Oct 3, 2026

ਚੰਡੀਗੜ-ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ  ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਮੰਡੀ ਗੋਬਿੰਦਗੜ੍ਹ ਪੁਲੀਸ ਨੇ ਭੁੱਲਰ ਵੱਲੋਂ ਆਤਮ-ਸਮਰਪਣ ਦੇ ਦਾਅਵਿਆਂ ਦੇ ਉਲਟ ਮੰਤਰੀ ਨੂੰ ਘੇਰਾਬੰਦੀ ਕਰ ਕੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਦੇ ਡੀ ਸੀ ਪੀ (ਜਾਂਚ) ਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਭੁੱਲਰ ਨੂੰ ਫਤਿਹਗੜ੍ਹ ਸਾਹਿਬ ਪੁਲੀਸ ਨਾਲ ਤਾਲਮੇਲ ਕਰ ਕੇ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅੰਮ੍ਰਿਤਸਰ ਪੁਲੀਸ ਨੇ ਸ਼ਨਿੱਚਰਵਾਰ ਨੂੰ ਇਸ ਮਾਮਲੇ ਵਿੱਚ ਭੁੱਲਰ, ਉਨ੍ਹਾਂ ਦੇ ਪਿਤਾ ਤੇ ਪੀ ਏ ਖਿਲਾਫ਼ ਕੇਸ ਦਰਜ ਕੀਤਾ ਸੀ।

ਮੁਲਜ਼ਮ ਵੱਲੋਂ ਆਤਮ-ਸਮਰਪਣ ਕਰਨ ਦੇ ਦਾਅਵੇ ਬਾਰੇ ਡੀ ਸੀ ਪੀ ਨੇ ਕਿਹਾ ਕਿ ਮੰਤਰੀ ਦੀ ਗ੍ਰਿਫਤਾਰੀ ਅੱਜ ਦਰਜ ਹੋ ਗਈ ਹੈ। ਰੰਧਾਵਾ ਦੇ ਪਰਿਵਾਰ ਵੱਲੋਂ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਮੰਗਲਵਾਰ ਨੂੰ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਟੀਮ ਰੰਧਾਵਾ ਦੇ ਘਰ ਗਈ ਸੀ ਤੇ ਪੋਸਟਮਾਰਟਮ ਕਰਵਾਉਣ ਲਈ ਆਖਿਆ ਸੀ। ਪੁਲੀਸ ਨੇ ਪਰਿਵਾਰ ਤੋਂ ਮ੍ਰਿਤਕ ਗਗਨਜੀਤ ਸਿੰਘ ਰੰਧਾਵਾ ਦਾ ਮੋਬਾਈਲ ਫੋਨ ਮੰਗਿਆ ਸੀ ਪਰ ਪਰਿਵਾਰ ਨੇ ਨਾਂਹ ਕਰ ਦਿੱਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਕਾਨੂੰਨੀ ਸਲਾਹ ਮਸ਼ਵਰੇ ਤੋਂ ਬਾਅਦ ਫੋਨ ਜਾਂਚ ਲਈ ਸੌਂਪ ਦੇਵੇਗਾ। ਇਸ ਤੋਂ ਪਹਿਲਾਂ ਅੱਜ ਸਵੇਰੇ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਸੜਕਾਂ ਉੱਤੇ ਉਤਰਨ ਦੀ ਧਮਕੀ ਦਿੱਤੀ ਸੀ। ਧੀ ਹਰਸੀਰਤ ਕੌਰ ਨੇ ਵੀ ਰਾਜ ਸਰਕਾਰ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠਾਏ ਸਨ। ਇਸ ਦੌਰਾਨ ਗਗਨਦੀਪ ਸਿੰਘ ਰੰਧਾਵਾ ਵੱਲੋਂ ਜ਼ਹਿਰ ਖਾਣ ਦੀ ਕਥਿਤ ਸੀ ਸੀ ਟੀ ਵੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਹ ਵੀਡੀਓ ਉਸ ਦੇ ਘਰ ਦੇ ਵਿਹੜੇ ਦੀ ਹੈ, ਜਿੱਥੇ ਉਹ ਸਵੇਰ ਵੇਲੇ ਘੁੰਮਦਾ ਦਿਖਾਈ ਦਿੰਦਾ ਹੈ ਅਤੇ ਕੁਝ ਦੇਰ ਬਾਅਦ ਕੋਈ ਚੀਜ਼ ਨਿਗਲ ਲੈਂਦਾ ਹੈ।

error: Content is protected !!