Apr 23, 2026

Screenshot

-ਸੁਖਵਿੰਦਰ ਸਿੰਘ ਚੋਹਲਾ—-

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਹਰ ਸਾਲ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਸ਼ਹੀਦੀ ਜੋੜ ਮੇਲੇ ਵਿਚ ਹਾਜ਼ਰੀ ਭਰਦੇ ਤੇ ਨਮ ਅੱਖਾਂ ਨਾਲ ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂੰ ਯਾਦ ਕਰਦੇ ਹਨ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜਿਹਨਾਂ ਦੀ ਉਮਰ ਉਸ ਸਮੇਂ ਕੇਵਲ 9 ਸਾਲ ਤੇ 7 ਸਾਲ ਦੀ ਸੀ, ਵਲੋਂ ਸਮੇਂ ਦੇ ਹਾਕਮ ਅੱਗੇ ਵਿਖਾਏ ਗਏ ਅਣਕਿਆਸੇ ਸਾਹਸ, ਬਹਾਦਰੀ ਅਤੇ ਆਪਣੇ ਅਕੀਦੇ ਪ੍ਰਤੀ ਦ੍ਰਿੜ ਰਹਿਣ ਤੇ ਬਿਨਾਂ ਕਿਸੇ ਖੌਫ, ਜਾਨ ਤੱਕ ਨਿਛਾਵਰ ਕਰ ਦੇਣ ਦੇ ਜਜ਼ਬੇ ਦੀ ਕਹਾਣੀ ਕੋਈ ਆਮ ਨਹੀਂ ਹੈ। ਦੁਨੀਆ ਦੇ ਇਤਿਹਾਸ ਵਿਚ ਇਤਨੀ ਛੋਟੀ ਆਯੂ ਵਿਚ ਨਿੱਕੇ ਬਾਲਾਂ ਵਲੋਂ ਆਪਣੇ ਅਕੀਦੇ ਪ੍ਰਤੀ ਅਡੋਲ ਰਹਿਣ ਤੇ ਹਰ ਹੱਸਾਸ ਮਨੁੱਖ ਨੂੰ ਰੁਲਾ ਦੇਣ ਵਾਲੀ ਇਸ ਘਟਨਾ ਦੀ ਕਿਤੇ ਵੀ ਹੋਰ ਉਦਾਹਰਣ ਨਹੀ ਹੈ। ਠੰਡੇ ਬੁਰਜ ਵਿਚ ਹਾਕਮ ਦੀ ਕੈਦ ਵਿਚ ਬੈਠੀ ਦਾਦੀ ਮਾਂ ਵਲੋਂ ਜਦੋਂ ਨੰਨੇ ਬਾਲਾਂ ਨੂੰ ਸੂਬੇ ਦੀ ਕਚਹਿਰੀ ਵੱਲ ਤੋਰਨ ਤੋਂ ਪਹਿਲਾਂ ਉਹਨਾਂ ਨੂੰ ਦਿੱਤੀ ਗਈ ਸਿੱਖਿਆ ਤੇ ਉਸ ਉਪਰ ਦ੍ਰਿੜ ਰਹਿਣ ਦੇ ਸੰਕਲਪ ਨੂੰ ਉਹਨਾਂ ਦੇ ਮਨਾਂ ਵਿਚ ਉਤਾਰਨ ਦੀ ਉਦਾਹਰਣ ਕਿਤੇ ਨਹੀ ਮਿਲ ਸਕਦੀ। ਛੋਟੇ ਸਾਹਿਬਜਾਦਿਆਂ ਵਲੋਂ ਹਾਕਮਾਂ ਦੀ ਈਨ ਨਾ ਮੰਨਣ, ਨੀਹਾਂ ਵਿਚ ਚਿਣੇ ਜਾਣ ਤੇ ਸ਼ਹਾਦਤ ਦਾ ਜਾਮ ਪੀਣ ਦੀ ਇਹ ਅਜਿਹੀ ਇਤਿਹਾਸਕ ਘਟਨਾ ਹੈ ਜੋ ਸਿੱਖੀ ਸਿਦਕ ਦੀ ਆਪਣੀ ਹੀ ਇਕ ਮਿਸਾਲ ਹੈ। ਇਹ ਇਤਿਹਾਸ ਦੀ ਉਹ ਅਜੀਮ ਘਟਨਾ ਹੈ ਜਿਸਨੇ ਸਿੱਖ ਗੁਰੂ ਸਾਹਿਬਾਨ ਵਲੋਂ ਦਿਖਾਏ ਗਏ ਸੱਚ ਦੇ ਮਾਰਗ,ਮਾਨਵੀ ਅਧਿਕਾਰਾਂ ਦੀ ਰੱਖਿਆ ਲਈ ਸਮਰਪਣ ਦੀ ਭਾਵਨਾ ਦੇ ਨਾਲ ਸਮੇਂ ਦੇ ਹਾਕਮਾਂ ਦੇ ਜੁਲਮ ਸਿਤਮ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਹੱਕਾਂ ਤੇ ਸਖਸ਼ੀ ਆਜਾਦੀ ਲਈ ਲੜਨ-ਮਰਨ ਦੀ ਪ੍ਰੇਰਨਾ ਦਿੰਦਿਆਂ ਸਿੱਖੀ ਦੇ ਮਹਿਲ ਮੁਨਾਰਿਆਂ ਨੂੰ ਵਿਸ਼ਵ ਭਰ ਵਿਚ ਆਪਣੀ ਹੀ ਇਕ ਅਲਗ ਆਭਾ ਨਾਲ ਪ੍ਰਜਵਲਤ ਕੀਤਾ ਹੈ।

ਕੁਰਬਾਨੀਆਂ ਭਰੇ ਸਿੱਖ ਇਤਿਹਾਸ ਵਿਚ ਦਸਮ ਪਿਤਾ ਦੇ ਚਾਰ ਸਾਹਿਬਜਾਦਿਆਂ ਦੀ ਕੁਰਬਾਨੀ ਗਾਥਾ ਲੂੰ ਕੰਡੇ ਖੜੇ ਕਰ ਦੇਣ ਵਾਲੀ ਹੈ। ਦਸਮ ਪਿਤਾ ਦੇ ਰੱਬੀ ਪੈਗਾਮ ਤੇ ਸਾਹਿਬਜਾਦਿਆਂ ਦੀ ਸਾਹਸ ਭਰੀ ਕੁਰਬਾਨੀ ਨੂੰ ਮੁਸਲਿਮ ਸ਼ਾਇਰ ਅੱਲਾ ਯਾਰ ਖਾਨ ਦੇ ਸ਼ਬਦਾਂ ਤੋਂ ਅੱਗੇ ਬਿਆਨ ਕਰਨਾ ਕਠਿਨ ਹੈ-

ਬਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੇਟੇ ਯਹਾਂ, ਖੁਦਾ ਕੇ ਲੀਏ।

ਸੰਨ 1704 ਦੇ ਪੋਹ ਮਹੀਨੇ ਦੇ ਦਿਨਾਂ ਤੇ ਰਾਤਾਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਪਰਿਵਾਰ ਵਲੋਂ ਅਨੰਦਪੁਰ ਸਾਹਿਬ ਛੱਡਣ ਤੇ ਮੁਗਲ ਫੌਜਾਂ ਨਾਲ ਅਸਾਵੀਂ ਲੜਾਈ ਵਿਚ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ, ਗੁਰੂ ਦੇ ਪਿਆਰੇ ਸਿੱਖਾਂ ਵਲੋਂ ਲੱਖਾਂ ਫੌਜਾਂ ਸਾਹਮਣੇ ਸਵਾ ਲਾਖ ਸੇ ਏਕ ਲੜਾਉਂ ਦੇ ਵਾਕਾਂ ਨੂੰ ਸੱਚ ਕਰ ਵਿਖਾਉਣਾ, ਮਾਤਾ ਗੁਜਰੀ ਤੇ ਛੋਟੇ ਸਾਹਿਬਜਾਦਿਆਂ ਨੂੰ ਠੰਡੇ ਬੁਰਜ ਵਿਚ ਕੈਦ ਕਰਨਾ, ਤੇ ਫਿਰ ਛੋਟੇ ਸਾਹਿਬਜਾਦਿਆਂ ਦੇ ਨੀਹਾਂ ਵਿਚ ਚਿਣੇ ਜਾਣ ਤੋਂ ਬਾਦ ਦਸਮ ਪਿਤਾ ਦਾ ਮਾਛੀਵਾੜੇ ਦੇ ਜੰਗਲਾਂ ਵਿਚ ਢੀਮ ਦਾ ਸਿਰਹਾਣਾ ਬਣਾਕੇ ਵਿਸ਼ਰਾਮ ਕਰਨ ਤੇ ਮੁਗਲਾਂ ਦੀ ਜੜ ਪੁੱਟੇ ਜਾਣ ਦੀ ਭਵਿਖਬਾਣੀ ਕਰਨਾ…ਗੁਰੂ ਘਰ ਪ੍ਰਤੀ ਸ਼ਰਧਾ ਤੇ ਸਮਰਪਣ ਦੀ ਮਿਸਾਲ ਦੀਵਾਨ ਟੋਡਰ ਮੱਲ, ਬਾਬਾ ਮੋਤੀ ਰਾਮ ਤੇ ਪਰਿਵਾਰ ਦੀ ਕੁਰਬਾਨੀ, ਗਨੀ ਖਾਨ-ਨਬੀ ਖਾਨ ਤੇ ਰਾਏ ਕੱਲਾ ਦੀ ਸੇਵਾ ਦਾ ਬਿਰਤਾਂਤ ਅੱਜ ਵੀ ਨਾਨਕ ਨਾਮ ਲੇਵਾ ਸੰਗਤਾਂ ਦੇ ਚੇਤਿਆਂ ਵਿਚ ਪੀੜੀ ਦਰ ਪੀੜੀ ਸਫਰ ਕਰਦੇ ਹਨ।

ਭਾਰਤ ਦੇਸ਼ ਦੇ ਹਜਾਰਾਂ ਸਾਲਾਂ ਦੇ ਇਤਿਹਾਸ ਵਿਚ ਦੇਸ਼ ਦੇ ਭੁਗੋਲਿਕ, ਰਾਜਨੀਤਕ, ਆਰਥਿਕ ਤੇ ਸਭਿਆਚਾਰਕ ਬਿਰਤਾਂਤ ਵਿਚ ਬਹੁਤ ਕੁਝ ਅਧਿਐਨ ਗੋਚਰਾ ਹੈ ਪਰ ਮੁਲਕ ਦੇ ਪਿਛਲੇ ਸਾਢੇ 500 ਸਾਲਾ ਇਤਿਹਾਸ ਵਿਚ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਤੇ ਉਸ ਫਲਸਫੇ ਦੀ ਰਹਿਤਲ ਵਿਚ ਕੁਰਬਾਨੀਆਂ ਦਾ ਇਕ ਵੱਖਰਾ ਉਲੇਖ ਹੈ। ਪਹਿਲੀ ਪਾਤਸ਼ਾਹੀ ਦੀਆਂ ਚਾਰ ਉਦਾਸੀਆਂ ਤੋਂ ਲੈਕੇ ਨੌਵੇਂ ਗੁਰੂ ਦੀ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਨਾਲ ਹਿੰਦ ਦੀ ਚਾਦਰ ਦਾ ਰੁਤਬਾ ਤੇ ਦਸਮ ਪਿਤਾ ਵਲੋਂ ਖਾਲਸਾ ਪੰਥ ਦੀ ਸਾਜਨਾ ਸਮੇਂ ਮੁਲਕ ਦੇ ਚਾਰੋਂ ਕੋਨਿਆਂ ਤੋਂ ਸਿਖ ਸ਼ਰਧਾਲੂਆਂ ਵਲੋਂ ਸੀਸ ਦੇਣ ਤੇ ਖਾਲਸਾ ਪੰਥ ਦੀ ਸਥਾਪਨਾ ਦਾ ਕਰਤਾਰੀ ਪਲਾਂ ਦੇ ਰੂਬਰੂ ਹੋਣ ਦੇ ਦ੍ਰਿਸ਼, ਇਸ ਮੁਲਕ ਦੀਆਂ ਮਜ਼ਬੂਤ ਨੀਹਾਂ ਨੂੰ  ਮਜ਼ਬੂਤ ਕੀਤੇ ਜਾਣ ਦੇ ਗਵਾਹ ਹਨ।

