ਲੇਖਕ-ਗੁਰਦੇਵ ਸਿੰਘ ਬਰਾੜ-
ਵਿਚਾਰ ਚਰਚਾ- ਪ੍ਰੋ ਗੋਪਾਲ ਸਿੰਘ ਬੁੱਟਰ-
‘ਮੇਰੇ ਪਿੰਡ ਦੀ ਮਿੱਟੀ ‘ ਕੈਨੇਡਾ ਨਿਵਾਸੀ ਬਹੁਪੱਖੀ ਲੇਖਕ ਗੁਰਦੇਵ ਸਿੰਘ ਬਰਾੜ ਦੇ ਗਾਲਪਨਿਕ ਅੰਦਾਜ਼ ਵਿੱਚ ਲਿਖੇ ਜੀਵਨੀ ਮੂਲਕ ਨਿਬੰਧਾਂ ਦਾ ਸੰਗ੍ਰਹਿ ਹੈ । ਜਿਸ ਵਿੱਚ ਲੇਖਕ ਨੇ ਆਪਣੇ ਬਚਪਨ ਤੋਂ ਲੈਕੇ ਹੁਣ ਤਕ ਦੇ ਆਪਣੇ ਪਿੰਡ ਅਤੇ ਚੌਗਿਰਦੇ ਦੇ ਵਿਕਾਸ ਦੀ ਭਾਵਪੂਰਤ ਜਾਣਕਾਰੀ ਦਿੱਤੀ ਹੈ। ਲੇਖਕ ਲੰਮੇ ਸਮੇਂ ਤੋਂ ਕੈਨੇਡਾ (ਬੀ.ਸੀ.) ਦੇ ਸ਼ਹਿਰ ਐਬਟਸਫੋਰਡ ਵਿਖੇ ਰਹਿ ਰਿਹਾ ਹੈ ਪਰ ਆਪਣੇ ਬਚਪਨ ਅਤੇ ਜਵਾਨੀ ਦੇ ਪਿੰਡ ਵਿੱਚ ਗੁਜ਼ਾਰੇ ਸਾਲਾਂ ਵਿਚਲੇ ਵਿਦਿਆਰਥੀ ਅਤੇ ਖਿਡਾਰੀ ਜੀਵਨ ਦੀਆਂ ਰਾਂਗਲੀਆਂ ਯਾਦਾਂ ਦਾ ਉਦਰੇਵਾਂ ਉਸ ਦੇ ਮਨ ਮਸਤਕ ‘ਤੇ ਹਮੇਸ਼ਾ ਛਾਇਆ ਰਿਹਾ ਹੈ। ਇਹ ਭੂ-ਹੇਰਵੇ (Nostalgia) ਰੂਪੀ ਉਦਰੇਵਾਂ ਹੀ ਇਸ ਪੁਸਤਕ ਦੀ ਸਿਰਜਣਾ ਲਈ ਵੱਡੀ ਪ੍ਰੇਰਕ ਸ਼ਕਤੀ ਬਣਦਾ ਹੈ। ਇਸ ਬਾਰੇ ਲੇਖਕ ਖ਼ੁਦ ਤਸਲੀਮ ਕਰਦਿਆਂ ਪੁਸਤਕ ਦੇ ਆਰੰਭ ਵਿੱਚ ਹੀ ਲਿਖਦਾ ਹੈ ਕਿ , ” ਪੰਜਾਬ ਦੇ ਪਿੰਡ ਵਿੱਚ ਜਨਮਿਆ ਹਰ ਇਨਸਾਨ ਆਪਦੀ ਜਨਮ ਭੋਏਂ ਦੀ ਮਿੱਟੀ ਨਾਲ ਜੁੜਿਆ ਰਹਿੰਦਾ, ਭਾਵੇਂ ਪ੍ਰਵਾਸ ਕਰ ਕੇ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਕਿਉਂ ਨਾ ਵੱਸ ਜਾਵੇ।ਦਿਨ ਮਹੀਨੇ ਸਾਲ ਦਹਾਕੇ ਭਾਵੇਂ ਕਿੰਨਾ ਸਮਾਂ ਉਹ ਦੂਰ ਰਹੇ ਪਰ ਕਦੇ ਤਾਂ ਉਸ ਦੇ ਮਨ ਵਿੱਚ ਹਮਵਤਨੀ ਇੱਕ ਤਾਂਘ ਉਪਲਬਦ ਹੁੰਦੀ ਰਹਿੰਦੀ ਹੈ, ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ‘ ਲੱਖ ਤਰੱਕੀਆਂ ਹੋਵਣ , ਕਿੰਨੀ ਅਮੀਰੀ ਆ ਜਾਵੇ ਪਰ ਮਨ ਦੇ ਵਲਵਲੇ ਵਿੱਚ ਇੱਕ ਚਿਣਗ ਜ਼ਰੂਰ ਉਤਪੰਨ ਹੁੰਦੀ ਰਹਿੰਦੀ ਕਿ ਮੈਨੂੰ ਮੇਰੀ ਜਨਮ ਭੂਮੀ ਨਾਲ ਲਗਾਅ ਹੈ। ਜਿਸ ਤਰ੍ਹਾਂ ਇੱਕ ਕਬੂਤਰ ਜਿਹੜੇ ਦਰਖਤ ਦੀ ਇੱਕ ਟਾਹਣੀ ਉਤੇ ਬੈਠ ਜਾਵੇ ਫਿਰ ਸਾਰੀ ਉਮਰ ਓਸ ਟਾਹਣੀ ਨੂੰ ਨਹੀਂ ਭੁੱਲਦਾ। ਕੁਝ ਇਹੋ ਜਿਹਾ ਹੀ ਹਾਲ ਐੱਨ.ਆਰ.ਆਈ.ਪ੍ਰਦੇਸੀਆਂ ਦਾ ਹੁੰਦਾ ਹੈ।(1)
ਗੁਰਦੇਵ ਸਿੰਘ ਬਰਾੜ ਨੇ ‘ਮੇਰੇ ਪਿੰਡ ਦੀ ਮਿੱਟੀ ‘ ਨਾਮਕ ਲੇਖ ਸੰਗ੍ਰਹਿ ਵਿੱਚ ਆਪਣੇ ਪਿੰਡ ਅਤੇ ਜੀਵਨ ਅਨੁਭਵ ਨਾਲ ਸੰਬੰਧਤ 17 ਲੇਖ ਸੰਗ੍ਰਹਿਤ ਕੀਤੇ ਹਨ। ਇਹਨਾਂ ਲੇਖਾ ਰਾਹੀਂ ਬਰਾੜ ਵੱਲੋਂ ਪ੍ਰਸਤੁਤ ਕੀਤੇ ਗਏ ਪੰਜਾਬ ਦੇ ਪਿੰਡਾਂ ਦੇ ਇਤਿਹਾਸਿਕ ਵਿਕਾਸ ਪੜਾਵਾਂ ਦੇ ਨਾਲ ਨਾਲ ਆਪਣੀ ਧਰਤੀ ਦੇ ਮੋਹ ਅਤੇ ਵਿਛੋੜੇ ਕਾਰਨ ਉਤਪੰਨ ਹੋਏ ਉਦਰੇਵੇਂ ਦੇ ਭਾਵਾਂ ਨੂੰ ਵੀ ਪ੍ਰਗਟਾਇਆ ਹੈ। ਉਦਰੇਵੇਂ ਦਾ ਭਾਵ ਪੁਸਤਕ ਦੇ ਬਹੁਤ ਸਾਰੇ ਲੇਖਾਂ ਵਿੱਚ ਕਿਤੇ ਜ਼ਾਹਿਰ ਅਤੇ ਕਿਤੇ ਨਿਹਤ ਰੂਪ ਵਿੱਚ ਸਮਾਇਆ ਹੋਇਆ ਹੈ। ਪੁਸਤਕ ਦੇ ਇਸ ਕੇਂਦਰੀ ਭਾਵ ਜਾਂ ਪ੍ਰੇਰਕ ਸ਼ਕਤੀ ‘ ਭੂ ਹੇਰਵੇ ‘ ਦੀ ਪ੍ਰਕਿਰਤੀ ਬਾਰੇ ਗੱਲ ਕਰਨੀ ਅਨੁਵਾਰੀ ਪ੍ਰਤੀਤ ਹੁੰਦੀ ਹੈ । ਰਾਲਫ ਹਾਰਪਰ (Ralph Harper) ਇਸ ਦੇ ਮੁੱਖ ਲੱਛਣ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਉਹ ਉਦਰੇਵਾਂ/ਹੇਰਵਾ ਗਵਾਚੇ-ਲੱਭੇ, ਦੂਰ-ਨੇੜੇ, ਨਵੇਂ ਤੇ ਜਾਣੇ ਪਹਿਚਾਣੇ ਅਤੇ ਗ਼ੈਰਹਾਜ਼ਰ ਤੇ ਹਾਜ਼ਰ ਦੇ ਖੱਟੇ ਮਿੱਠੇ ਅਨੁਭਵ ਦਾ ਸੁਮੇਲ ਹੈ , ਬੀਤ ਗਏ ਜਾਂ ਗੁਜ਼ਰ ਚੁੱਕੇ ਦਾ ਥੋੜ ਚਿਰਾ ਮੁੜ ਪ੍ਰਗਟ ਹੋਣ ਦਾ ਜਾਦੂਈ ਅਹਿਸਾਸ ਹੈ। ਜੋ ਮੁੜ ਮੁੜ ਤਾਜ਼ਾ ਹੋਣ ਜਾਂ ਪੁਨਰ ਸਿਰਜਤ ਹੋਣ ਕਾਰਨ ਵਾਸਤਵਿਕ ਨਾਲੋਂ ਵਧੇਰੇ ਆਪਣਾ, ਮਨਮੋਹਕ ਅਤੇ ਪਿਆਰਾ ਲੱਗਦਾ ਹੈ।(2)
ਜੈਨੇਲ.ਐਲ. ਵਿਲਸਨ (Janelle. L. Vilson) ਅਨੁਸਾਰ ਭੂ ਹੇਰਵੇ(Nostalgia) ਦਾ ਉਦਰੇਵਾਂ ਮਨੁੱਖੀ ਸੋਚ, ਭਾਵਨਾਵਾਂ ਤੇ ਜਜ਼ਬਾਤਾਂ ਦਾ ਸੰਕੇਤਕ ਹੈ । ਦੂਸਰੇ ਲਫਜ਼ਾਂ ‘ਚ ਕਹਿਣਾ ਹੋਵੇ ਤਾਂ ਇਹ ਮਨੁੱਖੀ ਵਿਹਾਰ ਤੇ ਕਿਰਦਾਰ ਦਾ ਅਜਿਹਾ ਲੱਛਣ ਹੈ ਜੋ ਮਨੁੱਖੀ ਭਾਵਨਾਵਾਂ ਨੂੰ ਉਲੰਘ ਕੇ ਜ਼ਿੰਦਗੀ ਦੀ ਸਥਿਰਤਾ ‘ਤੇ ਹਾਵੀ ਹੋ ਜਾਂਦਾ ਹੈ , ਇਹ ਵਿਅਕਤੀ ਵਿਸ਼ੇਸ਼ ਦੀ ਮਾਨਸਿਕਤਾ ਤੇ ਅਨੁਭਵ ਨੂੰ ਭਾਵਨਾਤਮਕ ਸੱਤਾ ‘ਤੇ ਪ੍ਰਭਾਵਿਤ ਕਰਦਾ ਹੈ । ਉਦਰੇਵੇਂ ਦੀ ਅਨੁਭਵਤਾ ਅਤੇ ਇਸ ਦਾ ਤੀਬਰ ਪ੍ਰਗਟਾਵਾ ਅਤੀਤ ਦਾ ਨਵੇਂ ਸਿਰਿਓਂ ਸਿਰਜਣ ਕਰਨ ‘ਚ ਨਿਹਤ ਹੈ ਜਿਸ ਦਾ ਬੁਨਿਆਦੀ ਕਾਰਕ ਮਨੁੱਖੀ ਚੇਤਨਤਾ ਹੈ ਜਿਵੇਂ ਕਿ, ‘ਕੀ ਯਾਦ ਰੱਖਣਾ ਹੈ’ ? ਤੇ ‘ਕਿਵੇਂ ਯਾਦ ਰੱਖਣਾ ਹੈ’ ? ਦਰ ਅਸਲ ਇਹ ਪ੍ਰਕਿਰਿਆ ਚੇਤਨ ਸਤਾ ਨਾਲੋਂ ਅਰਧ ਚੇਤਨ ਚੌਖਟੇ ‘ਚ ਨਿਰੰਤਰ ਵਾਪਰਦੀ ਰਹਿੰਦੀ ਹੈ ਅਤੇ ਉਹ ਵੀ ਬਗੈਰ ਕਿਸੇ ਇਰਾਦੇ ਜਾਂ ਸੋਝੀ ਦੇ ਕਿਉਂ ਜੁ ਇਹ ਮਨੁੱਖੀ ਮਨ ਦੀਆਂ ਅਪੂਰਨ ਖਾਹਿਸ਼ਾਂ ਨਾਲ ਬੜੀ ਕਿਰਿਆਵੰਤ-ਗਤੀਸ਼ੀਲਤਾ ਨਾਲ ਜੂਝਦੀ ਰਹਿੰਦੀ ਹੈ । ਇਹੀ ਕਾਰਨ ਹੈ ਕਿ ਉਦਰੇਵੇਂ ਦਾ ਬੋਧ ਜਜ਼ਬਾਤਾਂ ਦੇ ਚਿਤਰਣ ਵਿੱਚ ਗ੍ਰਸਤ ਰਹਿੰਦਾ ਹੈ । ਰਾਜਨੀਤਿਕ ਸ਼ਾਸਤਰੀ ਸਟੀਵ ਚਿਲਟਨ(Steve Chilton) ਇਸ ਹਵਾਲੇ ਦੀ ਪਰੋੜਤਾ ‘ਚ ਆਪਣੇ ਵਿਚਾਰਾਂ ਦੀ ਤਰਜਮਾਨੀ ਕਰਦਾ ਹੋਇਆ ਬਿਆਨ ਕਰਦਾ ਹੈ ਕਿ ਉਦਰੇਵਾਂ ਸਿਮਰਿਤੀਆਂ ਦੇ ਪਾਰ ਜਾ ਕੇ ਮਨੁੱਖ ਦੀ ਸਿਰਜਨਾਤਮਕ ਉਦਾਸੀਨਤਾ ਨੂੰ ਕਿਰਿਆਸ਼ੀਲ ਬਣਾਉਂਦਾ ਹੈ । ਸਿਮਰਿਤੀਆਂ ਤਥਾ-ਕਥਿਤ ਹੁਕਮਾਂ ਅਧੀਨ ਹੁੰਦੀਆਂ ਹਨ । ਭਾਵੇਂ ਇਸਦੀ ਚੋਣ ‘ਚ ਇੱਕ ਭਾਵਨਾਤਮਕ ਮਾਪਦੰਡ ਕਿਰਿਆਸ਼ੀਲ ਰਹਿੰਦਾ ਹੈ ਬਾਵਜੂਦ ਇਸਦੇ ਇਹ ਮਨੁੱਖੀ ਮਨ ਦੇ ਅਵਚੇਤਨ ‘ਚ ਪ੍ਰਭਾਵਕਾਰੀ ਤੌਰ ‘ਤੇ ਘਟਿਤ ਹੁੰਦਾ ਰਹਿੰਦਾ ਹੈ। ਦਰਅਸਲ ਉਦਰੇਵਾਂ ਸੰਯੋਜਕਾਂ ਦੀ ਮੰਗ ਕਰਦਾ ਹੈ ।ਸਮ੍ਰਿਤੀਆਂ ਤੁਲਨਾਤਮਕ ਪੱਧਰ ‘ਤੇ ਵਰਤਮਾਨ ਅਤੇ ਅਤੀਤ ਨਾਲ ਜੁੜੀਆਂ ਯਾਦਾਂ ਨੂੰ ਸ਼ਮੂਲੀਅਤ ਦਾ ਭਾਵ ਨਹੀਂ ਦਿੰਦੀਆਂ ਜਦੋਂ ਕਿ ਉਦਰੇਵਾਂ ਉਕਤ ਦੋਹਾਂ ਵਿਸ਼ੇਸ਼ਤਾਵਾਂ /ਲੱਛਣਾਂ ਨੂੰ ਆਪਣੇ ਕਲੇਵਰ ਦਾ ਹਿੱਸਾ ਬਣਾ ਲੈਂਦਾ ਹੈ। (3)
