Apr 23, 2026

ਕਲਵੰਤ ਸਿੰਘ ਸਹੋਤਾ (604-589-5919)
ਮਨ ਦੇ ਅੰਦਰ ਨੂੰ ਖੋਜ ਕੇ ਜੇ ਝਾਤ ਮਾਰੀਏ ਤਾਂ ਮਨ ਚ’ ਉੱਭਰ ਰਹੀਆਂ ਕਈ ਦੁਬਿਧਾਵਾਂ ਦੇ ਹੱਲ ਦੀ ਮੋਰੀ ਚ’ ਕੁੱਝ ਚਾਨਣ ਦੀ ਝਲਕ ਨਜ਼ਰ ਆਊ, ਜੋ ਇਸ ਗੱਲ ਦੀ ਪ੍ਰਤੀਕ ਹੁੰਦੀ ਹੈ ਕਿ ਇਸ ਪਾਸੇ ਦੀ ਬਾਹਰ ਨਿਕਲਣ ਦਾ ਰਸਤਾ ਹੈ। ਕਿਹੜਾ ਰਸਤਾ? ਮਨ ਦੀਆਂ ਪਈਆਂ ਦੁਬਿਧਾਵਾਂ ‘ਚੋਂ ਬਾਹਰ ਨਿਕਲਣ ਦਾ ਰਸਤਾ। ਜ਼ਿੰਦਗੀ ‘ਚ ਵਾਪਰ ਰਹੀਆਂ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਸਾਵੇਂ ਚਲਦੇ ਜੀਵਨ ਨੂੰ ਉਲ਼ਝਾ ਦਿੰਦੀਆਂ ਹਨ; ਸਿਰਫ ਮਾੜੀਆਂ ਹੀ ਨਹੀਂ, ਬਲਕਿ ਚੰਗੀਆਂ ਸਮਝੀਆਂ ਜਾਂਦੀਆਂ ਘਟਨਾਵਾਂ ਵੀ ਸਾਵੇਂ ਪੱਧਰੇ ਅਡੋਲ ਮਨ ਨੂੰ ਵਖੇੜੇ ‘ਚ ਪਾ ਜਾਂਦੀਆਂ ਹਨ। ਇਹ ਕੁਦਰਤੀ ਹੈ। ਰੋਜ਼ਾਨਾ ਜੀਵਨ ਦਾ ਅੰਗ ਹੈ। ਇਸ ਦੇ ਸਨਮੁੱਖ ਸਾਨੂੰ ਜਿਉਣਾ ਪੈਂਦਾ ਹੈ ਅਤੇ ਜੀਅ ਰਹੇ ਹਾਂ।
ਬੰਦਾ ਸਭ ਜੀਆਂ ਜੰਤੁਆਂ, ਜਾਨਵਰਾਂ, ਪੰਛੀਆਂ, ਮੱਖੀਆਂ, ਕੀੜੇ ਮਕੌੜਿਆਂ ਨੂੰ ਆਪਣੇ ਅਧੀਨ ਸਮਝਦਾ ਹੈ। ਜਿਵੇਂ ਉਸ ਦਾ ਜੀਅ ਕਰੇ ਤਿਵੇਂ ਉਹ ਉਹਨਾਂ ਨਾਲ ਕਰਦਾ ਹੈ; ਭਾਵੇਂ ਉਹ ਉਸ ਦਾ ਕੁੱਝ ਵੀ ਨਾ ਵਿਗਾੜਦੇ ਹੋਣ। ਉਹ ਉਹਨਾਂ ਤੇ ਜ਼ੁਲਮ ਅਤੇ ਅੱਤਿਆਚਾਰ ਕਰਨ ਲੱਗਾ ਹੁੱਤ ਨਹੀਂ ਕਰਦਾ। ਇਸ ਨੂੰ ਉਹ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਇਸੇ ਵਰਤਾਰੇ ਨੂੰ ਉਹ ਆਪਣੀ ਹੋਂਦ ਦਾ ਝਲਕਾਰਾ ਸਮਝਦਾ ਹੈ। ਇਸੇ ਨਾਲ ਉਹ ਆਪਣੇ ਆਪ ਨੂੰ ਉੱਤਮ ਹੋਣਾ ਮਹਿਸੂਸਦਾ ਹੈ।
