Oct 3, 2026

ਮਾਰੇ ਗਏ ਨੌਜਵਾਨ ਦੀ ਪਛਾਣ ਜਸਮਨ ਸੇਖੋਂ ਵਜੋਂ ਹੋਈ-
ਸਰੀ-ਇਥੇ ਮਿਥ ਕੇ ਕੀਤੀ ਗੋਲੀਬਾਰੀ ਵਿਚ ਇਕ 27 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦੇ ਨਸ਼ੀਲੇ ਪਦਾਰਥਾਂ ਦੇ ਧੰਦੇ ਨਾਲ ਜੁੜੇ ਹੋਣ ਦਾ ਸ਼ੱਕ ਹੈ। ਸਰੀ ਦੇ ਸੁਲੀਵਨ ਹਾਈਟਸ ਇਲਾਕੇ ਵਿਚ ਇਕ ਟਾਊਨਹਾਊਸ ਕੰਪਲੈਕਸ ਵਿਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਸਰੀ ਪੁਲਿਸ ਸਰਵਿਸ ਦੇ ਅਫਸਰ ਸੂਚਨਾ ਮਿਲਣ ’ਤੇ ਸ਼ਾਮ 6.39 ਵਜੇ 60 ਐਵੀਨਿਊ ਦੇ 15100 ਬਲਾਕ ਵਿਚ ਪੁੱਜੇ। ਉਥੇ ਗੁਆਂਢੀਆਂ ਨੇ ਦੱਸਿਆ ਕਿ ਗੂੜ੍ਹੇ ਨੀਲੇ ਰੰਗ ਦੀ ਐਸਯੂਵੀ ਵਲੋਂ ਮਾਰੇ ਗਏ ਵਿਅਕਤੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਮੋਟਰ ਗੱਡੀ ਵਿਚ ਦੋ ਵਿਅਕਤੀਆਂ ਨੇ ਬਾਹਰ ਨਿਕਲ ਕੇ ਉਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 27 ਸਾਲਾ ਜਸਮਨ ਸੇਖੋਂ ਅਫਸਰਾਂ ਨੂੰ ਜ਼ਖ਼ਮੀ ਹਾਲਤ ਵਿਚ ਮਿਲਿਆ। ਉਸ ਨੂੰ ਬਚਾਉਣ ਦੇ ਉਪਾਅ ਕਰਨ ਦੇ ਬਾਵਜੂਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਈਐਚਆਈਟੀ ਨੇ ਦੱਸਿਆ ਕਿ ਸੇਖੋਂ ਦੀ ਪੁਲਿਸ ਨਾਲ ਪਹਿਲਾਂ ਵੀ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੇ ਧੰਦੇ ਵਿਚ ਸ਼ਾਮਿਲ ਸੀ। ਮੁੱਢਲੇ ਸੰਕੇਤਾਂ ਤੋਂ ਪਤਾ ਲਗਦਾ ਹੈ ਕਿ ਇਹ ਸੰਗਠਿਤ ਅਪਰਾਧ ਨਾਲ ਸਬੰਧਤ ਮਿਥ ਕੇ ਕੀਤੀ ਗਈ ਘਟਨਾ ਹੈ। ਸਰੀ ਦੀ ਕੌਂਸਲਰ ਲਿੰਡਾ ਐਨਿਸ ਨੇ ਕਿਹਾ ਕਿ ਤਾਜ਼ਾ ਗੋਲੀਬਾਰੀ ਨਾਲ ਉਸ ਨੂੰ ਬਹੁਤ ਝਟਕਾ ਲੱਗਾ ਹੈ। ਘਟਨਾ ਤੋਂ ਲਗਪਗ ਪੰਦਰਾਂ ਮਿੰਟ ਪਿੱਛੋਂ ਨੀਲੇ ਰੰਗ ਦੀ ਹੁੰਢਈ ਐਸਯੂਵੀ ਸਰੀ ਦੀ 186ਵੀਂ ਸਟ੍ਰੀਟ ਅਤੇ 44 ਐਵੀਨਿਊ ਇਲਾਕੇ ਵਿਚ ਅੱਗ ਨਾਲ ਸੜਦੀ ਦੇਖੀ ਗਈ। ਜਾਂਚ ਅਧਿਕਾਰੀ ਹੱਤਿਆ ਨਾਲ ਸਬੰਧਤ ਹਾਲਾਤ ਅਤੇ ਇਸ ਵਿਚ ਸ਼ਾਮਿਲ ਸਾਰੀਆਂ ਧਿਰਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ।

error: Content is protected !!