Oct 3, 2026

ਹਾਈਵੇ ਤੇ ਜਾਂਦਿਆਂ ਗੱਡੀ ਚੋਂ ਇਸ਼ਾਰਾ ਕਰਨ ਕਾਰਣ ਚੱਲੀ ਸੀ ਗੋਲੀ-

ਐਡਮਿੰਟਨ ( ਗੁਰਪ੍ਰੀਤ ਸਿੰਘ)- ਬੀਤੀ 14 ਮਾਰਚ ਨੂੰ ਲਡੂਕ ਨੇੜੇ ਹਾਈਵੇ ਤੇ ਮਾਰੇ ਗਏ ਇਕ 22 ਸਾਲਾ ਪੰਜਾਬੀ ਨੌਜਵਾਨ ਬਿਰਿੰਦਰ ਸਿੰਘ ਦੇ ਕਤਲ ਦੇ ਦੋਸ਼ ਹੇਠ ਆਰ ਸੀ ਐਮ ਪੀ ਨੇ ਇਕ 18 ਸਾਲਾ  ਜਿੰਮੀ ਗੈਸਨਰ ਨਾਮ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ।
ਆਰਸੀਐਮਪੀ ਦਾ ਕਹਿਣਾ ਹੈ ਕਿ 14 ਮਾਰਚ ਨੂੰ ਲਡੂਕ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ ਚੋ ਬਚੇ ਦੋ ਨੌਜਵਾਨਾਂ ਦੇ ਦੱਸਣ ਮੁਤਾਬਿਕ ਉਹ  ਤਿੰਨ ਦੋਸਤ ਕਵੀਨ ਐਲਿਜ਼ਾਬੈਥ 2 ਹਾਈਵੇਅ ‘ਤੇ ਆਪਣੀ ਹੌਂਡਾ ਸਿਵਕ ਕਾਰ ਤੇ ਸੈਰ ਸਪਾਟੇ ਲਈ ਜਾ ਰਹੇ ਸਨ। ਇਸ ਦੌਰਾਨ ਲਡੂਕ ਨੇੜੇ ਇਕ ਪਿਕਅੱਪ ਟਰੱਕ ਉਹਨਾਂ ਦੇ ਨੇੜੇ ਆਇਆ।  ਟਰੱਕ ਵਿੱਚ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਵੱਲ ਹੱਥ ਦਾ ਇਸ਼ਾਰਾ ਕੀਤਾ। ਇਸ ਇਸ਼ਾਰੇ ਦੇ ਜਵਾਬ ਵਿਚ ਕਾਰ ਚਲਾ ਰਹੇ ਉਹਨਾਂ ਦੇ  ਦੋਸਤ, 22 ਸਾਲਾ ਬਿਰਿੰਦਰ ਸਿੰਘ, ਨੇ ਵੀ ਕਾਰ ਚੋਂ ਬਾਂਹ ਬਾਹਰ ਕੱਢਕੇ ਹੱਥ ਹਿਲਾਇਆ। ਇਸ ਦੌਰਾਨ  ਟਰੱਕ ਵਿੱਚ ਬੈਠੇ ਕਿਸੇ ਨੇ ਗੋਲੀ ਚਲਾ ਦਿੱਤੀ ਤੇ ਇੱਕ ਗੋਲੀ ਬਿਰਿੰਦਰ ਸਿੰਘ ਦੀ ਗਰਦਨ ਵਿੱਚ ਲੱਗੀ। ਦੋਵਾਂ ਦੋਸਤਾਂ ਨੇ ਸਟੀਅਰਿੰਗ ਵ੍ਹੀਲ ਨੂੰ ਸੰਭਾਲਿਆ ਅਤੇ ਕਾਰ ਨੂੰ ਹਾਈਵੇਅ ਦੇ ਕਿਨਾਰੇ ਲਗਾ ਦਿੱਤਾ। ਗੋਲੀ ਨਾਲ ਜਖਮੀ ਹੋਏ ਬਿਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ।
ਆਰਸੀਐਮਪੀ ਨੇ ਹੁਣ ਇਸ ਘਟਨਾ ਵਿਚ ਲੋੜੀਂਦੇ 18 ਸਾਲਾ ਜਿੰਮੀ ਗੈਸਨਰ ਨੂੰ ਸਸਕੈਚਵਨ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਸਦੇ ਖਿਲਾਫ  ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ। ਸਟਾਫ ਸਾਰਜੈਂਟ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਅਸਲ ਵਜਾਹ ਕੀ ਰਹੀ, ਇਸਦੇ ਬਾਰੇ ਜਾਂਚ ਚੱਲ ਰਹੀ ਹੈ।

error: Content is protected !!