ਗਰਮੀਆਂ ਨੂੰ ਸਾਡੇ ਘਰ ਦੇ ਝਰੋਖਿਆਂ ‘ਚ ਅਕਸਰ ਭਰਿੰਡਾਂ (ਵਾਸਪ) ਆਪਣਾ ਘਰ ਬਣਾ ਲੈਂਦੇ ਹਨ, ਜਾਂ ਦਰਖਤਾਂ ਦੀਆਂ ਟਾਹਣੀਆਂ ਨਾਲ ਆਪਣੇ ਛੱਤੇ ਲਮਕਾ ਅੰਦਰ ਆਂਡੇ ਦੇ ਦਿੰਦੇ ਹਨ। ਬੰਦੇ ਵਾਂਗ ਹੀ ਇਹ ਉਹਨਾਂ ਦਾ ਵੀ ਆਪਣੀ ਪੀ੍ਹੜੀ ਨੂੰ ਅੱਗੇ ਤੋਰੀ ਰੱਖਣ ਲਈ ਕੁਦਰਤ ਦਾ ਚਲਾਇਆ ਚੱਕਰ ਹੀ ਹੈ, ਜੋ ਉਹ ਕੁਦਰਤ ਦੀ ਚਲਾਈ ਰੀਤ ਹੀ ਪਾਲਦੇ ਹਨ। ਪਤਾ ਉਹਨਾਂ ਦਾ ਉਦੋਂ ਲਗਦਾ ਜਦੋਂ ਬਹੁਤਾਤ ‘ਚ ਉਹ ਤੁਹਾਡੇ ਆਲੇ ਦੁਆਲੇ ਉਡਦੇ ਦਿਖਾਈ ਦਿੰਦੇ ਹਨ। ਮੇਰੇ ਵਰਗੇ ਜਿਹੜੇ ਪੰਜਾਬ ‘ਚੋਂ ਤਕਰੀਬਨ ਅੱਧੀ ਸਦੀ ਪਹਿਲਾਂ ਰੁਖਸਤ ਹੋ ਕੈਨੇਡਾ ਆ ਵਸੇ ਉਹਨਾਂ ਨੂੰ ਤਾਂ ਇਹਨਾਂ ਤੋਂ ਡਰ ਨਹੀਂ ਲਗਦਾ, ਕਿਉਂਕਿ ਅਸੀਂ ਇਹਨਾਂ ਦੇ ਆਦੀ ਰਹੇ ਹਾਂ ਤੇ ਸਾਨੂੰ ਤਾਂ ਇਹਨਾਂ ਭਰਿੰਡਾਂ ਦੀ ਹੋਂਦ ਤੋਂ ਨਾ ਤਾਂ ਹੈਰਾਨੀ ਹੁੰਦੀ ਹੈ ਅਤੇ ਨਾ ਹੀ ਕੋਈ ਬਹੁਤਾ ਅਕੇਵਾਂ। ਪਰ ਨਵੀਆਂ ਪੀੜ੍ਹੀਆਂ ਦੇ ਜੰਮੇ ਨਿਆਣੇ ਕੀ ਵੱਡੇ ਤੇ ਕੀ ਛੋਟੇ ਉਹਨਾਂ ਦੀ ਹੋਂਦ ਤੋਂ ਭੈਭੀਤ ਹੋਏ ਹਾਲ ਪਹਿਰਿਆ ਕਰਨਾ ਸ਼ੁਰੂ ਕਰ ਦਿੰਦੇ ਹਨ। ਸਾਡੇ ਨਾਲ ਗਰਮੀਆਂ ਨੂੰ ਅਕਸਰ ਇਵੇਂ ਹੀ ਹੁੰਦਾ ਹੈ। ਸਾਡੇ ਘਰ ਦੀ ਕਾਰਪੋਰਟ ‘ਚ, ਜਿੱਥੇ ਦੀ ਬਿਜਲੀ ਦੀ ਮੁੱਖ ਵੱਡੀ ਤਾਰ ਅੰਦਰ ਹਾਈਡਰੋ ਬੌਕਸ ਨੂੰ ਜਾਂਦੀ ਹੈ, ਉਥੇ ਥੋੜੀ ਜਿਹੀ ਵਿਹਲ ਵਿੱਚ ਦੀ ਛੱਤ ਦੇ ਅੰਦਰ ਖਾਲੀ ਥਾਂ ਭਰਿੰਡਾਂ ਆਪਣਾ ਰੈਣ ਬਸੇਰਾ ਬਣਾ ਲਿਆ। ਦੂਸਰਾ ਘਰ ਦੇ ਦਰਵਾਜ਼ੇ ਦੇ ਉੱਪਰ ਥੋੜੀ ਜਿਹੀ ਮੋਰੀ ਵਿੱਚਦੀ ਅਤੇ ਤੀਸਰਾ ਸਨਡੈਕ ਦੇ ਥੱਲੇ ਇੱਕ ਹੋਰ ਚੋਰਮੋਰੀ ਲੱਭ ਆਪਣੇ ਕਾਂਡੋਮੀਨੀਅਮ ਅਤੇ ਟਾਊਨ ਹਾਊਸ ਉਸਾਰਨ ਦਾ ਕੰਮ ਬੜੀ ਕਾਰਾਗਰੀ ਨਾਲ ਅਰੰਭ ਦਿੱਤਾ।
