ਡਾ ਗੁਰਵਿੰਦਰ ਸਿੰਘ
604-825-1550
ਬਹੁਤ ਵਧੀਆ ਇਨਸਾਨ, ਵਧੀਆ ਸ਼ਾਇਰ ਅਤੇ ਮਿਤੱਰਾਂ ਦੇ ਮਿੱਤਰ ਮੰਗਾ ਸਿੰਘ ਬਾਸੀ ਸਰੀਰਕ ਤੌਰ ‘ਤੇ ਚੜਾਈ ਕਰ ਗਏ ਹਨ, ਪਰ ਉਹਨਾਂ ਦੀਆਂ ਲਿਖਤਾਂ ਦਿਲਾਂ ਵਿੱਚ ਕਾਇਮ ਹਨ। ਜ਼ਿਲਾ ਜਲੰਧਰ ਵਿੱਚ ਪੈਂਦੇ ਪਿੰਡ ਬੀਰ ਬੰਸੀਆਂ ਵਿਖੇ ਮੰਗਾ ਸਿੰਘ ਬਾਸੀ ਦਾ ਜਨਮ 15 ਜਨਵਰੀ 1954 ਨੂੰ ਹੋਇਆ। ਜੰਡਿਆਲਾ ਕਾਲਜ ਵਿਚ ਪੜ੍ਹਨ ਮਗਰੋਂ ਮੰਗਾ ਸਿੰਘ ਬਾਸੀ 70ਵਿਆਂ ਵਿੱਚ ਕੈਨੇਡਾ ਵਾਸੀ ਹੋ ਗਿਆ ਅਤੇ ਅੱਜ ਕੱਲ ਸ਼ਹਿਰ ਕੈਮਲੂਪਸ ਵਿਖੇ ਖੁਸ਼ਹਾਲ ਜ਼ਿੰਦਗੀ ਬਸਰ ਕਰ ਰਿਹਾ ਸੀ। ਜੇ ਉਸ ਦੇ ਨਾਂ ਦੀ ਗੱਲ ਕਰੀਏ ਤਾਂ ‘ਮੰਗਾ ਸਿੰਘ’ ਆਪਣੀਆਂ ਭੈਣਾਂ ਦੀ ਪੈਦਾਇਸ਼ ਤੋਂ ਬਾਅਦ, ਮਾਪਿਆਂ ਵੱਲੋਂ ਰੱਬ ਕੋਲੋਂ ‘ਮੰਗ’ ਕੇ ਲਿਆ ਪੁੱਤਰ ਸੀ। ਕਵੀ ਤੋਂ ਇਲਾਵਾ ਹੋਟਲ ਕਾਰੋਬਾਰ ਅਤੇ ਰੀਅਲ ਅਸਟੇਟ ਵਿੱਚ ਵੀ ਉਸ ਨੇ ਬੜੀ ਮਿਹਨਤ ਕੀਤੀ।
ਕੈਨੇਡਾ ਵਿੱਚ ਮੰਗਾ ਸਿੰਘ ਨੇ ਚੰਗਾ ਕਾਰੋਬਾਰ ਸਥਾਪਤ ਕੀਤਾ, ਪਰ ਮਾਪਿਆਂ ਦੇ ਪਿਆਰ ਨੂੰ ਸਦਾ ਚੇਤੇ ਰੱਖਿਆ। ਆਪਣੇ ਸਤਿਕਾਰਯੋਗ ਬਾਪ ਦੀ ਯਾਦ ਵਿੱਚ ਉਸ ਨੇ ਪੁਰਸਕਾਰ ਆਰੰਭ ਕੀਤਾ ਅਤੇ ‘ਬਾਪੂ ਸ.ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਐਵਾਰਡ’ ਹਰ ਸਾਲ ਦਿਆ ਕਰਦਾ ਸੀ। ਅਜੇ ਕੁਝ ਦਿਨ ਪਹਿਲਾਂ ਮਾਰਚ ਦੇ ਪਹਿਲੇ ਹਫਤੇ ਸਾਡੀਆਂ ਵਿਚਾਰਾਂ ਹੋਈਆਂ, ਪਰ ਇਹ ਨਹੀਂ ਸੀ ਪਤਾ ਕਿ ਭਾਣਾ ਵਰਤਣ ਵਾਲਾ ਹੈ। 73 ਸਾਲਾ ਮੰਗਾ ਸਿੰਘ ਬਾਸੀ ਕੈਮਲੂਪਸ ਸਥਿਤ ਰੋਇਲ ਇਨਲੈਂਡ ਹਸਪਤਾਲ ਵਿੱਚ ਇਲਾਜ ਅਧੀਨ ਸੀ, ਜਿੱਥੇ ਉਸ ਨੇ 25 ਮਾਰਚ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਖ਼ਰੀ ਸਾਹ ਲਿਆ।
ਮੰਗਾ ਸਿੰਘ ਬਾਸੀ ਦੀ ‘ਸਾਹਿਤ ਯਾਤਰਾ’ ਵਿੱਚ ਉਸ ਵੱਲੋਂ ‘ਮਾਂ ਕਹਿੰਦੀ ਸੀ’, ‘ਧਰਤਿ ਕਰੇ ਅਰਜ਼ੋਈ,’ ‘ਬਰਫ ਦਾ ਮਾਰੂਥਾਲ’, ‘ਵਿੱਚ ਪਰਦੇਸਾਂ ਦੇ’, ‘ਮੈਂ ਤੇ ਕਵਿਤਾ’, ‘ਕੂੰਜ ਦੇ ਸਿਰਨਾਵੇਂ’, ਸੁਣ ਨੀ ਜਿੰਦੇ ਮੇਰੀਏ’ ਆਦਿ ਕਈ ਲਿਖਤਾਂ ਹਨ। ਆਰੰਭ ਵਿੱਚ ਭੂ-ਹੇਰਵੇ ਦਾ ਦਰਦ ਕਵਿਤਾਵਾਂ ਵਿੱਚ ਸੀ, ਪਰ ਮਗਰੋਂ ‘ਕੈਨੇਡਾ ਨੂੰ ਆਪਣਾ ਦੇਸ’ ਮੰਨਦੇ ਹੋਏ ਮੰਗਾ ਸਿੰਘ ਬਾਸੀ ਨੇ ਲਿਖਿਆ ;
“ਹੁਣ ਇਹ ਦੇਸ
ਪਰਦੇਸ ਨਹੀਂ
ਆਪਣਾ ਦੇਸ ਬਣ ਗਿਆ ਹੈ
ਜਿੱਥੇ ਮੈਂ
ਸੁਪਨਿਆਂ ਦੇ ਬੀਅ ਬੀਜਦਾ
ਸਾਕਾਰਤਾ ਦੇ ਫੁੱਲਾਂ ਦਾ
ਗੀਤ ਲਿਖ ਰਿਹਾ ਹਾਂ”
ਸੰਨ 2010 ਵਿੱਚ ਮੰਗਾ ਸਿੰਘ ਬਾਸੀ ਨੇ ਆਪਣੀ ਕਿਤਾਬ ‘ਧਰਤਿ ਕਰੇ ਅਰਜ਼ੋਈ’ ਮੈਨੂੰ ਪਿਆਰ ਸਹਿਤ ਦਿੱਤੀ। ਮੈਂ ਬਹੁਤ ਗਹੁ ਨਾਲ ਇਹ ਕਾਵਿ-ਨਾਟਕ ਪੜਿਆ ਤੇ ਉਸ ਵੇਲੇ ਜੋ ਸ਼ਬਦ ਕਹੇ ਉਹ ਇਸ ਤਰ੍ਹਾਂ ਹਨ : ਪੰਜਾਬੀ ਦੇ ਸਿਰਮੌਰ ਕਵੀ ਡਾਕਟਰ ਹਰਭਜਨ ਸਿੰਘ ਜੀ ਦੀ ਕਿਤਾਬ ‘ਰੁਖ ਤੇ ਰਿਸ਼ੀ’ ਜਿੱਥੇ ਕੁਦਰਤ ਸਬੰਧੀ ਸਾਹਿਤ ਜਗਤ ਦੀ ਸਿਖਰਲੀ ਰਚਨਾ ਹੈ, ਉਥੇ ਉਸੇ ਤਰਜ਼ ‘ਤੇ ਮੰਗਾ ਸਿੰਘ ਬਾਸੀ ਦੀ ‘ਧਰਤਿ ਕਰੇ ਅਰਜ਼ੋਈ’ ਅਜਿਹੇ ਹੀ ਭਾਵ ਚਿੰਤਨ ਨੂੰ ਪੇਸ਼ ਕਰਦੀ ਵਡਮੁੱਲੀ ਰਚਨਾ ਹੈ ;
“ਪਵਨ ਗੁਰੂ ਹੈ ਸਭ ਦਾ, ਪਾਣੀ ਪਿਤਾ ਸਮਾਨ।
ਧਰਤੀ ਜਿਹੀ ਕੋਈ ਮਾਤ ਨਾ, ਦੇਖੇ ਬਹੁਤ ਜਹਾਨ।
ਸੇਵ ਕਮਾਉਣੀ ਏਸ ਦੀ, ਹੈ ਜੀਵਨ ਦੀ ਸ਼ਾਨ।
ਜੇ ਕੋਈ ਕੁਹਜ ਕਮਾਂਵਦਾ, ਪਲ ਵਿਚ ਕਰੋ ਪਛਾਣ।”
ਧਰਤੀ ਸਾਗਰ ਰੁੱਖੜੇ, ਜ਼ਿੰਦਗੀ ਦਾ ਸੰਗੀਤ।
