹੀ ਸੀ ਤੇ ਜੱਸੋ ਨੂੰ ਅੱਚਵੀ ਲੱਗੀ ਪਈ ਸੀ–ਘਰ ਦਾ ਕੰਮ ਧੰਦਾ ਨਿਬੇੜ ਕੇ ਗਲੀ `ਚ ਮੰਜਾ ਡਾਹ ਕੇ ਟਾਈਮ ਨੂੰ ਧੱਕਾ ਦੇਣ ਲਈ ਬੈਠੀਆਂ ਮੀਨਾ, ਸ਼ੀਨਾ, ਚਤਰੋ, ਰਾਣੀ, ਜੱਸੋ  ਕਿਸੇ ਵਿਸ਼ੇ ਨੂੰ ਭਖਾਉਣ ਦੇ  ਆਹਰ `ਚ ਸਨ। ਜੱਸੋ ਨੇ ਤੀਲੀ ਡੱਬੀ ਤੇ ਘਸਾ ਹੀ ਲਈ, “ਨੀ ਕੱਕੋ, ਅੱਜ ਤਾਂ ਬੜੀ ਮੁਸਕੀ ਪਈ ਐ।”  ਕਹਿਣਾ ਤਾਂ ਉਸਨੇ ‘ਮੁਸ਼ਕੜੀ ਹੱਸੀ ਜਾਂਦੀ ਅਂੈ’  ਪਰ ਨੈਨੋ ਯੁੱਗ ਤੋਂ ਪ੍ਰਭਾਵਿਤ  ਮਨ ਤੇ  ਜ਼ੁਬਾਨ ਵੀ ਮਿੰਨੀ ਤੋਂ ਮਿੰਨੀ ਹੋਣ ਦਾ ਯਤਨ ਕਰਨ ਦੇ ਕਾਰਨ ‘ਮੁਸਕੀ ਪਈ’ ਕਹਿ ਹੋ ਗਿਆ।  “ ਕੀ ਗੱਲ ਕੁੜੇ ਅੱਜ ਤੂੰ ਤਾਂ ਰੁਮਾਂਟਿਕਤਾ ਤੇ ਹੀ ਉਤਰ ਆਈ ਐ ਤੜਕੇ ਤੜਕੇ ਈ! ਭਲਾ ਮੈਂ ਕਿਵੇਂ ਮੁਸ਼ਕੀ ਪਈ ਆਂ?
“ਨਹੀਂ ਕੰਜਰੀਏ, ਮੇਰਾ ਮੁਸਕੀ ਤੋਂ ਮਤਲਬ ਤੇਰੇ ਚੇਹਰੇ ਤੋਂ ਪ੍ਰਗਟ ਹੋ ਰਹੀ ਮੁਸਕਾਨ ਤੋਂ ਸੀ।”
“ਕੁੜੇ ਮੁਸਕਾਣ ਤਾਂ ਆਉਣੀ ਹੀ ਸੀ…  ਅੱਜ ਤਾਂ ਘਸੁੰਨ-ਮੁੱਕੀ ਹੋਣ ਦਾ ਸੁਵਾਦ ਈ ਆ ਗਿਆ।”
“ਹੈਂ! ਕੁੜੇ ਕੀਹਦੇ ਨਾਲ? ਸਾਡਾ ਜੀਜਾ `ਤੇ ਤੇਰੇ ਅੱਗੇ ਪਾਣੀ ਭਰਦੈ,ਓਹਤਾ ਤੇਰੇ ਨਾਲ ਕੀ ਘਸੁੰਨ-ਮੁੱਕੀ ਹੋਇਆ ਹੋਊ?”
“ਕੁੜੇ ਘਸੁੰਨ ਮੁੱਕੀ ਤਾਂ ਬਰਾਬਰ ਦੇ ਨਾਲ ਹੀ ਕਰਨ `ਚ ਸੁਵਾਦ ਆਉਂਦੈ।”
“ਇਹਦਾ ਮਤਲਬ ਤੇਰੀ ਸੱਸ ਕੈਨੇਡਾ ਤੋਂ ਵਾਪਿਸ ਆ ਗਈ।”
“ਕਿੱਥੇ?  ਉਹ ਤਾਂ ਕਹਿ ਕੇ ਗਈ ਐ, ‘ਜੇ ਮੈਂ ਪਿਉ ਦੀ ਧੀ ਹੋਈ ਤਾਂ ਤੇਰਾ ਮਰੀ ਦਾ ਮੂੰਹ ਹੀ ਵੇਖਣ ਆਊ।’
“ਤੇ ਫੇਰ ਕੌਣ ਘਸੁੰਨ ਮੁੱਕੀ ਹੋ ਗਿਆ ਤੇਰੇ ਨਾਲ?”