‘ਮੇਰੇ ਪਿੰਡ ਦੀ ਮਿੱਟੀ’ ਦੇ ਲੇਖਕ ਗੁਰਦੇਵ ਸਿੰਘ ਬਰਾੜ ਨੇ ਇਸੇ ਉਦਰੇਵੇਂ ਦੇ ਆਲਮ ਵਿੱਚ ਹੀ ਮਹਿਸੂਸ ਕੀਤਾ ਕਿ ਪੰਜਾਬ ਦੇ ਪਿੰਡ ਵਿੱਚ ਜਨਮਿਆ ਹਰ ਇਨਸਾਨ ਆਪਣੀ ਜਨਮ ਭੋਏਂ ਦੀ ਮਿੱਟੀ ਨਾਲ ਜੁੜਿਆ ਰਹਿੰਦਾ ਹੈ , ਭਾਵੇਂ ਪ੍ਰਵਾਸ ਕਰਕੇ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਕਿਉਂ ਨਾ ਵਸ ਜਾਵੇ । ਦਿਨ ਮਹੀਨੇ ਸਾਲ ਦਹਾਕੇ ਭਾਵੇਂ ਕਿੰਨਾ ਸਮਾਂ ਉਹ ਦੂਰ ਰਹੇ ਪਰ ਕਦੇ ਤਾਂ ਉਸਦੇ ਮਨ ਵਿੱਚ ਹਮ ਵਤਨੀ ਇੱਕ ਤਾਂਘ ਉਪਲਬਧ ਹੁੰਦੀ ਰਹਿੰਦੀ ਹੈ। ਇਨ੍ਹਾਂ ਭਾਵਾਂ ਨੂੰ ਹੀ ਲੇਖਕ ਆਪਣੇ ਲੇਖ ‘ ਖ਼ਿਆਲਾਂ ਵਾਲੇ ਦਿਨ ‘ ਦੇ ਪਾਤਰ ਸਾਧੇ ਦੇ ਮਨੋਭਾਵਾਂ ਰਾਹੀਂ ਵਿਸਥਾਰ ਦਿੰਦਾ ਹੈ ਕਿ, ‘ …ਬਾਹਰ ਦੇ ਸੀਨ ਤੇ ਨੀਝ ਲਾਈ ਬੈਠਾ ਆਪਣੇ ਖ਼ਿਆਲਾਂ ਵਿੱਚ ਉਹ ! ‘ਆਪਣੇ ਖ਼ਿਆਲਾਂ ਵਾਲੇ ਦਿਨ ‘ ਟੋਲਦਾ… ਉਸਨੂੰ ਪੁਰਾਣੀਆਂ ਯਾਦਾਂ ਦੀਆਂ ਝਲਕਾਂ ਯਾਦ ਆ ਰਹੀਆਂ…ਜੋ ਕਦੇ ਤੇਜੇ ਵਾਲੇ ਮੈਰੇ ਜਵਾਨੀ ਦੇ ਦਿਨ ਗੁਜ਼ਾਰੇ… ਉਦਾਸ ਮਨ ਵਿੱਚੋਂ ਬੈਠੇ ਸਾਧੇ ਦੇ ਖ਼ਿਆਲ ਨੇ ਇੱਕ ਉਡਾਨ ਭਰੀ… ਜਿਵੇਂ ਪਿੰਡ ਵਾਲੇ ਮੈਅਰੇ ਫਲਾਈਟ ਲੈਂਡ ਹੋ ਗਿਆ ਹੋਵੇ…'(4)
ਪੁਸਤਕ ਦੇ ਪ੍ਰਥਮ ਲੇਖ ‘ਮੇਰੀ ਪਹਿਲੀ ਉਡਾਰੀ’ ਵਿੱਚ ਬਚਪਨ ਵਿੱਚ ਕਾਗਜ਼ੀ ਜ਼ਹਾਜ਼ਾਂ ਦੀ ਸ਼ਰਾਰਤੀ ਖੇਡ ਤੋਂ ਲੈ ਕੇ ਦਿੱਲੀ ਗਮਨ ਦੇ ਵੇਰਵਿਆਂ , ਦਿੱਲੀ ਯਾਤਰਾ ਤੇ ਏਅਰਪੋਰਟ ਦੀ ਚਕਾਚੌਂਧ ਦੇ ਪੇਂਡੂ ਰਹਿਤਲ ਵਾਲੇ ਵਿਅਕਤੀਆਂ ਲਈ ਅਸਲੋਂ ਨਵੀਆਂ ਤੇ ਹੈਰਾਨੀਜਨਕ ਗੱਲਾਂ ਨੂੰ ਲੇਖਕ ਨੇ ਬੜੇ ਰੌਚਿਕ ਢੰਗ ਨਾਲ ਬਿਆਨਿਆ ਹੈ। ਇਸ ਵਿੱਚ ਪੇਂਡੂ ਲੋਕਾਂ ਲਈ ‘ ਇੰਗਲਿਸ਼ ਟੌਇਲਟ ‘ ਵਰਗੀ ਵਚਿੱਤਰ ਵਸਤੂ ਨੂੰ ਨਾ ਮੰਨਣ ਯੋਗ ਗੱਪ ਸਮਝ ਕੇ ਇਸ ਬਾਰੇ ਦੱਸਣ ਵਾਲੇ ਨੂੰ ਹੀ ਠਿੱਠ ਕਰਨ ਵਰਗੇ ਵੇਰਵੇ ਸ਼ਾਮਿਲ ਹਨ । ਹਵਾਈ ਸਫਰ ਦੀਆਂ ਸਮੱਸਿਆਵਾਂ ਤੋਂ ਅਣਭਿੱਜ ਪੇਂਡੂ ਵਿਅਕਤੀ ਦੇ ਤੌਖਲੇ , ਅਸਚਰਜਤਾ ਤੇ ਖੁਸ਼ ਫਹਿਮੀਆਂ ਦੀ ਬੇਹੱਦ ਰੌਚਿਕ ਪੇਸ਼ਕਾਰੀ ਕਾਰਨ ਇਹ ਰਚਨਾ ਪਾਠਕ ਨੂੰ ਆਰੰਭ ਤੋਂ ਹੀ ਆਪਣੇ ਨਾਲ ਜੋੜ ਲੈਂਦੀ ਹੈ । ਇਸ ਲੇਖ ਵਿੱਚ ਇਮੀਗਰੇਸ਼ਨ ਦੀਆਂ ਵਿਹਾਰਕ ਸਮੱਸਿਆਵਾਂ ਤੋਂ ਬੇਖਬਰ ਲੋਕਾਂ ਦੀ ਘਬਰਾਹਟ ਅਤੇ ਜ਼ਿੰਦਗੀ ਦੀ ਦਸ਼ਾ ਬਦਲ ਦੇਣ ਵਾਲੇ ਫੈਸਲਿਆਂ ਦਾ ਵੀ ਲੇਖਕ ਬਹੁਤ ਸੁਭਾਵਿਕ ਅੰਦਾਜ਼ ਵਿੱਚ ਪ੍ਰਗਟਾਵਾ ਕਰਦਾ ਹੈ। ਜਿਵੇਂ ਲੇਖਕ ਦੀ ਇੰਗਲੈਂਡ ਰਹਿੰਦੀ ਭੈਣ ਅਤੇ ਲੇਖਕ ਦੀ ਇਸ ਪ੍ਰਕਿਰਿਆ ਬਾਰੇ ਅਗਿਆਨਤਾ ਉਸ ਨੂੰ ਇੰਗਲੈਂਡ ਦੀ ਥਾਂ ਕਨੇਡਾ ਲੈ ਆਉਣ ਵਿੱਚ ਨਿਰਣਾਇਕ ਹੋ ਨਿਬੜਦੀ ਹੈ । ਅਜਿਹੇ ਵੇਰਵੇ ਸਧਾਰਨ ਪਾਠਕ ਲਈ ਦਿਲਚਸਪ ਹੋਣ ਦੇ ਨਾਲ ਨਾਲ ਗਿਆਨਵਰਧਕ ਵੀ ਹੋ ਸਕਦੇ ਹਨ। ‘ ਵਾਲ ਵਾਲ ਬਚੇ’ ਲੇਖ ਵਿੱਚ ਮੌਤ ਦੇ ਮੂੰਹ ਆਉਂਦੇ ਆਉਂਦੇ ਬਚਣ ਦੀਆਂ ਸਵੈ ਜੀਵਨੀ ਮੂਲਕ ਘਟਨਾਵਾਂ ਨੂੰ ਇਸ ਲੇਖਕ ਨੇ ਆਪਣੇ ਰਚਨਾਤਮਕ ਹੁਨਰ ਦੀ ਨਿਪੁੰਨਤਾ ਰਾਹੀਂ ਬਹੁਤ ਖੂਬਸੂਰਤ ਅਤੇ ਨਿੱਜੀ ਅਨੁਭਵ ਦੀਆਂ ਛੋਹਾਂ ਦੇ ਕੇ ਸ਼ਿੰਗਾਰਿਆ ਹੈ ਜਿਵੇਂ ਬਚਪਨ ਵਿੱਚ ਟੂਣਾ ਕਰਨ ਆਈ ਔਰਤ ਤੋਂ ਬਚਾਅ ਦੀ ਗੱਲ ਕਰਦਿਆਂ ਉਹ ਪੁਰਾਣੇ ਪੰਜਾਬ ਦੇ ਵਹਿਮਾਂ ਭਰਮਾਂ ਅਤੇ ਕਬਾਇਲੀ ਇਲਾਜ ਪ੍ਰਣਾਲੀ ਵੱਲ ਵੀ ਇਸ਼ਾਰਾ ਕਰ ਜਾਂਦਾ ਹੈ। ਬਚਪਨ ਵਿੱਚ ਬੁਖਾਰ ਨਾ ਉਤਰਨ ਦੀ ਸੰਕਟ ਭਰੀ ਸਥਿਤੀ ਵਿੱਚ ਹਾਰ ਮੰਨ ਰਹੇ ਡਾਕਟਰ ਦੇ ਆਖਰੀ ਟੀਕੇ ਦੇ ਅਸਰ ਕਰਨ ਦੀ ਕਰਾਮਾਤ ਦੀ ਗੱਲ ਰਾਹੀਂ ਉਹ ਉਸ ਦੌਰ ਦੀਆਂ ਸੀਮਤ ਸਿਹਤ ਸਹੂਲਤਾਂ ਵੱਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇਸ਼ਾਰਾ ਕਰ ਜਾਂਦਾ ਹੈ । ਅਣਜਾਣ ਉਮਰ ਵਿੱਚ ਵੱਡੇ ਖਤਰੇ ਸਹੇੜਨ ਵਾਲੇ ਮੌਕਿਆਂ ‘ਤੇ ਕੁਦਰਤ ਜਾਂ ਵਿਅਕਤੀਆਂ ਵੱਲੋਂ ਮਿਲੀ ਮਦਦ ਰਾਹੀਂ ਹੋਏ ਬਚਾਓ ਨੂੰ ਬਿਆਨ ਕਰਦਿਆਂ ਲੇਖਕ ਪੁਰਾਣੇ ਲੋਕਾਂ ਦੇ ਆਪਸੀ ਭਾਈਚਾਰੇ ਦੇ ਮਹੱਤਵ ਨੂੰ ਬੜੇ ਖੂਬਸੂਰਤ ਅੰਦਾਜ਼ ਵਿੱਚ ਉਜਾਗਰ ਕਰਦਾ ਹੈ । ਕਬੱਡੀ ਖੇਡਦਿਆਂ ਲੱਗਦੀਆਂ ਸੱਟਾਂ ਦੇ ਜ਼ਿਕਰ ਰਾਹੀਂ ਉਹ ਖੇਡਾਂ ਪ੍ਰਤੀ ਜਨੂੰਨ, ਵਿਆਹ ਵੇਲੇ ਦੀਆਂ ਲੜਾਈਆਂ ਦੀ ਹੁੱਲੜਬਾਜੀ, ਕਨੇਡਾ ਵਿੱਚ ਭਾਰੀ ਕੰਮ ਕਰਦਿਆਂ ਹੋਏ ਜਾਨੀ ਨੁਕਸਾਨ ਤੋਂ ਬਚਾਅ ਅਤੇ ਆਪਣੇ ਦੇਸ਼ ਭਾਰਤ ਵਿੱਚ ਕੀਤੇ ਖੂਨ ਦਾਨ ਵੇਲੇ ਡਾਕਟਰ ਵੱਲੋਂ ਵਰਤੀ ਦੂਸ਼ਿਤ ਸਰਿੰਜ ਨਾਲ ਹੋਏ ਪੀਲੀਏ ਨੂੰ ਬਾਖੂਬੀ ਪ੍ਰਸਤੁਤ ਕਰਦਾ ਹੋਇਆ ਲੇਖਕ ਕੈਨੇਡਾ ਦੇ ਮੁਕਾਬਲੇ ਭਾਰਤ ਵਿੱਚ ਇਨਸਾਨੀ ਜੀਵਨ ਪ੍ਰਤੀ ਵਰਤੀ ਜਾਂਦੀ ਖਤਰਨਾਕ ਲਾਪ੍ਰਵਾਹੀ ‘ਤੇ ਉੰਗਲ ਰੱਖਦਾ ਹੈ । ‘ਲਾਲ ਗੰਨਾਂ ‘ ਲੇਖ ਦੀ ਰਚਨਾ ਕਰਦਿਆਂ ਲੇਖਕ ਬਰਾੜ ਆਪਣੇ ਪ੍ਰਭਾਵਸ਼ਾਲੀ ਗਾਲਪਨਿਕ ਕੌਸ਼ਲ ਨਾਲ ਇਸ ਨੂੰ ਪ੍ਰਭਾਵਸ਼ਾਲੀ ਕਥਾ ਰਚਨਾ ਦਾ ਰੂਪ ਦੇ ਦਿੰਦਾ ਹੈ , ਇਸ ਲਿਹਾਜ਼ ਨਾਲ ਇਹ ਰਚਨਾ ਮੁਕੰਮਲ ਆਧੁਨਿਕੀ ਨਿੱਕੀ ਕਹਾਣੀ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਗੰਨੇ ਤੋਂ ਗੁੜ ਬਣਾਉਣ ਦੀ ਕਲਾ ਤੋਂ ਲੈ ਕੇ ਹੁੱਲੜਬਾਜ਼ੀ ਵਜੋਂ ਗੰਨਿਆਂ ਦੀ ਚੋਰੀ ਨੂੰ ਜਗੀਰੂ ਸੁਭਾਅ ਵਾਲੀ ਜੱਟ ਮਾਨਸਿਕਤਾ ਜੋ ਕਿਸੇ ਦੀ ਟੈਂਅ ਬਰਦਾਸ਼ਤ ਨਹੀਂ ਕਰਦੀ ਨੂੰ ਲੇਖਕ ਨੇ ਆਪਣੇ ਰਚਨਾਤਮਕ ਹੁਨਰ ਨਾਲ ਰੂਪਾਂਤਰਤ ਕਰਦਿਆਂ ਪੇਂਡੂ ਲੋਕਾਂ ਦੇ ਉਸ ਸਾਦਾ ਪ੍ਰੰਤੂ ਧਾਕੜ ਰਵੱਈਏ ਦਾ ਵੀ ਸਹਿਜ ਵਰਣਨ ਕੀਤਾ ਹੈ ਜੋ ਹਾਸੇ ਦਾ ਮੜਾਸਾ ਬਣਾ ਦੇਣ ਤੀਕਰ ਪਹੁੰਚ ਕੇ ਵੀ ਕਿਸੇ ਕਿਸਮ ਦੇ ਪਛਤਾਵੇ ਦੇ ਪ੍ਰਭਾਵ ਨੂੰ ਜ਼ਾਹਰ ਨਹੀਂ ਕਰਦਾ । ਸਾਰੇ ਕਲੇਸ਼ ਦੇ ਨਿਪਟਾਰੇ ਦੇ ਦ੍ਰਿਸ਼ ਵਿੱਚ ਵਿਦਮਾਨ ਪੇਂਡੂ ਭਾਈਚਾਰਕ ਸਾਂਝ ਦੇ ਸਹਿਜ ਰੂਪਾਂਤਰਣ ਨਾਲ ਲੇਖਕ ਤਣਾਓ ਨੂੰ ਹਲਕਾ ਕਰ ਦੇਣ ਦੀ ਆਪਣੀ ਰਚਨਾਤਮਕ ਨਿਪੁੰਨਤਾ ਦਾ ਪ੍ਰਭਾਵਸ਼ਾਲੀ ਪ੍ਰਮਾਣ ਦਿੰਦਾ ਹੈ।
‘ਲਾਗੀ’ ਲੇਖ ਵਿੱਚ ਲੇਖਕ ਪਹਿਲਾਂ ਪੇਂਡੂ ਸਮਾਜ ਵਿੱਚ ਭਾਰੂ ਕਿੱਤੇ ਖੇਤੀਬਾੜੀ ਦੇ ਮਾਲਕ ਕਿਸਾਨਾਂ ਨਾਲ ਜੁੜਦੇ ਸਹਾਇਕ ਕਿੱਤਿਆਂ ਨਾਲ ਸੰਬੰਧਿਤ ਜਾਤੀਆਂ ਦਾ ਵਰਗੀਕਰਨ ਕਰਦਾ ਹੈ ਫਿਰ ਸਨਅਤੀਕਰਨ ਦੇ ਵਧਦੇ ਪ੍ਰਭਾਵ ਹੇਠ ਇਹਨਾਂ ਸਹਾਇਕ ਕਿੱਤਿਆਂ ਦੀ ਬਦਲਦੀ ਪ੍ਰਕਿਰਤੀ ਮੁਤਾਬਕ ਇਹਨਾਂ ਜਾਤੀਆਂ ਦੇ ਸ਼ਹਿਰਾਂ ਵੱਲ ਪਲਾਇਨ ਨੂੰ ਵੀ ਚਿਤਰਦਾ ਹੈ । ਇਸ ਉਪਰੰਤ ਉਹ ਅਜੇ ਤੀਕ ਵੀ ਇਸ ਕਿੱਤੇ ਨਾਲ ਜੁੜੀਆਂ ਜਾਤੀਆਂ ਬਾਰੇ ਬਿਰਤਾਂਤ ਉਸਾਰ ਕੇ ਇਹਨਾਂ ਲੋਕਾਂ ਦੇ ਸੁਭਾਅ ਨੂੰ ਪ੍ਰਤਿਬਿੰਬਤ ਕਰਦਿਆਂ ਬੜੇ ਰੌਚਿਕ ਅੰਦਾਜ਼ ਵਿੱਚ ਲੇਖ ਨੂੰ ਸਮੇਟਦਾ ਹੈ। ‘ ਗੁਰਦੁਆਰੇ ‘ ਲੇਖ ਵਿੱਚ ਇੱਕ ਤਰ੍ਹਾਂ ਨਾਲ ਪੰਜਾਬ ਦੇ ਪਿੰਡਾਂ ਦੇ ਸਮਾਜਿਕ ਵਿਕਾਸ ਦਾ ਜਾਣਕਾਰੀ ਭਰਪੂਰ ਬਿਰਤਾਂਤ ਸਿਰਜਿਆ ਗਿਆ ਹੈ ਜਿਸ ਵਿੱਚ ਲੇਖਕ ਗੁਰਦੁਆਰੇ ਨਾਲ ਜੁੜੇ ਸਕਾਰਾਤਮਕ ਪ੍ਰਭਾਵਾਂ ਅਤੇ ਦਇਆ , ਪਿਆਰ , ਪਰਉਪਕਾਰ ਤੇ ਇਮਾਨਦਾਰੀ ਤੋਂ ਲੈ ਕੇ ਨਿੱਜੀ ਖਾਹਿਸ਼ਾਂ ਚੋਂ ਉਤਪੰਨ ਇਨਸਾਨੀ ਕਮਜ਼ੋਰੀਆਂ ਨਾਲ ਸੰਬੰਧਤ ਮਾਨਵੀ ਸਰੋਕਾਰਾਂ ਦਾ ਵੀ ਯਥਾਰਥਕ ਚਿਤਰਨ ਕਰਦਾ ਹੈ । ਇਸ ਲੇਖ ਵਿੱਚ ਲੇਖਕ ਗੁਰਦੇਵ ਸਿੰਘ ਬਰਾੜ ਪਿੰਡਾਂ ਦੇ ਵਿਕਾਸ ਲਈ ਅਤਿ ਜ਼ਰੂਰੀ ਉਪਰਾਲਿਆਂ ਵੱਲ ਵੀ ਧਿਆਨ ਦਿਵਾਉਂਦਾ ਹੈ। ‘ ਸੀਰੀ ਸਾਂਝੀ ਜੰਝ ਬਰਾਤੀ ‘ ਲੇਖ ਵਿੱਚ ਕਿਸਾਨੀ ਸਮਾਜ ਦੀ ਪਰਿਵਾਰਿਕ ਬਣਤਰ ਜਿਸ ਵਿੱਚ ਵਿਭਿੰਨ ਕਿਸਮ ਦੀਆਂ ਜਾਤੀਆਂ ਅਤੇ ਲੋਕਾਂ ਦੀ ਜਿਹਨਾਂ ਦੀ ਖੇਤੀ ਨਾਲ ਜੁੜੇ ਵੱਖ ਵੱਖ ਕੰਮਾਂ ਵਿੱਚ ਸਹਾਇਤਾ ਦੀ ਲੋੜ ਪੈਂਦੀ ਰਹਿੰਦੀ ਹੈ ਦੇ ਮਜ਼ਬੂਤ ਰਿਸ਼ਤੇ ਨੂੰ ਚਿਤਰਿਆ ਹੈ। ਇਨ੍ਹਾਂ ਦੀ ਸਾਂਝ ਅਤੇ ਸਹਾਇਤਾ ਨਾਲ ਵੱਖ-ਵੱਖ ਸੁਭਾਵਾਂ ਵਾਲੇ ਗੱਭਰੂਆਂ ਆਪਣੀ ਤੋਰੇ ਤੁਰਦਿਆਂ ਆਪਣੇ ਚਾਰ ਸਿਆੜਾਂ ਦੀ ਬਰਕਤ ਨਾਲ ਗੱਡੀ ਨੂੰ ਲਗਭਗ ਲੀਹ ਤੇ ਰੱਖਣ ਵਿੱਚ ਕਾਮਯਾਬ ਹੁੰਦੇ ਦਰਸਾਉਂਦਿਆਂ ਲੇਖਕ ਪੇਂਡੂ ਸਮਾਜ ਵਿੱਚ ਅੱਲੜ ਉਮਰ ਦੀਆਂ ਦੋਸਤੀਆਂ ਦੇ ਮਹੱਤਵ ਨੂੰ ਬਾਖੂਬੀ ਰੂਪਾਂਤਰਤ ਕਰਦਾ ਹੈ । ਇਸ ਉਪਰੰਤ ਲੇਖਕ ਗੁਰਮਤਿ ਦੇ ਆਸ਼ੇ ਦੇ ਵਿਪਰੀਤ ਗ਼ੁਰਬਤ ਦਾ ਸਰਾਪ ਹੰਡਾਉਂਦੇ ਦਲਿਤ ਪਰਿਵਾਰਾਂ ਉੱਪਰ ਸਨਾਤਨੀ ਬਣਤਰ ਵਾਲੀ ਸੁੱਚ-ਭਿੱਟ / ਛੂਆ-ਛਤ ਦੀ ਗ਼ੈਰ ਇਨਸਾਨੀ ਜਾਤੀ ਵਿਤਕਰੇਭਰੀ ਪ੍ਰਥਾ ਦੀ ਕਰੋਪੀ ਦਾ ਭਾਵਪੂਰਤ ਬਿਰਤਾਂਤ ਸਿਰਜਦਾ ਹੈ । ਲੋਕਪੱਖੀ ਨਜ਼ਰੀਏ ਵਾਲ਼ੇ ਇਸ ਲੇਖਕ ਦੀ ਰਚਨਾ ਵਿੱਚ ਵਿੱਦਿਆ ਜਿਸ ਵਿੱਚ ਅੱਖਰ ਗਿਆਨ ਦੇ ਨਾਲ ਨਾਲ ਖੇਡਾਂ ਦਾ ਵੀ ਯੋਗਦਾਨ ਹੈ ਦੇ ਪ੍ਰਭਾਵ ਅਧੀਨ ਗੱਭਰੂਆਂ ਵੱਲੋਂ ਸ਼ੁਗਲ ਮੇਲੇ ਵਿੱਚ ਪੁੱਟੇ ਅਗਾਂਹ ਵਧੂ ਕਦਮਾਂ ਦਾ ਵੀ ਰੌਚਿਕ ਪ੍ਰਗਟਾਵਾ ਮਿਲਦਾ ਹੈ । ਇਸ ਲੇਖ ਦੇ ਅਨੁਭਵ ਨੂੰ ਲੇਖਕ ਇੱਕ ਸੰਸਮਰਣ ਵਜੋਂ ਪੇਸ਼ ਕਰਦਿਆਂ ਆਪਣੀ ਸਿਰਜਣਾਤਮਕ ਯੋਗਤਾ ਦਾ ਸੁੰਦਰ ਪ੍ਰਮਾਣ ਪ੍ਰਸਤੁਤ ਕਰਦਾ ਹੈ । ਲੇਖਕ ਇਸ ਰਚਨਾ ਵਿੱਚ ਪਛੜੇ ਪੇਂਡੂ ਸਮਾਜ ਦੀਆਂ ਤਲਖ ਅਤੇ ਤੁਰਸ਼ ਹਕੀਕਤਾਂ ਦਾ ਵੀ ਬਹੁਤ ਸਹਿਜ ਅਤੇ ਕਲਾਤਮਿਕ ਰੂਪਾਂਤਰਣ ਕਰ ਜਾਂਦਾ ਹੈ ।
