ਵੈਨਕੂਵਰ, 20 ਜਨਵਰੀ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਤ 19 ਸਾਲਾ ਨੌਜਵਾਨ ਲੜਕੀ ਪਾਈਪਰ ਜੇਮਜ਼ ਦੀ ਆਸਟ੍ਰੇਲੀਆ ਦੇ ਕ੍ਵੀਂਜ਼ਲੈਂਡ ਸੂਬੇ ਦੇ ਕੇ’ਗਾਰੀ (ਫ੍ਰੇਜ਼ਰ ਆਇਲੈਂਡ) ਨੇੜੇ ਇਕ ਸਮੁੰਦਰੀ ਤਟ ‘ਤੇ ਮਿਲੀ ਲਾਸ਼ ਨੇ ਕੈਨੇਡਾ ਸਮੇਤ ਵਿਦੇਸ਼ਾਂ ਵਿੱਚ ਵੀ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਇਸ ਸਬੰਧੀ ਪ੍ਰਾਪਤ ਹੋਰਨਾ ਵੇਰਵਿਆ ਮੁਤਾਬਕ ਪਾਈਪਰ ਜੇਮਜ਼ ਸੋਮਵਾਰ ਸਵੇਰੇ ਆਸਟ੍ਰੇਲੀਆ ਦੇ ਇਕ ਤਟ ‘ਤੇ ਮ੍ਰਿਤਕ ਹਾਲਤ ਵਿੱਚ ਮਿਲੀ। ਆਸਟ੍ਰੇਲੀਆਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਕੋਈ ਅੰਤਿਮ ਨਤੀਜਾ ਜਾਰੀ ਨਹੀਂ ਕੀਤਾ ਗਿਆ।
ਮ੍ਰਿਤਕਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ
ਪਾਈਪਰ ਜੇਮਜ਼ ਇੱਕ ਸਾਹਸੀ ਸੁਭਾਉ ਵਾਲੀ ਲੜਕੀ ਸੀ ਅਤੇ ਯਾਤਰਾ ਕਰਨਾ ਉਸਦਾ ਸ਼ੌਕ ਸੀ। ਦੱਸਿਆ ਗਿਆ ਹੈ ਕਿ ਕੈਨੇਡਾ ਵਾਪਸੀ ਤੋਂ ਬਾਅਦ ਉਹ ਪਾਇਲਟ ਬਣਨ ਲਈ ਲਾਇਸੈਂਸ ਹਾਸਲ ਕਰਨ ਦੀ ਯੋਜਨਾ ਵੀ ਬਣਾ ਰਹੀ ਸੀ। ਉਸਦੀ ਅਚਾਨਕ ਮੌਤ ਨੇ ਪਰਿਵਾਰ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਡੂੰਘਾ ਝਟਕਾ ਦਿੱਤਾ ਹੈ।
ਆਸਟ੍ਰੇਲੀਆਈ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ, ਜਦਕਿ ਕੈਨੇਡਾ ਦੇ ਅਧਿਕਾਰੀ ਵੀ ਪਰਿਵਾਰ ਨਾਲ ਸੰਪਰਕ ਵਿੱਚ ਦੱਸੇ ਜਾ ਰਹੇ ਹਨ।
ਫੋਟੋ ਕੈਪਸ਼ਨ: ਆਸਟ੍ਰੇਲੀਆ ਵਿੱਚ ਮ੍ਰਿਤਕ ਮਿਲੀ ਕੈਨੇਡੀਅਨ ਲੜਕੀ ਪਾਈਪਰ ਜੇਮਜ਼ ਦੀ ਇੱਕ ਤਸਵੀਰ