“ਮੇਰਾ ਤਾ ਕਈ ਦਿਨਾਂ ਦਾ ਸਿਰ ਜਿਹਾ ਦੁਖੀ ਜਾਂਦਾ ਸੀ, ਬਦਹਜ਼ਮੀ ਹੋਈ ਪਈ ਸੀ। ਪਤਾ ਨਹੀਂ ਇਹਨਾਂ ਨੂੰ ਕਿੱਥੋਂ ਸੁਝਿਆ -ਵੱਡਾ ਸਾਰਾ ਮੁਬਾਈਲ ਘਰੇ ਲਿਆਏ ਅਤੇ ਕਹਿੰਦੇ, ਲੈ ਬਈ ਕੱਕੋ ਤੇਰੇ ਲਈ ਸਾਰੀ ਦੁਨੀਆਂ ਹੀ ਤੇਰੀ ਮੁੱਠੀ `ਚ ਲਿਆ ਤੀ, ਨੱਬੇ ਕੁ ਹਜ਼ਾਰ ਦਾ ਆਇਆ ਇਹ ਡੱਡੂ ਜਿਹਾ। ਤੇਰਾ ਸਿਰ ਦੁਖਣੋਂ ਨਹੀਂ ਹੱਟਦਾ, ਢਿੱਡ `ਚ ਕੜੱਲ ਪੈਣੋਂ ਸਾਹ ਨਹੀਂ ਲੈ ਰਹੇ, ਲੱਗਦੈ ਤੇਰੇ ਚਿੱਤ `ਚ ਗੁੱਭ-ਗੁਬਾਰ ਈ ਭਰਿਆ ਪਿਆ ਹੋਊ ਤੇ ਉਧਰ ਮਾਂ ਵੀ ਉਸਲਵੱਟੇ ਲਈ ਜਾਂਦੀ ਹੋਊ, ਕੋਈ ਮਿਹਣੋ-ਮਿਹਣੀ ਹੋਣ ਲਈ ਨਹੀਂ ਮਿਲਦੀ ਹੋਊ। ਅੱਜ ਮੈਂ ਥੋਡੀ ਕਰਾਉਣੀ ਹੈ  ਵੀਡੀਓ-ਕਾਨਫਰੰਸ। ਆਪਾ ਆਜਾ ਗੇ ਇਕ ਦੂਸਰੇ ਦੇ ਸਾਹਮਣੇ,ਤੇ ਕਰ ਲਿਉ ਮਨ ਹਲਕਾ, ਘਸੁੰਨ-ਮੁੱਕੀ ਹੋ ਕੇ।”
“ਕਿਉਂ ਮੈਨੂੰ ਮੂਰਖ ਬਣਾਉਂਦੇ ਹੋ? ਉਹ ਕੜਮੀ ਦੀ ਜ਼ਬਾਨ ਹੀ ਇੰਨੀ ਲੰਮੀ ਹੈ  ਕਿ ਉਹ ਵੱਧਦੀ ਵੱਧਦੀ ਇੱਥੋਂ ਤੱਕ ਆ ਜੇ ਗੀ। ਘਸੁੰਨਮੁੱਕੀ ਲਈ  ਹੱਥ ਬਾਹਵਾਂ ਕਿਵੇਂ ਪਹੁੰਚਣਗੇ ਇਕ ਦੂਜੇ ਕੋਲ?”
