Apr 23, 2026

ਵੈਨਕੂਵਰ, (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਜੋੜਨ ਵਾਲੇ ਪੁਰਾਣੇ ਪੈਟੁੱਲੋ ਬ੍ਰਿਜ਼ ਨੂੰ ਪੈਦਲ ਰਸਤੇ ਵਿੱਚ ਬਦਲਣ ਲਈ ਸੋਸ਼ਲ ਮੀਡੀਆ ’ਤੇ ਚਲ ਰਹੀ ਮੁਹਿੰਮ ਦੇ ਬਾਵਜੂਦ ਸੂਬਾ ਸਰਕਾਰ ਨੇ ਆਪਣਾ ਫ਼ੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ ਹਾਲ ਹੀ ਵਿੱਚ ਤਿਆਰ ਕੀਤੀ ਗਈ ਇੱਕ ਏਆਈ ਤਸਵੀਰ, ਜਿਸ ਵਿੱਚ ਪੈਟੁੱਲੋ ਬ੍ਰਿਜ਼ ਨੂੰ ਪੈਦਲ ਰਸਤੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਨੇ ਲੋਕਾਂ ਵਿੱਚ ਖ਼ਾਸੀ ਦਿਲਚਸਪੀ ਪੈਦਾ ਕੀਤੀ ਹੈ। ਇਸ ਤਸਵੀਰ ਨੂੰ ਹਜ਼ਾਰਾਂ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ, ਜਿਸ ਨਾਲ ਕਈ ਸਥਾਨਕ ਨੇਤਾਵਾਂ ਨੇ ਵੀ ਸਮਰਥਨ ਜਤਾਇਆ।

ਪਰ ਸੂਬਾ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਬ੍ਰਿਜ਼ ਦੀ ਤਾਮੀਰ ਅਤੇ ਪੁਰਾਣੇ ਬ੍ਰਿਜ਼ ਨੂੰ ਹਟਾਉਣ ਦੀ ਯੋਜਨਾ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

ਸਰਕਾਰ ਮੁਤਾਬਕ, ਪੁਰਾਣਾ ਬ੍ਰਿਜ਼ ਸੁਰੱਖਿਆ ਮਾਪਦੰਡਾਂ ’ਤੇ ਪੂਰਾ ਨਹੀਂ ਉਤਰਦਾ ਅਤੇ ਉਸਦੀ ਸੰਭਾਲ ’ਤੇ ਵੱਡਾ ਖਰਚਾ ਆਉਂਦਾ ਆਉਣ ਦੀ ਸੰਭਾਵਨਾ ਹੈ

ਦੂਜੇ ਪਾਸੇ, ਸਥਾਨਕ ਵਸਨੀਕਾਂ ਅਤੇ ਕੁਝ ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਜੇ ਪੁਰਾਣੇ ਬ੍ਰਿਜ਼ ਨੂੰ ਪੈਦਲ ਰਸਤੇ ਵਿੱਚ ਬਦਲਿਆ ਜਾਵੇ ਤਾਂ ਇਹ ਸੈਰ-ਸਪਾਟੇ ਅਤੇ ਸਥਾਨਕ ਵਪਾਰ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।

ਫਿਲਹਾਲ, ਸਰਕਾਰ ਆਪਣੇ ਫ਼ੈਸਲੇ ’ਤੇ ਕਾਇਮ ਹੈ ਅਤੇ ਪੁਰਾਣੇ ਪੈਟੁੱਲੋ ਬ੍ਰਿਜ਼ ਨੂੰ ਹਟਾ ਕੇ ਨਵੇਂ ਬ੍ਰਿਜ਼ ਨੂੰ ਪੂਰੀ ਤਰ੍ਹਾਂ ਚਾਲੂ ਕਰਨ ਦੀ ਤਿਆਰੀ ਜਾਰੀ ਹੈ।