‘ਪਿੰਡ ਦੇ ਖੂਹ’ ਨਾਮਕ ਲੇਖ ਵਿੱਚ ਲੇਖਕ ਬਰਾੜ ਬੀਤੇ ਦੀਆਂ ਯਾਦਾਂ ਦੇ ਉਦਰੇਵੇਂ ਦੀ ਕਸਕ ਨੂੰ ਦਬਾਅ ਕੇ ਆਪਣੇ ਪਿੰਡ ਵਿੱਚ ਸਮੇਂ ਸਮੇਂ ਲੱਗੇ ਖੂਹਾਂ ਦੇ ਹੋਂਦ ਵਿੱਚ ਆਉਣ ਦੀ ਲੋੜ ਅਤੇ ਇਤਿਹਾਸ ਦੇ ਨਾਲ ਨਾਲ ਪਿੰਡ ਦੀ ਜ਼ਮੀਨ ਦੀ ਮਿੱਟੀ ਦੀ ਖਸਲਤ ਅਤੇ ਇਸ ਵਿੱਚ ਉੱਗਣ ਵਾਲੇ ਬਨਸਪਤੀ ਦੀ ਤਫ਼ਸੀਲ ਦਿੰਦਾ ਹੋਇਆ ਆਪਣੀ ‘ਹੀਰ ਦੇ ਕਿੱਸੇ’ ਦੇ ਸਿਰਮੌਰ ਲੇਖਕ ਸੱਯਦ ਵਾਰਿਸ ਸ਼ਾਹ ਵਰਗੀ ਪੇਂਡੂ ਰਹਿਤਲ ਦੀ ਸੂਝ ਸਮਝ ਦਾ ਸਹਿਜੇ ਹੀ ਪ੍ਰਮਾਣ ਦੇ ਜਾਂਦਾ ਹੈ। ਲੇਖਕ ਆਪਣੀ ਇਸ ਜਾਣਕਾਰੀ ਭਰਪੂਰ ਰਚਨਾਤਮਕ ਜੁਗਤ ਨਾਲ ਆਪਣੇ ਪਾਠਕਾਂ ਨੂੰ ਆਨੰਦਿਤ ਅਤੇ ਵਿਸਮਾਦਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੀ ਵਿਰਾਸਤੀ ਜੀਵਨ ਜਾਚ ਤੋਂ ਵੀ ਪਰੀਚਿਤ ਕਰਵਾ ਜਾਂਦਾ ਹੈ। ‘ਬਚਪਨ ਦੀ ਦੀਵਾਲੀ ‘ ਲੇਖ ਵਿੱਚ ਪੁਰਾਣੇ ਪੰਜਾਬ ਦੀ ਰਹਿਤਲ ਵਿਚਲੇ ਦਿਨ ਤਿਉਹਾਰ ਅਤੇ ਉਨ੍ਹਾਂ ਨੂੰ ਮਨਾਉਣ ਦੇ ਬੱਚਿਆਂ ਦੇ ਭੋਲ਼ੇ ਭਾਲ਼ੇ ਚਾਵਾਂ ਉਤਸ਼ਾਹਾਂ ਦੀ ਸ਼ਿੱਦਤ ਨੂੰ ਭਾਵਪੂਰਤ ਢੰਗ ਨਾਲ ਪ੍ਰਤਿਬਿੰਬਤ ਕੀਤਾ ਗਿਆ ਹੈ। ‘ਗੌਰਮਿੰਟ ਸਕੂਲ ‘ ਨਾਮਕ ਲੇਖ ਵਿੱਚ ਲੇਖਕ ਨੇ ਆਜ਼ਾਦੀ ਉਪਰੰਤ ਉਤਸ਼ਾਹੀ ਲੋਕਾਂ ਦੇ ਵਿਦਿਆ ਪ੍ਰੇਮ ਅਤੇ ਸਰਕਾਰ ਦੀਆਂ ਨੀਤੀਆਂ ਕਾਰਨ ਹੋਂਦ ਵਿੱਚ ਆਉਣ ਵਾਲੀਆਂ ਵਿਦਿਅਕ ਸੰਸਥਾਵਾਂ ਬਾਰੇ ਪੇਂਡੂ ਸਮਾਜ ਦੇ ਮਹਾਂ ਪੁਰਸ਼ਾਂ ਦੀ ਲੋਕ-ਹਿਤੈਸ਼ੀ ਅਤੇ ਅਗਾਂਹਵਧੂ ਉਸਾਰੂ ਪਹੁੰਚ ਨੂੰ ਪ੍ਰਸਤੁਤ ਕਰਦਿਆਂ ਵਿਦਿਆ ਪ੍ਰਸਾਰ ਲਈ ਕੀਤੇ ਦਾਨ ਨੂੰ ਮਹਾਂ ਦਾਨ ਕਰਾਰ ਦੇ ਕੇ ਵਡਿਆਇਆ ਹੈ।
‘ਨਿਗਾਹੇ ਵਾਲਾ ਮੇਲਾ ‘ ਪੰਜਾਬੀ ਲੋਕਧਾਰਾ ਦੇ ਅਧਿਐਨ ਦੀ ਦ੍ਰਿਸ਼ਟੀ ਤੋਂ ਬੇਹੱਦ ਮਹੱਤਵਪੂਰਨ ਵਾਰਤਕ ਰਚਨਾ ਹੈ। ਪੁਰਾਣੇ ਪੰਜਾਬ ਦੇ ਜਨਜੀਵਨ , ਰਹਿਤਲ ਅਤੇ ਲੋਕਧਾਰਾਈ ਜੀਵਨ ਸਮੱਗਰੀ ਨੂੰ ਮੂਰਤੀਮਾਨ ਕਰਨ ਵਾਲ਼ੀ ਇਸ ਰਚਨਾ ਵਿੱਚ ਲੇਖਕ ਆਪਣੀ ਰਚਨਾਤਮਕ ਜੁਗਤ ਨਾਲ ਯੁਵਾ ਦਿਲਾਂ ਦੇ ਵਲਵਲੇ , ਹੁੱਲੜਬਾਜ਼ੀ ਅਤੇ ਲੋਕਾਂ ਵਿੱਚ ਵਿਦਿਅਕ ਯੋਗਤਾ ਵਾਲੇ ਲੋਕਾਂ ਦੀ ਕਦਰ ਨੂੰ ਦਰਸਾਉਂਦਾ ਹੈ। ‘ਰਿਸ਼ਤਾ’ ਇਸ ਪੁਸਤਕ ਦੀ ਇੱਕ ਹੋਰ ਉਚੇਰੇ ਸਾਹਿਤਕ ਮਹੱਤਵ ਵਾਲੀ ਵਾਰਤਕ ਰਚਨਾ ਹੈ ਜੋ ਵਿਧਾਗਤ (Genre) ਪੱਖੋਂ ਹੁਨਰੀ ਨਿੱਕੀ ਕਹਾਣੀ ਦੇ ਨਜ਼ਦੀਕ ਹੈ। ਇਸ ਵਿੱਚ ਗੁਜਰਾਤ ਦੰਗਿਆਂ ਵਿੱਚ ਲੁੱਟੇ ਮਾਰੇ ਗਏ ਲੋਕਾਂ ਵਿੱਚੋਂ ਬਚਿਆ ਦੋ ਕੁ ਸਾਲ ਦਾ ਯਤੀਮ ਬੱਚਾ ਇੱਕ ਸਿੱਖ ਡਰਾਈਵਰ ਮੇਹਰ ਸਿੰਘ ਦੀ ਮਿਹਰ ਸਦਕਾ ਬਚ ਜਾਂਦਾ ਹੈ। ਵੱਡਾ ਹੋ ਕੇ ਉਹ ਜਿਸ ਤਰ੍ਹਾਂ ਮੇਹਰ ਸਿੰਘ ਦੇ ਪੁੱਤਰ ਦੇ ਰੂਪ ਵਿੱਚ ਪ੍ਰਵਾਨ ਚੜ੍ਹਦਾ ਹੈ ਉਸ ਨੂੰ ਮੋਹਭੰਗਤਾ ਜਾਂ ਮਾਨਵੀ ਰਿਸ਼ਤਿਆਂ ਦੇ ਨਿਘਾਰ ਦੇ ਇਸ ਦੌਰ ਵਿੱਚ ਇਨਸਾਨੀ ਰਿਸ਼ਤਿਆਂ ਦੀ ਮਾਣ ਮਰਿਯਾਦਾ ਅਤੇ ਗਰਿਮਾ ਦਾ ਉੱਤਮ ਪ੍ਰਮਾਣ ਕਿਹਾ ਜਾ ਸਕਦਾ ਹੈ। ‘ ਬੋਸਕੀ ਦਾ ਪਜਾਮ ‘ ਲੇਖ ਵਿੱਚ ਲੇਖਕ ਮਨੁੱਖੀ ਪਹਿਰਾਵੇ ਦੀ ਚੇਤਨਾ ਦੇ ਆਰੰਭ ਤੋਂ ਲੈਕੇ ਵੱਖ ਵੱਖ ਸਮਿਆਂ ਅਨੁਸਾਰ ਬਦਲਦੇ ਫੈਸ਼ਨ ਵਿੱਚ ਬੋਸਕੀ ਦੇ ਪਜਾਮੇ ਦੇ ਆਕਰਸ਼ਣ ਦੀ ਸਿਖ਼ਰ ਅਤੇ ਫਿਰ ਸਮੇਂ ਨਾਲ ਇਸਦੀ ਘਟਦੀ ਲੋਕ-ਪ੍ਰਿਅਤਾ ਦਾ ਬਾਖੂਬੀ ਵਰਨਣ ਕਰਦਾ ਹੈ।