ਸੰਗ ਨਦੀਆਂ ਦੇ ਗਾਉਂਦੀਆਂ ਲਹਿਰਾਂ ਜੀਵਨ ਗੀਤ।
ਮੰਗਾ ਸਿੰਘ ਬਾਸੀ ਨੇ ਗਲੋਬਲ ਵਾਰਮਿੰਗ ਦੇ ਵਿਸ਼ੇ ਨੂੰ ਲੈ ਕੇ ਇਹ ਕਾਵਿ ਨਾਟਕ ਲਿਖਿਆ, ਜਿਸ ਵਿੱਚ ਘਟਾਵਾਂ, ਬੱਦਲ, ਮੀਂਹ, ਹਨੇਰੀਆਂ, ਤੂਫਾਨ, ਜੰਗਲ ‘ਚ ਅੱਗਾਂ, ਨਦੀਆਂ ਚ ਸੋਕਾ, ਪ੍ਰਕਿਰਤੀ ਦਾ ਘਾਣ, ਜੀਵ ਜੰਤੂਆਂ ਦੀ ਤਬਾਹੀ, ਬਰਫ ਦੇ ਤੋਦਿਆਂ ਦਾ ਪਿਘਲਣਾ, ਗਲੇਸ਼ੀਅਰਾਂ ਦਾ ਟੁੱਟਣਾ, ਸਮੁੰਦਰਾਂ ‘ਚ ਪਾਣੀ ਦਾ ਵਧਣਾ ਤੇ ਖਤਰਨਾਕ ਰਸਾਇਣਾਂ ਦਾ ਪਾਣੀ ਚ ਘੁਲਣਾ ਤੇ ਮੱਛੀਆਂ ਦਾ ਮਰਨਾ ਆਦਿ ਜਿੱਥੇ ਚਿੰਤਾ ਦਾ ਵਿਸ਼ਾ ਹਨ, ਉਥੇ ਨਾਲ ਹੀ ਬ੍ਰਹਮੰਡ, ਕੁਦਰਤ, ਧਰਤੀ, ਸਾਗਰ, ਬਿਰਖ, ਜੀਵ ਜੰਤ, ਨਦੀ, ਮੱਛੀ, ਮੋਰ, ਲੋਕ, ਕਵੀ, ਸਾਇੰਸਦਾਨ, ਚਿੰਤਕ ਬੁੱਧੀਜੀਵੀ ਆਦਿ ‘ਧਰਤ ਕਰੇ ਅਰਜੋਈ’ ਵਿੱਚ ਵਿੱਚ ਪਾਤਰਾਂ ਵਜੋਂ ਉਜਾਗਰ ਹੁੰਦੇ ਹਨ।
ਧਰਤੀ,ਨਦੀ ਤੇ ਬਿਰਖ਼ ਬਿਨ
ਬਚ ਨਹੀਂ ਸਕਦਾ ਸ਼ਹਿਰ।
ਕਿੰਨਾ ਚਿਰ ਸਾਹ ਲਹਿਣਗੇ,
ਚਖ਼ਦੇ ਜੋ ਨਿੱਤ ਜ਼ਹਿਰ……
“ਇਹ ਕੈਸੀ ਰੁੱਤ ਆਈ ਵੇ ਲੋਕਾ, ਇਹ ਕੈਸੀ ਰੁੱਤ ਆਈ।
ਪਿੰਡੇ ਛਾਲੇ ਦਰਦਾਂ ਪੀੜਾਂ, ਜਿੰਦ ਜਾਪੇ ਕੁਮਲਾਈ।
ਹਰ ਰੁੱਤ ਧਰਤੀ ਵਿਹੜੇ ਆ ਕੇ, ਵੱਖਰੇ ਸਦਾ ਪੈਗ਼ਾਮ ਲਿਆਵੇ ।
ਗਰਮੀ ਸਰਦੀ ਮੇਘ ਘਟਾਵਾਂ, ਰੰਗ ਬਸੰਤੀ ਮਨ ਬਹਿਲਾਵੇ।
ਗਹਿਰ ਜਹੀ ਚਾਰ ਚੁਫ਼ੇਰੇ, ਹਰ ਥਾਂ ਕਾਲਖ਼ ਛਾਈ-
ਵੇ ਲੋਕਾ, ਇਹ ਕੈਸੀ ਰੁੱਤ ਆਈ।
ਡਰਦੇ ਜੀਵ ਗੁਫ਼ਾਈ ਸੁੱਤੇ, ਰਾਤ ਹਨੇਰੀ ਭੌਂਕਣ ਕੁੱਤੇ।
ਬਦ-ਸ਼ਗਨੇ ਮੌਸਮ ਬੇ-ਰੁੱਤੇ, ਧਰਤੀ, ਸਾਗਰ ਤੇ ਹੀ ਨਾਹੀਂ
ਮੌਤ ਚੰਘਾੜੇ ਅੰਬਰਾਂ ਉੱਤੇ। ਨਾ ਕੋਈ ਸੁਣੇ ਦੁਹਾਈ- ਵੇ ਲੋਕਾ।
ਇਹ ਕੈਸੀ ਰੁੱਤ ਆਈ- ਵੇ ਲੋਕਾ!”