“ਅਕਲ ਦੀਏ ਅੰਨੀਏ- ਨਹੀਂ!  ਰੋਜ਼ ਟੀ.ਵੀ. ਤੇ ਨਹੀਂ ਵੇਹਦੀ ਹੁੰਦੀ ਘਸੁੰਨ-ਮੁੱਕੀ। ਅੱਜ ਕੱਲ ਜ਼ਮਾਨਾ ਹੈ ਡਿਜ਼ੀਟਲ ਘਸੁੰਨ-ਮੁੱਕੀ ਦਾ ਤੇ ਆਪਾਂ ਵੀ ੳਹੀ ਕਰਾਂਗੇ। ਮੈਨੂੰ ਪਤੈ,  ਮੈਨੂੰ ਤਾਂ ਸਮਾਂ ਮਿਲਣਾ ਹੀ ਨਹੀਂ ਮੂੰਹ ਖੋਲ੍ਹਣ ਦਾ ਪਰ ਫਿਰ ਵੀ ਟੀ.ਵੀ. ਦੇ ਐਂਕਰ ਵਾਂਗ ਮੈਂ ਤੁਹਾਡੇ ਵਿਚਕਾਰ ਬੈਠਾਂਗਾ।”
ਤੇ ਜਿਉਂ ਹੀ ਅਸੀਂ ਸਕਰੀਨ ਤੇ ਇਕ ਦੂਜੇ ਦੇ ਸਾਹਮਣੇ ਆਈਆਂ- ਆਪਣੇ ਸੰਸਕਾਰਾਂ ਨੂੰ ਕਾਇਮ ਰੱਖਣ ਦਾ ਦਿਖਾਵਾ ਕਰਦਿਆਂ ਥੋਹੜਾ ਜਿਹਾ ਝੁੱਕ ਕੇ ਮਨ `ਚ ਮੈਂ ਗਾਲ੍ਹ ਜਿਹੀ ਕੱਢੀ ਤਾਂ ਕਿ ਉਹਨੂੰ ਲੱਗੇ ਮੈਂ ਪੈਰੀਪੈਣਾ ਕਰ ਰਹੀ ਹਾਂ।ਉਂਝ ਮੈਨੂੰ ਪਤੈ, �ਿਜਹੜੀ ਮੇਰੀਆਂ ਉਂਗਲਾਂ `ਚ ਹੁੰਦੀ ਹੈ ਉਹ ਉਹਦੇ ਨਹੁੰਆਂ `ਚ ਹੁੰਦੀ ਹੈ।  ਉਹਨੇ ਵੀ ਹੱਥ ਜਿਹਾ ਉਤਾਂਹ ਨੂੰ ਚੁੱਕਿਆ ਤਾਂ ਕਿ  ਵੇਖਣ ਵਾਲੇ ਨੂੰ ਲੱਗੇ, ਬਈ ਆਸ਼ੀਰਵਾਦ ਦੇ ਰਹੀ ਹੈ। ਮੈਨੂੰ ਪਤੈ ਮਨ `ਚ ਉਸਨੇ ਕਿਹਾ ਹੋਊ, ‘ਕਿੱਥੇ ਡੈਣ ਮੱਥੇ ਲੱਗ ਗਈ।’  ਚਲੋ ਘਰ ਵਾਲਿਆਂ ਦੇ ਸਾਹਮਣੇ ਤਾਂ ਸੰਸਕਾਰੀ ਹੋਣ ਦਾ ਡਰਾਮਾ ਕਰਨਾ ਹੀ ਸੀ।”
“ਨੀ ਕੁੜੇ ਅੱਗੇ ਦੱਸ!”
“ਬੱਸ ਫੇਰ ਕੀ ਭੈਣੇ, ਹਾਲ ਚਾਲ ਪੁੱਛ ਕੇ ਮਿਹਣਿਆਂ ਦੀ ਕਿਣਮਿਣ ਤੇ ਫਿਰ ਹੌਲੀ ਹੌਲੀ ਗਾਲ੍ਹਾਂ ਦੀ ਚਟਣੀ `ਚ ਭਿਉਂ ਭਿਉਂ ਕੇ  ਛੱਡਣੇ ਸ਼ੁਰੂ ਕਰ ਦਿੱਤੇ  ਅਤੇ ਜ਼ੁਬਾਨ ਦੀ ਉਚਾਈ-ਗਤੀ ਨੂੰ ਨੱਬੇ-ਮੀਲੀ ਬਣਾ ਕੇ ਪਰ ਫਿਰ ਵੀ ਲੱਗ ਰਿਹਾ ਸੀ ਕਿ ਸਪੀਡ ਅਜੇ ਘੱਟ ਹੈ ਤੇ ਲੱਗਦਾ ਸੀ ਸਾਡੀ ਗੱਲ ਤਾਂ ਇਕ ਦੂਜੀ ਕੋਲ ਪਹੁੰਚ ਹੀ ਨਹੀਂ ਰਹੀ, ਇਸੇ ਲਈ ਗਾਲ੍ਹਾਂ ਮਿਹਣਿਆਂ ਨੂੰ ਸਿਰੇ ਦੀ ਗਤੀ ਬਖ਼ਸ਼ਣ ਲਈ ਹੱਥਾਂ `ਤੇ ਬਾਹਵਾਂ ਨੂੰ ਐਕਸ਼ਨ ਵਿੱਚ ਲੈ ਆਂਦਾ। ਇਕ ਵਾਰ ਤਾਂ ਇਹਨਾਂ ਜ਼ੋਸ਼ ਆਇਆ  ਕਿ ਮੈਂ ਮੁਬਾਈਲ ਦੀ ਸਕਰੀਨ ਤੇ ਹੀ ਮੁੱਕਾ ਮਾਰ ਦੇਣਾ ਸੀ  ਇਹ ਤਾਂ ਇਹਨਾਂ ਨੇ  ਹਵਾਂ `ਚ ਲਹਿਰਾਇਆ ਮੁੱਕਾ  ਫੜ੍ਹ ਲਿਆ ਤੇ ਨੱਬੇ ਹਜ਼ਾਰ `ਚ ਪਾਣੀ ਪੈਣੋਂ ਬਚ ਗਿਆ। ਪਰ ਭੈਣੇ ਇਕ ਘੰਟਾ ਡਿਜ਼ੀਟਲ ਘਸੁੰਨ ਮੁੱਕੀ ਕਰਕੇ ਸੁਆਦ ਹੀ ਆ ਗਿਆ– ਮਨ ਸ਼ਾਤ ਹੋ ਗਿਆ।”
“ਨੀ ਕੁੜੇ ਸਾਨੂੰ ਵੀ ਇਹ ਸਿਖਾ ਦੇ।”
“ਲੈ…. ਐਂ ਤਾਂ ਕਿਵੇਂ ਸਿਖਾਦਿਆਂ? ਪਹਿਲਾਂ ਪੰਜਾਹ ਪੰਜਾਹ ਹਜ਼ਾਰ ਖਰਾ ਕਰੋ।”
“ਕੰਜਰੀਏ ਤੂੰ ਸਾਥੋਂ ਫੀਸ ਲਏਂਗੀ।”
“ਮੈਂ ਤਾਂ ਕਾਹਦੀ ਫੀਸ ਲੈਣੀ ਐ? ਇਹ ਤਾਂ ਭੈਣੇ ਆਹ ਯੰਤਰ ਜੇ ਲੈਣੇ ਪੈਣ ਗੇ ਜੀਹਦੇ `ਚ ਤੁਹਾਨੂੰ ਕਈ ਜਣੀਆਂ ਨੂੰ ਇਕੱਠੇ ਬਿਠਾ ਲੈਣ ਦੀ ਥਾਂ ਹੋਵੇ।”
ਸਦਕੇ ਜਾਈਏ ਵਿਗਿਆਨੀਆਂ ਦੇ  ਜਿਹਨਾਂ ਨੇ  ਡਿਜ਼ੀਟਲ ਨੂੰ ਲੋਕਾਂ ਦੀ ਜ਼ਿੰਦਗੀ ਦਾ ਹਮਸਫਰ ਬਣਾਇਆ: ਡਿਜ਼ੀਟਲ ਕਰੰਸੀ,  ਡਿਜ਼ੀਟਲ ਅਪਰੇਸ਼ਨ, ਡਿਜ਼ੀਟਲ ਅਰੈਸਟ ਆਦਿ ਅਤੇ ਹੁਣ ਆਹ ‘ਡਿਜ਼ੀਟਲ ਘਸੁੰਨ-ਮੁੱਕੀ’। ਸਾਰਾ ਸਮਾਜ ਹੀ ਡਿਜ਼ੀਟਲ ਡਿਜ਼ੀਟਲ ਕੀਤਾ ਪਿਐ।ਡਿਜ਼ੀਟਲ ਘਸੁੰਨ ਮੁੱਕੀ ਦੇ ਫਾਇਦੇ ਬੜੇ ਨੇ, ਕਿਸੇ ਦੇ ਕੋਈ ਸੱਟ ਲੱਗਣ ਦੀ ਗੁਜ਼ਾਇਸ਼ ਨਹੀਂ ਰਹਿ ਜਾਂਦੀ, ਜੂੰਡੇ ਪੱਟਣ-ਪਟਾਉਣ ਦਾ ਖਤਰਾ ਨਹੀਂ ਰਹਿੰਦਾ, ਜਦੋਂ ਸੱਟ ਫੇਟ ਨਹੀਂ ਵੱਜਣੀ ਫਿਰ ਡਾਕਟਰਾਂ, ਵਕੀਲਾਂ, ਪੁਲੀਸ ਦੇ ਘਰ ਕੀਹਨੇ ਭਰਨੇ ਹੋਏ? ਸੱਟਾਂ ਫੇਟਾਂ `ਤੇ ਸੇਕੇ ਦੇਣ ਦੀਆਂ ਲੋੜਾਂ ਨਹੀਂ।ਜਿਹੜੇ ਮਕਸਦ ਫਿਜ਼ੀਕਲ ਘਸੁੰਨ ਮੁੱਕੀ ਨਾਲ ਪੂਰੇ ਹੁੰਦੇ ਸੀ ਉਹ ਸਾਰੇ ਦੇ ਸਾਰੇ ਡਿਜ਼ੀਟਲ ਘਸੁੰਨ ਮੁੱਕੀ ਨਾਲ ਪੂਰੇ  ਹੋ ਜਾਂਦੇ ਨੇ।