ਜਿਉਂ ਜਿਉਂ ਉਹਨਾਂ ਦੇ ਭੀਂ ਭੀਂ ਕਰਨ ਦੀ ਰੌਣਕ ਦਿਨੋਂ ਦਿਨ ਵਧਣ ਲੱਗੀ ਤਾਂ ਘਰ ਦੇ ਨਿਆਣੇ ਤੇ ਸਿਆਣੇ ਜ਼ੋਰ ਦੇਣ ਲੱਗੇ ਕਿ ਕਿਸੇ ਮਾਹਿਰ ਨੂੰ ਸੱਦ ਇਹਨਾਂ ਭਰਿਡਾਂ ਤੋ ਮੁਕਤੀ ਪਾਈਏ। ਫਰਕ ਇਹ ਸੀ ਕਿ ਮੈਂ ਤਾਂ ਸਾਰਾ ਦਿਨ ਇਹਨਾਂ ਕੋਲ ਤੇ ਉਹ ਮੇਰੇ ਦੁਆਲੇ ਭੀਂ ਭੀਂ ਕਰੀ ਜਾਇਆ ਕਰਨ ਤਾਂ, ਨਾ ਤਾਂ ਮੈਂਨੂੰ ਉਹਨਾਂ ਤੋਂ ਡਰ ਲੱਗੇ ਅਤੇ ਨਾ ਹੀ ਉਹ ਮੈਥੋਂ ਡਰਨ; ਮੇਰੇ ਦੁਆਲੇ ਘੁੰਮਣ ਵੀ ਤਾਂ ਨਾ ਮੈਂ ਉਹਨਾਂ ਨੂੰ ਕੁੱਝ ਕਹਾਂ ਤੇ ਨਾ ਹੀ ਉਹ ਮੈਂਨੂੰ ਓਪਰਾ ਸਮਝਣ। ਪਰ ਨਿੱਕੇ, ਮੇਰਾ ਪੋਤਾ ਅਤੇ ਪੋਤੀ ਤਾਂ ਡਰਦੇ ਕਾਰਪੋਰਟ ਵਿੱਚ ਦੀ ਲੰਘਣੋਂ ਵੀ ਹਟ ਗਏ। ਇੱਕ ਦਿਨ ਮੇਰੇ ਬੇਟੇ ਨੇ ਭਰਿੰਡਾਂ ਨੂੰ ਮਾਰਨ ਵਾਲਾ ਛਿੜਕਾ ਕੈਨ ਲਿਆ ਧਰਿਆ, ਉਹ ਕਈ ਦਿਨ ਪਿਆ ਰਿਹਾ, ਨਾ ਮੇਰਾ ਬੇਟਾ ਸਪਰੇ ਕਰੇ ਤੇ ਨਾ ਹੀ ਮੇਰਾ ਜੀਅ ਕਰੇ ਕਿ ਮੈਂ ਇਹਨਾਂ ਭਰਿੰਡਾਂ ਦੇ ਪਰਿਵਾਰ ਨੂੰ ਕਿਉਂ ਉਜਾੜਾਂ? ਇਸੇ ਜੱਕੋ ਤੱਕੋ ‘ਚ ਕਈ ਦਿਨ ਲੰਘ ਗਏ। ਇੱਕ ਦਿਨ ਮੈਂ ਕੈਨ ਚੁੱਕਿਆ, ਉਸ ਦੀ ਸੀਲ ਤੋੜ ਜਦੋਂ ਸਪਰੇ ਦੇ ਫਰਾਟੇ ਮਾਰੇ ਤਾਂ ਭਰਿੰਡਾਂ ਬੁੜ੍ਹਕ ਬੁੜ੍ਹਕ ਡਿਗਣ ਲੱਗੀਆਂ। ਜਿਉਂ ਜਿਉਂ ਮੈਂ ਸਪਰੇ ਕਰਾਂ ਤਾਂ ਮੇਰੇ ਮਨ ਦੀ ਬੇਚੈਨੀ ਉਬਾਲੇ ਲਵੇ ਤੇ ਮੈਂਨੂੰ ਅੰਦਰੋਂ ਝੰਜੋੜੇ ਵੀ ਕਿ ਇਹਨਾਂ ਭਰਿੰਡਾਂ ਮੈਨੂੰ ਤਾਂ ਕਦੇ ਕੁੱਝ ਕਿਹਾ ਹੀ ਨਹੀਂ, ਮੈਂ ਇਹਨਾਂ ਦਾ ਜੀਆ ਘਾਤ ਕਿਉਂ ਕਰਤਾ? ਕੀ ਇਹਨਾਂ ਨੂੰ ਇਸ ਧਰਤੀ ਤੇ ਜਿਊਣ ਦਾ ਘੱਟ ਹੱਕ ਹੈ? ਉਪਰੰਤ ਮੇਰਾ ਖਿਆਲ ਇੱਕਦਮ ਇਜ਼ਰਾਈਲ ਦੀ ਕੀਤੀ ਜਾ ਰਹੀ ਗਾਜ਼ਾ ‘ਚ ਬੰਬਾਰੀ ਨਾਲ ਹੁੰਦੇ ਮਨੁੱਖੀ ਘਾਣ ਅਤੇ ਰੂਸ ਦੇ ਕੀਤੇ ਯੁਕਰੇਨ ਤੇ ਹਮਲੇ ਨਾਲ ਲੱਖਾਂ ਲੋਕਾਂ ਦਾ ਮਾਰੇ ਜਾਣਾ ਤੇ ਜ਼ਖਮੀ ਹੋਣ ਸਮੇਤ ਅਤੇ ਹੋਰ ਵੱਡੀ ਛੋਟੀ ਤਰਜ਼ ਤੇ ਇਲਾਕਾਈ ਲੜਾਈਆਂ ਵਲ ਚਲਾ ਗਿਆ। ਨਿਰਦੋਸ਼ ਲੋਕ ਜਿਹਨਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦਾ ਕੀ ਕਸੂਰ ਹੈ? ਇਹ ਸੋਚ ਭਰਿੰਡਾਂ ਨੂੰ ਮੇਰੇ ਕੀਤੇ ਜ਼ਹਿਰੀਲੇ ਸਪਰੇ ਨਾਲ ਮਾਰੇ ਜਾਣ ਵਲ ਧਿਆਨ ਕੇਂਦਰਤ ਕਰਨ ਨੇ ਮੇਰੇ ਅੰਦਰ ਖਲਬਲੀ ਮਚਾ ਦਿੱਤੀ ਤੇ ਮੈਂ ਆਪਣੇ ਅੰਦਰ ਨੂੰ ਖੋਜਣ ਲਈ ਮਜਬੂਰ ਹੋ ਗਿਆ। ਬਾਣੀ ਦਾ ਕਥਨ ਹੈ:-
“ਕਾਹੇ ਰੇ ਬਨ ਖੋਜਨ ਜਾਈ।। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।।” ਪੰਨਾ-684
ਵਿਸਲਰ ਬੀ ਸੀ ਕੈਨੇਡਾ ‘ਚ ਅੰਤਰਰਾਸ਼ਟਰੀ ਪੱਧਰ ਦਾ ਸਿਆਲਾਂ ਨੂੰ ਬਰਫ਼ ਤੇ ਸਕੀ ਕਰਨ ਲਈ ਅਤੇ ਗਰਮੀਆਂ ਨੂੰ ਸਥਾਨਕ ਅਤੇ ਦੁਨੀਆਂ ਦੇ ਹਰ ਹਿੱਸੇ ਤੋਂ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਹਿੰਦਾ ਹੈ। ਗਰਮੀਆਂ ‘ਚ ਮੈਂ ਵੀ ਆਪਣੇ ਬੱਚਿਆਂ ਨਾਲ ਗਿਆ ਹੋਇਆ ਸਾਂ। ਬੱਚੇ ਤਾਂ ਆਪਣੇ ਬੱਚਿਆਂ ਨੂੰ ਘੁੰਮਣ ਅਤੇ ਮਨੋਰੰਜਣ ਕਰਾਉਣ ਨਿਕਲ ਗਏ, ਮੈਂ ਦਰਖਤਾਂ ਦੀ ਛਾਂ ‘ਚ ਪਏ ਬੈਂਚ ਉੱਪਰ ਬੈਠ ਆਲੇ ਦੁਆਲੇ ਖੇਡਦੇ ਬੱਚੇ, ਘੁੰਮਦੇ ਯਾਤਰੂ ਜੋ ਆਪੋ ਅਪਣੀਆਂ ਰੰਗ-ਬਿਰੰਗੀਆਂ ਭਾਸ਼ਾਵਾਂ ‘ਚ ਜੱਕੜ ਮਾਰਦੇ ਕਿਚਨ ਮਿਚਨ ਕਰਦਿਆਂ ਨੂੰ ਦੇਖ ਮੇਰਾ ਆਪਣਾ ਹੀ ਰੁਝੇਵਾਂ ਬਣਨਾ ਸ਼ੁਰੂ ਹੋ ਗਿਆ। ਮੇਰੇ ਲਾਗੇ ਹੀ ਦੋ ਬੈਂਚਾਂ ਤੇ ਬੈਠੇ ਦੋ ਪਰਿਵਾਰਾਂ, ਪਹਿਲਾਂ ਤਾਂ ਅਣਜਾਣਤਾ ਬਣਾਈ ਰੱਖੀ। ਉਹਨਾਂ ਦੇ ਬੱਚੇ ਵੀ ਮੇਰੇ ਪੋਤੇ ਵਾਂਗ ਖੇਡ ਥਾਂ (ਪਲੇ ਏਰੀਆ) ‘ਚ ਖੇਡ ਰਹੇ ਸਨ। ਕੁੱਝ ਚਿਰ ਮਗਰੋਂ ਉਹਨਾਂ ਚੁੱਪ ਤੋੜਦਿਆਂ ਹੱਸ ਹੱਸ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਮੇਰਾ ਕੰਨ ਉਹਨਾਂ ਦੀਆਂ ਗੱਲਾਂ ਵਲ ਜਾਏ ਤਾਂ ਜਰੂਰ ਪਰ ਮੇਰੇ ਸਮਝ ਕੁੱਝ ਨਾ ਪਵੇ। ਖ਼ੈਰ, ਉਹਨਾਂ ਰੱਜ ਕੇ ਮੇਰੇ ਦੁਆਲੇ ਹੋ ਰਹੀ ਕਿਚਨ ਮਿਚਨ ਦਾ ਰੰਗ ਬੰਨੀ ਰੱਖਿਆ। ਚਿਰ ਮਗਰੋਂ ਜਦੋ ਦੋਵੇਂ ਪਰਿਵਾਰ ਉੱਥੋਂ ਵਿੱਛੜਨ ਲੱਗੇ ਤਾਂ ਮੈਂ ਇੱਕ ਬੀਬੀ ਨੂੰ ਮਲਕ ਦੇ ਕੇ ਜਿਗਰਾ ਕਰ ਪੁੱਛ ਹੀ ਲਿਆ ਕਿ ਜੇ ਇਤਰਾਜ਼ ਨਾ ਕਰੋ ਤਾਂ ਕੀ ਮੈਂ ਜਾਣ ਸਕਦਾ ਹਾਂ ਕਿ ਤੁਸੀ ਕਿਸ ਭਾਸ਼ਾ ‘ਚ ਗੱਲਬਾਤ ਕਰਦੇ ਸੀ? ਉਸ ਹੱਸ ਕੇ ਕਿਹਾ ਕਿ ਉਹ ਪਰਸ਼ੀਅਨ ਹਨ ਤੇ ਫਾਰਸੀ ਉਹਨਾਂ ਦੀ ਗੱਲਬਾਤ ਦੀ ਭਾਸ਼ਾ ਸੀ। ਫਾਰਸੀ ਜਦ ਉਸ ਕਿਹਾ ਤਾਂ ਮੇਰੇ ਮਨ ‘ਚ ਇੱਕ ਦਮ ਅਪਣੱਤ ਦੀ ਕਿਰਨ ਚਮਕੀ, ਇੱਕ ਦਮ ਖਿਆਲ ਆਇਆ ਤੇ ਮੈਂ ਉਸ ਬੀਬੀ ਨੂੰ ਕਿਹਾ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ‘ਚ ਫਾਰਸੀ ਉਸ ਦੀ ਰਾਜ ਭਾਸ਼ਾ ਸੀ। ਉਹ ਹੈਰਾਨ ਵੀ ਹੋਈ ਤੇ ਇੱਕ ਦਮ ਉਸ ਦੀਆਂ ਅੱਖਾਂ ‘ਚ ਅਪਣੱਤ ਦੀ ਭਾਵਨਾ ਵੀ ਮੈਂਨੂੰ ਝਲਕਦੀ ਨਜ਼ਰ ਆਈ। ਉੱਥੋਂ ਤੁਰਦੇ ਦੋਵੇਂ ਪਰਿਵਾਰ ਆਪਣੇ ਲੱਗਣ ਲੱਗ ਪਏ।