ਇਹ ਕਾਵਿ-ਨਾਟ ‘ਦਸ ਭਾਗਾਂ’ ਵਿੱਚ ਵੰਡਿਆ ਹੋਇਆ ਹੈ, ਜਿਸ ਵਿੱਚ ਨਿਜ ਤੋਂ ਉੱਪਰ ਉੱਠ ਕੇ, ਸਮੁੱਚੇ ਬ੍ਰਹਮੰਡ ਦੇ ਦਰਦ ਨੂੰ ਕਵੀ ਨੇ ਸਮਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਵਿ-ਨਾਟ ਵਿੱਚ ਦਿਸ਼ਾ ਵੀ ਤੇ ਦ੍ਰਿਸ਼ਟੀ ਵੀ ਹੈ ਅਤੇ ਦੋਹਾਂ ਦੀ ਸੁਮੇਲ ਦੀ ਪ੍ਰਭਾਵਸ਼ਾਲੀ ਸਿਰਜਣਾ ਕੀਤੀ ਗਈ ਹੈ। ਗਲੋਬਲ ਵਾਰਮਿੰਗ ਚੁਣੌਤੀਆਂ ਦੇ ਬਾਵਜੂਦ, ਕਵਿਤਾ ਚੜ੍ਹਦੀ ਕਲਾ ਵਿੱਚ ਨਜ਼ਰ ਆਉਂਦੀ ਹੈ ;
“ਅਸੀਂ ਜੀਊਣਾ ਮਰਨਾ ਧਰਤ ਲਈ, ਲਾਉਣਾ ਮਾਨਵ ਬਾਗ਼।
ਫੁੱਲਾਂ ਰੰਗ ਬਿਖੇਰਨੇ, ਗਾਉਣ ਤਿਤਲੀਆਂ ਰਾਗ।
ਹਵਾ ਕਰੇਗੀ ਚੌਰੀਆਂ, ਜਗਣਾ ਕਿਰਨ ਚਿਰਾਗ਼।
ਸਾਗਰ ਖ਼ੁਸ਼ੀ ਮਨਾਵਣੀ, ਗਾਉਣੇ ਨਦੀ ਸੁਹਾਗ।
ਰਿਸ਼ਮਾਂ ਪੋਚੇ ਫ਼ੇਰਕੇ, ਧੋਣੇ ਧਰਤ ਤੋਂ ਦਾਗ।
ਭੱਜਣੇ ਕੋਹਾਂ ਦੂਰ ਨੇ, ਜ਼ਹਿਰ ਵੰਡੇਂਦੇ ਨਾਗ।
ਸਭ ਚਾਨਣ ਹੋ ਜਾਵਣਾ, ਹੁਣ ਮਾਨਵ ਉੱਠਿਆ ਜਾਗ।”
ਪੰਜਾਬੀ ਕਾਵਿ ਵਿੱਚ ‘ਵਿਸ਼ਵ ਦ੍ਰਿਸ਼ਟੀ ਵਾਲੀ’ ਪਹੁੰਚ ਦੀ ‘ਧਰਤਿ ਕਰੇ ਅਰਜ਼ੋਈ’ ਮਿਸਾਲ ਹੈ। ਇਹ ਪੰਜਾਬੀ ਪਾਠਕਾਂ ਦੇ ਪੜਨ-ਯੋਗ ਕਿਤਾਬ ਹੈ ਅਤੇ ਸਾਹਿਤ ਜਗਤ ਵਿੱਚ ਇਸ ਦਾ ਸਹੀ ਮੁੱਲ ਪਾਇਆ ਜਾਣਾ ਬਣਦਾ ਹੈ। ਅਖੀਰ ਵਿੱਚ ਮੰਗਾ ਸਿੰਘ ਬਾਸੀ ਨੇ ਆਸ਼ਾਵਾਦੀ ਸੋਚ ਦੀ ਮਿਸਾਲ ਇਉਂ ਪੇਸ਼ ਕੀਤੀ ਗਈ ਹੈ ;
“ਬੰਬ ਮਿਜ਼ਾਇਲਾਂ ਐਟਮੀ, ਨਹੀਂ ਚੱਲਣ ਦੇਣੀਆਂ ਹੋਰ।
ਪੀਢੀ ਕਰਾਂਗੇ ਲੋਕਤਾ, ਢਾਹ ਸਕਤੇ ਦਾ ਜ਼ੋਰ।
ਜਦ ਲੋਕ ਤੁਰੇ ਸੰਗ ਲੋਕਤਾ, ਨਾ ਥੰਮ੍ਹ ਸਕਦਾ ਕੋਈ ਤੋਰ।
ਕੁਝ ਸਮਾਂ ਅਸਾਂ ਨੂੰ ਦੇ ਦਿਓ, ਪਰਤ ਆਵਣਾ ਫੇਰ।
ਆ ਫਿਰ ਅੱਖੀਂ ਵੇਖਣਾ, ਮੁੱਕਣੇ ਕੁਹਜ ਹਨ੍ਹੇਰ।
ਕਿਰਨਾਂ ਪਾਉਣੇ ਆਲ੍ਹਣੇ, ਹਰ ਥਾਂ ਚਾਰ ਚੁਫ਼ੇਰ।
ਹੜ੍ਹ ਆਉਣਾ ਹਰਿਆਵਲਾਂ, ਨਾ ਹੁਣ ਬਹੁਤੀ ਦੇਰ।
ਚੜ੍ਹਨੀ ਨਵੇਂ ਜ਼ਹਾਨ ਤੇ, ਮੁੜਕੇ ਨਵੀਂ ਸਵੇਰ।”
ਮੰਗਾ ਸਿੰਘ ਬਾਸੀ ‘ਧਰਤ ਕਰੇ ਅਰਜ਼ੋਈ’ ਰਾਹੀਂ ‘ਕੁਦਰਤ ਵਿੱਚ ਇੱਕ ਮਿਕ’ ਹੋ ਚੁੱਕੇ ਹਨ। ਮੰਗਾ ਬਾਸੀ ਦੀ ਧਰਤੀ ਦੇ ਬਚਾਊ ਅਤੇ ਖੈਰ-ਸੁਖ ਮੰਗਣ ਦੀ ਇਹ ਅਰਜ਼ੋਈ, ਸਦਾ ਹੀ ਸਾਡੇ ਦਿਲਾਂ ‘ਚ ਕਾਇਮ ਰਹੇਗੀ! ਅੰਤ ਵਿੱਚ ਮੰਗਾ ਸਿੰਘ ਬਾਸੀ ਦੀਆਂ ਉਤਸ਼ਾਹ ਬੋਲੀਆਂ ਵਿੱਚੋਂ ਹੀ ਅੰਤਮ ਵਿਦਾਇਗੀ ਦਾ ਸੁਨੇਹਾ ਸਾਂਝਾ ਕਰਦੇ ਹਾਂ ;
“ਬੋਲੀ ਬੋਲੀ ਦੁਨੀਆ ਕਰਦੀ
ਆ ਜਾ ਬੋਲੀਆਂ ਪਾਈਏ
ਦਿਨ ਖੁਸੀਆਂ ਦਾ ਰੁੱਤ ਗਿਧਿਆਂ ਦੀ
ਰੁੱਸਿਆਂ ਤਾਈ ਮਨਾਈਏ
ਜਿੰਦਗੀ ਦਾ ਹਰ ਪੈਡਾਂ
ਸਿਰੜਆਂ ਨਾਲ ਮੁਕਾਈਏ
ਤੱਕ ਕੇ ਮੁਸ਼ਕਲ ਨੂੰ
ਭੁਲਕੇ ਨਾ ਘ੍ਬ੍ਰਾਈਏ”
ਅਲਵਿਦਾ ਮੰਗਾ ਸਿੰਘ ਬਾਸੀ ਜੀਓ!!