ਯਾਦ ਕਰੋ! ਅੱਜ ਤੋਂ ਕੋਈ ਪੰਜ ਛੇ ਦਹਾਕੇ ਪਹਿਲਾਂ ਦੀਆਂ ਗੱਲਾਂ।ਮੈਨੂੰ ਲੱਗਦੈ ਉਦੋਂ ਬੱਚੇ ਬੜੇ ਸਿਆਣੇ ਹੁੰਦੇ ਸੀ। ਜਿਵੇਂ ਸਿਆਣੇ ਕਹਿੰਦੇ ਨੇ ਜਦੋਂ ਲੜਾਈ ਸਿਖਰ `ਤੇ ਪਹੁੰਚ ਜਾਵੇ ਫਿਜ਼ੀਕਲ ਨੁਕਸਾਨ ਹੋਣ ਤੋਂ ਬਚਾਅ ਕਰਨ ਲਈ  ਉਦੋਂ ਜੇ ਇਕ ਮਿੰਟ ਲਈ ਵੀ ਕੰਧ ਵੱਲ ਮੂੰਹ ਕਰਕੇ ਖੜ੍ਹ ਜਾਈਏ ਤਾਂ ਨੁਕਸਾਨਾਂ ਤੋਂ ਬਚਿਆ ਜਾ ਸਕਦੈ। ਇਸੇ ਤਰ੍ਹਾਂ ਬੱਚੇ ਵੀ ਲੜਾਈ ਦੇ ਸਿਖਰੀ-ਪਲਾਂ ਨੂੰ ਟਾਲ ਲੈਂਦੇ ਸਨ।ਖੇਡਦੇ ਖੇਡਦੇ ਉਹ ਉਦੋਂ ਲੜਦੇ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਕਿ ਹੁਣ ਘਰਾਂ ਨੂੰ ਵਾਪਸੀ ਹੋਣ ਵਾਲੀ ਐ। ਯੁੱਧ ਨੂੰ ਭਖਾ ਕੇ ਸਿਖਰ `ਤੇ ਲੈ ਜਾਂਦੇ ਉਧਰੋਂ ਘਰ ਨੁੰ ਵਾਪਸੀ ਪਾ ਦਿੰਦੇ, ਚੱਲਦੇ ਬੈਕ ਗੇਅਰ ਪਾ ਕੇ ਤਾਂ ਕਿ ਵੈਰੀ ਪਿੱਠ ਪਿੱਛੋਂ ਨਾ ਵਾਰ ਕਰ ਦੇਵੇ, ਘਰ ਤੱਕ ਪਹੁੰਚਦਿਆਂ ਪੱਟਾਂ ਤੇ ਥਾਪੀਆਂ ਮਾਰ ਮਾਰ ਪੱਟਾ ਦੇ ਸੰਨਾਂ ਨੂੰ ਲਾਲ ਕਰ ਦਿੰਦੇ,  ਨਾਲੇ ਪਿੱਛੇ ਪਿੱਛੇ ਹੱਟਦੇ ਕਹੀ ਜਾਂਦੇ, “ਆਈਂ ਸਾਡੇ ਘਰ ਵੰਨੀ….  ਦੇਊਂ ਧਨੇਸੜੀ…..  ਤੇਰੀ ਭੈ…… ਕੱਢੂ ਤੇਰੀ ਜੇਬ `ਚੋਂ ਬੰਟੇ ਤੇ ਰੱਬ ਤੇ ਭੇਜਦੂੰ।”  ਕਿਉਂਕਿ ਉਦੋਂ ਕੱਛਨੀ-ਦੌਰ ਹੁੰਦਾ ਸੀ, ਪੈਂਟ ਪਜਾਮੇ ਤਾਂ ਕਿਸੇ ਟਾਵੇਂ ਘਰੇ ਹੀ ਨਸੀਬ ਹੁੰਦੇ ਸੀ।ਲੱਗਦੈ ਇਹਨਾਂ ਦੀ ਸਿਆਣਪ ਇਹੀ ਹੁੰਦੀ ਸੀ ਹੁਣ ਦੀ ਘੜੀ ਟਾਲ ਲਉ,  ਗੁੱਸਾ ਵੀ ਘਰੇ ਵੜਦਿਆਂ ਤਿੱਤਰ ਹੋ ਜਾਵੇਗਾ, ਹੁਣ ਦਬਕੇ ਮਾਰ ਕੇ ਭੱਜ ਚੱਲੀਏ, ਕਲ ਤੜਕੇ ਜਦੋਂ ਮਿਲਾਂਗੇ ਨਵੇਂ ਦੌਰ `ਚ ਸ਼ੁਭ-ਪ੍ਰਭਾਤ ਨਾਲ ਹੀ ਮਿਲਾਂਗੇ ਜਾਣੀ ਕਿ ਗਹਿਗੱਚ ਯਾਰੀ ਦਾ ਦੌਰ ਸ਼ੁਰੂ ਹੋ ਜਾਵੇਗਾ।