ਇਸੇ ਤਰਾਂ ਪਿਛਲੇ ਸਾਲ ਅਗਸਤ ਦੀਆਂ ਗਰਮੀਆਂ ‘ਚ ਜਦੋਂ ਅਸੀਂ ਸਾਰਾ ਟੱਬਰ ਵਿਸਲਰ ਆਏ ਤਾਂ ਮੇਰੀ ਬੇਟੀ ਨੇ ‘ਐਕਸੈਂਟ ਟਰੇਲ’ ਹਾਈਕ ਕਰਨ ਦਾ ਉਸਕਲ ਚੁੱਕ ਲਿਆ। ਮੈਂ ਉਸ ਨੂੰ ਨਾਂਹ ਨਾ ਕਰ ਸਕਿਆ ਪਰ ਮੈਨੂੰ ਭੈਅ ਆਵੇ ਕਿ ਅੱਤ ਦੀ ਗਰਮੀਂ ਹੈ, ਧੁੱਪ ਤਿੱਖੀ ਤੇ ਦੁਪਹਿਰਾ ਦਿਨ ਦਾ। ਖੇਰ ਮੈਂ ਉਸ ਦੇ ਮਗਰ ਮਗਰ ਤੁਰ ਪਿਆ। ਪਹਾੜ ਤੇ ਚੜ੍ਹਨ ਲਈ ਸਹਾਰੇ ਵਾਸਤੇ ਦੋਹਾਂ ਹੱਥਾਂ ‘ਚ ਸੋਟੀਆਂ, ਪਾਣੀ ਵਾਲੀ ਬੋਤਲ, ਹਲਕੇ ਫੁਲਕੇ ਕੱਪੜੇ ਤੇ ਸਿਰ ਤੇ ਹਲਕਾ ਪਟਕਾ। ਉਤਸ਼ਾਹ ਨਾਲ ਤੁਰ ਤਾਂ ਪਏ ਪਰ ਇਹ ਟਰੇਲ ਕਿੱਥੋਂ ਸ਼ੁਰੂ ਹੁੰਦੀ ਹੈ ਇਸ ਦਾ ਨਾ ਮੈਂਨੂੰ ਪਤਾ ਤੇ ਨਾ ਉਸ ਨੂੰ। ਵਿਸਲਰ ਪਿੰਡ ‘ਚ ਘੁੰਮਦੇ ਘੁਮਾਉਂਦੇ ਇਨਫਰਮੇਸ਼ਨ ਬੂਥ ਤੇ ਜਾ ਪਤਾ ਕਰਨ ਦੀ ਕੋਸ਼ਿਸ਼ ਕਰੀ ਤਾਂ ਕਾਂਉਂਟਰ ਤੇ ਬੈਠੀ ਬੀਬੀ ਨਵੀਂ ਹੋਣ ਕਰਕੇ ਉਸ ਸਾਨੂੰ ਕੋਈ ਥਹੁ ਪਤਾ ਨਾ ਫੜਾਇਆ। ਤਿੱਖੀ ਤਪਦੀ ਧੁੱਪ ‘ਚ ਏਧਰ ਓਧਰ ਕਮਲਿਆਂ ਵਾਂਗ ਘੁੰਮਦਿਆਂ ਫਿਰਦਿਆਂ, ਪੁੱਛ ਪੁਛਾ ‘ਐਕਸੈਂਟ ਟਰੇਲ’ ਦੇ ਸ਼ੁਰੂਆਤ ਦਰਵਾਜ਼ੇ ਤੇ ਅਖਿਰ ਪੁੱਜ ਹੀ ਗਏ। ਬੋਰਡ ਤੇ ਲਿਖਿਆ ਪੜਿਆ ਤਾਂ ਪਤਾ ਲੱਗਾ ਕਿ ਇਸ ਦੀ ਬਾਟ ਸਵਾ ਛੇ ਕਿਲੋਮੀਟਰ, ਸਿੱਧੀ ਉਚਾਈ ਬਾਰਾਂ ਸੌ ਮੀਟਰ ਹੈ ਅਤੇ ਤਕਰੀਬਨ ਢਾਈ ਕੁ ਘੰਟੇ ਲੱਗਣਗੇ ਧੁਰ ਪਹਾੜ ਦੀ ਛੋਟੀ ਤੇ ਪੁੱਜਣ ਨੂੰ। ਲਿਖਤ ‘ਚ ਇਸ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਸੀ। ਪਹਿਲਾ ਹਿੱਸਾ ਸੁਖਾਲਾ, ਦੁਸਰਾ ਜ਼ਰਾ ਔਖਾ ਅਤੇ ਤੀਸਰਾ ਲੰਬਾ ਤੇ ਸਭ ਤੋਂ ਔਖਾ, ਜਿਸ ਨੂੰ ‘ਹਰਟ ਬਰਨ’ ਦਾ ਨਾਉਂ ਦਿੱਤਾ ਸੀ। ਜਦੋਂ ਚੜ੍ਹਣ ਲੱਗੇ ਤਾਂ ਸੋਟੀਆਂ ਦੀ ਟਿੱਕ ਟਿੱਕ ਦੀ ਆਵਾਜ਼ ਕੰਨਾਂ ਨੂੰ ਵੱਢਵੀਂ ਲੱਗੇ ਤੇ ਕਦੇ ਰਾਹਤ ਵੀ ਮਿਲੇ। ਉਹ ਤੁਰਦਿਆਂ ਮੈਂਨੂੰ ਸਾਂਭਣੀਆਂ ਵੀ ਪੈਣ ਅਤੇ ਉੱਚੇ ਨੀਵੇਂ ਥਾਂ ਸਹਾਰਾ ਵੀ ਬਣਨ। ਜਿਉਂ ਜਿਉਂ ੳੱਪਰ ਜਾਈਏ ਜ਼ੋਰ ਵੀ ਲੱਗੇ ਅਤੇ ਸਾਹ ਵੀ ਧੌਂਖਣੀ ਵਾਂਗ ਚੱਲੇ। ਕਿਤੇ ਦਰਖਤਾਂ ਦੀ ਛਾਂ ਤੇ ਕਿਤੇ ਸਿੱਧੀ ਧੁੱਪ ਅੱਖਾਂ ਨੂੰ ਪਵੇ। ਜਿੱਥੇ ਸੰਘਣੀ ਛਾਂ ਆਵੇ ਉੱਥੇ ਸਿਖਰ ਦੁਪਹਿਰ ਵੀ ਮੱਛਰ ਕੰਨਾਂ ਦੁਆਲੇ ਭੀਂ ਭੀਂ ਕਰਦਾ ਲੱਤਾਂ ਬਾਹਾਂ ਤੇ ਦੰਦੀਆਂ ਵੱਢਣੋਂ ਰਤਾ ਨਾ ਸੰਗੇ।
ਅੱਧ ‘ਚ ਜਾ ਸਾਡਾ ਪਾਣੀ ਮੁੱਕ ਗਿਆ, ਲਿੱਟਰ ਲਿਟਰ ਦੀਆਂ ਦੋ ਬੋਤਲਾਂ ਰਸਤੇ ‘ਚ ਹੀ ਡੀਕ ਲਾ ਕੇ ਪੀ ਗਏ। ਪਸੀਨੇ ਨਾਲ ਗੜੁੱਚ ਕੱਪੜਿਆਂ ਨੂੰ ਜਦੋ ਕਦੇ ਕਦੇ ਵਗਦੇ ਹਵਾ ਦੇ ਬੁੱਲੇ ਦਾ ਫਰਾਟਾ ਛੂਏ ਤਾਂ ਗਰਮੀ ਦੀ ਤਪਸ਼ ਤੋਂ ਰਾਹਤ ਮਿਲੇ। ਇੰਜ ਡਿਗਦੇ ਢਹਿੰਦੇ, ਹਫ ਹਫ ਕਰਦੇ ਸਵਾ ਦੋ ਘੰਟਿਆਂ ‘ਚ ਪਹਾੜ ਦੀ ਚੋਟੀ ਤੇ ਪਹੁੰਚ ਸੁੱਖ ਦਾ ਸਾਹ ਲਿਆ। ਲੱੱਗਿਆ ਜਿਵੇਂ ਬਹੁਤ ਵੱਡਾ ਮੋਰਚਾ ਮਾਰ ਲਿਆ ਹੋਵੇ। ਆਲੇ ਦੁਆਲੇ ਉੱਚੀਆਂ ਚੋਟੀਆਂ ਵਾਲੇ ਪਹਾੜਾਂ ਦਾ ਰਮਣੀਕ ਨਜ਼ਾਰਾ ਦੇਖ ਮਨ ‘ਚ ਇੱਕ ਅਦੁੱਤੀ ਅਨੰਦ ਬਣਨ ਲੱਗਿਆ। ਨਾਲ ਹੀ ਮਨ ‘ਚ ਖਿਆਲ ਉਬਾਲੇ ਲੈਣ ਲੱਗੇ ਕਿ ਪੁਰਾਣੇ ਜ਼ਮਾਨਿਆਂ ‘ਚ ਜਦੋਂ ਨਾ ਗੱਡੀਆਂ ਮੋਟਰਾਂ ਸਨ, ਨਾ ਜਹਾਜ਼ ਅਤੇ ਨਾ ਹੀ ਕੋਈ ਹੋਰ ਆਵਾਜਾਈ ਦੇ ਆਧੁਨਿਕ ਸਾਧਨ ਸਨ, ਉਦੋਂ ਲੋਕੀ ਪੈਦਲ ਤੁਰਕੇ ਹੀ ਇੱਕ ਥਾਂ ਤੋ ਦੂਸਰੀ ਤੇ ਜਾਇਆ ਕਰਦੇ ਸੀ। ਅਸੀਂ ਹਜ਼ਾਰਾ ਸਾਲਾਂ ਤੋ ਇਵੇਂ ਹੀ ਵਿਚਰਦੇ ਆਏ ਹਾਂ। ਉਦੋਂ ਸੜਕਾਂ ਵੀ ਨਹੀਂ ਸਨ ਅਤੇ ਨਾ ਹੀ ਸਿੱਧੇ ਪੱਧਰੇ ਰਸਤੇ ਸਨ। ਜੰਗਲਾਂ, ਬੀਆਬਾਨਾਂ ਝਿੜੀਆਂ, ਔਝੜੇ ਰਸਤਿਆਂ ਵਿੱਚ ਦੀ ਲੰਘਣਾ ਮਜ਼ਬੂਰੀ ਹੁੰਦੀ ਸੀ। ਜ਼ਹਿਰੀਲੇ ਸੱਪ ਸਪੋਲੀਏ, ਖੂੰਖਾਰ ਜੰਗਲੀ ਜਾਨਵਰਾਂ ਦੇ ਭੈ ਦੀ ਤਲਵਾਰ ਹਮੇਸ਼ਾਂ ਸਿਰ ਤੇ ਲਟਕਦੀ ਰਹਿੰਦੀ ਸੀ, ਜਿੰਨਾ ਚਿਰ ਆਪਣੇ ਟਿਕਾਣੇ ਪੁੱਜ ਨਹੀਂ ਸੀ ਜਾਂਦੇ। ਡਾਕ ਰਾਹੀਂ ਚਿੱਠੀ ਪੱਤਰ ਅਤੇ ਟੈਲੀਫੋਨ ਦੀ ਸੁਬਿਧਾ ਤਾਂ ਹੁੰਦੀ ਹੀ ਨਹੀਂ ਸੀ। ਇਹ ਸੋਚਾਂ ਸੋਚਦਿਆਂ ‘ਐਕਸੈਂਟ ਟਰੇਲ’ ਹਾਈਕ ਕਰ ਲੈਣ ਦਾ ਮਨ ਦਾ ਅਨੰਦ ਕਿਰਕਿਰਾ ਜਿਹਾ ਹੋਣ ਲੱਗ ਪਿਆ ਕਿ ਅਸੀਂ ਕਿਹੜਾ ਮੋਰਚਾ ਮਾਰ ਲਿਆ, ਜਦੋਂ ਕਿ ਪੁਰਾਣੇ ਸਮਿਆਂ ‘ਚ ਸਹਿਜ ਨਾਲ ਚਲਦੇ ਜੀਵਨ ਦਾ ਤਾਂ ਇਹ ਰੋਜ਼ਾਨਾ ਅੰਗ ਸੀ। ਇਹ ਉਹਨਾਂ ਦੇ ਜੀਵਨ ਦੀ ਮਜ਼ਬੂਰੀ ਸੀ, ਲੋੜ ਸੀ, ਤੇ ਪੈਦਲ ਤੁਰਨਾ ਹੀ ਇੱਕੋ ਇੱਕ ਵਸੀਲਾ ਹੁੰਦਾ ਸੀ। ਅੱਜ ਜਿਹੜੀਆਂ ਗੱਲਾਂ ਕਰਨ ਨੂੰ ਅਸੀਂ ਲੋਚਦੇ ਹਾਂ, ਇਹ ਤਾਂ ਉਹਨਾਂ ਦੇ ਜੀਵਨ ਦਾ ਰੋਜ਼ਾਨਾ ਅੰਗ ਤੇ ਧੁਰਾ ਸੀ। ਇਸ ਦੁਆਲੇ ਹੀ ਉਹਨਾ ਦੇ ਜੀਵਨ ਦਾ ਪਹੀਆ ਘੁੰਮਦਾ ਸੀ। ਅੱਜ ਦੇ ਸੁਖੈਨ ਜੀਵਨ ਜਿਸ ਦੇ ਅਸੀਂ ਆਦੀ ਹੋ ਗਏ ਹਾਂ ਇਸ ਨੇ ਤਾਂ ਸਾਨੂੰ ਮਾਨਸਿਕ ਅਤੇ ਸਰੀਰਕ ਸੁਸਤੀ ਦੇ ਰਾਹ ਤੋਰ ਦਿੱਤਾ ਹੈ। ਚਮਕ ਦਮਕ, ਭੀੜ ਭੜੱਕਾ, ਸੁਖੀ ਸੁਖੈਂਦ ਤੇ ਐਸ਼ੋ ਅਸ਼ਰਤ ਦੇ ਸਾਹ ਘੁੱਟਵੇਂ ਜੀਵਨ ਦੀ ਤੰਗੀ ਤੋਂ ਰਾਹਤ ਲੈਣ ਲਈ, ਇਕਾਂਤ ਵੱਸ ਹੋਣ ਲਈ, ਫ਼ਰਜ਼ੀ ਸ਼ਾਂਤੀ ਲੈਣ ਲਈ ਜੰਗਲਾਂ, ਪਹਾੜਾਂ, ਬੀਆ ਬਾਨਾਂ ਵਾਲੀਆਂ ਥਾਵਾਂ ਨੂੰ ਭਾਲਦੇ ਕੈਂਪਿੰਗ, ਹਾਈਕਿੰਗ ਵਲ ਨੂੰ ਅਕਰਸ਼ਤ ਹੁੰਦੇ ਹਾਂ। ਆਧੁਨਿਕ ਸੁਵਿਧਾਵਾਂ, ਟਕਨਾਲੋਜੀ ਤੋਂ ਤੰਗ ਹੋਏ ਮਨ ਨੂੰ ਜ਼ਰਾ ਰਾਹਤ ਦਿਵਾਉਣ ਦਾ ਇਹੀ ਇੱਕ ਸਸਤਾ ਅਤੇ ਸੌਖਾ ਉਪਰਾਲਾ ਹੈ।