‘ ਖ਼ਿਆਲਾਂ ਵਾਲੇ ਦਿਨ ‘ ਲੇਖ ਨੂੰ ਇਸ ਵਾਰਤਕ ਪੁਸਤਕ ਵਿੱਚ ਨਿਹਤ ਰੂਪ ਵਿੱਚ ਪ੍ਰਸਤੁਤ ਹੋਣ ਵਾਲੇ ਕੇਂਦਰੀ ਭਾਵ ‘ਉਦਰੇਵੇਂ ‘ ਦੀ ਬਹੁਤ ਹੀ ਭਾਵਪੂਰਤ ਅਤੇ ਉੱਤਮ ਉਦਾਹਰਣ ਕਿਹਾ ਜਾ ਸਕਦਾ ਹੈ। ਇਸ ਬਾਰੇ ਲੇਖਕ ਗੁਰਦੇਵ ਸਿੰਘ ਬਰਾੜ ਇਕਬਾਲੀਆ ਲਹਿਜ਼ੇ ਵਿੱਚ ਲਿਖਦਾ ਹੈ ਕਿ ‘ਅਸੀਂ ਸੱਤ ਸਮੁੰਦਰਾਂ ਪਾਰ ਆ ਕੇ…ਕਿੰਨਾ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਾਂ…ਇੱਕ ਛਿਣ… ਇੱਕ ਪਲ ਵਿੱਚ -ਮਨ ਦੇ ਹਵਾਈ ਅੱਡੇ ਤੋਂ ਖਿਆਲਾਂ ਦੀ ਫਲਾਈਟ ਪਕੜ ਜਨਮ ਭੂਮੀ ਵਿੱਚ ਉੱਤਰ ਜਾਂਦੇ ਹਾਂ। (5)ਇੱਥੇ ਉਹ ਆਪਣੇ ਕਸਬੇ ਬਾਘੇ ਪੁਰਾਣੇ ਅਤੇ ਉਸ ਦੇ ਆਲ਼ੇ ਦੁਆਲ਼ੇ ਦੇ ਸਮੇਂ ਸਮੇਂ ਹੋਏ ਵਿਕਾਸ ਨੂੰ ਨਿਹਾਰਦਾ ਹੋਇਆ ਇਸ ਚੌਗਿਰਦੇ ਦੀ ਪਹਿਲੀ ਤਸਵੀਰ ਨੂੰ ਉਦਰੇਵੇਂ ਦੀ ਚੀਸ ਨਾਲ ਯਾਦ ਕਰਦਿਆਂ ਲਿਖਦਾ ਹੈ:
ਦਿਲ ਸੀ ਪਸੀਜ ਗਿਆ, ਯਾਦ ਕਰ ਜੂਹਾਂ ਨੂੰ
ਮਨ ਦੀ ਕਿਆਰੀ ਸਿੰਜਾਂ, ਜੋੜ ਢੱਗੇ ਖੂਹਾਂ ਨੂੰ
ਗਏ ਪ੍ਰਦੇਸ਼ ਕਿਸੇ , ਭੁੱਲਗੇ ਜੱਦੀ ਬਰੂਹਾਂ ਨੂੰ
ਅੱਖ ਨਮ ਹੋਵੇ, ਯਾਦ ਕਰ ਵਿੱਛੜੀਆਂ ਰੂਹਾਂ ਨੂੰ।(6)
‘ ਕਰਫ਼ਿਊ ‘ ਵੀ ਇਸ ਪੁਸਤਕ ਦਾ ਕਹਾਣੀ ਨੁਮਾ ਲੇਖ ਹੈ ਜਿਸ ਵਿੱਚ ਲੇਖਕ ਨੇ ਸਾਧਨ ਵਿਹੂਣੇ ਨੌਜਵਾਨ ਯੋਧੇ ਦੀ ਤ੍ਰਾਸਦਿਕ ਜ਼ਿੰਦਗੀ ਨੂੰ ਬੜੀ ਬਾਰੀਕੀ ਨਾਲ ਪ੍ਰਸਤੁਤ ਕਰਦਿਆਂ ਇਸ ਤਰ੍ਹਾਂ ਦੇ ਵਿਅੱਕਤੀਆਂ ਦੇ ਆਰਥਿਕ , ਭਾਵਨਾਤਮਕ ਅਤੇ ਮਾਨਸਿਕ ਸ਼ੋਸ਼ਣ ਦੇ ਨਾਲ ਨਾਲ ਪੰਜਾਬ ਸੰਕਟ ਦੌਰਾਨ ਸਧਾਰਨ ਪੰਜਾਬੀਆਂ ਦੇ ਪ੍ਰਸ਼ਾਸਨ ਅਤੇ ਖਾੜਕੂਆਂ ਦੋਨਾਂ ਦੀ ਜਦ ਵਿੱਚ ਆ ਕੇ ਜਾਨ ਗੁਆਉਣ ਦੇ ਖ਼ੌਫ਼ ਭਰੀ ਨਰਕ ਵਰਗੀ ਜ਼ਿੰਦਗੀ ਭੋਗਣ ਦੀ ਦਰਦਨਾਕ ਸਥਿਤੀ ਦਾ ਵੀ ਭਾਵਪੂਰਤ ਰੂਪਾਂਤਰਣ ਕੀਤਾ ਹੈ।
‘ਅਸਮੀਲ’ ਇਸ ਸੰਗ੍ਰਹਿ ਦਾ ਦੇਸ਼ ਵੰਡ ਦੇ ਭਿਅੰਕਰ ਦੁਖਾਂਤ ਨੂੰ ਪੇਸ਼ ਕਰਨ ਵਾਲਾ ਹਿਰਦੇਵੇਦਕ ਬਿਰਤਾਂਤ ਹੈ। ਲੇਖਕ ਦੇ ਪਿਤਾ ਦਾ ਮੁਸਲਿਮ ਦੋਸਤ ਅਸਮੀਲ ਆਪਣੀਆਂ ਲੜਕੀਆਂ ਦੀ ਸੁਰੱਖਿਆ ਦੀ ਫਿਕਰਮੰਦੀ ਵਿੱਚ ਉਨ੍ਹਾਂ ਨੂੰ ਆਪਣੇ ਦੋਸਤ ਦੇ ਘਰ ਛੱਡ ਕੇ ਪਾਕਿਸਤਾਨ ਚਲੇ ਜਾਣ ਦਾ ਦਿਲ ਚੀਰਵਾਂ ਫੈਸਲਾ ਕਰਦਾ ਹੈ । ਦੂਜੇ ਪਾਸੇ ਲੇਖਕ ਦਾ ਬਾਪ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਕੇ ਲੜਕੀਆਂ ਨੂੰ ਉਨ੍ਹਾਂ ਦੇ ਬਾਪ ਕੋਲ ਪਹੁੰਚਾਉਣ ਦਾ ਖ਼ਤਰਾ ਮੁੱਲ ਲੈਂਦਾ ਹੈ। ਇਸੇ ਤਰ੍ਹਾਂ ਆਸੋ ਮਾਸ਼ਣ ਮਿੱਟੀ ਦੇ ਮੋਹ ਦੀ ਖਿੱਚੀ ਪਿੰਡ ਪਰਤ ਕੇ ਆਪਣੀਆਂ ਧੀਆਂ ਦੇ ਵਿਆਹ ਲਈ ਦਹੇਜ ਤਿਆਰ ਕਰਦੀ ਹੈ। ਨਿਰਸੰਦੇਹ ਇਹ ਲੇਖ ਆਪਣੇ ਪਿੰਡ/ਵਤਨ ਅਤੇ ਉਸ ਨਾਲ ਸੰਬੰਧਤ ਲੋਕਾਂ ਦੀ ਖਿੱਚ ਤੇ ਉਦਰੇਵੇਂ ਦੀ ਸ਼ਿੱਦਤ ਨੂੰ ਪ੍ਰਸਤੁਤ ਕਰਨ ਵਾਲੀ ਬੇਹੱਦ ਪ੍ਰਭਾਵਸ਼ਾਲੀ ਰਚਨਾ ਹੈ। ‘ਮਿੱਤਾ ਢੰਗੀ’ ਲੇਖ ਵਿੱਚ ਪੁਰਾਣੇ ਪੰਜਾਬ ਵਿੱਚ ਆਮ ਤੌਰ ‘ਤੇ ਕੁਝ ਵਿਲੱਖਣਤਾਵਾਂ ਕਾਰਨ ਚਰਚਾ ਵਿੱਚ ਰਹਿਣ ਵਾਲੇ ਵਿਅਕਤੀਆਂ ਵਰਗੇ ਮਿੱਤੇ ਦੇ ਜੁਗਤੀ ਕਿਰਦਾਰ ਨੂੰ ਪ੍ਰਤਿਬਿੰਬਤ ਕੀਤਾ ਗਿਆ ਹੈ। ਜੋ ਚੌਂਕੀਦਾਰਾ ਕਰਦਿਆਂ ਪਿੰਡ ਵਾਸੀਆਂ ਨੂੰ ਪੁਲਿਸ ਦੇ ਪ੍ਰਕੋਪ ਤੋਂ ਬਚਾਉਣ ਲਈ ਜੁਗਤਾਂ ਘੜਨ ਦੀ ਮੁਹਾਰਤ ਰੱਖਦਾ, ਘਾਟੇਵੰਦੇ ਸੌਦੇ ‘ਚੋਂ ਮੁਨਾਫ਼ਾ ਕਮਾਉਂਦਾ ਅਤੇ ਅੜੇ /ਉਲਝੇ ਕੰਮ ਸੁਆਰਨ ਦੀਆਂ ਤਰਕੀਬਾਂ ਬਣਾ ਲੈਂਦਾ ਸੀ। ਪਿੰਡਾਂ ਵਿੱਚ ਇਹੋ ਜਿਹੇ ਪਾਤਰ ਪਿੰਡ ਦੀ ਰੂਹ ਅਤੇ ਮਨੋਰੰਜਨ ਦੇ ਵਸੀਲੇ ਵਜੋਂ ਪਹਿਚਾਣੇ ਜਾਂਦੇ ਹਨ। ਪੁਸਤਕ ਦੇ ਅੰਤਮ ਲੇਖ ‘ ਭਿੱਟਭਿੱਟੀਆ ‘ ਵਿੱਚ ਪੁਰਾਣੇ ਪੰਜਾਬ ਅੰਦਰ ਆਵਾਜਾਈ ਦੇ ਆਧੁਨਿਕ ਵਿਕਸਤ ਸਾਧਨਾਂ ਦੇ ਪ੍ਰਚਲਨ ਨਾਲ ਸੰਬੰਧਤ ਸਮੱਸਿਆਵਾਂ ਤੋਂ ਲੈਕੇ ਇਨਸਾਨ ਦੀ ਬੁਨਿਆਦੀ ਫ਼ਿਤਰਤ – ‘ਲਾਲਚ’- ਤਹਿਤ ਦਾਜ ਦਹੇਜ ਵਿੱਚ ਮਹਿੰਗੇ ਆਵਾਜਾਈ ਦੇ ਸਾਧਨਾਂ ਦੀ ਮੰਗ ਵਰਗੀ ਬੁਰਾਈ ਨੂੰ ਪ੍ਰਸਤੁਤ ਕਰਦਿਆਂ ਲੇਖਕ ਨੇ ਸ਼ੋਸ਼ਣਭਰਪੂਰ ਦਹੇਜ-ਪ੍ਰਥਾ ‘ਤੇ ਬਾਖੂਬੀ ਵਿਅੰਗ ਕੱਸਿਆ ਹੈ।
ਉਪਰੋਕਤ ਵਿਚਾਰ ਚਰਚਾ ਤੋਂ ਕਿਹਾ ਜਾ ਸਕਦਾ ਹੈ ਕਿ ਪ੍ਰਵਾਸੀ ਪੰਜਾਬੀ ਲੇਖਕ ਗੁਰਦੇਵ ਸਿੰਘ ਬਰਾੜ ਇਸ ਵਾਰਤਕ ਪੁਸਤਕ ‘ ਮੇਰੇ ਪਿੰਡ ਦੀ ਮਿੱਟੀ ‘ ਵਿੱਚ ਪੁਰਾਣੇ ਪੰਜਾਬ ਦੀ ਰਹਿਤਲ ਨਾਲ ਸੰਬੰਧਤ ਜਾਣੇ ਪਹਿਚਾਣੇ ਵਸਤੂ ਵਰਤਾਰਿਆਂ ਦੇ ਅਲੋਪ ਹੋ ਜਾਣ ਜਾਂ ਪ੍ਰਵਾਸੀ ਹੋਣ ਉਪਰੰਤ ਉਨ੍ਹਾਂ ਤੋਂ ਪੈ ਗਏ ਵਿਛੋੜੇ ਕਾਰਨ ਉਤਪੰਨ ਹੋਏ ਉਦਰੇਵੇਂ ਦੀ ਕਸਕ ਤਹਿਤ ਨਵੀਆਂ ਵਿਕਾਸ ਦਿਸ਼ਾਵਾਂ ਕਾਰਨ ਹੋਂਦ ਵਿੱਚ ਆਈਆਂ ਤਬਦੀਲੀਆਂ ਨੂੰ ਆਪਣੀ ਰਚਨਾਤਮਕ ਮੁਹਾਰਤ ਨਾਲ ਬਾਖ਼ੂਬੀ ਰੂਪਾਂਤ੍ਰਤ ਕਰਦਾ ਹੈ ।ਇਸ ਤਰ੍ਹਾਂ ਲੇਖਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਜਿਸ ਵਿੱਚ ਉੱਚਪਾਏ ਦੀ ਵਾਰਤਕ ਹੋਰ ਸਾਹਿਤਕ ਵਿਧਾਵਾਂ ਦੀ ਨਿਸਬਤਨ ਘੱਟ ਲਿਖੀ ਜਾ ਰਹੀ ਹੈ ਦੇ ਸਾਹਿਤ ਜਗਤ ਨੂੰ ਉੱਚਕੋਟੀ ਦੀ ਵਾਰਤਕ ਪੁਸਤਕ ਪ੍ਰਦਾਨ ਕਰਦਾ ਹੈ। ਇਸ ਮਿਆਰੀ ਪੁਸਤਕ ਦੇ ਅਧਿਐਨ ਉਪਰੰਤ ਇਸ ਪ੍ਰਤਿਭਾਵਾਨ ਬਹੁਪੱਖੀ ਲੇਖਕ ਪਾਸੋਂ ਹੋਰ ਸਸ਼ਕਤ ਸਾਹਿਤਕ ਰਚਨਾਵਾਂ ਦੀ ਪੁਖਤਾ ਉਮੀਦ ਬੱਝਦੀ ਹੈ।
—–ਹਵਾਲੇ:
- ਗੁਰਦੇਵ ਸਿੰਘ ਬਰਾੜ, “ਮੇਰੇ ਪਿੰਡ ਦੀ ਮਿੱਟੀ”, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ, 2025, ਪੰਨਾ – 8.
- Borrowed Janelle. L .Wilson, Nostalgia: Sanctuary of Meaning, University of Minnesota, USA, 2014, P-23
- L.Wilson, Nostalgia: Sanctuary of Meaning,University of Minnesota, USA, 2014, P-25
- ਗੁਰਦੇਵ ਸਿੰਘ ਬਰਾੜ, ‘ ਮੇਰੇ ਪਿੰਡ ਦੀ ਮਿੱਟੀ ‘, ਪੰਨਾ 158
- ਗੁਰਦੇਵ ਸਿੰਘ ਬਰਾੜ, ‘ਮੇਰੇ ਪਿੰਡ ਦੀ ਮਿੱਟੀ ‘ , ਪੰਨਾ 15
- ਗੁਰਦੇਵ ਸਿੰਘ ਬਰਾੜ,ਉਹੀ, ਪੰਨਾ 15
ਪ੍ਰੋ ਗੋਪਾਲ ਸਿੰਘ ਬੁੱਟਰ ( 9915005814)