 ਆਹ ਡਿਜ਼ੀਟਲ ਘਸੁੰਨਮੁੱਕੀ ਵੀ ਅਜਿਹੀ ਪ੍ਰਕਿਰਿਆ ਹੈ।ਗਰਮੋ-ਗਰਮੀ ਹੁੰਦਿਆ ਸਾਹਮਣੇ ਹੋਣ `ਤੇ ਘਸੁੰਨਮੁੱਕੀ  ਦੇ ਐਕਟਿਵ  ਹੋਣ ਦੇ ਚਾਂਸ ਬਹੁਤ ਹੁੰਦੇ ਨੇ ਪਰ ਡਿਜ਼ੀਟਲ ਘਸੁੰਨ ਮੁੱਕੀ ਵਿੱਚ ਫੀਜੀਕਲ ਹੋਣ ਦੇ ਨੁਕਸਾਨਾਂ ਤੋਂ ਬਚਾਅ ਰਹਿੰਦਾ ਹੈ।
ਦਫਤਰਾਂ ਦੇ ਬੌਸਜ਼ ਨੂੰ ਡਿਜ਼ੀਟਲ ਘਸੁੰਨਮੁੱਕੀ ਦਾ ਬੜਾ ਫਾਇਦਾ ਰਹਿੰਦੈ । ਜਦ ਵੀ ਉਹਨਾਂ ਨੇ ਆਪਣੇ ਮਤਾਹਿਤਾਂ `ਤੇ ਗੁੱਸਾ ਉਤਾਰ ਆਪਣਾ ਮਨ ਹਲਕਾ ਕਰਨਾ ਹੁੰਦਾ ਹੈ, ਆਹਮਣੇ-ਸਾਹਮਣੇ ਹੋਣ ਦੀ ਬਜਾਇ  ਆਪਣੇ ਕੈਬਿਨ ਦਾ ਅੰਦਰੋਂ ਕੁੰਡਾ ਲਾ ਕੇ ਇਕ ਤਰਫਾ ਡਿਜ਼ੀਟਲ ਘਸੁੰਨ ਮੁੱਕੀ ਬੇਫਿਕਰੀ ਨਾਲ ਕਰ ਸਕਦੇ ਨੇ।ਕਿਉਂਕਿ ਮਾਤਹਿਤ ਤਾਂ ਹੁਕਮ ਦੇ ਬੱਝੇ ਹੁੰਦੇ ਨੇ ਕਿ ‘ਬੌਸ ਵਿਰੁਧ ਜ਼ੁਬਾਨ’ ਨੂੰ ਆਪਣੇ ਘਰ ਹੀ ਸੰਭਾਲ ਕੇ ਆਉਣਾ ਹੈ।ਜੀਭਾ ਘਸੁੰਨ ਮੁੱਕੀ ਕਰਦਿਆਂ ਜੇ ਮਾਤਹਿਤ ਕਦੇ ਸਾਹਮਣੇ ਖੜ੍ਹੇ ਹੋਣ, ਖਤਰਾ ਤਾਂ ਹੋ ਹੀ ਸਕਦੈ ਕਿ ਕਦੇ ਵੀ ਕਿਸੇ ਵੀ ਮਾਤਹਿਤ ਦਾ ਸਾਈਲੈਂਸ ਪਿਆ ਬਰੇਨ ਭੰਬੂਕਾ ਮਾਰ ਕੇ ਉਠ ਸਕਦੈ ਅਤੇ  ਹੱਥਾਂ ਬਾਹਾਂ ਨੂੰ ਐਕਸ਼ਨ ਕਰਨ ਦਾ ਹੁਕਮ ਦੇ ਕੇ ਬਾਸ ਲਈ ਵਕਤ ਖੜ੍ਹਾ ਕਰ ਸਕਦੈ।ਇਸ ਲਈ ਇਸ ਗੱਲੋਂ ਬਾਸ ਹੁਣ ਆਪਣੇ ਆਪ ਨੂੰ ਬੜਾ ਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਨੇ।ਪਰ ਇਸ ਸੁਰੱਖਿਆ ਨੂੰ ਹੋਰ ਪਾਸਿਉਂ ਸੰਨ ਵੀ ਲੱਗ ਸਕਦੀ ਹੈ ।ਪਹਿਲਾਂ ਤਾਂ ਵੱਡਾ ਖਤਰਾ ਉਹਨਾਂ ਨੂੰ ਸ਼ਾਮੀ ਘਰ ਪਹੁਚੰਣ ਤੇ ਝੱਲਣਾ ਹੁੰਦਾਸੀ। ਉਦੋਂ ਬੌਸ-ਸਾਹਿਬਾਨੀ ਸਾਰਾ ਦਿਨ ਘਰ ਦੇ ਕਮਰਿਆਂ ਦੇ ਚੱਕਰ ਕੱਟਦੀ ਸ਼ਾਮੀਂ ਲਈ ਜੋ ਮਨਸੂਬੇ ਬਣਾਉਂਦੀ ਰਹਿੰਦੀ ਸੀ ਉਹ ਸ਼ਾਮ ਨੂੰ ਹੀ ਲਾਗੂ ਹੁੰਦੇ ਸਨ।ਪਰ ਹੁਣ… ਝੱਟ ‘ਮੁਬਾਈਲ ਜਾਨੇਮਨ’ ਦੀਆਂ ਸੇਵਾਵਾਂ ਲੈ ਕੇ ਬੌਸ ਦੇ ਦਫਤਰ ਬੈਠੇ ਦੇ ਸਿਰ ਹੀ ਆ ਗੱਜਦੀਆਂ ਨੇ ਤੇ ਬੇਜ਼ੁਬਾਨ ਹੋਇਆ ਬੌਸ  ਫੋਨ ਨੂੰ ਆਪਣੇ ਸਾਹਮਣੇ ਇਸ ਐਂਗਲ ਤੇ ਰੱਖ ਲੈਂਦਾ ਹੈ  ਕਿ ਮੈਡਮ ਨੂੰ ਸਾਰੇ ਦਾ ਸਾਰਾ ਦੀਹਦਾ ਰਹੇ। ਉਂਝ ਉਸ ਵਕਤ ਬਾਸ ਦੇ ਹੱਥ ਬਾਹਵਾਂ ਅਤੇ ਜੀਭ ਨੂੰ ਵੀ ਲਕਵੇ ਦਾ ਦੌਰਾ ਪੈ ਜਾਂਦਾ ਹੈ ਪਰ ਬੌਸ ਦੀ ਕੋਸ਼ਿਸ਼ ਹੁੰਦੀ ਹੈ ਦਫਤਰ ਦਾ ਕੋਈ ਖਤਰਨਾਕ ਕੋਨਾ ਮੈਡਮ ਨੂੰ ਨਾ ਦਿਸੇ। ਮੈਡਮ ਦੀ ਡਿਜ਼ੀਟਲ ਘਸੁੰਨ ਮੁੱਕੀ  ਜੋ ਬਿਨ੍ਹਾਂ ਸਮਾਂ-ਬੱਧ ਹੁੰਦੀ ਹੈ, ਚੱਲਦੀ ਰਹਿੰਦੀ ਹੈ- ਕਰਮਚਾਰੀ ਵੀ ਇਸ ਮੌਕੇ ਦਾ ਕਦੇ ਕਦੇ ਫਾਇਦਾ ਉਠਾ ਲੈਂਦੇ ਨੇ ਕਿਉਂਕਿ ਬਾਸ ਦੀਆਂ ਨਿਗਾਹਾਂ ਤਾਂ ਮੈਡਮ ਦੀਆਂ ਨਿਗਾਹਾਂ ਨੇ ਕਾਬੂ ਕੀਤੀਆਂ ਹੁੰਦੀਆਂ ਹਨ ਤੇ ਉਹ ਇਕ ਪਾਸੇ ਫਾਈਲਾਂ ਲਿਆ ਲਿਆ ਬੌਸ ਤੋਂ ਘੁੱਗੀਆਂ ਮਰਵਾਈ ਜਾਂਦੇ ਨੇ । ਇਸ ਤਰ੍ਹਾਂ ਬਾਸ ਦੇ ਗੁੱਸੇ ਦੀਆਂ ਸ਼ਿਕਾਰ ਹੋਈਆਂ ਅਲਮਾਰੀਆਂ ਦਾ ਸ਼ਿੰਗਾਰ ਬਣੀਆਂ ਕਈ ਫਾਈਲਾਂ ਵੀ ਭਵਸਾਗਰ ਤਰ ਜਾਂਦੀਆਂ ਹਨ।