ਆਜਾਦ ਭਾਰਤ ਵਿਚ ਸਿੱਖ ਭਾਈਚਾਰੇ ਨੂੰ ਸਮੇਂ ਦੇ ਹਾਕਮਾਂ ਉਪਰ ਹਮੇਸ਼ਾ ਇਹ ਗਿਲਾ ਰਿਹਾ ਹੈ ਕਿ ਉਹਨਾਂ ਦੀਆਂ ਇਸ ਮੁਲਕ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਸਹੀ ਮਾਣ ਸਤਿਕਾਰ ਨਹੀ ਦਿੱਤਾ ਗਿਆ। ਉਹਨਾਂ ਦੀ ਮਾਣਮੱਤੀ ਵਿਰਾਸਤ ਤੇ ਸਭਿਆਚਾਰ ਨੂੰ ਸੌੜੀ ਸੋਚ ਵਿਚ ਲਪੇਟਣ ਤੇ ਇਕ ਮੁੱਖ ਧਾਰਾ ਵਿਚ ਜਜ਼ਬ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਤਹਿਤ ਉਹਨਾਂ ਦੀ ਆਜਾਦ ਤੇ ਨਿਰਾਲੀ ਪਛਾਣ ਨੂੰ ਢਾਹ ਲਗਾਉਣ ਦੀ ਕੋਈ ਕਸਰ ਨਹੀ ਛੱਡੀ ਜਾਂਦੀ। ਸਿੱਖ ਗੁਰੂ ਸਾਹਿਬਾਨ ਵਲੋਂ ਸਮਾਜ ਸੁਧਾਰ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਾਲੇ ਕੀਤੇ ਗਏ ਵੱਡੇ ਕਾਰਜਾਂ ਦੀ ਦਿਸ਼ਾ ਵਿਚ ਕੌਮੀ ਪੱਧਰ ਤੇ ਕੋਈ ਮਾਨਤਾ ਨਹੀ ਦਿੱਤੀ ਗਈ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਦੇ ਦਿਨਾਂ ਦਿਹਾਰਾਂ ਮੁਤਾਬਿਕ ਕੌਮੀ ਯੋਜਨਾਵਾਂ ਦੇ ਨਾਮ ਰੱਖਣ ਤੋਂ ਗੁਰੇਜ ਜਾਂ ਵਿਤਕਰਾ ਕੀਤਾ ਜਾਂਦਾ ਹੈ। ਜਦੋਂਕਿ ਗੁਰੂ ਸਾਹਿਬਾਨਾਂ ਤੇ ਸਿੱਖ ਨਾਇਕਾਂ ਦਾ ਯੋਗਦਾਨ ਜਾਂ ਦੇਣ ਬਹੁਗਿਣਤੀ ਦੇ ਹੋਰ ਕੌਮੀ ਨਾਇਕਾਂ ਤੋਂ ਵੀ ਕਿਤੇ ਵਡੇਰਾ ਹੈ।

ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦਾ ਪ੍ਰਭਾਵ ਵਧਣ ਕਾਰਣ ਕੌਮੀ ਪੱਧਰ ਤੇ ਸਿੱਖ ਭਾਈਚਾਰੇ ਨਾਲ ਅਜਿਹੇ ਵਿਤਕਰੇ ਅਤੇ ਦੂਈ ਦਵੈਤ ਦੀਆਂ ਸ਼ਿਕਾਇਤਾਂ ਦਾ ਜਿਕਰੇ ਖਾਸ ਰਿਹਾ ਹੈ। ਅਜਿਹੇ ਵਿਚ ਹੀ ਇਸ ਚਰਚਾ ਨੇ ਜੋੜ ਫੜਿਆ ਕਿ ਭਾਰਤ ਵਿਚ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਨਵੰਬਰ  ਨੂੰ ਸਮਰਪਿਤ ਕੌਮੀ ਬਾਲ ਦਿਵਸ ਮਨਾਇਆ ਜਾਂਦਾ ਹੈ। ਸਿਰਫ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਕਿ ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਬੱਚੇ ਉਹਨਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਕਹਿਕੇ ਬੁਲਾਉਂਦੇ ਸਨ। ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ  ਕੌਮੀ ਬਾਲ ਦਿਵਸ ਵਜੋਂ ਮਨਾਉਣ ਜਾਂ ਘੋਸ਼ਿਤ ਕੀਤੇ ਜਾਣ ਪਿੱਛੇ ਕਈ ਸਿਆਸੀ ਕਾਰਣ ਹੋ ਸਕਦੇ ਹਨ ਪਰ ਇਸ ਚਰਚਾ ਵਿਚ ਤਰਕ ਤੇ ਬੱਲ ਸੀ ਕਿ ਦਸਮ ਪਿਤਾ ਦੇ ਛੋਟੇ ਸਾਹਿਬਜਾਦੇ ਜਿਹਨਾਂ ਦੀ ਸ਼ਹਾਦਤ ਸਮੇਂ ਉਮਰ ਸਚਮੁੱਚ ਨਿੱਕੇ ਬਾਲਾਂ ਵਾਲੀ ਸੀ, ਉਹਨਾਂ ਦੇ ਸਾਹਸ ਅਤੇ ਕੁਰਬਾਨੀ ਨੂੰ ਵੇਖਦਿਆਂ ਕੌਮੀ ਬਾਲ ਦਿਵਸ ਉਹਨਾਂ ਦੇ ਨਾਮ ਹੇਠ ਮਨਾਇਆ ਜਾਣਾ ਚਾਹੀਦਾ ਹੈ। ਛੋਟੇ ਸਾਹਿਬਜਾਦਿਆਂ ਦੀ ਕੁਰਬਾਨੀ ਅਤੇ ਆਪਣੇ ਅਕੀਦੇ ਪ੍ਰਤੀ ਅਡੋਲ ਰਹਿਣ ਅਤੇ ਜਾਨਾਂ ਨਿਛਾਵਰ ਕਰ ਜਾਣ ਦਾ ਸਮਰਣ ਮੁਲਕ ਭਰ ਦੇ ਬੱਚਿਆਂ ਲਈ ਸਚਮੁੱਚ ਇਕ ਪ੍ਰੇਰਣਾਦਾਇਕ ਹੈ। ਸਿੱਖ ਸੰਸਥਾਵਾਂ, ਸਿੱਖ ਆਗੂਆਂ ਅਤੇ ਮੁਲਕ ਦੇ ਕਈ ਹੋਰ ਸਿਆਣੇ ਲੋਕਾਂ ਵਲੋਂ ਕੌਮੀ ਬਾਲ ਦਿਵਸ ਨੂੰ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਕੀਤੇ ਜਾਣ ਦੀ ਮੰਗ ਉਪਰ ਆਖਰ ਕੇਂਦਰ ਦੀ ਮੋਦੀ ਸਰਕਾਰ ਨੇ ਫੈਸਲਾ ਲਿਆ। ਇਸ ਫੈਸਲੇ ਪਿਛੇ ਭਾਜਪਾ ਦਾ ਵੀ ਕੋਈ ਰਾਜਸੀ ਉਦੇਸ਼ ਹੋ ਸਕਦਾ ਹੈ ਪਰ ਜੋ ਵੀ ਹੈ ਇਸ ਬਹਾਨੇ ਮੁਲਕ ਭਰ ਵਿਚ ਛੋਟੇ ਸਾਹਿਬਜਾਦਿਆਂ ਦੀ ਕੁਰਬਾਨੀ ਦਾ ਇਤਿਹਾਸ ਸਕੂਲਾਂ ਦੇ ਪਾਠਕ੍ਰਮ ਅਤੇ ਸਾਲਾਨਾ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਕੌਮੀ ਵੀਰ ਬਾਲ ਦਿਵਸ  ਦਾ ਐਲਾਨ 9 ਜਨਵਰੀ 2022 ਨੂੰ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਮੌਕੇ ਇਕ ਸਮਾਗਮ ਦੌਰਾਨ ਕੀਤਾ ਗਿਆ। ਸਰਕਾਰ ਵਲੋਂ ਹਰ ਸਾਲ 26 ਦਸੰਬਰ ਨੂੰ ਕੌਮੀ ਪੱਧਰ ਤੇ ਵੀਰ ਬਾਲ ਦਿਵਸ ਮਨਾਉਣ ਦੇ ਐਲਾਨ ਸਮੇਂ ਇਸਦਾ ਭਰਵਾਂ ਸਵਾਗਤ ਹੋਇਆ। ਪਰ ਹੁਣ ਜਦੋਂ ਭਾਰਤ ਸਰਕਾਰ ਵਲੋਂ ਬਾਕਾਇਦਾ ਤੌਰ ਤੇ ਦੇਸ਼ ਭਰ ਦੀਆਂ ਪ੍ਰਾਂਤਕ ਸਰਕਾਰਾਂ ਤੇ ਸਕੂਲਾਂ ਵਿਚ 26 ਦਸੰਬਰ ਨੂੰ ਕੌਮੀ ਵੀਰ ਬਾਲ ਦਿਵਸ ਮਨਾਉਣ ਦੇ ਪ੍ਰੋਗਰਾਮ ਐਲਾਨੇ ਗਏ ਤਾਂ ਵੀਰ ਬਾਲ ਦਿਵਸ ਦੇ ਨਾਮ ਨੂੰ ਲੈਕੇ ਇਕ ਨਵਾਂ ਵਿਵਾਦ ਪੈਦਾ ਹੋ ਗਿਆ। ਪ੍ਰਮੁੱਖ ਸਿੱਖ ਸੰਸਥਾਵਾਂ, ਸਿੱਖ ਆਗੂਆਂ ਤੇ ਕੁਝ ਹੋਰ ਸਿਆਸੀ ਆਗੂਆਂ ਵਲੋਂ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਵੀਰ ਬਾਲ ਦਿਵਸ ਨਾਮ ਬਦਲਕੇ ਸਾਹਿਬਜਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ। ਉਹਨਾਂ ਦਾ ਤਰਕ ਹੈ ਕਿ ਸਾਹਿਬਜਾਦੇ ਬਾਲ ਨਹੀ ਬਾਬੇ ਸਨ। ਬਿਨਾਂ ਸ਼ੱਕ ਸਾਹਿਬਜਾਦਿਆਂ ਦੀ ਸੱਚ ਉਪਰ ਖੜਨ ਲਈ ਦ੍ਰਿੜਤਾ ਅਤੇ ਕੁਰਬਾਨੀ ਬਾਲ ਉਮਰ ਵਾਲੀ ਨਹੀ ਬਾਬਿਆਂ ਵਾਲੀ ਸੀ ਪਰ ਇਸ ਦਲੀਲ ਤੋਂ ਇਨਕਾਰੀ ਹੋਣਾ ਮੁਸ਼ਕਲ ਹੈ ਕਿ ਮੁਲਕ ਭਰ ਦੇ ਨੰਨੇ ਬੱਚਿਆਂ ਲਈ ਉਹਨਾਂ ਦੀ ਬਾਲ ਉਮਰ ਵਿਚ ਕੀਤੀ ਗਈ ਕੁਰਬਾਨੀ ਹੀ ਪ੍ਰੇਰਨਾ ਹੈ।

ਇਸ ਵਾਰ ਸਾਹਿਬਜਾਦਿਆਂ ਦੀ ਯਾਦ ਵਿਚ ਮਨਾਏ ਗਏ ਕੌਮੀ ਬਾਲ ਦਿਵਸ ਮੌਕੇ ਦੇਸ਼ ਦੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਨੇ ਸਾਹਿਬਜਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਜਿਵੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਸਿੱਖ ਇਤਿਹਾਸ ਦੇ ਉਹਨਾਂ ਮਹਾਨ ਪਲਾਂ ਤੇ ਭਾਵੁਕ ਹੁੰਦਿਆਂ ਬੋਲ ਸਾਂਝੇ ਕੀਤੇ, ਇਹ ਦ੍ਰਿਸ਼ ਵੀ ਮੁਲਕ ਵਿਚ ਪਹਿਲੀ ਵਾਰ ਵੇਖਣ ਨੂੰ ਮਿਲੇ। ਭਾਰਤ ਸਰਕਾਰ ਵਲੋਂ ਰਾਜਧਾਨੀ ਦਿੱਲੀ ਤੇ ਪ੍ਰਾਂਤਕ ਸਰਕਾਰਾਂ ਵਲੋਂ ਮੁਲਕ ਭਰ ਦੇ ਬੱਚਿਆਂ ਦੀ ਸ਼ਮੂਲੀਅਤ ਵਾਲੇ ਸਮਾਗਮਾਂ ਦੇ ਦ੍ਰਿਸ਼ ਤੇ ਉਹਨਾਂ ਸਮਾਗਮਾਂ ਵਿਚ ਸਾਹਿਬਜਾਦਿਆਂ ਦੀ ਕੁਰਬਾਨੀ ਦੇ ਡਿਜੀਟਲ ਬਿਰਤਾਂਤ ਭਾਵੁਕ ਕਰਨ ਵਾਲੇ ਸਨ। ਸਿਆਸੀ ਵਿਰੋਧੀ ਇਹਨਾਂ ਸਮਾਗਮਾਂ ਨੂੰ ਕਿਸੇ ਪਾਰਟੀ ਜਾਂ ਸਰਕਾਰ ਦੁਆਰਾ ਰਾਜਸੀ ਲਾਹਾ ਲੈਣ ਦੇ ਯਤਨਾਂ ਵਜੋਂ ਦੋਸ਼ਿਤ ਕਰ ਸਕਦੇ ਹਨ ਪਰ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਸਤੋਂ ਪਹਿਲਾਂ ਸਮੇਂ ਦੀਆਂ ਕਿੰਨੀਆਂ ਕੁ ਸਰਕਾਰਾਂ ਨੇ ਸਾਹਿਬਜਾਦਿਆਂ ਜਾਂ ਸਿਖ ਇਤਿਹਾਸ ਦੇ ਕਿਸੇ ਨਾਇਕ ਦੇ ਦਿਨ ਕੌਮੀ ਪੱਧਰ ਤੇ ਮਨਾਉਣ ਦੇ ਯਤਨ ਕੀਤੇ ਹਨ ?

ਇਸ ਘੜੀ, ਇਹ ਸਮਾਂ ਸਿਆਸੀ ਦੂਸ਼ਣਬਾਜੀ ਜਾਂ ਨਾਮਕਰਣ ਨੂੰ ਲੈਕੇ ਕਿਸੇ ਵਿਵਾਦ ਦਾ ਨਹੀ ਬਲਕਿ ਸਰਕਾਰ ਨੂੰ ਦਲੀਲਪੂਵਰਕ ਇਹ ਦੱਸਣ ਦਾ ਹੈ ਕਿ ਕੌਮੀ ਵੀਰ ਬਾਲ ਦਿਵਸ ਦੇ ਨਾਲ ਇਸ ਵਿਚ ਸਾਹਿਬਜਾਦੇ ਸ਼ਹਾਦਤ ਦਿਵਸ ਨੂੰ ਕਿਵੇਂ ਜੋੜਿਆ ਜਾਵੇ। ਉਂਜ ਦੂਸ਼ਣਬਾਜੀ ਕਰਨ ਵਾਲੇ ਸਿਆਸਤਦਾਨ ਜਾਂ ਪ੍ਰਾਂਤਕ ਸਰਕਾਰਾਂ ਖੁਦ ਵੀ ਫੈਸਲਾ ਲੈ ਸਕਦੇ ਹਨ ਕਿ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਆਪਣੇ ਮੁਲਕ ਦੇ ਬਾਲਾਂ ਲਈ ਕਿਵੇਂ ਰਾਹ ਦਿਸੇਰਾ ਤੇ ਪ੍ਰੇਣਕਾਦਾਇਕ ਬਣਾਉਣ ਦੀ ਲੋੜ ਹੈ।