          ਵੈਸੇ ਡਿਜ਼ੀਟਲ ਘਸੁੰਨ ਮੁੱਕੀ ਦਾ ਫਾਇਦਾ ਸਾਡੀਆਂ ਰਾਜਨੀਤਕ ਪਾਰਟੀਆਂ ਨੂੰ ਬਹੁਤ ਹੁੰਦਾ ਹੈ। ਪਹਿਲਾਂ ਕਦੇ ਮੇਲਿਆਂ ਜਾਂ ਕਿਸੇ ਸਮਾਗਮਾਂ ਵਿੱਚ ਇਕੱਠੇ ਹੋ ਕੇ  ਇਕ ਦੂਜੇ ਤੇ ਚਿੱਕੜ-ਉਛਾਲਣ, ਗਾਲੋ ਗਾਲੀ, ਹੱਥੋਪਾਈ ਹੋਣ ਦਾ ਮੌਕਾ ਮਿਲਦਾ ਸੀ ਪਰ ਉਥੇ ਆਪਣੀ ਜਿੱਤ ਯਕੀਨੀ ਬਣਾਉਣ ਲਈ  ਗੁੰਡੇ-ਬਦਮਾਸ਼, ਹਥਿਆਰ ਸਮੇਤ ਟਕੂਏ, ਕ੍ਰਿਪਾਨਾਂ,  ਗੰਡਾਸੇ, ਡਾਂਗਾਂ,  ਬੰਦੂਕਾਂ, ਪਿਸਟਲ,  ਨਾਲ ਰੱਖਣੇ ਪੈਂਦੇ  ਪਰ ਹੁਣ ਇਹ ਸਾਰੇ ਝੰਝਟ ਖਤਮ ਹੋ ਗਏ ਨੇ। ਹੁਣ ਤਾਂ ਆਪਣੇ ਘੁਰਨਿਆਂ `ਚ ਬੈਠੇ, ਚੈਨਲਾਂ ਨਾਲ ਸੰਪਰਕ ਸਾਧ ਕੇ  ਇਕ ਦੂਜੇ ਨੂੰ ਘੂਰਦਿਆਂ ਡਿਜ਼ੀਟਲ ਘਸੁੰਨ ਮੁੱਕੀ ਕਰਦੇ ਰਹਿੰਦੇ ਨੇ ਜਿਹਨਾਂ ਦੀ ਕੋਈ ਹੱਦ ਬੰਨਾਂ ਨਹੀਂ ਹੁੰਦਾ ਕਈ ਵਾਰ ਤਾਂ ਇਹ ਇੰਨੇ ਗਰਮੋ ਗਰਮ ਹੋ ਜਾਂਦੇ ਨੇ ਕਿ ਦਰਸ਼ਕਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਇਹ ਇੰਨੇ ਗੁੱਸੇ `ਚ ਆਏ ਜ਼ਰੂਰ ਕਿਸੇ ਨੂੰ ਸੱਟ ਫੇਟ ਮਾਰ ਦੇਣਗੇ।ਪਰ ਐਂਕਰ ਵੀ ਆਪਣੇ ਕੋਲ  ਸੁਦਰਸ਼ਨ ਚੱਕਰ ਰੱਖੀ ਬੈਠਾ ਹੁੰਦਾ ਹੈ, ਇਹਨਾਂ ਦੀਆਂ ਛੱਡੀਆਂ ਮਜ਼ਾਈਲਾਂ-ਡਰੋਨਾਂ  ਨੂੰ ਭਸਮ ਕਰ ਦਿੰਦਾ ਹੈ ਤੇ ਇਸ਼ਾਰੇ ਨਾਲ ਸੱਭ ਨੂੰ ਆਪਣੇ ਬੈਂਕ ਖਾਤਿਆਂ ਨੂੰ ਵੇਖਣ ਦੇ ਆਹਰੇ ਲਾ ਦਿੰਦਾ ਹੈ। ਤੇ ਜਦੋਂ ਖਾਤੇ ਦਾ ਕੱਦ ਵਧਿਆ ਦਿਸਦਾ ਹੈ  ਤੇ ਫਿਰ ਵਿਰੋਧੀ ਕਿਸ ਨੂੰ ਦਿਸਣਾ ਹੋਇਆ? ਇਹੀ ਪੁੱਛਦੇ ਰਹਿੰਦੇ ਨੇ, ਬਈ ਅਜਿਹੀ ਘਸੁੰਨ ਮੁੱਕੀ ਫੇਰ ਕਦੋਂ ਕਰਣੀ ਐ? ਸੁਵਾਦ ਈ ਆ ਗਿਆ ਅੱਜ ਤਾਂ। ਤੇ ਨਾਲ ਹੀ ਐਂਕਰ ਦੀ ਰਾਇ ਜਾਨਣ ਲਈ ਪੁੱਛ ਬਹਿੰਦੇ ਨੇ , “ਕਿਵੇਂ ਲੱਗੀ ਮੇਰੀ ਐਕਟਿੰਗ `ਤੇ  ਗੱਲ ਬਾਤ ਫਿਰ?”
ਮੋ. +91 94177 53892, (ਬਠਿੰਡਾ)
ਵੱਟਸਐਪ +1 (425) 286 0163 (ਸਿਆਟਲ)